Sunday, 30 June 2019

ਜਸਵੰਤ ਸਿੰਘ ਕੰਵਲ ਹੋਣ ਦੇ ਅਰਥ

ਜਸਵੰਤ ਸਿੰਘ ਕੰਵਲ ਹੋਣ ਦੇ ਅਰਥ
ਸੁਰਜੀਤ ਸਿੰਘ (ਡਾ.)

ਪੰਜਾਬੀ ਸਾਹਿਤ ਜਗਤ ਵਿਚ ਕੋਈ ਵਿਰਲਾ ਹੀ ਹੋਵੇਗਾ ਜਿਸ ਦੇ ਸਾਹਿਤਕ ਸੁਹਜ ਸਵਾਦ ਅਤੇ ਵਿਚਾਰਾਂ ਦੇ ਸੰਸਾਰ ਵਿਚ ਜਸਵੰਤ ਸਿੰਘ ਕੰਵਲ ਦੀਆਂ ਲਿਖਤਾਂ ਦਾ ਦਖ਼ਲ ਨਾ ਹੋਵੇ। ਨਾਨਕ ਸਿੰਘ ਅਤੇ ਗੁਰਬਖ਼ਸ਼ ਸਿੰਘ ਪ੍ਰੀਤਲੜੀ ਤੋਂ ਬਾਅਦ ਜਸਵੰਤ ਸਿੰਘ ਕੰਵਲ ਇਕ ਅਜਿਹਾ ਰਚਨਾਕਾਰ ਹੈ ਜਿਸ ਨੇ ਪੰਜਾਬੀ ਪਾਠਕ ਦੀ ਕਲਪਨਾ ਨੂੰ ਟੁੰਬਿਆ, ਉਸ ਨੂੰ ਨਵੇਂ ਸੁਪਨੇ ਤੇ ਆਦਰਸ਼ ਦਿੱਤੇ, ਸੁਪਨਿਆਂ ਤੇ ਆਦਰਸ਼ਾਂ ਦੀ ਪੂਰਤੀ ਲਈ ਸਮੂਹਕ-ਜੱਥੇਬੰਦਕ ਸੰਘਰਸ਼ਾਂ ਦਾ ਰਾਹ ਦਰਸਾਇਆ, ਉਸ ਨੂੰ ਜ਼ਿੰਦਗੀ ਵਿਚ ਸਰਗਰਮ ਸ਼ਮੂਲੀਅਤ ਦੀ ਪ੍ਰੇਰਣਾ ਦਿੱਤੀ, ਉਸ ਦੇ ਭਾਸ਼ਾਈ ਬੋਧ ਨੂੰ ਨਵੀਂ ਸ਼ਬਦਾਵਲੀ, ਨਵੇਂ ਵਾਕ ਅਤੇ ਨਵੀਂ ਆਭਾ ਦਿੱਤੀ। ਉਸ ਨੇ ਵੱਖ ਵੱਖ ਸਮਿਆਂ ਵਿਚ ਅਨੇਕਾਂ ਅਜਿਹੇ ਨੌਜਵਾਨ ਪੈਦਾ ਕੀਤੇ ਜਿਨ੍ਹਾਂ ਨੇ ਸਮਾਜ ਅਤੇ ਰਾਜਨੀਤੀ ਵਿਚ ਸਰਗਰਮ ਭੂਮਿਕਾ ਨਿਭਾਉਂਦਿਆਂ ਆਪੋ ਆਪਣੇ ਸਮਿਆਂ ਦੇ ਵਿਚ ਇਤਿਹਾਸਕ ਸ਼ਮੂਲੀਅਤ ਕੀਤੀ।
ਜਦੋਂ ਸੁਮੇਲ ਨੇ ਅਦਾਰਾ 23 ਮਾਰਚ ਵੱਲੋਂ  ਚਾਲੂ ਸਾਲ ਦੇ ਮਈ ਮਹੀਨੇ ਦੀ 5 ਤਰੀਕ ਨੂੰ ਕਾਰਲ ਮਾਰਕਸ ਦੇ 201ਵੇਂ ਜਨਮ ਦਿਨ ਉੱਤੇ ਜਸਵੰਤ ਸਿੰਘ ਕੰਵਲ ਦੇ ਪਿੰਡ ਢੁੱਡੀਕੇ, ਉਨ੍ਹਾਂ ਦੇ ਘਰ ਕੰਵਲ ਬੇਲਾ ਵਿਚ ਪਾਸ਼ ਸਰੋਕਾਰ ਅਤੇ ਪੰਜਾਬੀ ਮਾਰਕਸਵਾਦ ਦੀ ਸੇਧ ਵਿਸ਼ੇ ਤੇ ਮਜਲਿਸ ਕੀਤੀ ਤਾਂ ਜਸਵੰਤ ਸਿੰਘ ਕੰਵਲ ਹੋਰੀਂ ਬਾਹਰ ਵਿਹੜੇ ਵਿਚ ਬੈਠ ਕੇ ਮਹਿਮਾਨਾਂ ਦਾ ਸਵਾਗਤ ਕਰ ਰਹੇ ਅਤੇ ਉਨ੍ਹਾਂ ਨਾਲ ਗੱਲਾਂ ਕਰ ਰਹੇ ਸਨ। ਉਨ੍ਹਾਂ ਦੀ ਯਾਦ ਸ਼ਕਤੀ ਕਾਫ਼ੀ ਕਮਜ਼ੋਰ ਹੋ ਗਈ ਹੈ, ਇਸ ਲਈ ਉਹ ਇੱਕ ਵਾਰ ਕਹੀ ਗੱਲ ਬਾਰ ਬਾਰ ਦੁਹਰਾਉਂਦੇ ਹਨ। ਇਸ ਵਾਰ ਜੋ ਉਨ੍ਹਾਂ ਦੁਹਰਾਇਆ ਉਹ ਇਕ ਸ਼ਿਅਰ ਸੀ:  ਹਮ ਚਲੇ ਤੋਂ ਕੋਈ ਰਾਹ ਗ਼ੁਜ਼ਰ ਨਾ ਥੀ, ਤੁਮ ਆਏ ਤੋ ਸਾਥ ਮੰਜ਼ਿਲੇਂ ਲਾਏ। ਇੰਜ ਇਸ ਸ਼ਿਅਰ ਰਾਹੀਂ ਉਹ ਆਪਣੇ ਜੀਵਨ ਸੰਘਰਸ਼ ਦੀਆਂ ਔਖਿਆਈਆਂ ਬਾਰੇ ਵੀ ਦੱਸ ਰਹੇ ਸਨ ਅਤੇ ਨਵੀਂ ਪੀੜ੍ਹੀ ਦੀਆਂ ਨਜ਼ਰਾਂ ਵਿਚੋਂ ਝਲਕਦੇ ਸੁਪਨਿਆਂ ਦੀ ਬਾਤ ਵੀ ਪਾ ਰਹੇ ਸਨ।
ਜਸਵੰਤ ਸਿੰਘ ਕੰਵਲ ਆਪਣੀ 100 ਸਾਲ ਦੀ ਉਮਰ ਵਿਚ ਵੀ ਨੌਜਵਾਨਾਂ ਨੂੰ ਊਰਜਾਵਾਨ ਕਰਨ ਵਾਲੇ ਬੋਲ ਬੋਲਦਾ ਹੈ, ਉਹ ਜ਼ਿੰਦਗੀ ਤੋਂ ਨਿਰਾਸ਼ ਨਹੀਂ ਹੈ, ਉਹ 100 ਸਾਲ ਜਿਉਂ ਕੇ ਵੀ ਅੱਕਿਆ ਥੱਕਿਆ ਨਹੀਂ ਹੈ। ਉਨ੍ਹਾਂ ਵਿਚ ਹਾਲੇ ਹੋਰ ਜਿਉਣ ਅਤੇ ਜ਼ਿੰਦਗੀ ਵਿਚ ਕੁਝ ਹੋਰ ਕਰਨ ਦੀ ਤਮੰਨਾਂ ਦੀ ਲਾਟ ਬਲਦੀ ਹੈ। ਉਹ ਨੌਜਬਾਨਾਂ ਨੂੰ ਕਹਿ ਰਿਹਾ ਸੀ; ਕਦੇ ਹਾਰ ਨਾ ਮੰਨਿਓਂ, ਦਿਲ ਨਾ ਢਾਹਿਓ, ਆਪਣੇ ਸੁਪਨੇ ਦੀ ਪੂਰਤੀ ਲਈ ਅਣਥੱਕ ਘਾਲਣਾ ਘਾਲੋ, ਤੁਸੀਂ ਜਿੱਤ ਸਕਦੇ ਹੋ, ਭਵਿੱਖ ਤੁਹਾਡਾ ਹੈ, ਜ਼ਿੰਦਗੀ ਨੂੰ ਸੋਹਣੇ ਬਨਾਉਣ ਦੇ ਯਤਨ ਵਿਚ ਬੰਦਾ ਸੋਹਣਾ ਹੋ ਜਾਂਦਾ ਹੈ।  ਉਨ੍ਹਾਂ ਉੱਥੇ ਮੌਜੂਦ ਨੌਜਵਾਨ ਮੁੰਡੇ-ਕੁੜੀਆਂ ਵੱਲ ਦੇਖ ਕੇ ਕਿਹਾ; ਮੈਂ ਤੁਹਾਡੇ ਨਾਲ ਮਰਨਾ ਚਾਹੁੰਦਾ ਹਾਂ।  
ਜਸਵੰਤ ਸਿੰਘ ਕੰਵਲ ਬਾਰੇ ਅਕਸਰ ਇਹ ਕਿਹਾ ਜਾਂਦਾ ਹੈ ਕਿ ਉਹ ਪੰਜਾਬ ਵਿਚ ਹਰ ਨਵੀਂ ਪੈਦਾ ਹੋਣ ਵਾਲੀ ਲਹਿਰ ਦੇ ਨਾਲ ਨਾਲ ਬਦਲ ਜਾਂਦਾ ਹੈ, ਉਸ ਦੇ ਵਿਚਾਰ ਬਦਲ ਜਾਂਦੇ ਹਨ, ਉਸ ਦੀ ਰਾਜਨੀਤੀ ਬਦਲ ਜਾਂਦੀ ਹੈ ਅਤੇ ਉਸ ਦੇ ਆਦਰਸ਼ ਬਦਲ ਜਾਂਦੇ ਹਨ। ਇਹ ਧਾਰਣਾਂ ਬਣਾਉਣ ਲੱਗਿਆਂ ਸਾਡਾ ਖ਼ਿਆਲ ਇਸ ਪਾਸੇ ਵੱਲ ਨਹੀਂ ਜਾਂਦਾ ਕਿ ਪੰਜਾਬ ਵਿਚ ਚੱਲੀਆਂ ਸਾਰੀਆਂ ਲਹਿਰਾਂ ਮੁੱਖ ਰੂਪ ਵਿਚ ਕਿਸਾਨੀ ਦੀਆਂ ਲਹਿਰਾਂ ਸਨ ਜਾਂ ਉਨ੍ਹਾਂ ਵਿਚ ਕੇਂਦਰੀ ਭੂਮਿਕਾ ਕਿਸਾਨੀ ਦੀ ਰਹੀ ਹੈ। ਪੰਜਾਬ ਦੀ ਕਿਸਾਨੀ ਆਪਣੇ ਸੰਕਟਾਂ ਤੋਂ ਉਭਰਣ ਲਈ ਅਤੇ ਆਪਣੀਆਂ ਰਾਜਨੀਤਕ ਅਕਾਂਖਿਆਵਾਂ ਨੂੰ ਪੁਗਾਉਣ ਲਈ ਜਿਹੜੇ ਰਸਤੇ ਤੁਰਦੀ ਰਹੀ ਹੈ, ਜਸਵੰਤ ਸਿੰਘ ਕੰਵਲ ਵੀ ਉਸ ਦੇ ਮਗਰ ਮਗਰ ਅਤੇ ਉਸ ਦੇ ਨਾਲ ਨਾਲ ਤੁਰਦਾ ਅਤੇ ਬਦਲਦਾ ਰਿਹਾ ਹੈ। ਇਸ ਲਈ ਬਦਲਾਅ ਕਿਸਾਨੀ ਦੀ ਸਮਝ, ਚੋਣ ਅਤੇ ਰਸਤੇ ਵਿਚ ਆਉਂਦਾ ਰਿਹਾ ਹੈ, ਜਸਵੰਤ ਸਿੰਘ ਕੰਵਲ ਕਿਸਾਨੀ ਨਾਲ ਆਪਣੀ ਪ੍ਰਤਿਬੱਧਤਾ ਉੱਤੇ ਕਾਇਮ ਰਿਹਾ ਹੈ। ਜ਼ਾਹਿਰ ਹੈ ਕਿ ਕਈ ਜਮਾਤਾਂ ਦੇ ਜਮ੍ਹਾਂ ਜੋੜ ਉੱਤੇ ਆਧਾਰਿਤ ਇਹ ਕਿਸਾਨੀ ਸਮੂਹ ਵੀ ਅੰਤਰ-ਵਿਰੋਧਤਾਵਾਂ ਦਾ ਸ਼ਿਕਾਰ ਰਿਹਾ ਹੈ, ਇਸੇ ਲਈ ਕੰਵਲ ਦੀ ਵਿਚਾਰਧਾਰਾ ਵੀ ਅੰਤਰ-ਵਿਰੋਧਤਾਵਾਂ ਤੋਂ ਮੁਕਤ ਨਹੀਂ ਹੈ। ਉਹ ਵਿਚਾਰਧਾਰਾਈ ਧਰਾਤਲ ਉੱਤੇ ਪੰਜਾਬ ਦੀ ਕਿਸਾਨੀ ਦੀ ਰਾਜਸੀ ਚੇਤਨਾ ਦਾ ਬੁਲਾਰਾ ਰਿਹਾ ਹੈ ਅਤੇ ਭਾਸ਼ਾਈ-ਗਲਪੀ ਸੁਹਜ ਦੇ ਰਸਤੇ ਉਹ ਪੇਂਡੂ ਨੌਜਵਾਨਾਂ ਦੀ ਕਲਪਨਾ, ਸੋਚਣੀ, ਆਦਰਸ਼ਾਂ, ਸੁਪਨਿਆਂ ਸਰਗਰਮੀਆਂ ਨੂੰ ਡੌਲਣ ਵਿਚ ਅਗਵਾਈ ਦਿੰਦਾ ਰਿਹਾ ਹੈ।  ਮੇਰੀ ਇਸ ਰਾਇ ਦੀ ਤਸਦੀਕ ਲਈ,  ਉਸ ਦੇ ਵਿਚਾਰਧਾਰਕ-ਬਦਲਾਅ ਨੂੰ ਦਰਸਾੳਣੁ ਵਾਲੇ ਕੁਝ ਨਾਵਲਾਂ ਦਾ ਵੇਰਵਾ ਦਿੱਤਾ ਜਾ ਸਕਦਾ ਹੈ।
ਰੌਚਕ ਤੱਥ ਇਹ ਹੈ ਕਿ ਜਦੋਂ ਪੰਜਾਬ ਦੀ ਸਧਾਰਣ ਪੇਂਡੂ ਕਿਸਾਨੀ ਸ਼ਹਿਰ ਜਾਂ ਸ਼ਹਰੀਆਂ/ਸ਼ਹਿਰਨਾਂ ਨੂੰ ਨਾਪਸੰਦ ਕਰਦੀ ਹੈ ਤਾਂ ਕੰਵਲ ਆਪਣੇ ਨਾਵਲ ਪਾਲੀ ਦੇ ਗਲਪੀ ਪ੍ਰਵਚਨ ਵਿਚ ਇਸ ਨਾਪਸੰਦਗੀ ਨੂੰ ਹਾਂਪੱਖੀ ਹੁੰਗਾਰਾ ਦਿੰਦਾ ਹੈ। ਇਸੇ ਤਰ੍ਹਾਂ ਜਦੋਂ ਪੰਜਾਬ ਵਿਚ ਬੇਜ਼ਮੀਨੇ ਮੁਜ਼ਾਰੇ ਜ਼ਮੀਨ ਹਲਵਾਹਕ ਦੀ ਦੇ ਹੱਕ ਲਈ ਲੜਦੇ ਹਨ ਤਾਂ ਜਸਵੰਤ ਸਿੰਘ ਕੰਵਲ ਰਾਤ ਬਾਕੀ ਹੈ ਰਾਹੀਂ ਜਾਗੀਰਦਾਰੀ ਪ੍ਰਬੰਧ ਖ਼ਿਲਾਫ਼ ਕਿਸਾਨੀ ਦੇ ਰੋਹ-ਵਿਦਰੋਹ ਦਾ ਆਦਰਸ਼ੀਕਰਨ ਕਰਦਾ ਹੈ। ਇਸੇ ਤਰ੍ਹਾਂ ਪੰਜਾਬ ਦੀ ਕਿਸਾਨੀ ਜਦੋਂ ਨਵ-ਸਿੱਖਿਅਤ ਪੇਂਡੂ ਨੌਜਵਾਨਾਂ ਦੀ ਕ੍ਰਾਂਤੀਕਾਰੀ ਖੱਬੇਪੱਖੀ ਰਾਜਸੀ ਚੇਤਨਾਂ ਦੇ ਨਾਲ ਤੁਰਦੀ ਤੁਰਦੀ ਨਕਸਲੀ ਲਹਿਰ ਵਿਚ ਸ਼ਮੂਲੀਅਤ ਕਰਦੀ ਹੈ ਤਾਂ ਜਸਵੰਤ ਸਿੰਘ ਕੰਵਲ ਲਹੂ ਦੀ ਲੋਅ ਦੀ ਰਚਨਾ ਕਰਕੇ ਨੌਜਵਾਨਾਂ ਨੂੰ ਇਨਕਲਾਬੀ ਘੋਲਾਂ ਵਿਚ ਸ਼ਾਮਿਲ ਹੋਣ ਦੀ ਰਾਜਨੀਤਕ ਪ੍ਰੇਰਣਾ ਦਿੰਦਾ ਹੈ ਅਤੇ ਜਦੋਂ ਪੰਜਾਬ ਦੀ ਕਿਸਾਨੀ ਪਾਣੀਆਂ, ਰਾਜ ਦੀ ਖ਼ੁਦਮੁਖ਼ਤਾਰੀ, ਪੰਜਾਬੀ ਭਾਸ਼ੀ ਇਲਾਕਿਆਂ ਨੂੰ ਪੰਜਾਬ ਵਿਚ ਸ਼ਾਮਿਲ ਕਰਨ ਦੀ ਲੜਾਈ ਨੂੰ ਧਾਰਮਿਕ ਮੁਹਾਵਰੇ ਅਤੇ ਸਿੱਖ-ਪਛਾਣ ਦੇ ਮਸਲੇ ਨਾਲ ਜੋੜ ਕੇ ਸਮਝਣ ਅਤੇ ਸੰਘਰਸ਼ ਕਰਨ ਦੇ ਰਸਤੇ ਪੈਂਦੀ ਹੈ ਤਾਂ ਕੰਵਲ ਉਸ ਦੀ ਸੁਰ ਨਾਲ ਸੁਰ ਮਿਲਾਉਂਦਾ ਹੋਇਆ ਕਮਿਉਨਿਸਟ ਲਹਿਰ ਦੇ ਵਿਗਾੜਾਂ ਤੋਂ ਅਵਾਜ਼ਾਰ ਹੋ ਕੇ ਐਨਿਆਂ ਚੋਂ ਉੱਠੋ ਸੂਰਮਾ ਦੀ ਰਚਨਾ ਕਰਦਾ ਹੈ। ਇੱਥੋਂ ਤਕ ਕਿ ਜਦੋਂ ਪੰਜਾਬ ਦੀ ਕਿਸਾਨੀ ਆਰਥਿਕ ਅਕਾਂਖਿਆਵਾਂ ਦੀ ਪੂਰਤੀ ਹਿਤ ਵਿਦੇਸ਼ਾਂ ਵੱਲ ਰੁਖ ਕਰਦੀ ਹੈ ਤਾਂ ਕੰਵਲ ਇਕ ਹੋਰ ਹੈਲਨ ਰਾਹੀਂ ਪਰਵਾਸੀ ਪੰਜਾਬੀਆਂ ਦੇ ਸ਼ਖ਼ਸੀ ਗੁਣਾਂ ਦੇ ਹਵਾਲੇ ਨਾਲ ਉਨ੍ਹਾਂ ਦੀਆਂ ਪ੍ਰਾਪਤੀਆਂ ਨੂੰ ਵਡਿਆਉਂਦਾ ਹੈ। ਪੰਜਾਬ ਵਿਚ ਪਰਵਾਸੀ ਮਜਦੂਰਾਂ, ਸ਼ਹਿਰੀ-ਉਸਾਰੀਆਂ ਤੇ ਹੋਰ ਕਸਬਾਂ ਦੇ ਨਿਪੁੰਨ ਕਾਮਿਆਂ ਦੇ ਰੂਪ ਵਿਚ ਪੂਰਬੀ ਭਾਰਤ ਤੋਂ ਆਉਣ ਵਾਲੇ ਲੋਕ ਜਦੋਂ ਕਿਰਤ ਸ਼ਕਤੀ ਦੀਆਂ ਸਾਡੀਆਂ ਲੋੜਾਂ ਦੀ ਪੂਰਤੀ ਕਰਨ ਕਰਕੇ ਅਤੇ ਪੰਜਾਬ ਦੀ ਜ਼ਿੰਦਗੀ ਦੇ ਬਹੁ-ਭਿੰਨ ਖੇਤਰਾਂ ਵਿਚ ਆਪਣੀ ਉਤਪਾਦਕੀ ਭੂਮਿਕਾ ਕਰਕੇ ਰਾਜਨੀਤਕ ਤੌਰ ਤੇ ਮਹੱਤਵਪੂਰਣ ਸਥਾਨ ਹਾਸਿਲ ਕਰਨ ਵੱਲ ਅਹੁਲਦੇ ਹਨ ਤਾਂ ਕੰਵਲ ਆਪਣੇ ਭਾਸ਼ਣਾਂ, ਲੇਖਾਂ ਅਤੇ ਹੋਰ ਰਚਨਾਵਾਂ ਰਾਹੀਂ ਭਈਆਂ ਨਾਲ ਦੂਸ਼ਿਤ ਹੋ ਰਹੇ ਪੰਜਾਬ ਦੇ ਦਰਦ ਦੀ ਗੱਲ ਕਰਦਾ ਹੈ ਅਤੇ ਖ਼ਦਸ਼ਾ ਪ੍ਰਗਟਾਉਂਦਾ ਹੈ ਕਿ ਹੁਣ ਪੰਜਾਬ ਪੰਜਾਬੀਆਂ ਹੱਥੋਂ ਖੁੱਸਣ ਵਾਲਾ ਹੈ।  ਇਸ ਤਰ੍ਹਾਂ ਅਸੀਂ ਸਾਫ਼ ਦੇਖ ਸਕਦੇ ਹਾਂ ਕਿ ਹਰ ਲਹਿਰ ਨਾਲ ਉਹ ਬਦਲਦਾ ਹੈ, ਹਰ ਸਮੇਂ ਗਤੀਸ਼ੀਲ ਰਹਿੰਦਾ ਹੈ ਅਤੇ ਸਮਾਜਿਕ-ਰਾਜਸੀ ਧਰਾਤਲ ਦੀਆਂ ਸਰਗਰਮੀਆਂ ਵਿਚ ਸ਼ਾਮਿਲ ਰਹਿੰਦਾ ਹੈ। ਉਹ ਨਵੀਆਂ ਸਥਿਤੀਆਂ ਨਾਲ ਦਸਤਪੰਜਾ ਲੈਂਦਾ ਹੈ ਅਤੇ ਉਨ੍ਹਾਂ ਬਾਰੇ ਆਪਣੀ ਰਾਇ ਬਣਾਉਂਦਾ ਹੈ। ਜਸਵੰਤ ਸਿੰਘ ਕੰਵਲ ਵੀ ਹਰ ਸਮੇਂ ਸਹੀ ਨਹੀਂ ਹੁੰਦਾ, ਉਸ ਦੇ ਵਿਚਾਰਾਂ ਨਾਲ ਹਮੇਸ਼ਾਂ ਸਹਿਮਤ ਵੀ ਨਹੀਂ ਹੋਇਆ ਜਾ ਸਕਦਾ ਪਰ ਇਸ ਗੱਲ ਨੂੰ ਤਸਲੀਮ ਕਰਨਾ ਪਵੇਗਾ ਕਿ ਉਹ ਸਮੂਹਕ-ਸਮਾਜਿਕ ਸਰਗਰਮੀਆਂ ਤੋਂ ਉਦਾਸੀਨ ਜਾਂ ਬੇਨਿਆਜ਼ ਹੋ ਚੁੱਕੇ ਬਹੁਤੇ ਪੰਜਾਬੀ ਲੇਖਕਾਂ ਦੇ ਉਲਟ ਸਮਾਜਿਕ ਕਰਮ ਵਿਚ ਸ਼ਾਮਿਲ ਹੋਣ ਲਈ ਉੱਸਲਵੱਟੇ ਲੈਂਦਾ ਰਹਿੰਦਾ ਹੈ।
ਜਸਵੰਤ ਸਿੰਘ ਕੰਵਲ ਆਪਣੀਆਂ ਸਾਹਤਿਕ ਲਿਖਤਾਂ, ਅਖ਼ਬਾਰੀ ਲੇਖਾਂ, ਭਾਸ਼ਣਾਂ, ਜੀਵਨ ਸਰਗਰਮੀਆਂ, ਨਿੱਜੀ ਜੀਵਨ ਵਿਚਲੇ ਫ਼ੈਸਲਿਆਂ ਕਾਰਣ ਇਕ ਵਾਦ-ਵਿਵਾਦ ਦਾ ਪਾਤਰ ਅਤੇ ਜ਼ਾਹਿਰਾ ਤੌਰ ਤੇ ਅੰਤਰ-ਵਿਰੋਧਾਂ ਦਾ ਸ਼ਿਕਾਰ ਰਿਹਾ ਹੈ। ਲੋਕ ਉਸ ਦੀ ਨਿੱਜੀ ਜ਼ਿੰਦਗੀ ਅਤੇ ਰਚਨਾਤਮਕ ਕਾਰਜਾਂ ਵਿਚਲੇ ਵਿਰੋਧ ਤੇ ਸਵਾਲ ਉਠਾਉਂਦੇ ਹਨ। ਸਾਹਿਤ, ਜੀਵਨ, ਇਤਿਹਾਸ ਅਤੇ ਫ਼ਲਸਫ਼ੇ ਦੇ ਆਪਣੇ ਅਧਿਐਨ ਅਤੇ ਅਨੁਭਵ ਦੇ ਆਧਾਰ ਤੇ ਮੇਰੀ ਰਾਇ ਹੈ ਕਿ ਕੋਈ ਵੀ ਅਸਤਿੱਤਵਸ਼ੀਲ ਬੰਦਾ ਅੰਤਰ-ਵਿਰੋਧਤਾਵਾਂ ਤੋਂ ਮੁਕਤ ਨਹੀਂ ਹੁੰਦਾ, ਸਗੋਂ ਉਹ ਅੰਤਰ-ਵਿਰੋਧਤਾਵਾਂ ਨਾਲ ਜੂਝਦਾ, ਉਨ੍ਹਾਂ ਨੂੰ ਆਪਣੇ ਮਨ-ਮਸਤਕ ਉੱਤੇ ਝੱਲਦਾ, ਹਾਰਦਾ-ਉਭਰਦਾ ਅਤੇ ਉਨ੍ਹਾਂ ਦਰਮਿਆਨ ਢਹਿੰਦਾ-ਬਦਲਦਾ ਹੈ। ਇਹ ਅੰਤਰ-ਵਿਰੋਧਤਾਵਾਂ ਉਸ ਦੀ ਰਚਨਾਤਮਕ ਊਰਜਾ ਦਾ ਸੋਮਾਂ ਹੁੰਦੀਆਂ ਹਨ। ਜਸਵੰਤ ਸਿੰਘ ਕੰਵਲ ਦੀਆਂ ਲਿਖਤਾਂ ਹੀ ਉਸ ਦੇ ਅਸਤਿਤਵਸ਼ੀਲ ਆਪੇ ਦੇ ਅੰਤਰ-ਵਿਰੋਧਾਂ ਨਾਲ ਉਸ ਦੇ ਜੂਝਣ ਅਤੇ ਉਨ੍ਹਾਂ ਉੱਤੇ ਕਾਬੂ ਪਾਉਣ ਦੇ ਯਤਨਾਂ ਦਾ ਠੋਸ ਪ੍ਰਮਾਣ ਹਨ। ਸਾਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਕੋਈ ਲੇਖਕ ਕਦੇ ਵੀ ਮੁਕੰਮਲ ਤੌਰ ਤੇ ਆਪਣੇ ਰਚਨਾਤਮਕ ਜਗਤ ਵਿਚਲੇ ਜੀਵਨ ਆਦਰਸ਼ਾਂ ਦਾ ਮੁਜੱਸਮਾ ਜਾਂ ਆਦਰਸ਼ ਪਾਤਰਾਂ ਦੀ ਨਕਲ ਨਹੀਂ ਹੁੰਦਾ।  ਜੇ ਆਦਰਸ਼ਾਂ ਨੂੰ ਸਾਕਾਰ ਕਰਨਾ ਐਨਾ ਆਸਾਨ ਹੋਵੇ ਤਾਂ ਸ਼ਾਇਦ ਸਾਹਿਤ ਦੀ ਲੋੜ ਹੀ ਨਾ ਰਹੇ। ਸਾਹਿਤਕ ਕਿਰਤਾਂ ਤਾਂ ਪ੍ਰਾਪਤ ਅਤੇ ਇੱਛਿਤ ਦੇ ਵਿਰੋਧ ਵਿਚੋਂ ਹੀ ਜਨਮਦੀਆਂ ਹਨ। ਲੇਖਕ ਦੇ ਹਿੱਸੇ ਤਾਂ ਆਦਰਸ਼ਾਂ ਅਤੇ ਆਦਰਸ਼ਕ ਕਿਰਦਾਰਾਂ ਵਰਗਾ ਹੋਣ ਦੀ ਮੁਸ਼ੱਕਤ ਆਉਂਦੀ ਹੈ ਅਤੇ ਉਹ ਆਪਣੇ ਨਿੱਜ ਨਾਲ ਨਿਰੰਤਰ ਸੰਵਾਦ-ਵਿਵਾਦ ਅਤੇ ਟਕਰਾਉ ਦੀ ਅਵਸਥਾ ਵਿਚ ਰਹਿੰਦਾ ਹੈ। ਜਸਵੰਤ ਸਿੰਘ ਕੰਵਲ ਵੀ ਪੰਜਾਬੀ ਦੇ ਉਨ੍ਹਾਂ ਵਿਰਲੇ ਅਸਤਿਤਵਸ਼ੀਲ ਲੇਖਕਾਂ ਵਿਚੋਂ ਇਕ ਹੈ ਜਿਹੜੇ ਆਪਣੇ ਨਿੱਜ ਨਾਲ ਲਗਾਤਾਰ ਜੂਝਦੇ ਹਨ ਅਤੇ ਇਸ ਸੰਘਰਸ਼ ਵਿਚੋਂ ਸਿਰਜਣਾਤਮਕ ਊਰਜਾ ਹਾਸਿਲ ਕਰਦੇ ਉਨ੍ਹਾਂ ਕਦਰਾਂ-ਕੀਮਤਾਂ ਅਤੇ ਵਿਵਹਾਰ ਦੇ ਪੈਟਰਨਾਂ ਨੂੰ ਰੱਦ ਕਰਦੇ ਹਨ, ਜਿਨ੍ਹਾਂ ਦੀ ਪਾਲਣਾ ਦੇ ਉਹ ਕਈ ਵਾਰ ਆਪ ਵੀ ਭਾਗੀ ਹੁੰਦੇ ਹਨ। ਇਹ ਆਪਣੇ ਆਪ ਨੂੰ ਰੱਦਣ ਦਾ ਅਮਲ ਹੁੰਦਾ ਹੈ, ਇਹ ਸਾਹਿਤਕ ਲੇਖਣੀ ਦੀ ਤਾਕਤ ਹੁੰਦੀ ਹੈ।
ਜਸਵੰਤ ਸਿੰਘ ਕੰਵਲ ਦੀਆਂ ਲਿਖਤਾਂ ਦੀਆਂ ਕੁਝ ਮੁੱਖ ਖ਼ਾਸੀਅਤਾਂ ਇਹ ਹਨ: ਉਹ ਵਿਅਕਤੀਗਤ ਪੱਧਰ ਉੱਤੇ ਜੀਵਨ-ਸੰਘਰਸ਼ ਵਿਚ ਹਾਰ ਨਾ ਮੰਨਣ ਅਤੇ ਆਪਣੇ ਸੁਪਨੇ ਦੀ ਪੂਰਤੀ ਲਈ ਮਰ ਮਿਟਣ ਵਾਲੇ ਪਾਤਰਾਂ ਦਾ ਘਾੜਾ ਹੈ, ਉਹ ਸਮੂਹਕ ਸਮਾਜਿਕ ਸਰਗਰਮੀ ਨੂੰ  ਸਭ ਕਿਸਮ ਦੀਆਂ ਬੇਇਨਸਾਫ਼ੀਆਂ ਤੋਂ ਮੁਕਤ ਹੋਣ ਦਾ ਰਸਤਾ ਸਮਝਦਾ ਹੈ, ਉਹ ਵਿਅਕਤੀਗਤ ਪ੍ਰਾਪਤੀ ਅਤੇ ਸਥਿਤੀ-ਪਰਿਵਰਤਨ ਦੀ ਥਾਂ ਪ੍ਰਬੰਧ ਵਿਚ ਤਬਦੀਲੀ ਨੂੰ ਰਚਨਾਕਾਰੀ ਅਤੇ ਸਮਾਜਿਕ ਅਮਲ ਦਾ ਆਦਰਸ਼ ਮੰਨਦਾ ਹੈ। ਉਹ ਜ਼ਿੰਦਗੀ ਨੂੰ ਅੱਗਿਓ ਧਾਅ ਕੇ ਮਿਲਣ ਵਾਲੀ ਮਾਨਵੀ ਭਾਵਨਾਂ ਦੀ ਮਹਿਮਾ ਕਰਨ ਵਾਲਾ ਅਤੇ ਜ਼ਿੰਦਗੀ ਅਤੇ ਮਨੁੱਖਤਾ ਦੇ ਮਾਣ ਨੂੰ ਤੋੜਣ ਵਾਲੀਆਂ ਰਵਾਇਤਾਂ, ਸਮਾਜਿਕ-ਰਾਜਨੀਤਕ ਬਣਤਰਾਂ, ਮਾਨਤਾਵਾਂ ਨੂੰ ਅੱਗਿਓ ਟੱਕਰਣ ਵਾਲਾ ਲੇਖਕ ਹੈ। ਉਹ ਕਰਮਸ਼ੀਲ ਰਹਿੰਦਾ ਹੈ, ਜੋਸ਼ ਅਤੇ ਹੋਸ਼ ਨਾਲ ਸਥਿਤੀਆਂ-ਸੰਘਰਸ਼ਾਂ ਵਿਚ ਉੱਤਰ੍ਹਦਾ ਹੈ, ਉਲਝਦਾ ਹੈ, ਹਾਰ-ਜਿੱਤ ਤੋਂ ਬੇਨਿਆਜ਼ ਆਪਣਾ ਪੈਂਤੜਾ ਲੈਂਦਾ ਹੈ, ਜ਼ਿੰਦਗੀ ਨੂੰ ਸਮਝਦਾ-ਸਿੱਖਦਾ ਹੈ, ਇਸ ਸਿੱਖੇ ਸਮਝੇ ਨੂੰ ਆਪਣੀਆਂ ਅਗਲੇਰੀਆਂ ਲਿਖਤਾਂ ਵਿਚ ਢਾਲਣ ਲੱਗ ਪੈਂਦਾ ਹੈ। ਇਸੇ ਸਭ ਕੁਝ ਕਾਰਣ ਉਹ ਅੰਤਰ-ਵਿਰੋਧਾਂ ਵਿਚ ਫੱਸਦਾ ਹੈ, ਵਾਦ-ਵਿਵਾਦਾਂ ਦਾ ਸ਼ਿਕਾਰ ਹੁੰਦਾ ਹੈ, ਉਸ ਨੂੰ ਕੁਝ ਲੋਕ ਨਾਪਸੰਦ ਕਰਦੇ ਹਨ ਤਾਂ ਕੁਝ ਹੋਰ ਉਸ ਨਾਲ ਅੰਤਾਂ ਦੀ ਮੁਹੱਬਤ ਕਰਦੇ ਹਨ। ਉਹ ਕਿਰਤ ਦੇ ਮਾਣ ਵਾਲੇ ਨਿਜ਼ਾਮ ਦੀ ਸਿਰਜਣਾ ਰਾਹੀਂ ਜ਼ਿੰਦਗੀ ਨੂੰ ਸੋਹਣਾ ਬਣਾਉਣ ਦੇ ਸੁਪਨੇ ਨਾਲ ਅੰਦਰੋਂ ਬਾਹਰੋਂ ਪ੍ਰਤਿਬੱਧ ਬਹੁ-ਪੱਖੀ ਲੇਖਕ ਹੈ। ਜਸਵੰਤ ਸਿੰਘ ਕੰਵਲ ਜਿੱਥੇ ਮਰਜ਼ੀ ਰਹੇ ਉਸ ਦੀਆਂ ਕਿਤਾਬਾਂ ਅਤੇ ਉਸ ਦੇ ਸਿਰਜੇ ਪਾਤਰਾਂ ਨੇ ਸਾਡੇ ਦਰਮਿਆਨ ਅਤੇ ਸਾਡੇ ਸੰਗ ਸਾਥ ਰਹਿਣਾ ਹੈ। ਉਨ੍ਹਾਂ ਨੇ ਸਾਨੂੰ ਮੁਹੱਬਤ ਕਰਨ, ਜ਼ਿੰਦਗੀ ਨੂੰ ਸੋਹਣਾ ਬਣਾਉਣ ਲਈ ਸੰਘਰਸ਼ ਕਰਨ, ਸੁਪਨਿਆਂ ਦਾ ਪਿੱਛਾ ਕਰਦੇ ਰਹਿਣ, ਧਰਤੀ ਤੇ ਪੈਰ ਰੱਖ ਕੇ ਰੋਮਾਨੀ ਹੋਣ ਦੀ ਪ੍ਰੇਰਣਾ ਦਿੰਦੇ ਰਹਿਣਾ ਹੈ। ਇਹੀ ਜਸਵੰਤ ਸਿੰਘ ਕੰਵਲ ਦੀਆਂ ਲਿਖਤਾਂ ਦੀ ਸਾਰਥਕਤਾ ਹੈ।