ਡਾ. ਜਗਤਾਰ ਦੀ ਕਾਵਿ-ਯਾਤਰਾ
: ਕਾਵਿ-ਪ੍ਰਤਿਮਾਨਾਂ ਦੇ ਰੂਪਾਂਤਰਣ ਦਾ ਇਤਿਹਾਸ
ਸੁਰਜੀਤ ਸਿੰਘ (ਡਾ.)
ਪ੍ਰੋਫ਼ੈਸਰ, ਪੰਜਾਬੀ ਵਿਭਾਗ
ਪੰਜਾਬੀ ਯੂਨੀਵਰਸਿਟੀ,
ਪਟਿਆਲਾ।
ਡਾ. ਜਗਤਾਰ ਪੰਜਾਬੀ ਦੇ
ਉਨ੍ਹਾਂ ਵਿਰਲੇ ਸ਼ਾਇਰਾਂ ਵਿਚੋਂ ਇਕ ਹੈ ਜਿਨ੍ਹਾਂ ਨੂੰ ਅਸੀਂ ਆਧੁਨਿਕ ਪੰਜਾਬੀ ਸਾਹਿਤ ਦੇ ਉਸਰੱਈਏ
ਕਹਿ ਸਕਦੇ ਹਾਂ। ਦੇਸ਼ ਦੀ ਸੁਤੰਤਰਤਾ ਤੋਂ ਬਾਅਦ
ਜਿਨ੍ਹਾਂ ਪੰਜਾਬੀ ਕਵੀਆਂ ਨੂੰ ਪਾਠਕਾਂ ਅਤੇ ਆਲੋਚਕਾਂ ਵੱਲੋਂ ਇਕੋ ਜਿੰਨੀ ਪ੍ਰਵਾਨਗੀ ਮਿਲੀ,
ਉਨ੍ਹਾਂ ਵਿਚ ਜਗਤਾਰ ਦਾ ਨਾਮ ਸ਼ਿਵ ਕੁਮਾਰ ਤੋਂ ਬਾਅਦ ਪਾਸ਼ ਅਤੇ ਪਾਤਰ ਦੇ ਨਾਲ ਆਉਂਦਾ ਹੈ। ਪਰ
ਪੰਜਾਬੀ ਦੇ ਇਨ੍ਹਾਂ ਵੱਡੇ ਸ਼ਾਇਰਾਂ ਦਾ ਦੁਖਾਂਤ ਹੈ ਕਿ ਉਨ੍ਹਾਂ ਨੂੰ ਆਪਣੇ ਕਾਵਿ-ਪੈਮਾਨਿਆਂ ਅਤੇ
ਵਿਸਤਾਰਾਂ ਦੇ ਹਾਣ ਦੇ ਸਮੀਖਿਆਕਾਰ ਨਹੀਂ ਮਿਲੇ। ਇਸ ਪੱਖੋਂ ਸ਼ਿਵ ਕੁਮਾਰ ਸਭ ਤੋਂ ਬਦਕਿਸਮਤ ਹੈ।
ਉਸ ਨੂੰ ਤਾਂ ਸ਼ੁਰੂ ਸ਼ੁਰੂ ਵਿਚ ਵਿਚਾਰਧਾਰਾਈ ਪ੍ਰਤਿਬੱਧਤਾ ਵਾਲੀ ਸਮੀਖਿਆ ਦੇ ਜ਼ੋਰ ਕਾਰਣ
ਸਮਾਜਿਕ-ਪ੍ਰਗਤੀਸ਼ੀਲ ਸਰੋਕਾਰਾਂ ਤੋਂ ਟੁੱਟਾ ਕਵੀ ਸਮਝਦੇ ਹੋਏ ਪੰਜਾਬੀ ਸਮੀਖਿਅਕਾਂ ਨੇ ਬਹੁਤਾ
ਮਹੱਤਵ ਹੀ ਨਹੀਂ ਦਿੱਤਾ। ਬਾਅਦ ਵਿਚ ਡਾ. ਅਤਰ ਸਿੰਘ ਨੇ ਆਪਣੇ ਇਕ ਖੋਜ-ਪੱਤਰ ਰਾਹੀਂ ਸ਼ਿਵ ਕੁਮਾਰ
ਦੀ ਕਵਿਤਾ ਦੇ ਮੁੱਲ ਅਤੇ ਮਹੱਤਵ ਨੂੰ ਪਛਾਣਦਿਆਂ ਕੁਝ ਭਰਪਾਈ ਕੀਤੀ ਪਰ ਸ਼ਿਵ ਕੁਮਾਰ ਬਾਰੇ ਕੋਈ ਇਕ
ਅਜਿਹੀ ਕਿਤਾਬ ਨਹੀਂ ਮਿਲਦੀ ਜਿਸ ਰਾਹੀਂ ਉਸ ਦੀ ਕਾਵਿ-ਪ੍ਰਤਿਭਾ ਦੇ ਕਿਸੇ ਇਕ ਪੱਖ ਦੀ ਵੀ ਥਾਹ
ਪਾਈ ਜਾ ਸਕਦੀ ਹੋਵੇ। ਇਸੇ ਤਰ੍ਹਾਂ ਦਾ ਹੋਣੀ ਜਗਤਾਰ, ਪਾਸ਼ ਅਤੇ ਸੁਰਜੀਤ ਪਾਤਰ ਦੀ ਹੈ। ਉਨ੍ਹਾਂ
ਬਾਰੇ ਕਿਤਾਬਾਂ ਤਾਂ ਲਿਖੀਆਂ ਗਈਆਂ ਹਨ, ਪਰ ਇਨ੍ਹਾਂ ਦੀ ਕਾਵਿ- ਪ੍ਰਤਿਭਾ ਦੇ ਸਾਰੇ ਪਾਸਾਰਾਂ ਨੂੰ
ਗਹਿਰੀ ਆਲੋਚਨਾਤਮਕ ਸੋਝੀ ਅਤੇ ਉਚਰੇ ਸੁਹਜਾਤਮਕ ਪੈਮਾਨਿਆਂ ਰਾਹੀਂ ਬਾਰੀਕਬੀਨ ਅਧਿਐਨ/ਵਿਸ਼ਲੇਸ਼ਣ ਦਾ
ਵਸਤੂ ਬਣਾਇਆ ਗਿਆ ਨਹੀਂ ਮਿਲਦਾ। ਸੋ ਜਗਤਾਰ ਦੀ ਕਾਵਿ-ਯਾਤਰਾ ਬਾਰੇ ਵੀ ਇਹੀ ਗੱਲ ਥੋੜ੍ਹੇ ਬਹੁਤੇ
ਅੰਤਰ ਨਾਲ ਸੱਚ ਹੈ। ਜਗਤਾਰ ਕਾਵਿ ਬਾਰੇ ਮਿਲਦੀਆਂ
ਕਿਤਾਬਾਂ ਵਿਚੋਂ ਡਾ. ਗੁਰਇਕਬਾਲ ਸਿੰਘ ਦੀ ਕਿਤਾਬ ‘ਜਗਤਾਰ ਕਾਵਿ : ਸਮੀਖਿਆ ਅਤੇ ਸੰਵਾਦ’
(2004) ਦਾ ਮਹੱਤਵ ਇਸ ਗੱਲੋਂ ਹੈ ਕਿ ਉਸ ਵਿਚ
ਜਗਤਾਰ ਕਾਵਿ ਦੇ ਵਿਭਿੰਨ ਪਾਸਾਰਾਂ ਅਤੇ ਇਸ ਵਿਚਲੀ ਵੰਨ-ਸੁਵੰਨਤਾ ਦੀ ਨਿਸ਼ਾਨਦੇਹੀ ਕਰਨ ਦਾ ਯਤਨ
ਕੀਤਾ ਗਿਆ ਹੈ। ਇਸ ਦੇ ਸਮਵਿੱਥ ਗ਼ਜ਼ਲਗੋ ਅਤੇ ਖੋਜ-ਵਿਦਿਆਰਥੀ ਦੀਪਕ ਧਲੇਵਾਂ ਦੀ ਕਿਤਾਬ ‘ਜਗਤਾਰ
ਕਾਵਿ : ਵਸਤੂ ਤੇ ਵਿਚਾਰਧਾਰਾ (ਮੋਮ ਦੇ ਲੋਕ ਦੇ ਪ੍ਰਸੰਗ ਵਿਚ)’ (2015) ਦਾ ਮਹੱਤਵ ਇਸ
ਗੱਲੋਂ ਹੈ ਕਿ ਉਸ ਨੇ ਨਿਰੋਲ ਗ਼ਜ਼ਲਾਂ ਦੇ ਸੰਗ੍ਰਹਿ ਉੱਤੇ ਫ਼ੋਕਸ ਕਰਦੇ ਹੋਏ ਗ਼ਜ਼ਲ ਦੀ ਕਾਵਿ-ਭਾਸ਼ਾ ਦਾ
ਬਾਰੀਕਬੀਨ ਵਿਸ਼ਲੇਸ਼ਣ ਦਾ ਮਾਡਲ ਵਿਕਸਿਤ ਕਰਨ ਦਾ ਯਤਨ ਕੀਤਾ ਹੈ। ਇਸ ਖੋਜ-ਪੱਤਰ ਵਿਚ ਕੀਤਾ ਜਾ
ਰਿਹਾ ਯਤਨ ਵੀ ਆਪਣੇ ਆਪ ਵਿਚ ਇਕ ਸੀਮਿਤ ਅਤੇ ਅਧੂਰਾ ਯਤਨ ਹੈ ਪਰ ਇਸ ਨੂੰ ਕਰਦਿਆਂ ਮੈਨੂੰ ਜਗਤਾਰ
ਕਾਵਿ ਬਾਰੇ ਖ਼ਾਸ ਤੌਰ ‘ਤੇ ਅਤੇ ਉਪਰੋਕਤ ਵੱਡੇ ਕਵੀਆਂ ਬਾਰੇ ਆਮ ਤੌਰ ‘ਤੇ ਨਿੱਠ ਕੇ ਸਮੀਖਿਆਤਮਕ
ਕਾਰਜ ਕਰਨ ਕਰਾਉਣ ਦੀ ਲੋੜ ਵਧੇਰੇ ਸ਼ਿੱਦਤ ਨਾਲ ਮਹਿਸੂਸ ਹੋਈ ਹੈ।
ਜਗਤਾਰ-ਕਾਵਿ ਬਾਰੇ ਸਭ ਤੋਂ
ਪਹਿਲਾ ਸਵਾਲ ਇਹ ਹੈ ਕਿ ਕੀ ਜਗਤਾਰ ਦੀ ਸਮੁੱਚੀ ਕਵਿਤਾ ਨੂੰ ਇਕ ਇਕਾਈ ਦੇ ਤੌਰ ‘ਤੇ ਲੈਂਦਿਆਂ ਇਸ
ਨੂੰ ਆਧੁਨਿਕ ਪੰਜਾਬੀ ਕਾਵਿਧਾਰਾਵਾਂ ਵਿਚੋਂ ਕਿਸੇ ਇਕ ਧਾਰਾ ਨਾਲ ਜੋੜਿਆ ਜਾ ਸਕਦਾ ਹੈ? ਇਸ ਪ੍ਰਸ਼ਨ
ਦਾ ਉੱਤਰ ਦੇਣ ਲਈ ਪੰਜਾਬੀ ਦੇ ਕੁਝ ਸਮੀਖਿਅਕਾਂ ਦੀਆਂ ਰਾਵਾਂ/ਧਾਂਰਣਾਵਾਂ ਨੂੰ ਦੇਖ ਲੈਣਾ ਵਾਜਿਬ
ਹੋਵੇਗਾ। ਆਧੁਨਿਕ ਪੰਜਾਬੀ ਕਾਵਿ-ਧਾਰਾਵਾਂ ਦੇ ਵਿਚਾਰਧਾਰਾਈ ਆਧਾਰਾਂ ਅਤੇ ਪਾਸਾਰਾਂ ਦਾ ਨਿਰਧਾਰਣ
ਕਰਨ ਵਾਲੇ ਪ੍ਰਮੁਖ ਖੋਜੀ-ਸਮੀਖਿਅਕ ਕਰਮਜੀਤ ਸਿੰਘ ਨੇ ਜਗਤਾਰ ਨੂੰ ‘ਜੁਝਾਰ ਵਿਦਰੋਹੀ ਕਾਵਿ ਧਾਰਾ
ਦਾ ਕਵੀ ਮੰਨਿਆ ਹੈ ਪਰ ਉਸ ਉਪਰੰਤ ਜਦੋਂ ਗੁਰਇਕਬਾਲ ਸਿੰਘ ਨੇ ਨਕਸਲੀ ਪੰਜਾਬੀ ਕਵਿਤਾ ਉੱਤੇ
ਖੋਜ-ਕਾਰਜ ਕੀਤਾ ਤਾਂ ਉਸ ਨੇ ਨਕਸਲੀ ਕਵਿਤਾ ਦੀ ਜਾਣ ਪਛਾਣ ਕਰਵਾਉਂਦਿਆਂ ਤਾਂ ਡਾ. ਜਗਤਾਰ ਦੀਆਂ “ਲਹੂ
ਦੇ ਨਕਸ਼” ਵਿਚੋਂ ਇਕ ਦੋ ਕਵਿਤਾਵਾਂ ਦਾ ਹਵਾਲਾ ਦਿੱਤਾ ਹੈ ਪਰ ਆਪਣੇ ਅਧਿਐਨ ਵਿਚ ਜਗਤਾਰ ਦੀ
ਕਵਿਤਾ ਨੂੰ ਸ਼ਾਮਿਲ ਨਹੀਂ ਕੀਤਾ। ਭਾਵੇਂ ਉਸ ਨੇ ਜਗਤਾਰ ਦੀ ਸ਼ਾਇਰੀ ਨੂੰ ਨਕਸਲੀ ਲਹਿਰ ਦੀ ਕਵਿਤਾ
ਵਿਚ ਸ਼ਾਮਿਲ ਕਰਨ ਜਾਂ ਨਾ ਕਰਨ ਦੇ ਮਸਲੇ ਬਾਰੇ ਕੋਈ ਚਰਚਾ ਨਹੀਂ ਕੀਤੀ ਪਰ ਇਸ ਤੋਂ ਜ਼ਾਹਿਰ ਹੈ ਕਿ
ਉਹ ਜਗਤਾਰ ਦੀ ਕਵਿਤਾ ਵਿਚਲੀ ਜੁਝਾਰਵਾਦੀ ਸੁਰ ਨੂੰ ਸਵਿਕਾਰ ਤਾਂ ਕਰਦਾ ਹੈ ਪਰ ਉਸ ਨੂੰ ਨਕਸਲੀ
ਕਵੀ ਦੇ ਰੂਪ ਵਿਚ ਮਾਨਤਾ ਨਹੀਂ ਦਿੰਦਾ। ਇਸ ਤੋਂ ਦੇਰ ਬਾਅਦ ਛਪੀ ਆਪਣੀ ਕਿਤਾਬ “ਜਗਤਾਰ ਕਾਵਿ :
ਸਮੀਖਿਆ ਅਤੇ ਸੰਵਾਦ” ਵਿਚ ਗੁਰਇਕਬਾਲ ਸਿੰਘ ਇਕ ਅਧਿਆਇ ਵਿਚ ਜਗਤਾਰ ਦੀ ਕਵਿਤਾ ਵਿਚੋਂ ਨਕਸਲੀ ਕਾਵਿ-ਸੰਵੇਦਨਾ
ਦੇ ਨਕਸ਼ ਤਲਾਸ਼ਣ ਦਾ ਯਤਨ ਕਰਦਾ ਹੈ। ਇੱਥੇ ਵੀ ਉਹ ਸਥਾਪਿਤ ਸਿਸਟਮ ਤੋਂ ਵਿਦਰੋਹ ਨੂੰ ਜਗਤਾਰ ਕਾਵਿ
ਦੀ ਮੂਲ ਸੰਵੇਦਨਾ ਦਾ ਮਾਰਗ ਨਿਸ਼ਚਿਤ ਕਰਨ ਵਾਲਾ ਕਾਰਕ ਤਾਂ ਮੰਨਦਾ ਹੈ ਪਰ ਅਖ਼ੀਰ ਉਸ ਨੂੰ
ਮਾਨਵਵਾਦੀ ਪਹੁੰਚ ਵਾਲੇ ਸ਼ਾਇਰ ਦੇ ਤੌਰ ‘ਤੇ ਹੀ ਪਛਾਣਦਾ ਹੈ[1]। ਇਨ੍ਹਾਂ ਦੇ ਸਮਵਿੱਥ ਪੰਜਾਬੀ ਡਾ. ਜਸਵਿੰਦਰ ਸਿੰਘ ਦਾ ਵਿਚਾਰ ਹੈ ਕਿ:
“ਜਗਤਾਰ ਪ੍ਰਗਤੀਵਾਦੀ ਕਾਵਿ
ਧਾਰਾ ਦੀਆਂ ਉੱਚਤਮ ਸਿਧਾਂਤਕ ਤੇ ਸਾਹਿਤਕ ਖ਼ੂਬੀਆਂ ਦਾ ਅਗਲੇਰੀ ਜੁਝਾਰੂ ਕਵਿਤਾ ਨਾਲ ਸੁਮੇਲ ਕਰਨ
ਵਾਲਾ ਪ੍ਰਤਿਭਾਸ਼ੀਲ ਸ਼ਾਇਰ ਹੈ।....ਜਗਤਾਰ ਕਾਵਿ ਦੀ ਪਹਿਲੀ ਮੁਖ ਪਛਾਣ ਉਸ ਦੀ ਪ੍ਰਗਤੀਵਾਦੀ ਜਾ
ਕੁਝ ਬਦਲਵੇਂ ਸ਼ਬਦਾਂ ਵਿਚ ਇਨਕਲਾਬੀ ਕਾਵਿ-ਚੇਤਨਾ ਵਿਚ ਨਿਹਿਤ ਹੈ। ਅਸਲ ਵਿਚ ਜਗਤਾਰ ਪ੍ਰਗਤੀਵਾਦੀ
ਅਤੇ ਨਕਸਲੀ ਕਵਿਤਾ ਦੇ ਉੱਦਾਤ ਸੁਮੇਲ ਦੀ ਸੁੰਦਰ ਮਿਸਾਲ ਹੈ[2]।“
ਡਾ. ਜਸਵਿੰਦਰ ਸਿੰਘ ਦੀ ਇਹ ਧਾਰਣਾ ਕਾਫ਼ੀ ਸੰਤੁਲਤ
ਜਾਪਦੀ ਹੈ ਪਰ ਇੰਝ ਕਹਿੰਦਾ ਹੋਇਆ ਜਸਵਿੰਦਰ ਸਿੰਘ ਖ਼ੁਦ ਅਗਲੇ ਹੀ ਵਾਕ ਵਿਚ ਉਸ ਨੂੰ ‘ਜੁਝਾਰ ਕਾਵ
ਧਾਰਾ ਦੇ ਮੋਹਰੀਆਂ ਵਿਚੋਂ ਇਕ’ ਵੀ ਕਹਿ ਦਿੰਦਾ ਹੈ। ਇੰਝ ਉਹ ਜਗਤਾਰ ਕਾਵਿ ਨੂੰ ਆਧੁਨਿਕ ਪੰਜਾਬੀ
ਕਾਵਿ ਦੇ ਇਤਿਹਾਸ ਵਿਚ ਤਰਕਸ਼ੀਲ ਤਰੀਕੇ ਨਾਲ ਸਥਿਤ ਕਰਨ ਦੇ ਬਾਵਜੂਦ ਫਿਰ ਦੁਬਿਧਾ ਦਾ ਸ਼ਿਕਾਰ ਹੋ
ਜਾਂਦਾ ਹੈ।
ਜਗਤਾਰ ਦੀ ਕਵਿਤਾ ਬਾਰੇ ਇਸੇ
ਸਵਾਲ ਦਾ ਉੱਤਰ ਦਿੰਦਿਆ ਪੰਜਾਬੀ ਆਲੋਚਕ ਯੋਗਰਾਜ ਮੰਨਦਾ ਹੈ ਕਿ ਜਗਤਾਰ ਦੀ ਸ਼ਾਇਰੀ ਨੂੰ ਕਿਸੇ ਇਕ
ਧਾਰਾ ਜਾਂ ਧਾਰਾਵਾਂ ਨਾਲ ਜੋੜ ਕੇ ਸਮਝਣਾ ਬਹੁਤਾ ਵਾਜਿਬ ਨਹੀਂ ਹੈ। ਉਸ ਅਨੁਸਾਰ:
‘ਡਾ. ਜਗਤਾਰ ਦੇ ਵਿਚਾਰਧਾਰਕ
ਪੈਰਾਡਾਈਮ ਨੂੰ ਵਿਦਵਾਨਾਂ ਨੇ ਜੁਝਾਰਵਾਦ, ਪ੍ਰਗਤੀਵਾਦ, ਨਵ-ਪ੍ਰਗਤੀਵਾਦ, ਆਧੁਨਿਕਤਾਵਾਦ ਅਤੇ
ਪ੍ਰਯੋਗਵਾਦ ਆਦਿ ਸਾਹਿਤਕ ਲਹਿਰਾ ਨਾਲ ਸੰਬੰਧਿਤ ਕਰਨ ਦੇ ਪ੍ਰਯਤਨ ਵੀ ਕੀਤੇ ਹਨ। ਪਰ ਜਗਤਾਰ ਦੀ
ਸ਼ਾਇਰੀ ਦੀ ਪ੍ਰਤਿਬੱਧਤਾ ਇਨ੍ਹਾਂ ਸਾਹਿਤਕ ਵਾਦਾਂ ਨਾਲੋਂ ਵੱਧ ਮਨੁੱਖ ਨਾਲ ਹੈ। ਸ਼ਕਤੀ ਪ੍ਰਵਚਨਾਂ
‘ਚ ਘਿਰਿਆ ਮਨੁੱਖ ਕਦੇ – ਰਾਜ ਪ੍ਰਬੰਧ ਨਾਲ ਟਕਰਾਉਣ ਦਾ ਹੌਸਲਾ ਬੁਲੰਦ ਕਰਦਾ ਹੈ ਕਦੇ ਸ਼ਾਸਨ ਦੀ
ਅੱਤਿਆਚਾਰੀ ਸਮਰਥਾ ਉੱਤੇ ਗਲਿਆਨੀ ਪ੍ਰਗਟ ਕਰਦਾ ਹੈ........ਜਗਤਾਰ ਸਾਹਿਤਕ ਵਾਦਾਂ ਦੀ ਮਾਨਵਵਾਦੀ
ਵਿਚਾਰਧਾਰਾ ਪ੍ਰਤਿ ਤਾਂ ਚੇਤੰਨ ਹੈ ਪਰ ਉਨ੍ਹਾਂ ਵਾਦਾਂ ਦੀ ਲਕੀਰੀ ਸੀਮਾਂ ਨਾ ਉਸ ਦੀ ਸ਼ਖ਼ਸੀਅਤ ਵਿਚ
ਹੈ ਅਤੇ ਨਾ ਉਸ ਦੀ ਕਵਿਤਾ ਵਿਚ। ਉਸਦੀ ਸ਼ਾਇਰੀ ਤਾਂ ਆਪਣੇ ਆਲੇ ਦੁਆਲੇ ਵਿਦਮਾਨ ਤਲਖ਼ੀਆਂ/ਪਰਿਸਥਿਤੀਆਂ
ਪ੍ਰਤੀ ਵਿਦਰੋਹ ਦੀ ਸੁਰ ਅਲਾਪਦੀ ਹੋਈ ਮਨੁੱਖਤਾ ਦੇ ਲੜ ਲੱਗਦੀ ਹੈ[3]।‘
ਇੰਝ ਯੋਗਰਾਜ ਮੂਲ ਰੂਪ ਵਿਚ ਜਗਤਾਰ ਨੂੰ ਕਿਸੇ ਇਕ ਕਾਵ
ਧਾਰਾ ਨਾਲ ਸੰਬੰਧਿਤ ਕਰਨ ਦੀ ਬਜਾਏ ਮਾਨਵਵਾਦੀ ਵਿਚਾਰਧਾਰਾ ਦਾ ਕਵੀ ਕਹਿ ਕੇ ਸੰਤੁਸ਼ਟ ਹੋ ਜਾਂਦਾ
ਹੈ। ਯੋਗਰਾਜ ਦੇ ਸਮਵਿੱਥ ਡਾ. ਸਰਬਜੀਤ ਸਿੰਘ ਜਗਤਾਰ ਨੂੰ ਮੂਲ ਰੂਪ ਵਿਚ ਕ੍ਰਾਂਤੀਕਾਰੀ ਚੇਤਨਾ ਦੇ
ਕਵੀ ਦੇ ਤੋਰ ‘ਤੇ ਪਛਾਣਦਾ ਹੈ ਜੋ ਕਿਸੇ ਨਿਸ਼ਚਿਤ ਵਿਚਾਰਧਾਰਾਈ ਨੁਕਤੇ ਤੋਂ ‘ਕ੍ਰਾਂਤੀ’ ਦੇ ਸੰਕਲਪ
ਨਾਲ ਨਹੀਂ ਜੁੜਦਾ ਸਗੋਂ ਆਪਣੇ ਅਨੁਭਵ ਅਤੇ ਹੁੰਗਾਰੇ ਵਿਚਲੇ ਵਿਦਰੋਹ ਨੂੰ ਸੰਚਾਰਦਾ ਹੈ। ਡਾ.
ਸਰਬਜੀਤ ਦਾ ਵਿਚਾਰ ਹੈ ਕਿ:
ਡਾ. ਜਗਤਾਰ ਬੁਨਿਆਦੀ ਤੌਰ
‘ਤੇ ਕ੍ਰਾਂਤੀਕਾਰੀ ਚੇਤਨਾ ਦਾ ਕਵੀ ਹੈ ਜਿਸ ਦੀ
ਕਵਿਤਾ ਸਮੇਂ ਸਮੇਂ ਉਤਪੰਨ ਹੋਈਆਂ ਸਮਾਜੀ ਅਤੇ ਰਾਜਸੀ ਲਹਿਰਾਂ ਦਾ ਪ੍ਰਭਾਵ ਵੀ ਕਬੂਲਦੀ ਹੈ ਅਤੇ
ਉਨ੍ਹਾਂ ਨਾਲ ਸੰਵਾਦ ਵੀ ਰਚਾਉਂਦੀ ਹੈ। ਪ੍ਰਤਿਕਿਰਿਆਤਮਕ ਅਤੇ ਦਮਨਕਾਰੀ ਸ਼ਕਤੀਆਂ ਵਿਰੱਧ ਉਸ ਦੀ
ਕਵਿਤਾ ਵਿਚਾਰਧਾਰਕ ਦਸਤਪੰਜਾ ਵੀ ਲੈਂਦੀ ਹੈ। ਡਾ. ਜਗਤਾਰ ਦੀ ਸ਼ਾਇਰੀ ਨਿਰੰਤਰ ਜਬਰ ਦੀ ਮਾਰ ਸਹਿ
ਰਹੇ ਮਨੁੱਖੀ ਅਸਤਿਤਵ ਪ੍ਰਤੀ ਹਮਦਰਦੀ ਵੀ ਹੈ ਅਤੇ ਦਮਨਕਾਰੀ ਧਿਰ ਵਿਰੁੱਧ ਲੜਨ ਦੀ ਚੇਤਨਾ ਵੀ ਹੈ[4]।
ਇਸ ਤਰ੍ਹਾਂ ਡਾ. ਸਰਬਜੀਤ ਸਿੰਘ ਦੇ ਤਰਕ ਅਨੁਸਾਰ ਜਗਤਾਰ
ਦੀ ਕਵਿਤਾ ਦਮਨਕਾਰੀ ਸ਼ਕਤੀਆਂ ਨਾਲ ਦਸਤਪੰਜਾ ਲੈਣ ਕਰਕੇ ਅਤੇ ਜਬਰ ਦੀ ਮਾਰ ਸਹਿ ਰਹੇ ਮਨੁੱਖ ਨਾਲ
ਹਮਦਰਦੀ ਵਿਚੋਂ ਦਮਨਕਾਰੀ ਸ਼ਕਤੀਆਂ ਨਾਲ ਲੜਨ ਦੀ ਚੇਤਨਾ ਉਸ ਦੀ ਕਵਿਤਾ ਨੂੰ ਕ੍ਰਾਂਤੀਕਾਰੀ ਕਵਿਤਾ
ਬਣਾਉਂਦੀ ਹੈ।
ਇੰਝ
ਪੰਜਾਬੀ ਕਵਿਤਾ ਦੇ ਸਾਰੇ ਆਲੋਚਕ ਜਗਤਾਰ ਬਾਰੇ ਕਿਸੇ ਇਕ ਰਾਇ ਊੱਤੇ ਨਹੀਂ ਅੱਪੜਦੇ। ਇਸ ਦਾ ਕਾਰਣ
ਉਨ੍ਹਾਂ ਵਿਚਲਾ ਵਿਚਾਰਧਾਰਕ ਅੰਤਰ ਜਾਂ ਕਾਵਿ ਦੀ ਸਮਝ ਵਿਚ ਵਖਰੇਵਾਂ ਨਾ ਹੋ ਕੇ ਉਨ੍ਹਾਂ ਦੀ ਅਧਿਐਨ
ਵਿਧੀ ਜਾਂ ਜੋਨਾਥਨ ਕੁੱਲਰ ਦੀ ਸ਼ਬਦਾਵਲੀ ਵਿਚ ਖੋਜ-ਪ੍ਰਕਿਰਿਆ ਦੀ ਸੀਮਾਂ ਕਾਰਣ ਹੈ। ਅਸਲ ਵਿਚ
ਸਾਡੀ ਸਮੀਖਿਆ ਅਕਸਰ ਜਦੋਂ ਕਿਸੇ ਸ਼ਾਇਰ ਦੇ ਸਮੁੱਚੇ ਕਾਵਿ-ਕਰਮ ਨੂੰ ਆਪਣੇ ਅਧਿਐਨ ਦਾ ਕੇਂਦਰ
ਬਣਾਉਂਦੀ ਹੈ ਤਾਂ ਵੱਖ ਵੱਖ ਸਮੇਂ, ਵੱਖ ਵੱਖ ਇਤਿਹਾਸਕ ਪ੍ਰਸੰਗਾਂ ਵਿਚ ਲਿਖੀਆਂ ਗਈਆਂ ਸਾਰੀਆਂ
ਰਚਨਾਵਾਂ ਨੂੰ ਇਕ ਸੰਗਠਿਤ ਇਕਾਈ ਦੇ ਤੌਰ ‘ਤੇ ਸਮਝਣ ਲੱਗ ਜਾਂਦੀ ਹੈ। ਹਕੀਕਤ ਇਹ ਹੈ ਕਿ ਕੋਈ ਵੀ
ਸ਼ਾਇਰ ਆਪਣੀ ਸਮੁੱਚੀ ਕਾਵਿ-ਯਾਤਰਾ ਦੌਰਾਨ ਆਪਣੇ ਅਨੁਭਵ ਸੰਸਾਰ ਨੂੰ ਹੁੰਗਾਰਾ ਦਿੰਦਾ ਹੋਇਆ,
ਵਿਚਾਰਧਾਰਕ ਪੱਧਰ ਉੱਤੇ ਅਤੇ ਕਾਵਿਕ- ਪ੍ਰਗਟਾਵੇ ਦੇ ਪੱਧਰ ਉੱਤੇ ਬਦਲ ਵੀ ਰਿਹਾ ਹੁੰਦਾ ਹੈ ਅਤੇ
ਪ੍ਰੋਢ ਵੀ ਹੋ ਰਿਹਾ ਹੁੰਦਾ ਹੈ। ਆਪਣੀ ਰਚਨਾ ਦੇ
ਮੁੱਢਲੇ ਦੌਰ ਵਿਚ ਅਕਸਰ ਸ਼ਾਇਰ ਜ਼ਿੰਦਗੀ ਅਦੇ ਮਸਲਿਆਂ ਬਾਰੇ, ਨਿੱਜ-ਸੰਸਾਰ ਬਾਰੇ ਅਤੇ ਕਵਿਤਾ ਬਾਰੇ
ਤਿੱਖੀਆਂ ਅਤੇ ਸਟੀਕ ਟਿੱਪਣੀਆਂ ਦਿੰਦੇ ਹਨ ਅਤੇ ਮਗਰਲੇ ਦੌਰ ਵਿਚ ਵਧੇਰੇ ਵਿਸ਼ਲੇਸ਼ਣੀ ਅਤੇ
ਸੰਸਲੇਸ਼ਣੀ ਹੋ ਜਾਂਦੇ ਹਨ। ਇਹ ਵੀ ਕਿਸੇ ਸ਼ਾਇਰ ਦੀ ਸਾਰੀ ਰਚਨਾ ਇੱਕੋ ਮਿਆਰ ਦੀ ਅਨੁਸਾਰੀ ਨਹੀਂ
ਹੁੰਦੀ। ਕਵਿਤਾ ਲਿਖਣਾ ਇਕ ਨਿਰੰਤਰ ਅਭਿਆਸ ਵਰਗਾ ਹੁੰਦਾ ਹੈ ਜਿਸ ਵਿਚੋਂ ਕਦੇ ਉਚੇਰੇ ਮਿਆਰ ਦੀਆਂ
ਰਚਨਾਵਾਂ ਸਿਰਜੀਆਂ ਜਾਂਦੀਆਂ ਹਨ ਅਤੇ ਕਦੇ ਸਧਾਰਣ ਪੱਧਰ ਦੀਆਂ ਰਚਨਾਵਾਂ ਵੀ ਹੋਂਦ ਵਿਚ ਆ
ਜਾਂਦੀਆਂ ਹਨ। ਲਗਭਗ ਇਹੀ ਵਰਤਾਰਾ ਜਗਤਾਰ ਨਾਲ ਵਾਪਰਦਾ ਹੈ। ਜਗਤਾਰ ਦੀ ਮੁੱਢਲੀ ਕਵਿਤਾ (ਤਲਖੀਆਂ
ਰੰਗੀਨੀਆਂ, 1960) ਸਮੇਂ ਪ੍ਰਗਤੀਵਾਦੀ ਕਵਿਤਾ ਦੀ ਉਸ ਧਾਰਾ ਨਾਲ ਜੁੜਿਆ ਹੋਇਆ ਹੈ ਜਿਸ ਵਿਚ
ਬਾਵਾ ਬਲਵੰਤ ਆਪਣੇ ਉਰੂਜ਼ ਨੂੰ ਪਹੁੰਚ ਚੁੱਕਿਆ ਹੈ। ਉਸ ਦੀ ਕਾਵਿ-ਸ਼ੈਲੀ ਵਿਚੋਂ ਤੁਹਾਨੂੰ ਬਾਵਾ
ਬਲਵੰਤ ਦੀ ਕਾਵਿ-ਸ਼ੈਲੀ ਦੇ ਨਕਸ਼ ਮਿਲ ਜਾਣਗੇ। ਉਸ ਦੀ ਨਜ਼ਮ ਵਿਚ ਵਿਚ ਜਿਹੋ ਜਿਹਾ ਲੈਅ-ਤਾਲ ਮਿਲਦਾ
ਹੈ , ਉਸ ਪੱਖੋਂ ਉਹ ਬਾਵਾ ਬਲਵੰਤ ਦਾ ਅਨੁਗਾਮੀ ਹੈ। ਦੁੱਧਪੱਥਰੀ (1961) ਦੀ ਕਵਿਤਾ
ਰਾਹੀਂ ਉਹ ਆਪਣੀ ਕਾਵ-ਪ੍ਰਤਿਭਾ ਨੂੰ ਨਿਖਾਰਦਾ ਹੋਇਆ ਇਹ ਵਾਅਦਾ ਪੇਸ਼ ਕਰਦਾ ਹੈ ਕਿ ਉਸ ਦੇ
ਕਾਵਿ-ਅਨੁਭਵ ਅਤੇ ਕਾਵਿ-ਪ੍ਰਗਟਾਵੇ ਨੂੰ ਪ੍ਰਮਾਣਿਕ ਮੰਨਿਆ ਜਾ ਸਕਦਾ ਹੈ। ਇਸ ਕਿਤਾਬ ਰਾਹੀਂ
ਜਗਤਾਰ ਦੀ ਕਾਵਿ-ਯਾਤਰਾ ਦਾ ਮਾਰਗ ਸਪਸ਼ਟ ਹੋ ਜਾਂਦਾ ਹੈ ਕਿ ਉਹ ਜੀਵਨ ਸਥਿਤੀ ਦੇ ਇਕਹਿਰੇ ਸਰਾਕਰਾਂ
ਨੂੰ ਸੰਬੰਬੋਧਿਤ ਹੋਣ ਦੀ ਥਾਂ ਆਪਣੇ ਅਨੁਭਵ ਵਿਚ ਆਉਂਦੀਆਂ ਬਹੁ-ਭਿੰਨ ਸਥਿਤੀਆਂ ਨੂੰ
ਕਾਵ-ਹੁੰਗਾਰਾ ਦੇਵੇਗਾ ਅਤੇ ਨਿੱਜੀ ਅਤੇ ਵਿਆਪਕ ਯਥਾਰਥ ਦੀ ਦਵੰਦਾਤਮਕਤਾ ਨੂੰ ਗ੍ਰਹਿਣ ਕਰਨ ਲਈ
ਯਤਨਸ਼ੀਲ ਹੋਵੇਗਾ। ਉਸ ਦੀ ਕਿਤਾਬ ਅਧੂਰਾ ਆਦਮੀ
(1967) ਵਿਚ ਉਹ ਪੰਜਾਬੀ ਕਵਿਤਾ ਵਿਚ ਚੱਲ ਰਹੀ ਪ੍ਰਯੋਗਸ਼ੀਲ ਲਹਿਰ ਅਤੇ ਆਧੁਨਿਕਤਾਵਾਦੀ ਚਿੰਤਨ
ਤੋਂ ਪੂਰੀ ਤਰ੍ਹਾਂ ਬੇਨਿਆਜ਼ ਨਹੀਂ ਰਹਿੰਦਾ। ਉਸ ਦੀ ਬਿੰਬਾਵਲੀ ਉੱਤੇ ਅਤੇ ਸੋਚਧਾਰਾ ਉੱਤੇ
ਆਧੁਨਿਕਤਾਵਾਦੀ ਸੋਚਧਾਰਾ ਦਾ ਅਸਰ ਦੇਖਿਆ ਜਾ ਸਕਦਾ ਹੈ ਜਦੋਂ ਉਹ ਸ਼ਹਿਰੀ ਮਨੁੱਖ ਦੀ ਖੰਡਿਤ ਹੋਂਦ
ਅਤੇ ਮਨੁੱਖ ਦੇ ਇਕੱਲੇਪਨ ਨੂੰ ਲਾਜ਼ਮੀ ਦੁਖਾਂਤ ਬੋਧ ਨੂੰ ਆਪਣੀਆਂ ਕਵਿਤਾਵਾਂ ਵਿਚ ਨਵੀਂ ਕਿਸਮ ਦੀ
ਸ਼ਹਿਰੀ ਭਾਸ਼ਾ ਵਿਚ ਪਰਗਟ ਕਰਦਾ ਹੈ। ਇੱਥੇ ਵੀ ਉਹ ਇਕਹਿਰਾ ਨਹੀਂ ਰਹਿੰਦਾ ਸਗੋਂ ਸਮਕਾਲੀ ਕਾਵਿ
ਰੁਝਾਨ ਦੇ ਸਿੱਟੇ ਵੱਜੋਂ ਹੋਂਦ ਵਿਚ ਆ ਰਹੀ ਨਵੀਂ ਭਾਸ਼ਾ ਨੂੰ ਵਰਤਦਾ ਵੀ ਹੈ ਪਰ ਨਿਰੋਲ
ਵਿਅਕਤੀਵਾਦੀ ਨਿੱਜਮੁਖੀ ਸੋਚ ਦੇ ਦਾਇਰਿਆ ਤੋਂ ਬਾਹਰ ਆਪਣੇ ਅਨੁਭਵ ਅਤੇ ਵਿਆਪਕ ਮਨੁੱਖੀ ਸਥਿਤੀ
ਨੂੰ ਸਮੂਹਕ/ਸਮਾਜਿਕ ਸਰੋਕਾਰਾਂ ਦੇ ਨੁਕਤੇ ਤੋਂ ਹੁੰਗਾਰਾ ਦਿੰਦਾ ਹੈ। ਇਸ ਤੋਂ ਬਾਅਦ “ਲਹੂ ਦੇ
ਨਕਸ਼” (1973) ਰਾਹੀਂ ਉਹ ਜੁਝਾਰ-ਵਿਦਰੋਹੀ ਕਵਿਤਾ ਦੇ ਨਾਲ ਨਾਲ ਤੁਰਦਾ ਹੈ ਪਰ ਇੱਥੇ ਵੀ ਉਸ
ਦੀ ਕਾਵਿ-ਸਾਧਨਾ ਮੁਕੰਮਲ ਤੌਰ ‘ਤੇ ਨਕਸਲੀ ਕਾਵਿ ਦੇ ਕਾਵ-ਪੈਮਾਨਿਆਂ ਦਾ ਪੂਰੀ ਤਰ੍ਹਾਂ ਅਨੁਕਰਣ
ਨਹੀਂ ਕਰਦੀ।
ਇਸੇ ਪ੍ਰਕਿਰਆ ਦੌਰਾਨ 1980
ਵਿਚ ਛਪੀ ਉਸ ਦੀ ਕਿਤਾਬ ਸ਼ੀਸ਼ੇ ਦਾ ਜੰਗਲ ਵਿਚ ਉਸ ਦੀ ਨਜ਼ਮੀਅਤ ਅਤੇ ਪ੍ਰਗੀਤਕਤਾ ਗ਼ਜ਼ਲ ਦੇ
ਰੂਪਾਕਾਰਕ ਚੌਖਟੇ ਵਿਚ ਰੂਪਾਂਤਰਿਤ ਹੋਣ ਲੱਗਦੀ ਹੈ ਅਤੇ ਉਹ ਗ਼ਜ਼ਲ ਨੂੰ ਆਪਣੇ ਅਨੁਭਵ ਅਤੇ ਚੇਤਨਾ
ਦੇ ਪ੍ਰਗਟਾਵੇ ਦਾ ਮੁੱਖ ਰੂਪਾਕਾਰ ਬਣਾਉਣ ਵੱਲ ਅਹੁਲਦਾ ਹੈ। ਕੋਈ ਹੈਰਾਨੀ ਨਹੀਂ ਕਿ ਜਗਤਾਰ ਦੀ ਸ਼ਾਇਰ ਦੇ ਤੌਰ ‘ਤੇ
ਪਛਾਣ ਨੂੰ ਗੂੜ੍ਹੀ ਕਰਨ ਵਾਲੀ ਗ਼ਜ਼ਲ “ਹਰ ਮੋੜ ‘ਤੇ ਸਲੀਬਾਂ, ਹਰ ਪੈਰ ‘ਤੇ ਹਨੇਰਾ’ ਉਸ ਦੇ ਪਹਿਲੇ
ਨਿਰੋਲ ਗ਼ਜ਼ਲਾਂ ਦੇ ਸੰਗ੍ਰਹਿ ‘ਸ਼ੀਸ਼ੇ ਦਾ ਜੰਗਲ ਵਿਚ ਹੀ ਛਪਦੀ ਹੈ। ਇਸ ਤੋਂ ਬਾਅਦ ਜੁਗਨੂੰ,
ਦੀਵਾ ਤੇ ਦਰਿਆ (1992) ਅਤੇ ਅੱਖਾਂ ਵਾਲੀਆਂ ਪੈੜਾਂ (1999) ਨਿਰੋਲ ਗ਼ਜ਼ਲ ਸੰਗ੍ਰਹਿ
ਛਪਦੇ ਹਨ ਜਿਨ੍ਹਾਂ ਵਿਚ ਗ਼ਜ਼ਲ ਨੂੰ ਉਸ ਦੀ ਪਹਿਲ ਪ੍ਰਮਾਣਿਤ ਹੋ ਜਾਂਦੀ ਹੈ। ਜਗਤਾਰ ਦੀ
ਕਾਵਿ-ਯਾਤਰਾ ਵਿਚ ਇਹ ਤਬਦੀਲੀ ਬੜੀ ਰੌਚਕ ਅਤੇ ਮਹੱਤਵਪੂਰਣ ਹੈ। ਇਸ ਤੋਂ ਬਅਦ ਉਸ ਦੀ ਰਚਨਾ-ਕਰਮ ਵਿਚ ਗ਼ਜ਼ਲ ਦੀ ਮਿਕਦਾਰ
ਇਸ ਕਦਰ ਵੱਧਦੀ ਹੈ ਕਿ ਉਸ ਦੀ ਆਖ਼ਰੀ ਕਿਤਾਬ ‘ਮੋਮ ਦੇ ਲੋਕ (2006) ਨਿਰੋਲ ਗ਼ਜ਼ਲਾਂ ਦੇ
ਸੰਗ੍ਰਹਿ ਦੇ ਤੌਰ ‘ਤੇ ਸਾਹਮਣੇ ਆਉਂਦੀ ਹੈ। ਇਸ ਦਰਮਿਆਨ ਉਸ ਦੀਆਂ ਦੋ ਕਿਤਾਬਾਂ ਚਨੁਕਰੀ ਸ਼ਾਮ
(1990) ਅਤੇ ਪ੍ਰਵੇਸ਼ ਦੁਆਰ (2003) ਛਪਦੀਆਂ ਹਨ। ਇਨ੍ਹਾਂ ਵਿਚੋਂ ਵੀ ਚਨੁਕਰੀ ਸ਼ਾਮ ਵਿਚ ਬਹੁਤ
ਸਾਰੇ ਗੀਤ ਅਤੇ ਮਰਸੀਏ ਸ਼ਾਮਿਲ ਕੀਤੇ ਗਏ ਹਨ ਜਿਨ੍ਹਾਂ ਵਿਚ ਉਸ ਦੇ ਪ੍ਰਗੀਤ ਵੱਲ ਤੀਬਰ ਝੁਕਾਅ ਦਾ
ਭਰਵਾਂ ਸਬੂਤ ਮਿਲਦਾ ਹੈ। ਇਸ ਲਈ ਜਗਤਾਰ ਨਾ ਸਿਰਫ਼ ਹੌਲੀ ਹੌਲੀ ਨਜ਼ਮ ਤੋਂ ਗ਼ਜ਼ਲ ਵੱਲ ਤੁਰਦਾ ਹੈ
ਸਗੋਂ ਉਹ ਗ਼ਜ਼ਲ ਨੂੰ ਸੁਚੇਤ ਤੌਰ ‘ਤੇ ਕਾਵਿਕ ਪ੍ਰਗਟਾਵੇ ਲਈ ਵਧੇਰੇ ਮਹੱਤਵਪੂਰਣ ਵੀ ਮੰਨਦਾ ਹੈ। ਉਸ
ਦੇ ਆਪਣੇ ਸ਼ਬਦਾਂ ਵਿਚ:
“.....ਕਵਿਤਾ Still Photography ਵਰਗੀ ਹੁੰਦੀ ਹੈ ਅਤੇ ਗ਼ਜ਼ਲ Cinematic ਹੁੰਦੀ ਹੈ ਜਿਸ ਵਿਚ
ਵੱਖ ਵੱਕ ਚਲ-ਚਿੱਤਰ ਦ੍ਰਿਸ਼ਟਮਾਨ ਹੁੰਦੇ ਹਨ, ਪਰ ਮੈਂ ਗ਼ਜ਼ਲ ਤੇ ਕਵਿਤਾ ਵਿਚੋਂ ਕਿਸੇ ਨੂੰ ਵੀ
ਨੀਵਾਂ ਕਰਕੇ ਨਹੀਂ ਵੇਖਦਾ। ਮੇਰੇ ਨਜ਼ਦੀਕ ਕਵਿਤਾ ਤੇ ਗ਼ਜ਼ਲ ਦੋਵੇਂ ਬਰਾਬਰ ਦੀਆਂ ਚੀਜ਼ਾਂ ਹਨ। ਦੋਵਾਂ
ਦਾ ਕਮਾਲ Expression ਵਿਚ ਹੁੰਦਾ ਹੈ। ਗ਼ਜ਼ਲ ਵਧੇਰੇ Craftsman ship (ਸ਼ਿਲਪ ਪ੍ਰਵੀਣਤਾ)
ਚਾਹੁੰਦੀ ਹੈ, ਪਰ ਇਕੱਲੀ ਸ਼ਿਲਪ ਕਲਾ ਹੀ ਗ਼ਜ਼ਲ
ਨਹੀਂ ਹੁੰਦੀ, ਇਸ ਦੇ Expression ਤੇ ਸਿਰਜਣਾ ਵਿਚ ਹੋਰ ਵੀ
ਬਹੁਤ ਕਲਾਵਾਂ ਦਾ ਸੁਮੇਲ ਹੁੰਦਾ ਹੈ। ਗ਼ਜ਼ਲ ਤੇ ਕਵਿਤਾ ਦਾ ਵਿਸ਼ੇਸ਼ ਅੰਤਰ ਇਹ ਹੈ ਕਿ ਕਵਿਤਾ
ਅੰਤਰ-ਧਿਆਨ ਮੰਗਦੀ ਹੈ, ਸ਼ਾਇਰ ਸਮਾਧੀ ਦੀ ਅਵਸਥਾ ਵਿਚ ਚਲਾ ਜਾਂਦਾ ਹੈ, ਪਰ ਗ਼ਜ਼ਲ ਕਾਇਨਾਤ ਦਾ
ਗਹਿਰਾ ਮੁਤਾਲਿਆ ਮੰਗਦੀ ਹੈ ਤੇ ਕਵੀ ਹਰ ਪਾਸੇ ਅੱਖਾਂ ਖੁੱਲ੍ਹੀਆਂ ਰੱਖਦਾ ਹੈ[5]
ਭਾਵੇਂ ਜਗਤਾਰ ਸਪਸ਼ਟ ਸ਼ਬਦਾਵਲੀ ਵਿਚ ਕਵਿਤਾ {ਨਜ਼ਮ} ਅਤੇ
ਗ਼ਜ਼ਲ ਦਰਮਿਆਨ ਕੋਈ ਦਰਜੇਬੰਦੀ ਸਥਾਪਿਤ ਨਹੀਂ ਕਰਦਾ ਪਰ ਉਸ ਦੁਆਰਾ ਗ਼ਜ਼ਲ ਦੇ ਦੱਸੇ ਗਏ ਲੱਛਣਾਂ ਦੇ
ਆਧਾਰ ‘ਤੇ ਉਸ ਦੀ ਪਹਿਲ ਦਾ ਸਹਿਜੇ ਹੀ ਪਤਾ ਲੱਗ ਜਾਂਦਾ ਹੈ। ਉਸ ਅਨਸਾਰ ਗ਼ਜ਼ਲ ਜੀਵਨ ਨੂੰ ਉਸ ਦੀ
ਗਤੀਸ਼ੀਲਤਾ ਅਤੇ ਵੰਨਸੁਵੰਨਤਾ ਵਿਚ ਪਕੜਨ ਦੇ ਸਮਰੱਥ ਵਿਧਾ ਹੈ ਜਿਸ ਲਈ ‘ਕਾਇਨਾਤ ਦਾ ਵਧੇਰੇ ਗਹਿਰਾ
ਮੁਤਾਲਿਆ’ ਲੋੜੀਂਦਾ ਹੈ। ਜਗਤਾਰ ਦੇ ਇਸ ਨਿਖੇੜੇ ਨਾਲ ਪੂਰੀ ਤਰ੍ਹਾਂ ਸਹਿਮਤ ਨਾ ਵੀ ਹੋਈਏ ਪਰ ਇਹ ਗੱਲ
ਪ੍ਰਤੱਖ ਹੈ ਕਿ ਉਹ ਜੀਵਨ ਦੇ ਵੰਨ-ਸੁਵੰਨੇ ਦ੍ਰਿਸ਼ਾਂ, ਅਨੁਭਵਾਂ ਅਤੇ ਹੁੰਗਾਰਿਆਂ ਨੂੰ
ਕਾਵਿ-ਧਰਾਤਲ ਉੱਤੇ ਲਿਆਉਣ ਲਈ ਪ੍ਰਗੀਤਕ ਪ੍ਰਗੀਤਕ ਰੂਪਾਕਾਰ ਗ਼ਜ਼ਲ ਨੂੰ ਪਹਿਲ ਦਿੰਦਾ ਹੈ। ਉਸ ਦੀ
ਕਾਵਿ-ਯਾਤਰਾ ਵਿਚ ਇਹ ਤਬਦੀਲੀ ਇਹ ਵੀ ਦਰਸਾਉਂਦੀ ਹੈ ਕਿ ਉਹ ਕਿਸੇ ਇਕਹਿਰੇ ਦ੍ਰਿਸ਼ਟੀਕੋਣ ਅਤੇ
ਦ੍ਰਿਸ਼ਟੀਬਿੰਦੂ ਤੋਂ ਜੀਵਨ ਦੀ ਤਸਵੀਰਕਸ਼ੀ ਕਰਨ ਨੂੰ ਪਹਿਲ ਨਹੀਂ ਦਿੰਦਾ ਸਗੋਂ ਜੀਵਨ ਦੀ ਸੰਜੁਗਤ
ਹੋਂਦ ਅਤੇ ਇਸ ਵਿਚਲੀ ਦਵੰਦਾਤਮਕ ਪ੍ਰਕਿਰਿਆ ਨੂੰ ਪਛਾਣਨਾ-ਪਕੜਨਾ ਚਾਹੁੰਦਾ ਹੈ। ਉਹ ਆਪਣੇ ਕਾਵਿ-ਕਰਮ ਵਿਚ ਇਸ ਮਕਸਦ ਨੂੰ ਪ੍ਰਾਪਤ ਕਰਨ
ਵਿਚ ਜ਼ਿਆਦਾਤਰ ਕਾਮਯਾਬ ਹੁੰਦਾ ਹੈ ਭਾਵੇਂ ਇਸ ਗੱਲ ਦੇ ਕੁਝ ਅਪਵਾਦ ਵੀ ਹਨ। ਇਸ ਪਿਛੋਕੜ ਵਿਚ ਅਸੀਂ ਹੁਣ ਜਗਤਾਰ ਦੀ ਕਾਵਿ-ਯਾਤਰਾ ਦਾ
ਵਿਸ਼ਲੇਸ਼ਣ ਕਰ ਸਕਦੇ ਹਾਂ।
ਸ਼ਾਇਰ ਜਗਤਾਰ ਦੀ ਪਹਿਲੀ
ਕਿਤਾਬ ਤਾਂ ਰੁੱਤਾਂ ਰਾਗਲੀਆਂ (1957) ਛਪਦੀ ਹੈ ਪਰ ਉਸ ਨੂੰ ਪਛਾਣ ਆਪਣੀ ਦੂਜੀ ਕਿਤਾਬ ਤਲਖੀਆਂ
ਰੰਗੀਨੀਆਂ ਨਾਲ ਹੀ ਮਿਲਦੀ ਹੈ। ਰੌਚਕ ਗੱਲ ਹੈ ਕਿ ਇਸ ਕਿਤਾਬ ਵਿਚ ਉਸ ਦੀ ਸਮੁੱਚੀ ਕਾਵਿ
ਯਾਤਰਾ ਦੇ ਬੀਜ ਮੌਜੂਦ ਹਨ। ਇਸ ਕਿਤਾਬ ਵਿਚ ਉਸ ਦੀ ਪ੍ਰਗੀਤ ਯੋਗਤਾ ਦੇ ਭਰਪੂਰ ਪ੍ਰਮਾਣ ਤਾਂ
ਮੌਜੂਦ ਹਨ ਹੀ ਸਗੋਂ ਉਸ ਦੀ ਵਿਚਾਰਧਾਰਾ ਦੇ ਮੂਲ ਬਿੰਦੂ ਵੀ ਇਸ ਵਿਚੋਂ ਪਛਾਣੇ ਜਾ ਸਕਦੇ
ਹਨ। ਇਹੀ ਮੂਲ ਬਿੰਦੂ ਬਾਅਦ ਵਿਚ ਉਸ ਦੀ ਕਵਿਤਾ
ਦੇ ਭਿੰਨ ਭਿਂ ਪੜਾਵਾਂ ਉੱਤੇ ਵਿਕਸਿਤ ਅਤੇ ਰੂਪਾਂਤਰਿਤ ਹੁੰਦੇ ਨਜ਼ਰ ਆਉਣਗੇ। ਇਸ ਪੜਾਅ ਉੱਤੇ ਉਹ
ਆਪਣੀਆਂ ਕਵਿਤਾਵਾਂ ਵਿਚ ਪਿਆਰ ਅਤੇ ਰੁਜਗਾਰ ਦੀ ਦਵੈਤ ਨੂੰ ਸਿਰਜਦਾ ਉਹ ਪਿਆਰ ਦੀ ਬਜਾਏ ਰੁਜਗਾਰ
ਦੇ ਮਸਲਿਆਂ ਨੂੰ ਪਹਿਲ ਦੇਣ ਦੀ ਗੱਲ ਕਰਦਾ ਹੈ ਪਰ ਸਮੁੱਚੀ ਕਿਤਾਬ ਵਿਚ ਉਸ ਦੀ ਪਹਿਲ ਪਿਆਰ ਦੇ
ਅਨੁਭਵ ਅਤੇ ਵਿਸ਼ਾਦ ਨੂੰ ਪ੍ਰਗਟਾਉਣ ਦੀ ਹੀ ਹੈ।
ਇਸ ਕਿਤਾਬ ਦੀਆਂ ਕਵਿਤਾਵਾਂ ਵਿਚ ਸ਼ਾਇਰ ਪਿਆਰ ਅਤੇ ਰੁਜਗਾਰ ਦਰਮਿਆਨ ਚੋਣ ਕਰਦਿਆਂ ਦੁਬਿਧਾ
ਵਿਚ ਨਜ਼ਰ ਆਉਂਦਾ ਹੈ। ਸਮਕਾਲੀ ਰੋਮਾਂਟਿਕ ਪ੍ਰਗਤੀਸ਼ੀਲ ਧਾਰਾ ਦੇ ਪ੍ਰਭਾਵ ਅਤੇ ਦਬਾਉ ਵਿਚ ਉਹ
ਮਸਨੂਈ ਜਿਹੇ ਢੰਗ ਨਾਲ ਸਮਾਜ ਦੇ ਮਸਲਿਆਂ ਨੂੰ ਬਿਆਨੀਆ ਪੱਧਰ ਉੱਪਰ ਪਹਿਲ ਦਿੰਦਾ ਹੈ ਪਰ ਉਸ ਦੀ
ਕਵਿਤਾ ਵਿਚ ਗਹਿਰਾਈ, ਸੁਹਜ ਅਤੇ ਪ੍ਰਮਾਣਿਕਤਾ ਉਦੋਂ ਹੀ ਆਉਂਦੀ ਹੈ ਜਦੋਂ ਉਹ ਇਸ਼ਕ ਰੱਤੇ ਭਾਵ
ਪ੍ਰਗਟਾਉਣ ਵਾਲੇ ਬਿੰਬ ਸਿਰਜਦਾ ਹੈ। ਉਸ ਦੀ ਕਵਿਤਾ ਦੀ ਮੂਲ ਪਛਾਣ ਲੈਅਬੱਧ ਨਜਮੀਅਤ ਹੈ, ਜਿਸ ਦੀ
ਸ਼ੁਰੂਆਤ ਇਸ ਕਿਤਾਬ ਤੋਂ ਹੀ ਹੋ ਜਾਂਦੀ ਹੈ। ਇਸ ਕਿਤਾਬ ਵਿਚ ਉਸ ਦੀ ਪ੍ਰਤਿਨਿਧ ਕਵਿਤਾ ‘ਸਮੇਂ ਦੀ
ਧੂੜ ਵਿਚ’ (ਅਣਮੁਕ ਸਫ਼ਰ, 530) ਹੈ, ਜਿਸ ਵਿਚ ਮੁਹੱਬਤ ਦੇ ਨਿੱਜਗਤ ਭਾਵ ਨੂੰ ਪੇਸ਼ ਕਰਦਾ ਹੋਇਆ
ਪਹਿਲਾਂ ਉਹ ਪੰਜਾਬੀ ਲੋਕਮਨ ਵਿਚ ਵਸੇ ਪ੍ਰੀਤ-ਨਾਇਕਾਂ ਨਾਲ ਆਪਣੀ ਹੋਣੀ ਨੂੰ ਜੋੜਦਾ ਹੈ ਅਤੇ ਫਿਰ ਸਮਾਜਿਕ
ਮਰਿਆਦਾ ਨਾਲ ਮੁਹੱਬਤ ਦੇ ਤਣਾਉ ਵੱਲ ਇਸ਼ਾਰਾ ਕਰਦਾ ਹੋਇਆ ਅਖ਼ੀਰ ਸੱਤਾ ਦੇ ਵਿਰੋਧ ਦੀ ਸੁਰ ਉਚਾਰਦਾ
ਹੈ। ਇਸੇ ਤਰ੍ਹਾਂ ਇਕ ਹੋਰ ਕਵਿਤਾ ਵਿਚ ਉਹ ਮਸਨੂਈ ਢੰਗ ਨਾਲ ਰੂਪ ਦੇ ਆਕਰਸ਼ਨ ਦੀ ਥਾਂ ਕਿਰਤ ਦੇ
ਮਾਰਗ ਉੱਤੇ ਜਾਣ ਨੂੰ ਪਹਿਲ ਦਿੰਦਾ ਜਾਪਦਾ ਹੈ;
ਇਕ ਥਲ ਪਾਰ ਰੂਪ ਦੀ ਨਗਰੀ
ਇਕ ਥਲ ਪਾਰ ਕਣਕ ਦੀਆਂ
ਮਹਿਕਾਂ
ਕਿਸ ਜ਼ਿੰਦਗੀ ਤੋਂ ਮੂੰਹ ਫੇਰੇ
ਕੋਈ
ਕਿਸ ਵਲ ਪੈਰ ਵਧਾਏ
ਸੋਚ ਸੋਚ ਕੇ ਪੈਰ ਅੰਤ ਨੂੰ
ਤੁਰ ਪਏ ਮਿਹਨਤ ਦੇ ਹੱਥ
ਚੁੰਮਣ
ਜ਼ਿੰਦਗੀ ਮੁੜ ਮੁੜ ਮਿਲਦੀ
ਨਾਹੀਂ
ਰੂਪ ਜਾਣ ਜਨਮਾਏ (ਅਣਮੁਕ
ਸਫ਼ਰ, 534)
ਇੱਥੇ ਜਗਤਾਰ ਮੁਹੱਬਤ ਦੇ ਭਾਵਾਂ ਨੂੰ ਪ੍ਰਗਟਾਉਂਦਾ
ਹੋਇਆ ਉਨ੍ਹਾਂ ਨੂੰ ਅਖ਼ੀਰ ਉੱਤੇ ਉਵੇਂ ਹੀ ਸਮਾਜਿਕ ਅਰਥ ਦੇਣ ਦੀ ਕੋਸ਼ਿਸ਼ ਕਰਦਾ ਹੈ, ਜਿਵੇਂ ਭਾਈ
ਵੀਰ ਸਿੰਘ ਕੁਦਰਤ ਦੀ ਚਿੱਤਰਕਾਰੀ ਕਰਦਾ ਕਰਦਾ ਅਖ਼ੀਰ ਉੱਤੇ ਉਸ ਨੂੰ ਅਧਿਆਤਮਕ ਮੋੜ ਦੇ ਦਿੰਦਾ ਹੈ।
ਇਹ ਕੋਸ਼ਿਸ਼ ਨਾ ਤਾਂ ਬਹੁਤੀ ਸੁਹਜਪੂਰਣ ਹੁੰਦੀ ਹੈ ਅਤੇ ਨਾ ਹੀ ਮੁਹੱਬਤ ਦੀ ਭਾਵ-ਯਾਤਰਾ ਦਾ ਖ਼ੁਦ ਬ
ਖ਼ੁਦ ਪੈਦਾ ਹੋਇਆ ਅਤੇ ਸਹਿਜ ਰੂਪ ਵਿਚ ਸਾਹਮਣੇ ਆਇਆ ਵਿਸਤਾਰ। ਸਮੁੱਚੀ ਕਵਿਤਾ ਵਿਚਲੀ ਬਿੰਬਕਾਰੀ
ਅਤੇ ਭਾਸ਼ਾ ਵਿਚੋਂ ਅੰਦਾਜ਼ਾ ਵੀ ਨਹੀਂ ਹੁੰਦਾ ਕਿ ਆਖ਼ਿਰ ਕਵਿਤਾ ਅਜਿਹੇ ਮੋੜ ‘ਤੇ ਖ਼ਤਮ ਹੋਵੇਗੀ। ਇਹ
ਮਕਾਨਕੀ ਜਿਹੀ ਉਲਟਬਾਜ਼ੀ ਲੱਗਦੀ ਹੈ ਜਿਸ ਵਿਚ ਕਾਵਿਕਤਾ ਮੂਧੇ ਮੂੰਹ ਡਿੱਗਦੀ ਪ੍ਰਤੀਤ ਹੁੰਦੀ ਹੈ।
ਪਹਿਲੀ ਕਿਤਾਬ ਵਿਚਲੇ ਮਸਨੂਈ
ਢੰਗ ਨਾਲ ਆਰੋਪਿਤ ਸਮਾਜਿਕ ਸਰੋਕਾਰ ਦੁਧਪੱਥਰੀ (1961) ਦੀ ਕਵਿਤਾ ਵਿਚ ਅਨੁਭਵ ਵਿਚੋਂ
ਕਸ਼ੀਦੇ ਗਏ ਭਾਵਾਂ ਦੇ ਤੌਰ ‘ਤੇ ਪ੍ਰਗਟ ਹੋਣ ਲੱਗਦੇ ਹਨ। ਉਸ ਦੀ ਕਵਿਤਾ ‘ਦੋ ਤਸਵੀਰਾਂ’ ਵਿਚ
ਸੰਪਰਦਾਇਕ ਵਖਰੇਵੇਂ ਦੀ ਭੇਟ ਚੜ੍ਹੀ ਮੁਹੱਬਤ ਦੇ ਦਰਦ ਦਾ ਪ੍ਰਗਟਾਵਾ ਹੋਇਆ ਹੈ। ਇਸ ਕਵਿਤਾ ਵਿਚਲੇ
ਵੇਰਵੇ ਭਾਵੇਂ ਨਿੱਜਗਤ ਹਨ ਪਰ ਉਨ੍ਹਾਂ ਰਾਹੀਂ ਜਿਸ ਕਿਸਮ ਦਾ ਬਿੰਬ ਸਿਰਜਿਆ ਗਿਆ ਹੈ, ਉਹ ਵਿਆਪਕ
ਹਕੀਕਤਾਂ ਦਾ ਬੋਧ ਕਰਵਾਉਂਦਾ ਹੈ। ਅਨੁਭਵ ਦੀ ਸ਼ਿੱਦਤ ਨੂੰ ਪ੍ਰਗੀਤਕ ਭਾਸ਼ਾ ਵਿਚ ਗੁੰਦਦਾ ਹੋਇਆ
ਸਾਇਰ ਅਖ਼ੀਰ ਉੱਤੇ ਜਿਸ ਕਿਸਮ ਦੇ ਆਸ਼ਾਵਾਦੀ ਭਾਵੁਕ ਨਿਰਣੇ ਉੱਤੇ ਅੱਪੜਦਾ ਹੈ, ਉਹ ਵੀ ਪ੍ਰਮਾਣਿਕਤਾ
ਹਾਸਿਲ ਕਰ ਜਾਂਦਾ ਹੈ। ਇਸੇ ਤਰ੍ਹਾਂ ਇਸੇ ਸੰਗ੍ਰਹਿ ਦੀ ਕਵਿਤਾ ‘ਜਵਾਰਭਾਟਾ’ ਵਿਚ ਵੀ ਆਰਥਿਕ
ਤੰਗੀਆਂ ਹੱਥੋਂ ਅਵਾਜ਼ਾਰ ਹੋਏ ਬੰਦੇ ਦੇ ਭਾਵਾਂ ਨੂੰ ਪ੍ਰਗਟਾਉਂਦਾ, ਉਹ ਨਿਰਾਸ਼ਾਮਈ ਮਨੋਅਵਸਥਾ
ਵਿਚੋਂ ਗੁਜ਼ਰਕੇ ਜਦੋਂ ਅਖ਼ੀਰ ਉੱਤੇ ਭਾਂਜ ਦੀ ਥਾਂ ਸੰਘਰਸ਼ ਦਾ ਤਹੱਈਆ ਕਰਦਾ ਹੈ ਤਾਂ ਪਹਿਲੀ ਕਵਿਤਾ
ਦੇ ਮੁਕਾਬਲੇ ਵਧੇਰੇ ਪ੍ਰਮਾਣਿਕ ਜਾਪਦਾ ਹੈ:
ਮੈਂ ਕੋਈ ਗੌਤਮ ਬੁੱਧ ਨਹੀਂ
ਦੁਖਾਂ ਭਰੇ ਸੰਸਾਰ ਦੇ ਇਸ
ਕੁੰਡ ‘ਚੋਂ
ਔਕੜਾਂ ਦੇ ਘੋਰ ਅੰਧੇਰੇ ਤੋਂ
ਡਰਦਾ
ਨੂਰ ਭਾਲਾਂ ਜੰਗਲਾਂ ਵਿਚ?
ਇਹ ਤਾਂ ਚਿੰਤਾ ਦੀ ਨਹੀਂ
ਮੁਕਤੀ ਮਨਾਂ
ਮੈਂ ਕਰਾਂਗਾ ਔਕੜਾਂ ਦਾ
ਟਾਕਰਾ। (ਅਣਮੁਕ ਸਫ਼ਰ/ ਦੁਧ-ਪਥਰੀ/ 444)
ਦੁੱਧ-ਪਥਰੀ ਵਿਚ ਬਿਰਤਾਂਤਕਤਾ ਜਗਤਾਰ ਦੇ ਪ੍ਰਗੀਤਕ
ਪ੍ਰਗਟਾਵੇ ਨੂੰ ਗਹਿਰਾਈ ਅਤੇ ਸਥੂਲਤਾ ਬਖ਼ਸ਼ਦੀ ਹੈ। ਇਹ ਬਿਰਤਾਂਤਕਤਾ ਸਿਰਜੇ ਗਏ ਬਿੰਬ ਨੂੰ ਅਨੁਭਵ
ਦੀ ਛੋਹ ਦੇ ਕੇ ਜੀਵੰਤ ਕਰ ਦਿੰਦੀ ਹੈ ਅਤੇ ਇਸ ਰਾਹੀਂ ਉਤਪੰਨ ਅਰਥ ਮਹਿਜ ਖ਼ਿਆਲ ਨਹੀਂ ਰਹਿੰਦਾ
ਸਗੋਂ ਤਰਲ ਭਾਵ ਬਣ ਜਾਂਦਾ ਹੈ ਜੋ ਪਾਠਕ ਦੇ ਮਨ-ਮਸਤਕ ਨੂੰ ਆਪਣੀ ਗ਼ਰਿਫ਼ਤ ਵਿਚ ਲੈਣ ਦੇ ਸਮਰੱਥ ਹੈ।
ਇਸ ਦਾ ਪ੍ਰਮਾਣ ‘ਸਫ਼ਰ ਦੀ ਰਾਤ’ ਨਾਮੀ ਨਜ਼ਮ ਵਿਚ ਮੌਜੂਦ ਹੈ। ਇਸ ਤਰ੍ਹਾਂ ਦੀ ਬਿੰਬਕਾਰੀ ਵਿਚ
ਅਨੁਭਵਸ਼ੀਲ ‘ਮੈ’ ਉਸ ਦੇ ਪ੍ਰਗਟਾਵੇ ਨੂੰ ਪ੍ਰਮਾਣਿਕ-ਠੋਸ ਵੀ ਬਣਾਉਂਦੀ ਹੈ ਅਤੇ ਗਹਿਰਾ-ਤਰਲ ਵੀ।
ਇਸ ਕਿਤਾਬ ਵਿਚ ਵੀ ਕਿਤੇ ਕਿਤੇ ਪਹਿਲਾਂ ਵਾਲੀ ਕਚਿਆਈ ਨਜ਼ਰ ਆਉਂਦੀ ਹੈ (ਕਵਿਤਾ : ਸ਼ੀਸ਼ੇ ਦੇ ਰੇਜ਼ੇ/
ਅਣਮੁਕ ਸਫ਼ਰ/ ਦੁੱਧਪੱਥਰੀ/ 462) ਜਦੋਂ ਸ਼ਾਇਰ ਆਪਣੀ ਬਿਮਾਰੀ ਦੀ ਅਵਸਥਾ ਨੂੰ ਅਤਿਕਥਨੀ ਦੇ ਧਰਾਤਲ
‘ਤੇ ਜਾ ਕੇ ਮੌਤ ਨੂੰ ਕਲਪ ਲੈਂਦਾ ਹੈ। ਵਿਅੰਗਾਤਮਕਤਾ ਦੀ ਜੁਗਤ ਵੀ ਇਸ ਕਿਤਾਬ ਵਿਚ ਨੁਮਾਇਆ ਰੂਪ ਵਿਚ ਵਰਤੀ
ਗਈ ਨਜ਼ਰ ਆਉਂਦੀ ਹੈ। ਡਾ. ਕੇਸਰ ਅਨੁਸਾਰ ਵਿਅੰਗ ਦੀ ਜੁਗਤ ਜਗਤਾਰ ਦੀ ਕਵਿਤਾ ਦੀ ਵਿਸ਼ੇਸ਼ ਜੁਗਤ
ਹੈ। ਸੁਝਾਊ ਕਾਵਿ-ਭਾਸ਼ਾ ਦੁੱਧਪੱਥਰੀ ਦੀ ਕਾਵਿਕ
ਪ੍ਰਾਪਤੀ ਹੈ ਪਰ ਇਸ ਦੇ ਬਾਵਜੂਦ ਕਿਤੇ ਕਿਤੇ ਜਗਤਾਰ ਦੀ ਭਾਸ਼ਾ ਨਾਅਰਾਯੁਕ ਹੋ ਜਾਂਦੀ ਹੈ। ਉਸ ਦੀ ਕਵਿਤਾ ਦੇ ਇਸ ਰੁਖਝਾਨ ਬਾਰੇ ਕੇਸਰ ਸਿੰਘ
‘ਕੇਸਰ’ ਦੀ ਦਲੀਲ ਇਹ ਹੈ ਕਿ “ਆਮ ਕਰਕੇ ਜਗਤਾਰ
ਦੀ ਸ਼ੈਲੀ ਸੁਝਾਊ ਹੈ ਪਰ ਜਦੋਂ ਕਦੇ ਉਹ ਨਾਅਰਾ ਯੁਕਤ ਕਾਵਿ-ਸ਼ੈਲੀ ਵਿਚ ਲਿਖਦਾ ਹੈ ਤਾਂ ਇਹ ਉਸ ਦੀ
ਵਿਚਾਰਧਾਰਕ ਪ੍ਰਤਿਬੱਧਤਾ ਦੇ ਤਕਾਜ਼ੇ ਕਾਰਣ ਵੀ ਹੈ ਅਤੇ ਨਾਲ ਹੀ ਬਹੁਤ ਸਾਰੇ ਪੰਜਾਬੀ ਪਾਠਕਾਂ ਦੀ
ਬੌਧਿਕ ਦਸ਼ਾ ਦੇ ਤਕਾਜ਼ੇ ਕਾਰਣ ਵੀ ਹੈ’[6]। ਇੰਝ ਇਸ ਪੜਾਅ ਉੱਤੇ
ਜਗਤਾਰ ਦੀ ਕਵਿਤਾ ਵਿਚਲੀ ਨਾਅਰੇਬਾਜ਼ੀ ਪਾਠਕ ਦੀ ਚੇਤਨਾ ਦਾ ਪਰਤੌ ਹੈ। ਪਰ ਇੱਥੇ ਇਹ ਮੰਨਣਾ ਪਵੇਗਾ
ਕਿ ਜਗਤਾਰ ਦੀ ਕਾਵਿ-ਚੇਨਤਾ ਵਿਚ ਸਧਾਰਣ ਪਾਠਕ ਨੂੰ ਸੰਤੁਸ਼ਟ ਕਰਨ ਦਾ ਰੁਝਾਨ ਵੀ ਕਾਰਜਸ਼ੀਲ ਹੈ,
ਜਿਸ ਕਰਕੇ ਉਹ ਕਾਵਿਕ ਗਹਿਰਾਈ ਦੀ ਥਾਂ ਕਾਵਿਕ-ਸੰਚਾਰ ਨੂੰ ਪਹਿਲ ਦਿੰਦਾ ਹੈ। ਉਸ ਦੀ ਇਹ ਬਿਰਤੀ
ਬਾਅਦ ਵਾਲੀ ਕਵਿਤਾ ਵਿਚ ਨਿਰੰਤਰ ਮਨਫ਼ੀ ਹੁੰਦੀ ਚਲੀ ਜਾਂਦੀ ਹੈ। ਇਸ ਪੜਾਅ ਉੱਤੇ ਜਗਤਾਰ ਦੀ ਕਵਿਤਾ ਉਦਾਸੀਨਤਾ/ਬੇਗਾਨਗੀ
ਅਤੇ ਆਸ਼ਾਵਾਦੀ ਭਾਵਾਂ ਦਰਮਿਆਨ ਡੋਲਦੀ ਪ੍ਰਤੀਤ ਹੁੰਦੀ ਹੈ। ਕਵੀ ਕਿਸੇ ਇਕ ਭਾਵ ਨੂੰ ਨਿਰਪੇਖ ਰੂਪ
ਵਿਚ ਧਿਆਉਣ ਦੀ ਥਾਂ ਦੋਹਾਂ ਭਾਵਾਂ ਦਰਮਿਆਨ ਯਾਤਰਾ ਕਰਦਾ ਹੋਇਆ ਪ੍ਰਮਾਣਿਕ ਕਾਵਿ-ਅਨੁਭਵ ਦਾ
ਇਜ਼ਹਾਰ ਕਰਨ ਨੂੰ ਪਹਿਲ ਦਿੰਦਾ ਹੈ। ਉਸ ਦੀ ਕਵਿਤਾ ਵਿਚਲੇ ਇਨ੍ਹਾਂ ਦੋ ਵਿਰੋਧੀ ਭਾਵਾਂ ਦੀ
ਸੰਜੁਗਤੀ ਬਾਰੇ ਡਾ. ਕੇਸਰ ਦਾ ਵਿਚਾਰ ਹੈ ਕਿ “ਉਸ ਦੀ ਕਵਿਤਾ ਵਿਚ ਉਦਾਸੀਨਤਾ ਅਤੇ ਬੇਗਾਨਗੀ ਦਾ
ਅਨੁਭਵ ਵੀ ਹੈ ਪਰ ਇਹ ਉਦਾਸੀਨ ਮੂਡ ਉਸ ਦੀ ਕਵਿਤਾ ਦੀ ਆਸ਼ਾਵਾਦੀ ਸੁਰ ਨੂੰ ਸਗੋਂ ਵਧੇਰੇ ਪ੍ਰਭਵਕ
ਬਣਾਉਂਦਾ ਹੈ[7]
ਇਸ ਕਿਤਾਬ ਵਿਚ ਜਗਤਾਰ ਦੀ
ਕਵਿਤਾ ਦੀ ਖ਼ਾਸੀਅਤ ਇਹ ਹੈ ਕਿ ਉਹ ਛੰਦ ਦੀ ਅਧੀਨਗੀ ਕਰਨ ਤੋਂ ਬਿਨਾ ਹੀ ਲੈਅ-ਤਾਲ ਦਾ ਨਿਭਾਉ ਕਰਦਾ
ਹੈ। ਡਾ. ਕੇਸਰ ਸਿੰਘ ਦੇ ਸ਼ਬਦਾਂ ਵਿਚ
“ਦੁੱਧਪੱਥਰੀ ਵਿਚਲੀ ਕਵਿਤਾ ਭਾਵੇਂ ਕਿਸੇ ਛੰਦ ਦੀ ਕੈਦ ਵਿਚ ਨਹੀਂ, ਪਰ ਲੈਅ ਜਾਂ ਤਾਲ ਦੀ
ਜ਼ਿੰਮੇਵਾਰੀ ਜ਼ਰੂਰ ਨਿਭਾਉਂਦੀ ਹੈ। ਦੂਜੇ ਜਗਤਾਰ ਸਾਰਥਿਕ ਬਿੰਬ ਰਚਨਾ ਦਾ ਮਾਹਿਰ ਕਵੀ ਹੈ[8]। ਇਸ ਪੱਖੋਂ ਉਹ
ਬਾਵਾ ਬਲਵੰਤ ਦੀ ਕਾਵਿ-ਸ਼ੈਲੀ ਨੂੰ ਹੋਰ ਵਿਕਸਿਤ ਕਰਦਾ ਹੋਇਆ ਉਸਦੀ ਚਿੰਤਨੀ ਸ਼ੈਲੀ ਨੂੰ ਵਧੇਰੇ ਸੇਕ
ਵਾਲੀ ਕ੍ਰਿਤਆਤਮਕ ਕਾਵਿ-ਭਾਸ਼ਾ ਅਤੇ ਵਿਚਾਰਧਾਰਾਈ ਪ੍ਰਗਟਾਵੇ ਨਾਲ ਜੋੜ ਦਿੰਦਾ ਹੈ।
ਆਪਣੇ ਕਾਵਿ ਸੰਗ੍ਰਹਿ ਅਧੂਰਾ
ਆਦਮੀ ਵਿਚ ਆ ਕੇ ਜਗਤਾਰ ਆਪਣੇ ਸਮਕਾਲ ਦੇ ਕਾਵਿ-ਰੁਝਾਨ ਨੂੰ ਹੁੰਗਾਰਾ ਦਿੰਦਾ ਹੋਇਆ ਆਪਣੀ
ਕਵਿਤਾ ਦੇ ਰੁਖ ਨੂੰ ਬਦਲਦਾ ਹੈ ਅਤੇ ਆਪਣੇ ਪੂਰਬਲੇ ਕਾਵਿ-ਵਿਹਾਰ ਤੋਂ ਅੱਗੇ ਤੁਰਦਾ ਹੋਇਆ ਇਕ
ਨਵੇਂ ਮੁਹਾਵਰੇ ਦੀ ਤਲਾਸ਼ ਅਤੇ ਸਿਰਜਣਾ ਦੇ ਰਸਤੇ ਪੈਂਦਾ ਹੈ। ਇੱਥੇ ਆ ਕੇ ਉਹ ਵਿਅਕਤੀ ਦੇ ਜਾਵੀਏ
ਤੋਂ ਆਲੇ ਦੁਆਲੇ ਦੀ ਮਨੁੱਖੀ ਸਥਿਤੀ ਨੂੰ
ਨਿਹਾਰਦਾ ਹੈ ਜਦਕਿ ਇਸ ਤੋਂ ਪਹਿਲਾਂ ਉਹ ਆਪਣੇ ਆਪ ਨੂੰ ਸਮੂਹ ਜਾਂ ਜਮਾਤ ਦੇ ਇਕ ਹਿੱਸੇ ਦੇ ਤੌਰ
‘ਤੇ ਹੀ ਕਲਪਦਾ ਸੀ। ਇੰਝ ਉਧਾਰੀ ਚੇਤਨਾ ਦੀ ਥਾਂ ਅਨੁਭਵੀ ਸੱਚ ਉਸਦੀ ਕਵਿਤਾ ਦਾ ਵਿਦਾ-ਬਿੰਦੂ
ਬਣਦਾ ਪ੍ਰਤੀਤ ਹੁੰਦਾ ਹੈ। ਇੱਥੇ ਆ ਕੇ ਉਸ ਦੀ ਕਵਿਤਾ ਵਿਚ ‘ਸਵੈ-ਗੁਮਾਨ’ ਵਾਲੀ ਸੁਰ (ਅਸਾਂ
ਤਾਂ....) ਦਾ ਤਿਆਗ ਕਰਨ ਲੱਗਦਾ ਹੈ ਅਤੇ ਵਿਅਕਤੀਗਤ ਆਪੇ ਦੀ ਤੁੱਛਤਾ/ ਮਹਾਨਤਾ ਨੂੰ ਮਹਿਸੂਸ ਕਰਨ
ਲੱਗਦਾ ਹੈ:
ਕਿਹੋ ਜਿਹਾ ਦੌਰ ਹੈ ਆਇਆ
ਸਾਡੁ ਮਨੀਂ ਲੁਕੇ ਨੇ ਗਿਰਗਿਟ
ਨਜ਼ਰਾਂ ਅੰਦਰ ਤੋਤੇ ਝਾਕਣ।
ਇਕ ਦੂਜੇ ਦੀ ਹੋਂਦੋਂ
ਤ੍ਰਹਿੰਦੇ
ਅਸੀਂ ਸਮੇਂ ਦੀ ਸੂਲੀ ਚੜ੍ਹਕੇ
ਬਣਦੇ ਜਾਈਏ ਜਲ ਕਣ। (ਅਣਮੁਕ ਸਫ਼ਰ/ ਅਧੂਰਾ ਆਦਮੀ/ 305)
ਇਸ ਪੜਾਅ ਉੱਤੇ ਆ ਕੇ ਜਗਤਾਰ ਦੀ ਕਵਿਤਾ ਵਿਚ ਸਤਹੀ ਆਸ਼ਾਵਾਦ
ਦੀ ਥਾਂ ਦੁਖਾਂਤ ਦੀ ਅਨਿਵਾਰਤਾ ਦਾ ਬੋਲਬਾਲਾ ਹੋਣ ਲੱਗਦਾ ਹੈ ਅਤੇ ਇੱਥੇ ਦੁਖਾਂਤ ਮਹਿਜ ਸਮਾਜਿਕ
ਵਰਤਾਰਾ ਨਹੀਂ ਰਹਿ ਜਾਂਦਾ ਜਿਸ ਦਾ ਸੁਤਰਬੱਧ ਤਰੀਕੇ ਨਾਲ ਕੋਈ ਇਲਾਜ ਹੋ ਸਕਦਾ ਹੋਵੇ ਸਗੋਂ ਇਹ ਮਨੁੱਖੀ ਹੋਂਦ ਦਾ
ਸਮਾਨਾਰਥੀ ਜਾਂ ਲਾਜ਼ਮੀ ਹਿੱਸਾ ਬਣਿਆ ਪ੍ਰਤੀਤ ਹੁੰਦਾ ਹੈ। ਪਰ ਧਿਆਨ ਰਹੇ ਕਿ ਇਸ ਕਿਤਾਬ ਵਿਚ ਜਗਤਾਰ
ਆਧੁਨਿਕਤਾਵਾਦੀ-ਪ੍ਰਯੋਗਵਾਦ ਦੀ ਲਹਿਰ ਦੇ ਅਨੁਸਾਰੀ ਥੀਮ, ਸੰਵੇਦਨਾ ਅਤੇ ਦ੍ਰਿਸ਼ਟੀ ਨਾਲ
ਅਨੁਕਰਨ-ਕਰਤਾ ਵਾਲਾ ਰਿਸ਼ਤਾ ਨਹੀਂ ਬਣਾਉਂਦਾ ਸਗੋਂ ਉਸ ਵਿਚੋਂ ਉਪਜੀ ਨਵ-ਭਾਸ਼ਾ ਨੂੰ ਆਪਣੇ ਅੰਤਰਮਨ
ਦੇ ਭਾਵਾਂ ਅਤੇ ਅਨੁਭਾਵਾਂ ਦੇ ਪ੍ਰਗਟਾਵੇ ਲਈ ਵਰਤਦਾ ਹੈ। ਉਹ ਆਪਣੀ ਦ੍ਰਿਸ਼ਟੀ ਨੂੰ ਵਸੀਹ ਕਰਦਾ
ਹੋਇਆ ਸਭਿਅਤਾ ਦੇ ਧਰਾਤਲ ਉੱਤੇ ਆ ਰਹੀ ਨਵੀਨਤਾ ਦੇ ਬਰਅਕਸ ਸਭਿਆਚਾਰ ਦੇ ਧਰਾਤਲ ਉੱਤੇ ਆ ਰਹੇ
ਨਿਘਾਰ ਨੂੰ ਰੱਖ ਕੇ ਨਵੇਂ ਕਿਸਮ ਦੇ ਬਿੰਬ ਸਿਰਜਦਾ ਹੈ। ਇਸੇ ਲਈ ਉਸ ਦੀ ਨਜ਼ਰ ਵਿਚ ਕਾਮਨਾ ਦੇ
ਦ੍ਰਿਸ਼ ਵੀ ਆਉਂਦੇ ਹਨ ਅਤੇ ਬਦਹਾਲੀ ਦੇ ਦ੍ਰਿਸ਼ ਵੀ ਸੋ ਉਸ ਦੀ ਕਵਿਤਾ ਵਿਚ ਰਿਸ਼ਤਿਆਂ ਵਿਚਲੀ
ਅਰਾਜਕਤਾ ਦਾ ਦ੍ਰਿਸ਼ ਵੀ ਸਾਕਾਰ ਹੁੰਦਾ ਹੈ ਅਤੇ ਰਾਜਨੀਤੀ ਵਿਚਲੀ ਭ੍ਰਿਸ਼ਟਤਾ ਦਾ ਵੀ।
ਮੇਰੀ ਖੱਬੀ ਅੱਖ ਵਿਚ
ਔਰਤ ਦਾ ਨੰਗਾ ਜਿਸਮ ਹੈ
ਮੇਰੀ ਸੱਜੀ ਅੱਖ ਅੰਦਰ
ਡਿੱਪੂਆਂ ਦੀ ਭੀੜ ਹੈ।
(ਅਣਮੁਕ ਸਫ਼ਰ, ਅਧੂਰਾ ਆਦਮੀ/ 330)
ਕਤਲਗਾਹ ਦੇ ਰਾਹ ‘ਚ
ਔਰਤ ਦਾ ਤਸੱਵਰ
ਆ ਕੇ ਬਣਦਾ ਆਸਰਾ
ਖ਼ੂਬਸੁਰਤ ਕੁੜੀ ਦਾ
ਪਲ ਭਰ ਦਾ ਸਾਥ
ਜ਼ਿੰਦਗੀ ਦੇ ਸਭ ਪਲਾਂ ਤੋਂ
ਖ਼ੂਬਸੁਰਤ ਜਾਪਦਾ।
ਜਿਸਮ ਦੀ ਲੱਜਤ
ਗੁਲਾਈਆਂ, ਨਿੱਘ ਦੀ ਗੱਲ ਛੱਡ
ਕੇ
ਰੂਹ ਦੇ ਜੋ ਪਿਆਰ ਦੀ –
ਗੱਲ ਛੇੜਦਾ ਹੈ।
ਉਹ ਨਿਪੁੰਸਕ ਹੈ
ਅਤੇ ਬੀਮਾਰ ਰੁਚੀਆਂ ਦਾ
ਸ਼ਿਕਾਰ। (ਅਣਮੁਕ ਸਫ਼ਰ/ ਅਧੂਰਾ ਆਦਮੀ/ 334-35)
ਇਸੇ ਤਰ੍ਹਾਂ ਕਾਮੁਕਤਾ ਦੇ ਦਮਨ ਨਾਲ ਵਿਕ੍ਰਿਤ ਹੋਏ
ਮਨੁੱਖੀ ਕਿਰਦਾਰ ਦਾ ਨਕਸ਼ਾ ‘ਨਵਾਂ ਪੋਚ ਅਤੇ ਫ਼ਰਾਇਡ’ (ਅਣਮੁਕ ਸਫ਼ਰ/ਅਧੂਰਾ ਆਦਮੀ/ 336037) ਨਾਮੀ
ਕਵਿਤਾ ਵਿਚ ਖਿੱਚਿਆ ਗਿਆ ਹੈ। ਇਸ ਵਿਚ ਕਵੀ ਕਾਮੁਕ ਦਮਨ ਨੂੰ ਸਹਿੰਦੇ ਅਤੇ ਕਾਮੁਕ ਭੁੱਖ ਲਈ
ਸਹਿਕਦੇ ਮਨੁੱਖਾਂ ਨੂੰ ਕੱਲਰੀ ਧਰਤੀ ਵਿਚ ਉੱਗੇ ਹੋਏ ਬਿਰਖ ਆਖਦਾ ਹੈ। ਇਸ ਪੜਾਅ ਉੱਤੇ ਜਗਤਾਰ ਵਿਅਕਤੀਗਤ ਅਨੁਭਵ ਵਿਚੋਂ ਕਸ਼ੀਦੇ
ਕਾਵਿ-ਪ੍ਰਗਟਾਅ ਦੇ ਰਸਤੇ ਤਾਂ ਪੈਂਦਾ ਹੈ ਪਰ ਬਾਹਰਮੁਖੀ ਯਥਾਰਥ ਤੋਂ ਮੂਲੋਂ ਹੀ ਬੇਨਿਆਜ਼ ਨਹੀਂ ਹੋ
ਜਾਂਦਾ। ਸਗੋਂ ਉਹ ਪ੍ਰਮਾਣਿਕ ਵਿਅਕਤੀਗਤ ਦ੍ਰਿਸ਼ਟੀਬਿੰਦੂ ‘ਤੇ ਖਲੋ ਕੇ ਸਮਾਜਿਕ-ਰਾਜਨੀਤਕ
ਭ੍ਰਿਸ਼ਟਤਾ ਅਤੇ ਵਿਚਾਰਧਾਰਾਈ ਭੁਲੇਵਿਆਂ ਦੇ ਵਿਅੰਗਮਈ ਚਿੱਤਰ ਵੀ ਉਲੀਕਦਾ ਹੈ। ਸਮੇ ਦੀ ਰਾਜਨੀਤੀ
ਕਿਸ ਤਰ੍ਹਾਂ ਮੂਲ ਮਨੁੱਖੀ ਮਸਲਿਆਂ ਦੇ ਹੱਲ ਲਈ ਤਰਕਹੀਣ ਅਤੇ ਲੋਕਾਂ ਨੂੰ ਭੁਚਲਾਉਣ ਵਾਲੀਆਂ
ਨੀਤੀਆਂ ਬਣਾਉਂਦੀ ਹੈ, ਉਸ ਦਾ ਪ੍ਰਗਟਾਵਾ ਇਸ ਤਰ੍ਹਾਂ ਹੋਇਆ ਹੈ:
ਮਰਦ-ਔਰਤ ਦੇ ਸਬੰਧਾਂ ਬਾਰੇ
ਬਾਤਸਵੀਰ ਪੁਸਤਕ ਦਾ ਪ੍ਰਚਿਯੈ
ਗੁਪਤ-ਅੰਗਾਂ ਦੀ ਬੀਮਾਰੀ ਤੋਂ
ਬਚਾਅ ਦੇ ਇਸ਼ਤਿਹਾਰ।
ਫਸਲ ਉੱਗਦੀ ਕਾਲੀਆਂ ਖ਼ਬਰਾਂ
ਦੀ ਰੋਜ਼।
ਵਧ ਰਹੀ ਕੀਮਤ ਤੇ ਕੋਈ
ਸਰਸਰੀ ਜਾਇਜ਼ਾ ਨਹੀਂ
ਨਾ ਕੋਈ ਮਜ਼ਮੂਨ, ਨਾ ਕੋਈ
ਖ਼ਬਰ। (ਅਣਮੁਕ ਸਫ਼ਰ/ਅਧੂਰਾ ਆਦਮੀ/ 352)
ਅੰਨ ਸੰਕਟ ਦਾ ਉਨ੍ਹਾਂ ਨੂੰ
ਲੂਪ ਹੀ ਹੱਲ ਜਾਪਿਆ।
ਤੇ ਉਹ ਆਪਣੀ ਕਾਢ ‘ਤੇ
ਪ੍ਰਸੰਨ ਹਨ। (ਅਣਮੁਕ ਸਫ਼ਰ/ਅਧੂਰਾ ਆਦਮੀ/
354)
ਵਿਚਾਰਧਾਰਾਈ ਵਿਕਾਸ ਦੇ ਨਾਲ ਨਬਾਲ ਜਗਤਾਰ ਦੀ ਕਵਿਤਾ
ਦੇ ਪ੍ਰਗਟਾਵੇ ਵਿਚ ਵੀ ਪ੍ਰੋਢਤਾ ਆਉਂਦੀ ਜਾਪਦੀ ਹੈ। ਅਧੂਰਾ ਆਦਮੀ ਕਿਤਾਬ ਵਿਚ ਜਗਤਾਰ ਦੀ ਕਵਿਤਾ
ਵਿਚਲਾ ਬਿਰਤਾਂਤਕ ਤੱਤ ਬਲਵਾਨ ਵੀ ਹੁੰਦਾ ਹੈ ਅਤੇ ਵਿਸਤ੍ਰਿਤ ਵੀ। ਉਸ ਦੀ ਕਵਿਤਾ ਦੀ ਪ੍ਰਤੀਕਾਵਲੀ ਵਿਚ ਗਤੀ ਦੇ ਨਕਸ਼ ਨਜ਼ਰ
ਆਉਣ ਲੱਗਦੇ ਹਨ। ਅਕਸਰ ਪ੍ਰਤੀਕਾਂ ਦੀ ਸਿਰਜਣਾ ਨਿਸ਼ਕ੍ਰਿਆ ਵਸਤਾਂ ਰਾਹੀਂ ਹੁੰਦੀ ਹੈ ਜਾਂ ਅਸੀਂ
ਵਸਤਾਂ ਨੂੰ ਨਿਸ਼ਕ੍ਰਿਆ ਕਰਕੇ ਉਨ੍ਹਾਂ ਨੂੰ ਪ੍ਰਤੀਕ ਰੂਪ ਵਿਚ ਵਰਤਦੇ ਹਾਂ ਪਰ ਜਗਤਾਰ ਜਦੋਂ ਆਪਣੀ
ਕਵਿਤਾ ਦੇ ਬਿਰਤਾਂਤਕ ਸੁਭਾਅ ਕਾਰਣ ਗਤੀ ਅਤੇ ਵਸਤ ਨੂੰ ਇਕਮਿਕ ਕਰ ਦਿੰਦਾ ਹੈ ਤਾਂ ਬਹੁਤ ਹੀ
ਖ਼ੂਬਸੂਰਤ ਕਾਵਿ-ਬਿੰਬਾਂ ਦਾ ਨਿਰਮਾਣ ਹੁੰਦਾ ਹੈ:
ਮੇਰਿਆ ਨੈਣਾਂ ‘ਚ ਬਰਸਾਤਾਂ
ਦੇ ਖ਼ਾਕੇ
ਤੇ ਤੇਰੀ ਧੁੰਦਲਾਈ ਸੂਰਤ
ਮੈਨੂੰ ਜਾਪੇ, ਹੋਰ ਗੂੜ੍ਹੀ,
ਹੋਰ ਨਿਰਮਲ
ਖ਼ੂਬਸੂਰਤ ਰੰਗ ਦੀ ਪਹਿਲੀ
ਕੁਆਰੀ ਛੋਹ ਜਿਹੀ
ਇਕ ਕਪਕਪੀ ਮਹਿਸੂਸ ਹੋਵੇ।
ਦਿਲ ਦੀ ਹਰ ਧੜਕਨ ਕਹੇ
ਇਸ ਬਰਸਾਤ ਪਿੱਛੋਂ
ਇਸ ਪਹਾੜੀ ਸਿਲ ਦਾ ਤਿੱਖਾ
ਕੋਨ ਸ਼ਾਇਦ
ਕੋਈ ਬਾਕੀ ਨਾ ਰਹੇ। (ਅਣਮੁਕ
ਸਫ਼ਰ/ਅਧੂਰਾ ਆਦਮੀ/ 363)
ਇਹ ਕਵਿਤਾ ਗਤੀ ਦੇ ਨਕਸ਼ਾਂ ਵਾਲੇ ਪ੍ਰਤੀਕਾਂ ਦਾ ਪ੍ਰਮਾਣ
ਵੀ ਹੈ ਪਰ ਨਾਲ ਹੀ ਜਗਤਾਰ ਦੀ ਸ਼ਖ਼ਸੀਅਤ ਵਿਚਲੀਆਂ ਉਨ੍ਹਾਂ ਤਿੱਖੀਆਂ ਨੋਕਾਂ ਦਾ ਪਤਾ ਵੀ ਦਿੰਦੀ ਹੈ
ਜਿਹੜੀਆਂ ਸਦਾ ਉਸ ਦੇ ਵਿਅਕਤੀਗਤ ਆਪੇ ਅਤੇ ਕਾਵਿ-ਆਪੇ ਦੇ ਅੰਗ-ਸੰਗ ਰਹੀਆਂ। ਇਹ ਕਵਿਤਾ, ਇਸ ਗੱਲ
ਦਾ ਵੀ ਪਤਾ ਦਿੰਦੀ ਹੈ ਕਿ ਉਹ ਖ਼ੁਦ ਇਨ੍ਹਾਂ ਤਿੱਖੀਆਂ ਨੋਕਾਂ ਤੋਂ ਕਿੰਨਾ ਬਦਜ਼ਨ ਸੀ ਅਤੇ ਇਨ੍ਹਾਂ
ਨੋਕਾਂ ਤੋਂ ਛੁਟਕਾਰਾ ਪਾਉਣਾ ਚਾਹੁੰਦਾ ਸੀ ਅਤੇ ਇਹ ਵੀ ਉਸ ਨੂੰ ਉਹ ਬਰਸਾਤ ਨਸੀਬ ਨਹੀਂ ਹੋਈ ਕਿ
ਉਹ ਇਨ੍ਹਾਂ ਨੋਕਾਂ ਤੋਂ ਛੁਟਕਾਰਾ ਪਾ ਸਕਦਾ। ਇੰਝ ਇਹ ਕਵਿਤਾ ਉਸ ਦੀ ਕਾਵਿ-ਯਤਾਰਾ ਦੇ ਅਗਲੇਰੇ
ਪੜਾਅ ਦਾ ਪ੍ਰਮਾਣ ਪੇਸ਼ ਕਰਦੀ ਹੋਈ ਉਸ ਅੰਦਰਲੀ ਕਾਮਨਾ ਦੇ ਸਫ਼ਰ ਨੂੰ ਵੀ ਬਿਆਨ ਕਰਦੀ ਹੈ ਜਿਸ ਵਿਚ
ਤਮਾਮ ਤਬਦੀਲੀਆਂ ਦੇ ਬਾਵਜੂਦ ‘ਨੋਕਦਾਰ’ ਸਦਾ ਲਈ ਸਥਿਰ ਕਿਉਂ ਹੋ ਗਏ ਸਨ।
ਇਸ
ਉਪਰੰਤ ਜਗਤਾਰ ਦੀ ਕਵਿਤਾ ਉਸ ਦੀ ਕਿਤਾਬ ‘ਲਹੂ ਦੇ ਨਕਸ਼” ਰਾਹੀਂ ਇਕ ਨਵੇਂ ਪੜਾਅ ਉੱਤੇ ਪਹੁੰਚਦੀ ਹੈ। ਉਸ ਦੀ ਇਸ ਪੜਾਅ
ਦੀ ਕਵਿਤਾ ਨੂੰ ਹੀ ਜੁਝਾਰਵਾਦੀ ਜਾਂ ਜੁਝਾਰ-ਵਿਦਰੋਹੀ ਹਾਂ ਕ੍ਰਾਂਤੀਕਾਰੀ ਕਵਿਤਾ ਦੀ ਤਹਿਰੀਕ ਨਾਲ
ਜੋੜਿਆ ਜਾਂਦਾ ਹੈ। ਨਿਰਸੰਦੇਹ ਜਗਤਾਰ ਇਸ ਪੜਾਅ ਦੀ ਕਵਿਤਾ ਵਿਚ ਸਮਾਜਿਕ ਸਰੋਕਾਰਾਂ ਨਾਲ ਹੋਰ ਡੂੰਘੀ
ਤਰ੍ਹਾਂ ਜੁੜਦਾ ਹੈ ਅਤੇ ਵਿਦਰੋਹ ਅਤੇ ਸਮੂਹਕ ਸੰਘਰਸ਼ ਦੀ ਭਾਸ਼ਾ ਨੂੰ ਆਪਣੇ ਕਾਵ-ਪ੍ਰਗਟਾਵੇ ਦਾ
ਹਿੱਸਾ ਬਣਾਉਂਦਾ ਹੈ। ਉਹ ਵਚਨ/ਪ੍ਰਵਚਨ ਦੀ ਥਾਂ
ਕਿਰਿਆਸ਼ੀਲਤਾ, ਹਥਿਆਰਬੰਦ ਸੰਘਰਸ਼, ਕੁਰਬਾਨ ਹੋ ਜਾਣ ਦੀ ਤੀਬਰ ਤਮੰਨਾਂ, ਬੇਖ਼ੌਫ਼ ਹੋ ਕੇ ਕਿਸੇ ਵੀ
ਤਸ਼ੱਦਦ ਨੂੰ ਸਹਿਣ ਦੀ ਜ਼ੁਅੱਰਤ ਦੇ ਭਾਵਾਂ ਨੂੰ ਪ੍ਰਗਟ ਕਰਦਾ ਹੋਇਆ ਅਜਿਹੀ ਕਾਵਿ-ਮੈਂ ਦਾ ਨਿਰਮਾਣ
ਕਰਦਾ ਹੈ ਜੋ ਸਧਾਰਣ ਮਨੁੱਖ ਦੀ ਜ਼ਿੰਦਗੀ ਵਿਚ ਕ੍ਰਾਂਤੀਕਾਰੀ ਪਰਿਵਰਤਨ ਲਿਆਉਣ ਲਈ ਬਿਹਬਲ ਹੈ। ਇਸ
ਪੜਾਅ ਦੀ ਕਵਿਤਾ ਵਿਚ ਕਵੀ ਦਾ ਸਵੈ ਕ੍ਰਾਂਤੀਕਾਰੀ ਅੰਦੋਲਨ ਦੀ ਬੁਲੰਦ ਸੁਰ ਨਾਲ ਇਕਮਿਕ ਹੋਇਆ
ਜਾਪਦਾ ਹੈ। ਇੱਥੇ ਆ ਕੇ ਕਵੀ ਦਾ ਅਹੰਮ ਅਤੇ ਕ੍ਰਾਂਤੀਕਾਰੀ ਕਰਮ ਦਾ ਸਵੈ-ਅਭਿਮਾਨ ਮਿਲ ਕੇ ਵਚਿੱਤਰ
ਕਾਵਿ-ਭਾਸ਼ਾ ਦੀ ਸਿਰਜਣਾ ਕਰਦੇ ਹਨ। ਇਸ ਕਾਵਿ ਭਾਸ਼ਾ ਵਿਚਲੀ ਅਭਿਮਾਨੀ ਸੁਰ ਉਸ ਸਮੇਂ ਦੇ ਸੰਘਰਸ਼
ਵਿਚਲੀ ਹਿੰਸਾ/ਪ੍ਰਤਿਹਿੰਸਾ ਦਾ ਪ੍ਰਤਿਬਿੰਬ ਵੀ ਹੈ, ਰਾਜਕੀ ਹਿੰਸਾ ਦਾ ਪ੍ਰਤਿਕਰਮ ਵੀ ਪਰ ਨਾਲ ਹੀ
ਕ੍ਰਾਂਤੀਕਾਰੀ ਨਿਖੇੜਵਾਦ ਤੋਂ ਪ੍ਰੇਰਿਤ ਵੀ ਹੈ।
ਸਿੱਟੇ ਵਜੋਂ ਇਸ ਪੜਾਅ ਦੀ ਜਗਤਾਰ ਦੀ ਸ਼ਾਇਰੀ ਦਾ ਇਕ ਪਾਸਾਰ ਈਗੋ ਜਾਂ ਅਹੰਮ ਦੇ
ਪ੍ਰਗਟਾਵੇ ਨਾਲ ਸੰਬੰਧਿਤ ਹੋ ਜਾਂਦਾ ਹੈ। ਇਹ
ਅਹੰਮ ਰਾਜਨੀਤਕ-ਵਿਚਾਰਧਾਰਕ ਸ੍ਰੇਸ਼ਟਤਾ ਦੇ ਭਾਵ ਦੀ ਉਪਜ ਜਾਪਦਾ ਹੈ। ਇਸ ਦਾ ਪ੍ਰਮਾਣ ਇਸ ਗੱਲ ਤੋਂ
ਮਿਲ ਜਾਂਦਾ ਹੈ ਕਿ ਉਸ ਦਾ ਸੰਵਾਦ/ ਵਿਵਾਦ ਮਹਿਜ ਸੱਤਾਵਾਨ ਧਿਰ ਜਾਂ ਸ਼ੋਸ਼ਕ ਧਿਰ ਨਾਲ ਹੀ ਨਹੀਂ ਹੈ
ਸਗੋਂ ਉਸ ਦੇ ਅਧੀਨ ਰਹਿਣ ਵਾਲੇ ਅਤੇ ਸ਼ੋਸ਼ਣ ਦਾ ਸ਼ਿਕਾਰ ਲੋਕਾਂ ਦੇ ਇਕ ਅਜਿਹੇ ਹਿੱਸੇ ਨਾਲ ਵੀ ਹੈ
ਜੋ ਸ਼ੋਸ਼ਣ ਦਾ ਸ਼ਿਕਾਰ ਹੈ ਪਰ ਬਗਾਵਤ ਉੱਤੇ ਨਹੀਂ ਉੱਤਰ੍ਹਦਾ। ਲੋਕਾਈ ਦਾ ਉਹ ਹਿੱਸਾ ਸਮਝੌਤਾਵਾਦੀ
ਹੈ ਜਾਂ ਡਰੂ ਹੈ ਜਾਂ ਨਿਰੰਤਰ ਸੰਘਰਸ਼ ਵਿਚ ਰਹਿਣ ਦੇ ਕਾਬਿਲ ਨਹੀਂ ਅਤੇ ਸੱਤਾ ਦੇ ਤਸ਼ੱਦਦ ਤੋਂ
ਤ੍ਰਹਿੰਦਾ ਹੈ। ਜਗਤਾਰ ਅਕਸਰ ਆਪਣੇ ਆਪ ਨੂੰ ਉਨ੍ਹਾਂ ਤੋਂ ਨਿਖੇੜਦਾ ਹੈ ਅਤੇ ਸਵੈ ਦੇ ਗੌਰਵ ਦੀ
ਸੁਰ ਉਚਾਰਦਾ ਹੈ। ਅਜਿਹੀਆ ਥਾਵਾਂ ‘ਤੇ ਉਸ ਦੀ ਸੁਰ ਵੰਗਾਰਵੀਂ ਹੈ ਅਤੇ ਉਹ ਕੁਰਬਾਨ ਹੋ ਜਾਣ ਦੀ
ਤੀਬਰ ਚਾਹਤ ਦਾ ਪ੍ਰਗਟਾਵਾ ਕਰਦਾ ਹੈ।
ਇੱਥੇ ਇਹ ਵੀ ਯਾਦ ਰੱਖਣਾ
ਚਾਹੀਦਾ ਹੈ ਕਿ ਜਗਤਾਰ ਦੇ ਆਪਣੇ ਬਿਆਨਾਂ ਅਨੁਸਾਰ ਉਹ ਕਦੇ ਵੀ ਨਕਸਲੀ ਲਹਿਰ ਦਾ ਸਰਗਰਮ ਹਿੱਸਾ
ਨਹੀਂ ਰਿਹਾ[9]। ਉਹ ਨਕਸਲੀ ਲਹਿਰ ਦਾ
ਹਮਦਰਦ ਰਿਹਾ ਹੈ, ਉਨ੍ਹਾਂ ਦੀਆਂ ਕ੍ਰਾਂਤੀਕਾਰੀ ਸਰਗਰਮੀਆਂ ਦਾ ਪ੍ਰਸ਼ੰਸਕ ਰਿਹਾ ਹੈ ਅਤੇ ਉਨ੍ਹਾਂ
ਆਸ਼ਿਆਂ ਨੂੰ ਸਮਰਪਿਤ ਰਿਹਾ ਹੈ ਜਿਨ੍ਹਾਂ ਵਿਚ ਮਨੱਖ ਦੀ ਲੁੱਟ ਨੂੰ ਖ਼ਤਮ ਕਰਕੇ ਨਵੇਂ ਪ੍ਰਬੰਧ ਦੀ
ਸਿਰਜਣਾ ਸੀ। ਕ੍ਰਾਂਤੀਕਾਰੀ ਸਰਗਰਮੀ ਵਿਚ ਸਿੱਧੀ ਸ਼ਮੂਲੀਅਤ ਦੀ ਅਣਹੋਂਦ ਦੇ ਬਾਵਜੂਦ ਜਗਤਾਰ ਦੀ
ਕਵਿਤਾ ਵਿਚਲੀ ਅਜਿਹੀ ਸੁਰ ਮੇਰੀ ਸਮਝ ਅਨੁਸਾਰ ਮਹਿਜ ਰਾਜਨੀਤਕ ਵਿਦਰੋਹ ਦੀ ਸੁਰ ਹੀ ਨਹੀਂ
ਸਗੋਂ ਅਸਤਿਤਵੀ ਵੰਗਾਰ ਵਾਲੀ ਸੁਰ ਵੀ ਹੈ ਜੋ
ਉਨ੍ਹਾਂ ਸਥਿਤੀਆਂ ਵਿਚ ਸਾਰਥਕ ਹੁੰਦੀ ਹੈ ਜਿਨ੍ਹਾਂ ਵਿਚ ਵਿਆਪਕ ਸੰਘਰਸ਼ ਦਾ ਪਰਿਪੇਖ ਗ਼ੈਰਹਾਜ਼ਰ
ਹੁੰਦਾ ਹੈ ਅਤੇ ਇਤਿਹਾਸਕ ਚੇਤਨਾ ਵਾਲਾ ਬੁੱਧੀਮਾਨ ਜਾਂ ਸ਼ਾਇਰ ਆਪਣੇ ਆਪ ਨੂੰ ਸਾਬਤਕਦਮ ਰੱਖਣ ਲਈ
ਆਦਰਸ਼ਵਾਦ ਦੀ ਸ਼ਰਨ ਵਿਚ ਜਾਣ ਲਈ ਮਜਬੂਰ ਹੁੰਦਾ ਹੈ। ਇਸੇ ਲਈ ਉਸ ਦੀ ਸ਼ਾਇਰੀ ਵਿਚ ਇਕ ਉੱਭਰਵੀ ਸੁਰ
ਜ਼ਿੱਦ ਦੀ ਸੁਰ ਹੈ। ਇਸੇ ਲਈ ਉਹ ‘ਮੈਂ’ ਦੇ ਆਸਣ ‘ਤੇ ਖੜੋ ਕੇ ਆਤਮ-ਮੰਥਨ ਦੀ ਬਜਾਏ ਵੰਗਾਰਵੀਂ ਸੁਰ
ਉਚਾਰਦਾ ਹੈ ਅਤੇ ਆਪਣੇ ਚੇਤਨ ਅਸਤਿਤਵ ਨੂੰ ਸੰਭਾਲਦਾ/ਸੰਵਾਰਦਾ ਹੈ:
ਮੈਂ ਉਨ੍ਹਾਂ ਵਿਚ ਨਹੀਂ
ਸ਼ਾਮਿਲ
ਘਰੋਂ ਜੋ ਤੁਰ ਤਾਂ ਪੈਂਦੇ ਨੇ
ਘਰੋਂ ਪਰ ਕੁਝ ਕਦਮ ਚੱਲ ਕੇ
ਹੀ
ਰਾਹ ਵਿਚ ਰਾਤ ਦੇ –
’ਨੇਰੇ ਤੋਂ ਡਰ ਜਾਂਦੇ।
ਨਾ ਮੈਂ ਉਨ੍ਹਾਂ ‘ਚ ਸ਼ਾਮਿਲ
ਹਾਂ
ਜੋ ਅੱਜ ਕਾਨੂੰਨ ਤੋਂ ਡਰਦੇ
ਘਰਾਂ ਵਿਚ
ਲਾਲ ਸੂਹੇ ਫੁੱਲ ਨਹੀਂ
ਰੱਖਦੇ।
ਤੁਸੀਂ ਜੇ –
ਗੰਦਗੀ ਵਿਚ ਰੀਂਘਦੇ ਹੋਏ
ਕੀੜਿਆਂ ਵਰਗੀ
ਹਿਯਾਤੀ ਨਾਲ ਖ਼ੁਸ਼ ਹੋ
ਤਾਂ ਮੁਬਾਰਕ!
ਅਸਾਨੂੰ ਰੀਂਘਦੀ ਹੋਈ ਜ਼ਿੰਦਗੀ
ਦੇ ਨਾਲ ਨਫ਼ਰਤ ਹੈ।
ਤੁਸੀਂ ਪਰਕਾਰ ਵਾਂਗੂੰ
ਦਾਇਰਿਆਂ ਵਿਚ ਜੇ ਘਿਰੇ
ਰਹਿਣਾ
ਤਾ ਸਾਡੀ ਅਲਵਿਦਾ!
ਅਸੀਂ ਇਕ ਮੀਲ-ਪੱਥਰ ਵਾਂਗ
ਗੱਡੇ ਰਹਿਣ ਵਿਚ ਵਿਸ਼ਵਾਸ
ਨਹੀਂ ਰਖਦੇ
ਅਸੀਂ ਤਾਂ ਬਸ ਸਫ਼ਰ ਬਣਕੇ –
ਜਿਉਂਦੇ ਰਹਿਣ ਵਿਚ ਵਿਸ਼ਵਾਸ
ਰਖਦੇ ਹਾਂ। (ਅਣਮੁਕ ਸਫ਼ਰ, ਲਹੂ ਦੇ ਨਕਸ਼, ਫ਼ੈਸਲਾ, 400)
ਮੈਂ ਇਕ ਆਵਾਜ਼ ਹਾਂ
ਮੈਂ ਆਪਣੀ ਮੌਤ ਤੋਂ ਪਹਿਲਾਂ
ਹਜ਼ਾਰਾਂ ਜਿਸਮ ਬਣ ਕੇ
ਨਿਕਲ ਜਾਵਾਂਗਾ।
ਤੁਫ਼ਾਨਾ ਦੇ ਉਡਾਏ ਬੀਜ
ਮੌਸਮ ਆਉਣ ‘ਤੇ
ਮੁੜ ਫਸਲ ਬਣ ਕੇ –
ਉੱਗ ਪੈਂਦੇ ਨੇ। (ਅਣਮੁਕ
ਸਫ਼ਰ, ਲਹੂ ਦੇ ਨਕਸ਼, ਚੇਤਨਾ, 391)
ਸੋ ਇਨ੍ਹਾਂ ਕਵਿਤਾਵਾਂ ਵਿਚ ਜਗਤਾਰ ਕ੍ਰਾਂਤੀਕਾਰੀ
ਨਿਖੇੜਾਵਾਦੀ ਵਿਚਾਰਧਾਰਾ ਤੋਂ ਪ੍ਰੇਰਿਤ ਵੰਗਾਰਵੀ ਸੁਰ ਦੇ ਨਾਲ ਨਾਲ ਅਸਤਿਤਵੀ ਵੰਗਾਰ ਦੀ ਸੁਰ ਵੀ
ਅਲਾਪਦਾ ਹੈ ਅਤੇ ਆਪਣੀਆਂ ਵਿਚਾਰਧਾਰਾਈ ਆਸਥਾਵਾਂ ਵਿਚ ਵਿਸ਼ਵਾਸ ਦੇ ਡੋਲਣ ਤੋਂ ਬਚਦਾ ਹੈ।
ਇਕ ਸ਼ਾਇਰ ਦੇ ਤੌਰ ‘ਤੇ ਜਗਤਾਰ
ਦੇ ਉਭਾਰ ਦਾ ਦੌਰ ਕ੍ਰਾਂਤੀਕਾਰੀ ਅੰਦੋਲਨ ਦੇ ਬਿਖਰਣ ਦਾ ਦੌਰ ਹੈ। ਇਸ ਦੌਰ ਵਿਚ ਇਨਕਲਾਬ ਦੇ ਰਸਤੇ ਨੂੰ ਲੈ ਕੇ ਬਹਿਸਾਂ ਵੀ
ਹੋਈਆਂ ਪਰ ਬਹਿਸਾਂ ਨਾਲੋਂ ਜ਼ਿਆਦਾ ਬਿਖਰਾਉ ਹੋਇਆ। ਕ੍ਰਾਂਤੀਕਾਰੀ ਅੰਦੋਲਨ ਪ੍ਰਤਿਹਿੰਸਾ/ਵਿਦਰੋਹ
ਦਾ ਸੇਕ ਪੈਦਾ ਕਰਨ ਪਰ ਨਾਲ ਹੀ ਰੌਸ਼ਨੀ ਬਿਖੇਰਣ ਵਾਲੇ ਸੰਵਾਦ ਦੇ ਰਾਹ ਪੈਣ ਦੀ ਥਾਂ ਟਕਰਾਉ ਅਤੇ
ਬਿਖਰਾਉ ਦੇ ਰਸਤੇ ਪਿਆ। ਇਸ ਰਸਤੇ ਤੁਰਦਿਆਂ ਵੱਖ ਵੱਖ ਧਿਰਾਂ ਨੇ ਇਕ ਦੂਜੇ ਪ੍ਰਤਿ ਨਾਪਸੰਦੀ ਅਤੇ
ਕਈ ਵਾਰ ਤਾਂ ਛੂਆਛੂਤ ਦੀ ਹੱਦ ਤਕ ਜਾ ਕੇ ਨਿਖੇੜੇ ਦੀ ਭਾਵਨਾ ਦਾ ਸੰਚਾਰ ਕੀਤਾ। ਆਪਣੇ ਆਪ ਨੂੰ
ਕ੍ਰਾਂਤੀਕਾਰੀ ਅਤੇ ਹੋਰਾਂ ਨੂੰ ਸਮਝੌਤਾਵਾਦੀ ਜਾਂ ਸੋਧਵਾਦੀ ਵੀ ਆਖਿਆ। ਪੰਜਾਬੀ ਦੇ ਬਹੁਤੇ ਸਾਹਿਤਕਾਰਾਂ ਨੇ ਐਲਾਨੀਆ
ਕ੍ਰਾਂਤੀਕਾਰੀ ਧਿਰਾਂ ਵਿਚਲੇ ਰਾਜਨੀਤਕ ਨਿਖੇੜਾਵਾਦ ਦੇ ਰੁਝਾਨ ਪ੍ਰਤਿ ਕੋਈ ਚਿੰਤਨੀ ਜਾਂ ਸੰਵਾਦੀ
ਪਹੁੰਚ ਅਪਣਾਉਣ ਦੀ ਥਾਂ ਇਸ ਰੁਝਾਨ ਦਾ ਅਨੁਸਰਣ ਹੀ ਕੀਤਾ ਹੈ। ਇਸ ਲਈ ਕ੍ਰਾਂਤੀਕਾਰੀ ਨਿਖੇੜਾਵਾਦ
ਦੀਆਂ ਸੁਰਾਂ ਪੰਜਾਬੀ ਸ਼ਾਇਰੀ ਵਿਚ ਵੀ ਆਸਾਨੀ ਨਾਲ ਪਛਾਣੀਆਂ ਜਾ ਸਕਦੀਆਂ ਹਨ। ਲਹਿਰਾਂ ਦੇ ਨਾਲ
ਚੱਲਣ ਵਾਲੀ ਪੰਜਾਬੀ ਕਵਿਤਾ ਨੇ ਚਿੰਤਨੀ ਅਗਵਾਈ ਦੇਣ ਦੀ ਥਾਂ ਆਪਣੀ ਰਚਨਾਤਮਕ ਖ਼ੁਦਮੁਖ਼ਤਾਰੀ ਨੂੰ
ਸਰੰਡਰ (ਆਤਮ ਸਮਰਪਣ) ਕਰ ਦਿੱਤਾ ਅਤੇ ਰਾਜਨੀਤਕ ਪਾਰਟੀਆਂ ਦੀ ਸੁਰ ਨਾਲ ਸੁਰ ਮਿਲਾ ਕੇ ਉਨ੍ਹਾਂ ਦੇ
ਦ੍ਰਿਸ਼ਟੀਕੋਣ ਤੋਂ ਹੀ ਸੰਘਰਸ਼ ਅਤੇ ਕੁਰਬਾਨੀ ਦੇ ਅਰਥ ਸਮਝੇ/ਸਮਝਾਏ। ਇਸ ਪੱਖੋਂ ਜਗਤਾਰ ਦੀ ਇਸ ਪੜਾਅ ਦੀ ਕਵਿਤਾ ਵੀ ਪੰਜਾਬੀ
ਕਵਿਤਾ ਵਿਚ ਕੋਈ ਅਪਵਾਦ ਨਹੀਂ ਹੈ। ਉਸ ਦੀ ਇਹ ਕਵਿਤਾ ਬਾਅਦ ਵਿਚ ਉਸ ਦੀ ਗੂੜ੍ਹੀ ਪਛਾਣ ਦਾ ਆਧਾਰ
ਵੀ ਬਣੀ ਹੈ:
ਇਹ ਗੱਲ ਮੈਂ
ਉਨ੍ਹਾਂ ਲੋਕਾਂ ਨੂੰ ਵੀ
ਕਹਿਣੀ ਹੈ
ਜੋ ਆਪਣੇ ਅਸਲੇ ਨੂੰ ਭੁੱਲ ਕੇ
ਟੁੱਟੀ ਤੇ ਉੱਜੜੀ ਹੋਈ ਸੜਕ
ਕਿਨਾਰੇ
ਚੰਦਨ ਭਾਲ ਰਹੇ ਨੇ।
ਸਿਰ ਤੇ ਆਈ ਹੋਣੀ ਤਾਈਂ
ਟਾਲ ਰਹੇ ਨੇ।
.........................................................
ਇਸ ਵੇਲੇ ਕੇਵਲ ਸ਼ਬਦਾਂ ਦੀ
ਸ਼ਕਤੀ
ਮਿੱਤਰੋ ਅਰਥ-ਹੀਣ ਹੈ
ਹੁਣ ਸ਼ਸਤਰ ਦਿ ਸ਼ਕਤੀ ਪੁੱਗੇ।
(ਅਣਮੁਕ ਸਫ਼ਰ, ਦਰਿਆ ਦੇ ਵਹਿਣ, 410-411)
ਇਸ ਕਵਿਤਾ ਨੂੰ ਸੀ.ਪੀ.ਆਈ. ਦੇ ਨਾਮ ਸਮਰਪਿਤ ਕੀਤਾ ਗਿਆ
ਹੈ। ਜ਼ਾਹਿਰ ਹੈ ਕਿ ਇਹ ਕਵਿਤਾ ਇਕ ਵਿਸ਼ੇਸ਼ ਪਾਰਟੀ ਨਾਲ ਸੰਵਾਦ ਹੈ ਪਰ ਇਹ ਸੰਵਾਦ ਦੀ ਸੁਰ ਸੰਵਾਦੀ
ਘੱਟ ਐਲਾਨੀਆਂ ਅਤੇ ਵਿਅੰਗਾਤਮਕ ਜ਼ਿਆਦਾ ਹੈ। ਇੱਥੇ ਇਹ ਕਹਿਣ ਵਿਚ ਕੋਈ ਝਿਜਕ ਨਹੀਂ ਹੋਣੀ ਚਾਹੀਦੀ
ਕਿ ਕੁੱਝ ਖੱਬੇਪੱਖੀ ਪਾਰਟੀਆਂ ਨੇ ਜਦੋਂ ਨਿਰੋਲ ਪਾਰਲੀਮਾਨੀ ਰਾਹ ਦੀ ਵਜਾਹਤ ਕਰਦਿਆਂ
ਪ੍ਰਤਿਹਿੰਸਾਤਮਕ ਰਾਜਨੀਤੀ ਨਾਲੋਂ ਮੂਲੋਂ ਹੀ ਨਿਖੇੜਾ ਕਰ ਲਿਆ ਤਾਂ ਉਨ੍ਹਾਂ ਨੂੰ ਇਸ ਕਿਸਮ ਦੇ
ਰੋਹ ਦਾ ਸ਼ਿਕਾਰ ਹੋਣਾ ਹੀ ਪੈਣਾ ਸੀ। ਸਾਡੀ ਕ੍ਰਾਂਤੀਕਾਰੀ ਤਹਿਰੀਕ ਦੇ ਬਿਖਰ ਜਾਣ ਪਿੱਛੇ ਜੋ
ਵਾਸਤਵਿਕ ਕਾਰਣ ਹਨ, ਉਨ੍ਹਾਂ ਵੱਲ ਧਿਆਨ ਦੇਣ ਦਾ ਨਾ ਉਦੋਂ ਸਮਾਂ ਸੀ ਅਤੇ ਨਾ ਹੀ ਹਾਲੇ ਤਕ ਇਸ
ਵੱਲ ਕਿਸੇ ਨੇ ਧਿਆਨ ਦੇਣ ਦੀ ਜ਼ਹਿਮਤ ਫ਼ੁਰਮਾਈ ਹੈ। ਇਹ ਨਿਖੇੜਾਵਾਦ ਬਾਦਸਤੁਰ ਜਾਰੀ ਹੈ।
ਭਾਵੇਂ ਇਹ ਕਵਿਤਾ ਕ੍ਰਾਂਤੀਕਾਰੀ ਧਿਰਾਂ ਵਿਚਲੇ ਰਾਜਨੀਤਕ
ਨਿਖੇਵਾਵਾਦ ਤੋਂ ਪ੍ਰੇਰਿਤ ਹੈ ਪਰ ਇਸ ਦੀ ਵੰਗਰਾਵੀਂ ਸੁਰ, ਕ੍ਰਾਂਤੀਕਾਰੀ ਭਾਵਨਾ ਦੀ ਸ਼ਿੱਦਤ,
ਕੁਰਬਾਨੀ ਦੀ ਚਾਹਤ ਦੇ ਪਵਿੱਤਰ ਜਜ਼ਬੇ ਅਤੇ ਰਾਜਨੀਤਕ ਨਿਰਣਾਇਕਤਾ ਦੇ ਭਾਵ ਕਰਕੇ ਪਾਠਕ ਅਤੇ
ਵਿਸ਼ੇਸ਼ਕਾਰ ਚੇਤਨ ਬੁੱਧ ਪਾਠਕ ਨੂੰ ਆਕਰਸ਼ਿਤ ਕਰਦੀ ਹੈ। ਉਸ ਦੇ ਅਚੇਤ ਨੂੰ ਇਹ ਕਵਿਤਾ ਕਿਵੇਂ ਵੀ
ਪ੍ਰਭਾਵਿਤ ਕਰਦੀ ਹੋਵੇ ਪਰ ਉਸ ਦੇ ਸੁਚੇਤ ਨੂੰ ਉਹ ਕਾਂਤੀਕਾਰੀ ਸਰਗਰਮੀ ਨਾਲ ਜੁੜਨ ਦੀ ਪ੍ਰੇਰਣਾ
ਅਤੇ ਜ਼ੁਅੱਰਤ / ਹੌਸਲਾ ਦਿੰਦੀ ਹੈ। ਇਸ ਤਰ੍ਹਾਂ
ਜ਼ਰਾ ਗਹੁ ਨਾਲ ਦੇਖੀਏ ਤਾਂ ਜਗਤਾਰ ਦੀ ਕਵਿਤਾ ਪਾਸ਼-ਕਾਵਿ ਦਾ ਪੇਸ਼ਰੌ ਪ੍ਰਤੀਤ ਹੁੰਦੀ ਹੈ। ਜਗਤਾਰ
ਦੀ ਕਵਿਤਾ ਵਿਚਲੀ ਕ੍ਰਾਂਤੀਕਾਰੀ ਚੇਤਨਾ ਦਾ ਸਹਿਜ ਅਤੇ ਸੁਹਜਪੂਰਣ ਪ੍ਰਗਟਾਵਾ ਉਦੋਂ ਹੁੰਦਾ ਹੈ
ਜਦੋਂ ਉਹ ਕ੍ਰਾਂਤੀਕਾਰੀ ਅੰਦੋਲਨ ਵਿਚਲੇ ਨਿਖੇੜਾਵਾਦੀ ਰੁਝਾਨ ਦੀ ਬਜਾਏ ਇਕ ਬਾਦਸਤੂਰ ਮੁਸਾਫ਼ਿਰੀ
ਦੀ ਪੁਜੀਸ਼ਨ ‘ਤੇ ਖੜੋ ਕੇ ਜ਼ਿੰਦਗੀ ਨੂੰ ਨਿਹਾਰਦਾ ਅਤੇ ਆਪਣੇ ਜੀਵੇ ਅਨੁਭਵ ਨੂੰ ਸੰਚਾਰਦਾ ਹੈ ਅਤੇ
ਲਾਜ਼ਮੀ ਤ੍ਰਾਸਦੀ ਨੂੰ ਕਲਪਦਾ/ਸੰਕਲਪਦਾ ਹੈ, ਉਸ
ਤੋਂ ਵੀ ਵਧੇਰੇ ਜਦੋਂ ਉਹ ਸ਼ਬਦਾਂ ਦੀ ਚਿੰਰਜੀਵਤਾ ਦੀ ਗੱਲ ਕਰਦਾ ਹੈ ਤਾਂ ਵਧੇਰੇ ਪ੍ਰਮਾਣਿਕ
ਕਾਵਿ-ਬਿੰਬਾਂ ਦੀ ਸਿਰਜਣਾ ਕਰਦਾ ਹੈ।
ਇਸ ਰਾਹ ‘ਚ
ਕਈ ਵਾਰ ਸਲੀਬਾਂ ਦੇ ਸ਼ੰਗਾਰੇ
ਕੰਡਿਆਂ ਤੇ ਪਏ
ਖ਼ਾਕ ‘ਚ ਰੁਲਦੇ
ਅੱਖਾਂ ਜਿਗਰ, ਹੱਥ, ਜਿਸਮ
ਪੈਰ ਨੇ ਮਿਲਣੇ।
ਉਨ੍ਹਾਂ ਨੂੰ ਵੀ ਚੁੰਮਣ ਦਾ
ਸਮਾਂ
ਸਾਨੂੰ ਮਿਲੇ ਜਾਂ ਨਾ ਮਿਲੇ
ਆਪਣਾ ਹੀ ਲਹੂ ਚੁੰਮੇ ਬਿਨਾਂ
ਇੰਝ ਕਈ ਵਾਰ ਹੈ ਲੰਘਣਾ
ਪੈਣਾ। (ਅਣਮੁਕ ਸਫ਼ਰ, ਲਹੂ ਦੇ ਨਕਸ਼, 414)
ਇਸ ਰਾਹ ਦਾ ਤੂੰ
ਇਕ ਐਸਾ ਚਤੇਰਾਂ ਏਂ ਕਿ ਜਿਸ
ਨੇ
ਆਵਾਜ਼ ਦੀਆਂ ਲਹਿਰਾਂ ‘ਚ
ਲਹੂ ਭਰਨਾ ਸਖਾਇਆ।
ਸ਼ਬਦਾਂ ਨੂੰ ਸਫ਼ਰ ਕਰਨਾ
ਸਖਾਇਆ।
ਆਵਾਜ਼ ਵੀ ਹੁੰਦੀ ਹੈ ਭਲਾ ਕਤਲ
ਕਦੇ ਸ਼ਬਦ ਵੀ ਮਰਦੇ?
ਤੂੰ ਹਜ਼ਾਰਾਂ ਹੀ
ਜਿਸਮਾਂ ‘ਚ ਜਿਉਂਦਾ ਏਂ
ਤੇ ਜਿਉਂਦਾ ਰਹੇਂਗਾ। (ਅਣਮੁਕ
ਸਫ਼ਰ, ਲਹੂ ਦੇ ਨਕਸ਼, 415)
ਸੋ ਇਸ ਪੜਾਅ ਦੀ ਜਗਤਾਰ ਦੀ ਕਵਿਤਾ ਦਾ ਚਿਹਰਾ ਮੋਹਰਾ
ਕ੍ਰਾਂਤੀਕਾਰੀ ਅੰਦੋਲਨ ਦੇ ਅੰਦਰਲੇ ਰੁਝਾਨਾਂ ਵਿਚੋਂ ਰੂਪ ਧਰਾਦਾ ਹੈ। ਸ਼ਬਦ ਨਾਲੋਂ ਹਥਿਆਰ ਦੀ ਵਰਤੋਂ ਨੂੰ ਕ੍ਰਾਂਤੀਕਾਰੀ
ਤਬਦੀਲੀ ਦਾ ਆਧਾਰ ਮੰਨਣ ਵਾਲੀ ਕਵਿਤਾ ਦੀ ਭਾਸ਼ਾ ਵਿਚ ਵਿਸ਼ੇਸ਼ ਕਿਸਮ ਦਾ ਸੇਕ ਅਤੇ ਬਿਹਬਲਤਾ ਹੈ। ਇਸ ਕਵਿਤਾ ਵਿਚ
ਕਾਵਿ-ਮੈਂ ਅਤੇ ਰਾਜਨੀਤਕ ਸ੍ਰੇਸ਼ਟਤਾ ਦੇ ਭਾਵ ਵਿਚੋਂ ਪੈਦਾ ਹੋਈ ਅਭਿਮਾਨੀ ਸੁਰ ਇਕਮਿਕ ਹੋ ਜਾਂਦੀ
ਹੈ ਅਤੇ ਬੇਖ਼ੌਫ਼ ਹੋਕੇ ਸੰਘਰਸ਼ ਦੇ ਰਸਤੇ ਤੁਰਦੇ ਰਹਿਣ ਦਾ ਐਲਾਨ, ਆਪਣੇ ਸੁਪਨਿਆਂ ਲਈ ਕੁਰਬਾਨ ਹੋਣ
ਦੀ ਤੀਬਰ ਭਾਵਨਾ ਕਵਿਤਾ ਨੂੰ ਵਿਸ਼ੇਸ਼ ਊਰਜਾ ਨਾਲ ਭਰ ਦਿੰਦੇ ਹਨ। ਇਹੀ ਕਾਵਿ-ਊਰਜਾ ਪਾਠਕ ਨੂੰ ਵੀ ਹਲੂਣਦੀ ਵੀ ਹੈ ਅਤੇ ਜਗਤਾਰ ਨੂੰ ਪੰਜਾਬੀ
ਕਵਿਤਾ ਵਿਚ ਇਕ ਕ੍ਰਾਂਤੀਕਾਰੀ ਵਿਚਾਰਧਾਰਾ ਨਾਲ ਜੁੜੇ ਸ਼ਾਇਰ ਦੇ ਤੌਰ ‘ਤੇ ਸਥਾਪਿਤ ਵੀ ਕਰ ਦਿੰਦੀ
ਹੈ।
ਜਗਤਾਰ
ਦੀ ਕਵਿਤਾ ਦਾ ਅਗਲਾ ਪਾਸਾਰ ਉਸ ਦੇ ਗ਼ਜ਼ਲ ਸੰਗ੍ਰਿਹ ‘ਸ਼ੀਸ਼ੇ ਦਾ ਜੰਗਲ’ ਨਾਲ ਖੁੱਲ੍ਹਦਾ ਹੈ ਪਰ ਉਸ
ਦੀ ਗ਼ਜ਼ਲ ਬਾਰੇ ਚਰਚਾ ਨੂੰ ਹਾਲ ਦੀ ਘੜੀ ਅੱਗੇ ਪਾਉਂਦੇ ਹੋਏ ਅਸੀਂ ਉਸ ਦੇ ਕਾਵਿ ਸੰਗ੍ਰਿਹ
“ਜਜ਼ੀਰਿਆਂ ਵਿਚ ਘਿਰਆ ਸਮੁੰਦਰ ਬਾਰੇ ਚਰਚਾ ਕਰਾਂਗੇ। ਇਸ ਸੰਗ੍ਰਿਹ ਵਿਚ ਉਸ ਦੀਆਂ ਕਵਿਤਾਵਾਂ ਵੀ
ਸ਼ਾਮਿਲ ਹਨ ਅਤੇ 32 ਗ਼ਜ਼ਲਾਂ ਵੀ ਸ਼ਾਮਿਲ ਹਨ। ਸ਼ੀਸ਼ੇ ਦਾ ਜੰਗਲ ਰਾਹੀਂ ਨਿਰੋਲ ਪ੍ਰਗੀਤਕ ਅਤੇ ਸਖ਼ਤ
ਛੰਦ-ਵਿਧਾਨ (ਅਰੂਜ਼) ਪਰ ਵੰਨ-ਸੁਵੰਨੇ ਭਾਵਾਂ/ਮੂਡਾਂ, ਦ੍ਰਿਸ਼ਾਂ/ਬਿੰਬਾਂ ਦੀ ਸੁਤੰਤਰ ਘਾੜਤ ਲਈ ਉਹ
ਗ਼ਜ਼ਲ ਨੂੰ ਆਪਣੇ ਕਾਵਿਕ-ਪ੍ਰਗਟਾਵੇ ਦਾ ਮਾਧਿਅਮ ਬਣਾਉਣ ਤੋਂ ਬਾਅਦ ਪਹਿਲਾਂ ਜਿਹਾ ਕਵੀ ਨਹੀਂ
ਰਹਿੰਦਾ। ਇਸ ਦਾ ਪ੍ਰਭਾਵ ਉਸ ਦੀ ‘ਜਜ਼ਿਰਿਆਂ ਵਿਚ ਘਿਰਆ ਸਮੁੰਦਰ’ ਅਤੇ ਇਸ ਤੋਂ ਬਾਅਦ ਵਾਲੇ
ਕਾਵਿ-ਸੰਗ੍ਰਹਿ ‘ਚਨੁਕਰੀ ਸ਼ਾਮ ਵਿਚਲੀਆਂ ਕਵਿਤਾਵਾਂ ਉੱਪਰ ਵੀ ਪੈਂਦਾ ਹੈ। ਜਜ਼ੀਰਿਆਂ ਦੇ ਸਮੁੰਦਰ
ਦੀਆਂ ਕਵਿਤਾਵਾਂ ਵਿਚ ਬਿਰਤਾਂਤਕਤਾ ਦੇ ਨਾਲ ਨਾਲ ਸੰਵਾਦੀ ਸੁਰ ਹੋਰ ਵੀ ਵਧੇਰੇ ਪ੍ਰਬਲ ਹੋਣ ਲੱਗਦੀ
ਹੈ ਅਤੇ ਕਵੀ ਕੁਝ ਵਧੇਰੇ ਹੀ ਸਵੈਜੀਵਨੀਆਤਮਕ ਪ੍ਰਗਟਾਵੇ ਵੱਲ ਤੁਰਦਾ ਪ੍ਰਤੀਤ ਹੁੰਦਾ ਹੈ। ਇੱਥੇ ਬਿਰਤਾਂਤਕਤਾ ਤੋਂ ਭਾਵ ਉਹੀ ਹੈ ਜਿਸ ਨੂੰ ਜਗਤਾਰ
ਖ਼ੁਦ ਗ਼ਜ਼ਲ ਦੇ ਲੱਛਣ ਵਜੋਂ ‘ਸਿਨੇਮੈਟਿਕ’ ਜਾਂ ਸਿਨੇਮਾਈ ਤੱਤ ਕਹਿੰਦਾ ਹੈ। ਇਹ ਬਿਰਤਾਂਤਕਤਾ ਸਮੂਹਕ
ਭਾਂਤ ਦੀ ਨਾ ਹੋ ਕੇ ਵਿਅਕਤੀਗਤ ਅਨੁਭਵਸ਼ੀਲ ਕਾਵਿ-ਪਾਤਰ ਦੀ ਦ੍ਰਿਸ਼ਟੀ ਤੋਂ ਖਿੱਚੇ ਗਏ ਗਤੀਸ਼ੀਲ
ਦ੍ਰਿਸ਼ਾਂ ਰਾਹੀ ਸਾਕਾਰ ਹੁੰਦੀ ਹੈ।
ਇਸ ਪੜਾਅ ਉੱਤੇ ਆ ਕੇ
ਸੰਵਾਦਕ-ਬਿਰਤਾਂਤਕ ਸ਼ੈਲੀ ਜਗਤਾਰ ਦੀ ਕਵਿਤਾ ਦਾ ਇਕ ਨਿੱਖੜਵਾਂ ਲੱਛਣ ਬਣ ਜਾਂਦੀ ਹੈ। ਬਿਰਤਾਂਤਕਤਾ
ਜਗਤਾਰ ਦੇ ਕਾਵਿ-ਪ੍ਰਗਟਾਵੇ ਦਾ ਮੁੱਢੋਂ ਹੀ ਇਲ ਲਾਜ਼ਮੀ ਹਿੱਸਾ ਰਹੀ ਹੈ ਪਰ ਇਸ ਪੜਾਅ ਉੱਤੇ ਆ ਕੇ
ਬਿਰਤਾਂਤਕਤਾ ਅੰਦਰ ਬਾਹਰਵਰਤੀ ਦ੍ਰਿਸ਼ਕਾਰੀ ਦੀ ਥਾਂ ਸੰਵਾਦਕਤਾ ਦਾ ਤੱਤ ਆ ਕੇ ਜੁੜ ਜਾਂਦਾ ਹੈ।
ਜਦੋਂ ਕਵਿਤਾ ਬਿਰਤਾਂਤਕ ਹੋ ਜਾਂਦੀ ਹੈ ਤਾਂ ਕਾਵਿ-ਬਿੰਬ ਦਾ ਸਰੂਪ ਬਦਲ ਜਾਂਦਾ ਹੈ। ਅਜਿਹੀ ਕਵਿਤਾ
ਵਿਚ ਕਾਵਿ-ਬਿੰਬ ਖੰਡ-ਖੰਡ ਸਿਰਜਿਆ ਜਾਂਦਾ ਹੈ, ਹਰ ਸ਼ਬਦ, ਵਾਕੰਸ਼ ਅਤੇ ਵਾਕ ਨਾਲ ਉਸ ਦੀ ਉਸਾਰੀ ਹੋ
ਰਹੀ ਹੁੰਦੀ ਹੈ ਅਤੇ ਉਸ ਦੀ ਸਿਰਜਣਕਾਰੀ ਸਮੁੱਚੀ ਕਵਿਤਾ ਨਾਲ ਹੀ ਸੰਪੂਰਣ ਹੁੰਦੀ ਹੈ। ਇਸ ਲਈ
ਅਜਿਹੀ ਕਵਿਤਾ ਵਿਚੋਂ ਕੋਈ ਕਾਵਿ-ਅੰਸ਼ ਵੱਖਰਾ ਕਰਕੇ ਉਸ ਦੇ ਅਰਥ ਕਰਨੇ ਮੁਸ਼ਕਿਲ ਹੋ ਜਾਂਦੇ ਹਨ।
ਬਿਰਤਾਂਤਕ ਸ਼ੈਲੀ ਤੋਂ ਵੱਖਰੀ
ਕਵਿਤਾ ਵਿਚ ਬਿੰਬਕਾਰੀ ਦੁਹਰਾਉਮੂਲਕ ਵੀ ਹੋ ਸਕਦੀ ਹੈ ਜਿਸ ਤਹਿਤ ਇਕੋ ਭਾਵ ਨੂੰ ਵੱਖ ਵੱਖ ਬਿੰਬਾਂ
ਦੀ ਸਿਰਜਣਾ ਨਾਲ ਗਹਿਰਾ ਅਤੇ ਗੂੜ੍ਹਾ ਕੀਤਾ ਜਾਂਦਾ ਹੈ। ਅਜਿਹੀ ਕਵਿਤਾ ਦੇ ਹਰ ਅੰਸ਼ ਵਿਚ ਸਮੁੱਚ
ਦਾ ਅਕਸ ਮੌਜੂਦ ਰਹਿੰਦਾ ਹੈ। ਉਸ ਦੀ ਕਵਿਤਾ
‘ਕਿਸੇ ਦੇ ਹਿਜਰਤ ਕਰਨ ਪਿੱਛੋਂ ਦੇ ਪ੍ਰਭਾਵ’ (ਅਣਮੁਕ ਸਫ਼ਰ/ਜਜ਼ੀਰਿਆਂ ਵਿਚ ਘਿਰਿਆ ਸਮੁੰਦਰ/
262-63) ਵਿਚ ਮੁੱਢ ਵਿਚ ਹੋਰ ਭਾਵ ਹੈ ਜਿਸ ਵਿਚ ਵਿਛੋੜਾ ਦੇ ਕੇ ਗਏ ਕਾਵਿ-ਪਾਤਰ ਦੀ ਪੀੜ ਅਤੇ
ਸੰਤਾਪ ਉੱਘੜਵਾਂ ਹੈ ਪਰ ਅਖ਼ੀਰ ਵਿਚ ਉਸ ਕਾਵਿ-ਪਾਤਰ ਦੀ ਪੀੜ ਨੂੰ ਉਘਾੜਿਆ ਗਿਆ ਹੈ ਜੋ ਜੀਵਨ ਦੀ
ਯਾਤਰਾ ਵਿਚ ਪਿੱਛੇ ਰਹਿ ਗਿਆ ਤੇ ਖਿੰਡ ਗਿਆ ਹੈ ਅਤੇ ਅਤੀਤ ਜਿਸ ਦੇ ਵਰਤਮਾਨ ਵਿਚੋਂ ਝਾਕਦਾ
ਰਹਿੰਦਾ ਹੈ।
ਇਸ ਲਈ ਸੰਵਾਦੀ-ਬਿਰਤਾਂਤਕਤਾ
ਜਜ਼ੀਰਿਆਂ ਵਿਚ ਘਿਰਿਆ ਸਮੁੰਦਰ ਵਿਚਲੀਆਂ ਨਜਮਾਂ ਦੀ ਵਿਸ਼ੇਸ਼ ਖ਼ਾਸੀਅਤ ਹੈ। ਉਹ ਨਿਰੇ ਸਥਿਰ
ਚਿੰਨ੍ਹਾਂ-ਪ੍ਰਤੀਕਾਂ ਨਾਲ ਆਪਣੇ ਭਾਵਾਂ ਨੂੰ ਨਹੀਂ
ਸੰਚਾਰਦਾ ਸਗੋਂ ਗਤੀਸ਼ੀਲ ਵਸਤਾਂ-ਘਟਨਾਵਾਂ ਦਾ ਬਿਰਤਾਂਤ ਸਿਰਜਦਾ ਹੈ ਅਤੇ ਸੰਵਾਦੀ
ਸਥਿਤੀਆਂ ਦੀ ਸਿਰਜਣਾ ਰਾਹੀਂ ਆਪਣੇ ਭਾਵ ਪ੍ਰਗਟ ਕਰਦਾ ਹੈ। ਉਸ ਦੀ ਇਹ ਬਿਰਤਾਂਤਕਤਾ ਸ਼ੁਰੂ ਸ਼ੁਰੂ
ਵਿਚ ਸਮੂਹਕ ਭਾਂਤ ਦੀ ਹੈ ਪਰ ਹੌਲੀ ਹੌਲੀ ਇਸ ਵਿਚ ਨਿੱਜ-ਅਨੁਭਵ ਦੇ ਵੇਰਵੇ ਹਾਵੀ ਹੁੰਦੇ ਜਾਂਦੇ
ਹਨ। ਇੰਝ ਉਸ ਦੀ ਬਿਰਤਾਂਤਕਤਾ ਸਮੂਹਕ ਦ੍ਰਿਸ਼ਟੀ ਅਤੇ ਨਿੱਜ-ਅਨੁਭਵ ਦੇ ਦਰਮਿਆਨ ਫੈਲਦੀ-ਸੁੰਗੜਦੀ
ਰਹਿੰਦੀ ਹੈ। ਜਦੋਂ ਇਹ ਦੋਵੇਂ ਸਿਰੇ ਸਮਤੋਲ ਵਿਚ ਆਉਂਦੇ ਹਨ ਜਾਂ ਸਮੂਹਕਤਾ ਅਤੇ ਨਿੱਜਤਾ ਦੇ ਭਾਵ
ਪੂਰੀ ਤਰ੍ਹਾਂ ਤਣਾਉ ਵਿਚ ਖਿੱਚੇ ਹੋਏ ਇਕ ਦੂਜੇ ਨਾਲ ਜੁੜਦੇ ਹਨ ਤਾਂ ਕਾਵਿਕ-ਖ਼ੂਬਸੂਰਤੀ ਪੈਦਾ ਹੁੰਦੀ
ਹੈ ਜੋ ਪਾਠਕ ਨੂੰ ਝਿੰਜੋੜਦੀ-ਚੇਤੰਨ ਵੀ ਕਰਦੀ ਹੈ ਅਤੇ ਸ਼ਾਇਰ ਪ੍ਰਤਿ ਪਿਆਰ-ਲਗਾਉ ਦਾ ਭਾਵ ਵੀ
ਪੈਦਾ ਕਰਦੀ ਹੈ। ਉਸ ਦੀਆਂ ਕਵਿਤਾਵਾਂ ਤਜਰਬਾ
(239) ਅਤੇ ਉਹ ਕਿਤੇ ਨਹੀਂ ਗਿਆ (237) ਵਿਚ ਇਹ ਬਿਰਤਾਂਤ ਨਿੱਜ-ਅਨੁਭਵ ਦੀ ਉਰਲੀ ਸੀਮਾਂ ਨੂੰ
ਛੋਹ ਜਾਂਦਾ ਹੈ ਪਰ ਉਸ ਦੀ ਕਵਿਤਾ ‘ਦਸ ਵਰ੍ਹੇ ਪਹਿਲਾਂ ਲਿਖੀ ਗਈ ਕਵਿਤਾ’ (ਅਣਮੁਕ ਸਫ਼ਰ/ਜਜ਼ੀਰਿਆਂ
ਵਿਚ ਘਿਰਿਆ ਸਮੁੰਦਰ/244-45) ਵਿਚ ਸਮੂਹਕਤਾ ਅਤੇ ਨਿੱਜਤਾ ਦਾ ਤਣਾਉ ਇਕ ਸੰਤੁਲਨ ਨੂੰ ਪੁੱਜਦਾ ਹੈ
ਜਿਸ ਵਿਚ ਨਿੱਜ ਅਨੁਭਵ ਦੀ ਭਾਸ਼ਾ ਵਿਚ ਔਰਤ ਦੇ ਜੀਵਨ ਵਿਚਲੇ ਪਰਾਏਪਨ ਜਾਂ ਬੇਗਾਨਗੀ ਦੇ ਡੂੰਘੇ
ਅਹਿਸਾਸ ਦਾ ਪ੍ਰਗਟਾਵਾ ਕੀਤਾ ਗਿਆ ਹੈ।
ਇਸ
ਕਾਵਿ ਸੰਗ੍ਰਹਿ ਦੀ ਕਵਿਤਾ ਦਾ ਦੂਜਾ ਲੱਛਣ ਸੰਵਾਦਕਤਾ ਹੈ। ਜਗਤਾਰ ਦੀ ‘ਲਹੂ ਦੇ ਨਕਸ਼’ ਵਿਚਲੀ
ਕਵਿਤਾ ਵਿਚ ਨਾਟਕੀਅਤਾ ਤਾਂ ਹੈ ਪਰ ਸੰਵਾਦਕਤਾ ਦਾ ਸਿਰਫ਼ ਇਕ ਅਦਾ ਵਾਂਗ ਹੈ ਹਕੀਕਤ ਵਾਂਗ ਨਹੀਂ।
ਲਹੂ ਦੇ ਨਕਸ਼ ਵਿਚਲੀਆਂ ਨਾਟਕੀਅਤਾ ਵਾਲੀਆਂ ਕਵਿਤਾਵਾਂ ਵਿਚ ਦੂਜੀ ਧਿਰ ਖ਼ਾਮੋਸ਼ ਸਰੋਤਾ ਹੈ ਗੱਲਬਾਤ
ਵਿਚ ਸ਼ਾਮਿਲ ਅਤੇ ਬੋਲਣ ਵਾਲੀ ਧਿਰ ਨਹੀਂ। ਇਹ
ਗੱਲਬਾਤ ਕਦੇ ਕਿਸੇ ਚੇਤੰਨ-ਕ੍ਰਾਂਤੀਕਾਰੀ ਦੀ ਸੱਤਾਵਾਨ ਧਿਰਾਂ ਨਾਲ ਜਾਂ ਅਣਇੱਛਿਤ ਸਥਿਤੀਆਂ ਨਾਲ
ਗੱਲਬਾਤ ਹੈ, ਕਦੇ ਇਕ ਚੇਤੰਨ ਅਤੇ ਸੰਘਰਸ਼ਸ਼ੀਲ ਬੰਦੇ ਦੀ ਆਪਣੇ ਨਾਲ ਦੇ ਪਾਂਧੀਆਂ ਨਾਲ ਗੱਲਬਾਤ ਹੈ
ਜੋ ਉਸ ਤੋਂ ਪਾਸੇ ਜਾਂ ਪਿੱਛੇ ਤੁਰ ਰਹੇ ਹਨ ਜਾਂ ਗ਼ਲਤ ਰਾਹੇ ਪੈ ਗਏ ਹਨ। ਜਜ਼ੀਰਿਆਂ ਵਿਚ ਘਿਰਿਆ
ਸਮੁੰਦਰ ਵਿਚ ਆ ਕੇ ਇਹ ਗੱਲਬਾਤ ਸੰਵਾਦ ਦਾ ਰੂਪ ਧਾਰਦੀ ਹੈ। ਇਹ ਗੱਲਬਾਤ ਇਕ ਮੁਹੱਬਤੀ ਬੰਦੇ ਦੀ
ਆਪਣੀ ਮੁਹੱਬਤ ਨਾਲ, ਆਪਣੇ ਇਸ਼ਕ ਨਾਲ, ਵਿੱਛੜੇ ਪਿਆਰੇ ਨਾਲ ਅਤੇ ਆਪ ਨਾਲ ਗੱਲਬਾਤ ਹੈ। ਇਸ ਗੱਲਬਾਤ
ਦਾ ਮਿਜਾਜ਼ ਵੀ ਅਲੱਗ ਹੈ। ਕਿਸੇ ਕਵਿਤਾ ਵਿਚ ਇਹ ਬਹੁਤ ਨਿੱਜੀ ਹੋ ਜਾਂਦੀ ਹੈ ਪਰ ਫੇਰ ਵੀ ਕਵਿਤਾ
ਵਰਗਾ ਸਵਾਦ ਦਿੰਦੀ ਹੈ (ਚਿੱਤਰ ਦਾ ਭੇਦ / ਅਣਮੁਕ ਸਫ਼ਰ, ਜਜ਼ੀਰਿਆਂ ਵਿਚ ਘਿਰਿਆ ਸਮੁੰਦਰ/ 254-55)
ਅਤੇ ਕਦੇ ਇਹ ਗੱਲਬਾਤ ਨਿੱਜਤਾ ਅਤੇ ਵਿਆਪਕਤਾ ਦੇ ਸਮਤੋਲ ਵਿਚੋਂ ਉਗਮਦੀ ਹੈ (ਉਹ ਸਿਰਫ਼
ਮੁਸਕਰਾਉਂਦਾ ਹੈ/ ਅਣਮੁਕ ਸਫ਼ਰ/ ਜਜ਼ਿਰਿਆਂ ਵਿਚ ਘਿਰਿਆ ਸਮੁੰਦਰ/ 271-74)। ਸੋ ਇਸ ਕਿਤਾਬ ਵਿਚ ਆ ਕੇ ਸੰਵਾਦਕਤਾ ਕਵੀ ਦੀ ਸੁਰ ਦਾ
ਅਭਿੰਨ ਅੰਗ ਬਣਦੀ ਪ੍ਰਤੀਤ ਹੁੰਦੀ ਹੈ।
ਇਸ ਕਿਤਾਬ ਵਿਚ ਜਗਤਾਰ ਦੀ
ਕਵਿਤਾ ਭਾਸ਼ਣਕਾਰੀ ਦੀਆਂ ਜੁਗਤਾਂ ਤੋਂ ਕਾਵਿਕਾਰੀ ਦੀਆ ਜੁਗਤਾਂ ਦੇ ਦਰਮਿਆਨ ਸਫ਼ਰ ਕਰਦੀ ਰਹਿੰਦੀ
ਹੈ। ਉਸ ਨੂੰ ਪਤਾ ਹੈ ਕਿ ਕਵਿਤਾ ਨੂੰ ਕੀ ਮੋੜ ਦੇਣਾ ਹੈ। ਅਸਲ ਵਿਚ ਭਾਸ਼ਣਕਾਰੀ ਜਾਂ ਰ੍ਹੈਟਰਿਕਸ
ਉਸ ਕਿਸਮ ਦੀ ਭਾਸ਼ਾ ਵਿਚੋਂ ਉਪਜਦੀ ਹੈ ਜਿਸ ਕਿਸਮ ਦੀ ਭਾਸ਼ਾ ਅਤੇ ਭਾਸ਼ਾਈ-ਅਦਾ ਨੂੰ ਕਵਿਤਾ ਦੀ
ਸਥਾਪਿਤ ਧਾਰਾ ਵੱਲੋਂ ਅਪਣਾ ਗਿਆ ਹੁੰਦਾ ਹੈ। ਇਸ ਕਿਸਮ ਦੇ ਪ੍ਰਮਾਣ ਉਸ ਦੀ ਕਵਿਤਾ ‘ਉਹ ਸਿਰਫ਼
ਮੁਸਕਰਾਉਂਦਾ ਹੈ’ (ਅਣਮੁਕ ਸਫ਼ਰ/ ਜਜ਼ਿਰਿਆਂ ਵਿਚ ਘਿਰਿਆ ਸਮੁੰਦਰ/ 271-72) ਵਿਚ ਮਿਲਦਾ ਹੈ ਜਿਸ
ਵਿਚ ਉਹ ਨਿੱਜ ਦੇ ਅਨੁਭਵ ਨੂੰ ਭਾਸ਼ਣਕਾਰੀ ਦੀ ਸਧਾਰਣ ਜੁਗਤਾਂ ਨਾਲ ਜੋੜਦਾ ਹੋਇਆ ਅਜਿਹਾ ਬਿਰਤਾਂਤ
ਸਿਰਜ ਜਾਂਦਾ ਹੈ ਜੋ ਸਧਾਰਣ ਬੁੱਧ ਪਾਠਕ ਦੇ ਮਾਣਨ ਵਾਲੀ ਚੀਜ਼ ਤਾਂ ਹੋ ਸਕਦੀ ਹੈ ਪਰ ਸੁਚੇਤ ਜਾਂ
ਪ੍ਰਬੁੱਧ ਪਾਠਕ ਦੇ ਕੰਮ ਦੀ ਚੀਜ਼ ਨਹੀਂ। ਪਰ ਜਦੋਂ
ਉਹ ਅਤੀਤ ਦੇ ਇਤਿਹਾਸ ਦੇ ਬਚੇ ਰਹਿ ਗਏ ਪ੍ਰਮਾਣਾਂ (ਖੰਡਰਾਂ) ਨੂੰ ਦੇਖਦਾ ਹੋਇਆ ਇਤਿਹਾਸ ਵਿਚੋਂ
ਖ਼ਾਮੋਸ਼ ਕਰਾ ਦਿੱਤੀਆਂ ਗਈਆ ਆਵਾਜ਼ਾਂ ਦੀ ਗੱਲ ਕਰਦਾ ਹੈ ਤਾਂ ‘ਖੰਡਰਾਂ’ ਦੇ ਮੋਟਿਫ਼ ਰਾਹੀਂ ਸਥਾਪਿਤ
ਜਾਂ ਰੂੜ੍ਹ ਵਿਚਾਰਾਂ ਉੱਤੇ ਸਵਾਲ ਕਰਦਾ ਹੈ ਅਤੇ ਕਦੇ ਆਲੀਸ਼ਾਨ ਰਹੀਆਂ ਈਮਾਰਤਾਂ ਦੇ ਉਹਲੇ ਦੱਬੇ
ਆਮ ਲੋਕਾਂ ਦੇ ਸੱਚ ਬਾਰੇ ਸਵਾਲ ਉਠਾਉਂਦਾ ਹੈ ਤਾਂ ਉਹ ਇਕ ਅਜਿਹੇ ਕਵੀ ਦੀ ਭੂਮਿਕਾ ਵੀ ਨਿਭਾਉਂਦਾ
ਹੈ ਜੋ ਭਾਸ਼ਣਕਾਰੀ ਤੋਂ ਉਲਟ ਸਥਾਪਿਤ ਗਿਆਨ, ਵਿਚਾਰ ਦੇ ਨਾਲ ਨਾਲ ਆਪਣੇ ਆਪ ਨੂੰ ਕਟਹਿਰੇ ਵਿਚ
ਰੱਖਣ ਵਾਲੀ ਦ੍ਰਿਸ਼ਟੀ ਵੀ ਰੱਖਦਾ ਹੈ ਅਤੇ ਕਾਵਿ-ਭਾਸ਼ਾ ਵੀ।
ਕਿਸੇ ਗਾਈਡ ਨੇ ਪਰ
ਤੈਨੂੰ
ਕਦੇ ਵੀ ਇਹ ਨਹੀਂ
ਦੱਸਣਾ
ਜੋ ਅੱਜ ਘਰ ਹੋ ਗਏ
ਖੋਲੇ
ਇਨ੍ਹਾਂ ਵਿਚ ਔਰਤਾਂ
ਨੇ ਨਾਲ ਕੀ ਕੀਤਾ ਗਿਆ ਸੀ
ਤੇ ਇਨ੍ਹਾਂ ਖੰਡਰਾਂ
ਦੇ ਮਲਬਿਆਂ ਹੇਠਾਂ,
ਅਜੇ ਤਕ ਵੀ ਤਹੇਤਰ
ਘਰ ਵਿਲਕਦੇ ਨੇ,
ਪਹਾੜੀ ਦੀ ਸਿਖਰ
ਚੋਟੀ ‘ਤੇ ਸ਼ਿਵ ਮੰਦਰ ਦੇ ਅੰਦਰ
ਜਿਨ੍ਹਾਂ ਕੰਜਕਾਂ
ਨੇ ਜੋਤਾਂ ਬਾਲੀਆਂ ਸਨ
ਉਨ੍ਹਾਂ ਦੇ ਕਲਪਣਾ
ਮੰਦਰ ‘ਚੋਂ
ਕਿਸ ਦੀਵੇ ਬੁਝਾਏ
ਸਨ।
ਅਜਾਇਬ ਘਰ ਦੀ
ਪੁਸਤਕ ਵਿਚ
ਨਾ ਇਸ ਦਾ ਵੇਰਵਾ
ਮਿਲਣੇਂ,
ਨਾ ਇਸ ਗੱਲ ਦਾ ਕਿੳ
ਅੰਦਰਾਜ ਹੀ ਹੋਣੈਂ।
ਜ਼ਿਆਰਤ ਕਰਨ ਵਾਲੇ
ਆਉਣ ਨੂੰ ਤਾ ਰੋਜ਼
ਆਉਂਦੇ ਨੇ
ਇਨ੍ਹਾਂ ਖੰਡਰਾਂ ਦੇ
ਮਲਬੇ ਹੇਠ
ਕੀ ਕੁਝ ਰਹਿ ਗਿਐ
ਬਾਕੀ
ਕੋਈ ਪੜਤਾਲ ਨਹੀਂ
ਕਰਦਾ।
(ਢੋਲਬਾਹਾ- ਅਣਮੁਕ
ਸਫ਼ਰ/ ਜਜ਼ੀਰਿਆਂ ਵਿਚ ਘਿਰਿਆ ਸਮੁੰਦਰ/ 275-277)
ਸੋ ਜਗਤਾਰ ਦੀ ਇਸ ਕਿਤਾਬ ਵਿਚ ਕਵਿਤਾ ਵਿਚ ਬਿਰਤਾਂਤਕਤਾ
ਦਾ ਰੰਗ ਗੂੜ੍ਹ ਹੁੰਦਾ ਜਾਪਦਾ ਹੈ ਅਤੇ ਉਸ ਦੀ ਕਾਵਿ-ਭਾਸ਼ਾ ਵਿਚ ਸੰਵਾਦਕਤਾ ਉਸ ਦੀ ਬਿਰਤਾਂਤਕ
ਸ਼ੈਲੀ ਨੂੰ ਨਵਾਂ ਪਾਸਾਰ ਬਖ਼ਸ਼ਦੀ ਹੈ। ਇਸ ਕਿਤਾਬ
ਵਿਚ ਜਗਤਾਰ ਭਾਸ਼ਣਕਾਰੀ ਦੀਆਂ ਜੁਗਤਾਂ ਤੋਂ ਮੁਕਤ ਹੁੰਦਾ ਹੋਇਆ ਨਿਰੰਤਰ ਕਾਵਿਕਾਰੀ ਦੀਆਂ ਸੁਹਜਮਈ
ਜੁਗਤਾਂ ਨਾਲ ਨਾਤਾ ਜੋੜਦਾ ਹੈ। ਸੰਵਾਦੀ ਬਿਰਤਾਂਤਕਤਾ ਕਾਰਣ ਹੀ ਉਹ ਦੀ ਕਾਵਿ-ਭਾਸ਼ਾ ਵਿਚ ਸੁਹਜ
ਸਿਰਜਿਆ ਜਾਂਦਾ ਹੈ ਅਤੇ ਜਗਤਾਰ ਦੀ ਕਵਿਤਾ ਨਾਅਰੇਬਾਜ਼ੀ ਵਾਲੀ ਇਕਹਿਰਤਾ ਅਤੇ ਸਪਾਟ ਬਿਆਨੀ ਤੋਂ
ਕਾਫ਼ੀ ਹੱਦ ਤਕ ਮੁਕਤ ਹੋ ਜਾਦੀ ਹੈ।
ਚਨੁਕਰੀ ਸ਼ਾਮ ਦੀ ਕਵਿਤਾ ਵਿਚ
ਪ੍ਰਗੀਤਕਤਾ ਦਾ ਤੱਤ ਵਧੇਰੇ ਹਾਵੀ ਹੁੰਦਾ ਜਾਪਦਾ ਹੈ। ਇਸ ਕਵਿਤਾ ਵਿਚ ਪ੍ਰਸ਼ਨਾਤਮਕਤਾ ਦੀ ਸ਼ੈਲੀ
ਹਾਵੀ ਹੈ ਅਤੇ ਸਵੈ-ਸੰਵਾਦ ਦੇ ਰਾਹੀਂ ਨਿੱਜ ਅਤੇ ਇਤਿਹਾਸਕ ਯਥਾਰਥ ਨੂੰ ਸਮਝਣ ਦਾ ਯਤਨ ਕੀਤਾ ਗਿਆ
ਹੈ। ‘ਚਨੁੱਕਰੀ ਸ਼ਾਮ’ ਦੀ ਕੁਝ ਕਵਿਤਾ ਵੀਹਵੀਂ ਸਦੀ ਦੇ ਨੌਵੇਂ ਦਹਾਕੇ ਦੇ ਪੰਜਾਬ ਸੰਕਟ
ਦੇ ਵਿਭਿੰਨ ਪਾਸਾਰਾਂ ਨੂੰ ਆਪਣਾ ਰਚਨਾਤਮਕ ਸਰੋਕਾਰ ਬਣਾਉਂਦੀ ਹੈ। ਇਸ ਵਿਚ ਕੁਝ ਦਿਲਚਸਪ
ਤਬਦੀਲੀਆਂ ਵਾਪਰਦੀਆਂ ਹਨ। ਇਸ ਕਵਿਤਾ ਵਿਚ ਪ੍ਰਸ਼ਨ ਦੀ ਸੁਰ ਬਲਵਾਨ ਹੋਣ ਲੱਗਦੀ ਹੈ ਅਤੇ ਇਸ ਕਵਿਤਾ
ਦਾ ਆਕਾਰ ਲੰਮਾ ਹੋਣ ਲੱਗਦਾ ਹੈ। ਇਸ ਵਿਚ ਬਹੁਤ ਸਾਰੀਆਂ ਕਵਿਤਾਵਾਂ ਦੋ ਜਾਂ ਵਧੇਰੇ ਪੰਨਿਆਂ ਦੀਆਂ
ਹਨ। ਇਸ ਦਾ ਕਾਰਣ ਇਹ ਹੈ ਕਿ ਪੰਜਾਬ ਸੰਕਟ ਦੌਰਾਨ ਆਮ ਮਨੁੱਖ ਦਾ ਸੰਤਾਪ ਗਹਿਰਾ ਅਤੇ ਬਹੁ-ਪਾਸਾਰੀ
ਹੈ ਪਰ ਸਾਡੇ ਬੁੱਧੀਮਾਨ ਕੋਲ ਇਸ ਸੰਕਟ ਦੀ ਸਮਝ ਅਤੇ ਇਸ ਦੇ ਸਾਰੇ ਪ੍ਰੇਰਕਾਂ ਦੀ ਮੁਕੰਮਲ ਸਮਝ
ਨਹੀਂ ਹੈ। ਇਸ ਸੰਕਟ ਨੂੰ ਕਿਸੇ ਵਿਚਾਰਧਾਰਾਈ ਸੂਤਰ ਵਿਚ ਪੇਸ਼ ਕਰਨ ਨਾਲ ਇਸ ਦਾ ਕੋਈ ਨਾ ਕੋਈ ਪੱਖ/
ਪਹਿਲੂ ਨਜ਼ਰ-ਅੰਦਾਜ਼ ਹੋਣ ਦਾ ਖ਼ਤਰਾ ਬਣਿਆ ਰਹਿੰਦਾ ਹੈ। ਇਸੇ ਲਈ ਇਸ ਦੌਰ ਵਿਚ ਕਵੀ ਦੁਖ, ਪੀੜ,
ਸੰਤਾਪ ਦੀ ਦ੍ਰਿਸ਼ਾਕਾਰੀ ਕਰਦੇ ਹਨ ਅਤੇ ਸੰਵੇਦਨਾ ਦਾ ਪ੍ਰਗਟਾਵਾ ਕਰਦੇ ਹਨ ਪਰ ਉਸ ਦੀ ਬਾਰੇ ਕਿਸੇ
ਕਿਸਮ ਦੇ ਚੇਤਨਾਗਤ ਹੁੰਗਾਰੇ ਦੀ ਥਾਂ ਕੇਵਲ ਪ੍ਰਸ਼ਨ ਖੜ੍ਹੇ ਕਰਦੇ ਹਨ। ਜ਼ਿਆਦਾ ਤੋਂ ਜ਼ਿਆਦਾ ਇਸ
ਕਵਿਤਾ ਵਿਚ ਅਪੀਲ ਜਾਂ ਅਰਦਾਸ ਦੀ ਸੁਰ ਵਧੇਰੇ ਗਹਿਰੀ ਹੈ।
ਇਸ ਕਵਿਤਾ ਦਾ ਇਕ ਹੋਰ ਦਿਲਚਸਪ ਪਾਸਾਰ ਇਹ ਹੈ ਕਿ ਇਸ ਵਿਚ ਅਤੀਤ ਇਕ ਰੋਮਾਨੀ ਕਿਸਮ ਦਾ
ਸੰਸਾਰ ਬਣ ਜਾਂਦਾ ਹੈ। ਇਸ ਗੱਲ ਦੇ ਬਾਵਜੂਦ ਜਗਤਾਰ ਸਮੇਤ ਬਹੁਤ ਸਾਰੇ ਕਵੀਆਂ ਦੀਆਂ ਪੂਰਬਲੀਆਂ
ਕਵਿਤਾਵਾਂ ਵਿਚ ਅਜਿਹੇ ਅਤੀਤ ਦੇ ਜੋ ਚਿੱਤਰ ਪੇਸ਼ ਹਨ ਉਨ੍ਹਾਂ ਵਿਚ ਕੋਈ ਰੋਮਾਨੀਅਤ ਨਹੀਂ ਹੈ ਪਰ
ਪੰਜਾਬ ਸੰਕਟ ਦੇ ਸਮੇਂ ਵਿਚ ਇੰਝ ਜਾਪਦਾ ਹੇ ਜਿਵੇਂ ਅਤੀਤ ਤਾਂ ਸੋਹਣਾ ਅਤੇ ਖ਼ੁਸ਼ਨੁਮਾ ਸੀ ਤੇ ਇਹ
ਦੁਖ ਹੁਣ ਕੋਈ ਨਵਾਂ ਵਰਤਾਰਾ ਹੈ। ਇੰਝ ਅਤਿਤ ਦਾ ਇਹ ਰੋਮਾਨੀਕਰਨ ਵਰਤਮਾਨ ਦੇ ਸੰਤਪ ਦੀ ਗਹਿਰਾਈ
ਦਾ ਹੀ ਇਕ ਸਿੰਪਟਮ ਹੈ।
ਚਨੁੱਕਰੀ ਸ਼ਾਮ ਦੀ ਕਵਿਤਾ ਵਿਚ
ਸ਼ਾਮ, ਅੱਗ, ਮਰਸੀਆ ਦੇ ਮੋਟਿਫ਼ ਭਾਰੂ ਹਨ। ਇਸ ਕਵਿਤਾ ਵਿਚ ਪ੍ਰਗੀਤਕਤਾ ਵੀ ਨਿਰੰਤਰ ਭਾਰੂ ਹੁੰਦੀ
ਦਿਸਦੀ ਹੈ ਅਤੇ ਇਹ ਪ੍ਰਗੀਤਕਤਾ ਵੀ ਸੰਕਟ-ਯਥਾਰਥ ਨੂੰ ਗ੍ਰਹਿਣ ਕਰਨ ਸਕਣ ਦੀ ਬੇਬਸੀ ਦੀ ਪੈਦਾਇਸ਼
ਜਾਪਦੀ ਹੈ। ਇਸ ਦੀਆਂ ਕਵਿਤਾਵਾਂ
ਵਿਚ ਕਿੰਨੇ ਹੀ ਮਰਸੀਏ ਹਨ, ਮੌਤ ਦਾ ਬੋਲਬਾਲਾ ਹੈ। ਇਸ ਸਾਰੀ ਕਵਿਤਾ ਵਿਚੋਂ ਸ਼ਾਮ ਬਾਰੇ ਲਿਖੀਆਂ
ਕਵਿਤਾਵਾਂ ਵਿਚ ਵੰਨਸੁਵੰਨਤਾ ਵੀ ਹੈ, ਗਹਿਰਾਈ ਵੀ ਅਤੇ ਬਿੰਬਗਤ ਨਵੀਨਤਾ ਅਤੇ ਖ਼ੂਬਸੂਰਤੀ
ਵੀ। ਇਸ ਪੜਾਅ ਉੱਤੇ ਆ ਕੇ ਜਗਤਾਰ ਗੀਤ ਵੱਲ
ਪਰਤਦਾ ਹੈ ਤਾਂ ਜ਼ਾਹਿਰ ਹੈ ਕਿ ਇਸ ਤਰ੍ਹਾਂ ਦੇ ਮੋੜ ਦਾ ਉਸ ਅੰਦਰਲੀ ਤਬਦੀਲੀ ਦਾ ਵੀ ਸੰਕੇਤ ਹੋਵੇਗੀ।
ਪਰ ਸਵਾਲ ਹੈ ਕਿ ਕਿਸ ਤਬਦੀਲੀ ਦਾ। ‘ਸ਼ਾਮ’ ਦਾ ਮੋਟਿਫ਼ ਆਪਣੇ ਆਪ ਵਿਚ ਇਸ ਗੱਲ ਦਾ ਉੱਤਰ ਦਿੰਦਾ
ਜਾਪਦਾ ਹੈ। ਇਕ ਕਵਿਤਾ ਵਿਚ ਉਹ ਰੁਖਾਂ ਨੂੰ ਵਸੀਹਤ ਕਰਦਾ ਹੈ ਤੇ ਆਪਣੇ ਜਾਣ ਪਿੱਛੋਂ ਉਨ੍ਹਾਂ ਨੂੰ
ਕੁਝ ਨਿਰਦੇਸ਼ਾਂ ਦਾ ਪਾਲਣ ਕਰਨ ਦੀ ਇਲਤਜ਼ਾ ਕਰਦਾ ਹੈ ਤਾਂ ਪਤਾ ਲੱਗਦਾ ਹੈ ਕਿ ਸ਼ਾਇਰ ਦੇ ਮਨ-ਮਸਤਕ
ਉੱਤਰ ਉਮਰ ਦੀ ਸ਼ਾਮ ਦਾ ਪ੍ਰਭਾਵ ਵੀ ਹੈ ਅਤੇ ਨਾਲ ਹੀ ਕਿ ਉਸ ਨੂੰ ਆਪਣੀ ਰਚਨਾਤਮਕਤਾ, ਸੋਚ ਅਤੇ
ਚੇਤਨਾ ਦਾ ਸੂਰਜ ਵੀ ਸ਼ਾਇਦ ਮਾਂਦ ਪਿਆ ਜਾਪਦਾ ਹੈ। ਇਸ ਨਾਲ ਇਕ ਖ਼ਾਸ ਕਿਸਮ ਦੀ ਨਿਰਾਸ਼ਾ ਅਤੇ
ਉਦਾਸੀਨਤਾ ਦਾ ਭਾਵ ਉਸ ਦੀ ਕਵਿਤਾ ਵਿਚ ਭਾਰੂ ਹੋਇਆ ਜਾਪਦਾ ਹੈ। ਇਸ ਕਿਤਾਬ ਵਿਚ ਸ਼ਾਮਿਲ ਮਰਸੀਏ
ਆਪਣੇ ਆਪ ਵਿਚ ਪੰਜਾਬ ਸੰਕਟ ਦੇ ਯਥਾਰਥ ਦੇ ਗਹਿਰੇ ਪ੍ਰਭਾਵ ਦਾ ਸੂਚਕ ਵੀ ਹਨ ਅਤੇ ਉਸ ਯਥਾਰਥ ਵਿਚ
ਸੰਵੇਦਨਸ਼ੀਲ ਬੰਦੇ ਦੀ ਬੇਬਸੀ ਦਾ ਪ੍ਰਮਾਣ ਵੀ।
ਪ੍ਰਵੇਸ਼ ਦੁਆਰ ਦੀ ਕਵਿਤਾ ਵਿਚ
ਜਗਤਾਰ ਦੀ ਕਾਵਿ-ਦ੍ਰਿਸ਼ਟੀ ਵਿਚ ਵਿਸਤਾਰ ਵੀ ਆਉਂਦਾ ਹੈ ਅਤੇ ਗਹਿਰਾਈ ਵੀ। ਉਹ ਪੰਜਾਬ ਦੀਆਂ ਹੱਦਾਂ
ਤੋਂ ਪਾਰ ਅਤੇ ਭੌਤਿਕ ਸੰਸਾਰ ਦੀਆਂ ਹੱਦਾਂ ਤੋਂ ਪਾਰ ਜਾਂਦਾ ਹੈ। ਦ੍ਰਿਸ਼ਟਮਾਨ ਦੀ ਥਾਂ ਅਦ੍ਰਿਸ਼ਟ,
ਠੋਸ ਹਕੀਕਤ ਦੀ ਥਾਂ ਕਲਪਨਾ, ਬੇਮੁਹਾਰ ਤੜਪ ਦੀ
ਥਾਂ ਕਿਤੇ ਕਿਤੇ ਸਹਿਜ ਦੇ ਦੀਦਾਰ ਹੁੰਦੇ ਹਨ।
ਰੌਚਕ ਗੱਲ ਇਹ ਹੈ ਕਿ ਇਹ ਕਿਤਾਬ 21ਵੀਂ ਸਦੀਆਂ ਦੇ ਬਰੂਹਾਂ ‘ਤੇ ਖੜ੍ਹੇ ਵਿਸ਼ਵ ਨੂੰ
ਨਿਹਾਰਦੀ ਹੋਈ ਵਿਆਪਕ ਮਨੱਖੀ ਸਥਿਤੀ ਉੱਤੇ ਤਬਸਰਾ ਕਰਦੀ ਹੈ ਜੋ ਵਿਸ਼ਵੀਕਰਨ ਦੀਆਂ ਨੀਤੀਆਂ ਦੀ
ਸਿਰਜੀ ਹੋਈ ਹੈ ਅਤੇ ਇਸ ਵਿਚ ਸ਼ਾਇਰ ਦੇ ਅਨੁਭਵ-ਪਾਸਾਰ ਵਿਚ ਵੀ ਵਿਸ਼ਾਲਤਾ ਆਉਂਦੀ ਹੈ। ਪ੍ਰਵੇਸ਼
ਦੁਆਰ ਦੀ ਕਵਿਤਾ ਵਿਚ ਜਿਸ ਮਨੁੱਖੀ ਸਥਿਤੀ ਦੇ ਚਿੱਤਰ ਉੱਭਰਦੇ ਹਨ, ਉਹ ਮਹਿਜ ਪੰਜਾਬ ਦੀਆਂ
ਹੱਦਾਂ-ਸਰਹੱਦਾਂ ਦੇ ਅੰਦਰ ਦੀ ਮਨੁੱਖੀ ਸਥਿਤੀ ਨਹੀਂ ਹੈ। ਇਸ ਵਿਚ ਪੰਜਾਬ ਦੀਆਂ ਹੱਦਾਂ ਤੋਂ ਬਾਹਰ
ਭਾਰਤ ਅਤੇ ਭਾਰਤ ਤੋਂ ਬਾਹਰ ਪਾਕਿਸਤਾਨ ਅਤੇ ਵਿਦੇਸ਼ ਦੇ ਹਵਾਲਿਆਂ ਨੂੰ ਵੀ ਚਿਹਨਕਾਂ ਦੇ ਤੌਰ ‘ਤਟ
ਵਰਤਿਆ ਗਿਆ ਹੈ। ਇਹ ਵੀ ਕਿ ਇਸ ਕਿਤਾਬ ਵਿਚ
ਜਗਤਾਰ ਆਪਣੇ ਅਨੁਭਵ-ਜਗਤ ਤੋਂ ਮੁੜ ਕੇ ਬਾਹਰ ਵੱ. ਦੀ ਯਾਤਰਾ ਕਰਦਾ ਹੈ ਅਤੇ ਆਪਣੀ ਮਰਦਾਵੀਂ ਗੇਝ
ਤੋਂ ਬਾਹਰ ਔਰਤ ਦੀ ਸਥਿਤੀ ਨਾਲ ਸੰਵਾਦ ਰਚਾਉਣ ਦੀ ਕੋਸ਼ਿਸ਼ ਕਰਦਾ ਹੈ। ਇਸੇ ਤਰ੍ਹਾਂ ਇਸ ਕਿਤਾਬ ਵਿਚ
ਪਹਿਲੀ ਵਾਰ ਉਹ ਅਮੂਰਤ ਕਿਸਮ ਦੇ ਕਿਰਤੀ ਦੀ ਥਾਂ ਸਮੂਰਤ ਕਿਰਤੀ ਦੇ ਤੌਰ ‘ਤੇ ਬੇਜ਼ਮੀਨੇ ਕਿਰਤੀ
ਬੰਦੇ ਦੀ ਹੋਣੀ ਦਾ ਚਿੱਤਰ ਸਿਰਜਣ ਦਾ ਹੀਆ ਕਰਦਾ ਹੈ।
‘ਹੀਰਾਂ
ਮੰਡੀ ਲਹੌਰ ਦੀ ਇਕ ਸ਼ਾਮ’ (ਅਣਮੁਕ ਸਫ਼ਰ/ ਪ੍ਰਵੇਸ਼ ਦੁਆਰ/ 15-17) ਨਾਮੀ ਕਵਿਤਾ ਵਿਚ ਜਗਤਾਰ
ਪਾਕਿਸਤਾਨ ਦੇ ਸ਼ਹਿਰ ਲਹੌਰ ਦੀਆਂ ਨਾਚੀਆਂ ਦੀ ਮਿੱਧੀ-ਲਿਤਾੜੀ ਜ਼ਿੰਦਗੀ ਦੇ ਜਾਵੀਏ ਤੋਂ ਮੁਅਤਬਰ
ਲੋਕਾਂ ਦੇ ਕਿਰਦਾਰ ਅੰਦਰਲੇ ਦਾਗਾਂ ਤੋਂ ਪਰਦਾ ਚੁੱਕਦਾ ਹੈ। ਇਸੇ ਤਰ੍ਹਾਂ ‘ਖੁਜਰਾਹੋ ਦੀਆਂ
ਸ਼ਾਮਾਂ-1’ ਅਤੇ ‘ਖੁਜਰਾਹੋ ਦੀਆਂ ਸ਼ਾਮਾਂ-2’ ਅਤੇ ‘ਅਕਹਿ ਸੰਸਾਰ’ (ਅਣਮੁਕ ਸਫ਼ਰ/ ਪ੍ਰਵੇਸ਼ ਦੁਆਰ/
18-23) ਆਦਿ ਕਵਿਤਾਵਾਂ ਰਾਹੀਂ ਮਾਨਵੀ ਚਾਹਤ ਦੀਆਂ ਗਵਾਚੀਆਂ ਨਦੀਆਂ ਦੀ ਤਲਾਸ਼ ਕਰਦਾ ਖੁਜਰਾਹੋ
ਦੀਆਂ ਮੂਰਤੀਆਂ ਵਿਚਲੇ ਕਲਾ-ਮੋਟਿਫ਼ਾਂ ਨੂੰ ਅਪਰਮ ਅਪਾਰ ਸੁੰਦਰਤਾ ਦੇ ਸਦੀਵੀਂ ਨਿਸ਼ਾਨਾਂ ਵਜੋਂ
ਦੇਖਦਾ ਹੈ। ਉਸ ਦਾ ਸੁਝਾਅ ਹੈ ਕਿ ਸਰੀਰਕ ਸੁੰਦਰਤਾ ਅਤੇ ਇਸ ਲਈ ਖਿੱਚ ਮਨੱਖਤਾ ਦੇ ਸਦੀਵੀ ਪਛਾਣ
ਚਿੰਨ੍ਹ ਹਨ ਜਿਨ੍ਹਾਂ ਨੂੰ ਲਿਤਾੜਿਆ ਤਾਂ ਜਾ ਸਕਦਾ ਹੈ ਪਰ ਮੇਟਿਆ ਨਹੀਂ ਜਾ ਸਕਦਾ। ਇਸੇ ਤਰ੍ਹਾਂ ਇਕ ਕਵਿਤਾ ‘ਕਾਲੇ ਦਿਨਾਂ ਦਾ ਇਤਿਹਾਸ’
(ਅਣਮੁਕ ਸਫ਼ਰ/ ਪ੍ਰਵੇਸ਼ ਦੁਆਰ/ 71-72) ਵਿਚ ਕਸ਼ਮੀਰ ਦੇ ਰਾਜਨੀਤਕ ਹਾਲਾਤ ਦੇ ਪ੍ਰਸੰਗ ਵਿਚ ਸਧਾਰਣ
ਕਸ਼ਮੀਰੀ ਬੰਦੇ ਦੀ ਦੁਖਾਂਤਕ ਹੋਣੀ ਦੇ ਕੁਝ ਪਹਿਲੂਆਂ ਨੂੰ ਉਭਾਰਦਾ ਹੈ। ਇੰਝ ਇਹ ਕਵਿਤਾਵਾਂ ਜਗਤਾਰ
ਦੀ ਕਵਿਤਾ ਦੇ ਵਸਤੁ ਸੰਸਾਰ ਨੂੰ ਵੀ ਵਿਸਤਾਰ ਦਿੰਦੀਆਂ ਹਨ ਅਤੇ ਉਸ ਦੇ ਦ੍ਰਿਸ਼ਟੀਕੋਣ ਨੂੰ ਵੀ।
ਪ੍ਰਵੇਸ਼
ਦੁਆਰ ਦੀਆਂ ਕਵਿਤਾਵਾਂ ਵਿਚ ਸੰਵਾਦੀ-ਬਿਰਤਾਂਤਕਾਰੀ ਵਿਚ ਗਿਣਾਤਮਕ ਵਾਧਾ ਹੁੰਦਾ ਹੈ। ਇਸ ਵਿਚ
ਸੰਵਾਦ ਵਿਚ ਸ਼ਾਮਿਲ ਦੂਜੀ ਧਿਰ ਵਜੋਂ ਔਰਤ ਬੋਲਣ ਲੱਗਦੀ ਹੈ ਅਤੇ ਆਪਣੀ ਹੋਂਦ ਨੂੰ ਜਤਾਉਂਦੀ ਹੈ।
ਜਗਤਾਰ ਦੀ ਬਹੁਤੀ ਕਵਿਤਾ ਵਿਚ ਮਹਿਬੂਬ ਦੇ ਰੂਪ ਵਿਚ ਔਰਤ ਨੂੰ ਬਹੁਤ ਕੁਝ ਕਿਹਾ ਗਿਆ ਹੈ ਪਰ ਉਸ
ਖ਼ੁਸ ਕਦੇ ਹੀ ਕੁਝ ਬੋਲਦੀ ਹੈ। ਪਰ ਇੱਥੇ ਉਸ ਦੀਆਂ ਕਵਿਤਾਵਾਂ ‘ਤਲਖ਼ ਤਜਰਬੇ’ ‘ਹੈਂਡਲ ਵਿਦ ਕੇਅਰ’
‘ਤਨਹਾਈ ਦਾ ਸਰਾਪ ਭੋਗਦਿਆਂ’ ਆਦਿ ਵਿਚ ਸੰਵਾਦੀ-ਬਿਰਤਾਂਤਕਾਰੀ ਦੇ ਪ੍ਰਮਾਣ ਦੇਖੇ ਜਾ ਸਕਦੇ ਹਨ
ਜਿਨ੍ਹਾਂ ਵਿਚ ਔਰਤ ਦੀ ਸਥਿਤੀ ਨੂੰ ਇਕਹਿਰੇ ਮਰਦਾਵੇਂ ਦ੍ਰਿਸ਼ਟੀਕੋਣ ਤੋਂ ਦੇਖਣ ਦੀ ਬਜਾਏ ਔਰਤ ਦੇ
ਖ਼ੁਦ ਦੇ ਹੁੰਗਾਰੇ/ ਆਵਾਜ਼ ਨੂੰ ਵੀ ਕਾਵਿ-ਪ੍ਰਵਚਨਕਾਰੀ ਦਾ ਹਿੱਸਾ ਬਣਾਇਆ ਗਿਆ ਹੈ।
ਇਸੇ
ਤਰ੍ਹਾਂ ਜਗਤਾਰ ‘ਕੀ ਉੱਤਰ ਦਿਆਂ’ (ਅਣਮੁਕ ਸਫ਼ਰ/ ਪ੍ਰਵੇਸ਼ ਦੁਆਰ/ 48-49) ਨਾਮੀ ਕਵਿਤਾ ਰਾਹੀਂ
ਜਗਤਾਰ ਆਪਣੀ ਜਮਾਤੀ ਅਨੁਭਵ ਸਥਿਤੀ ਤੋਂ ਬਾਹਰ ਬੇਜ਼ਮੀਨੇ ਕਿਰਤੀ ਬੰਦੇ ਦੀ ਅਨੁਭਵ-ਸਥਿਤੀ ਨੂੰ ਪੇਸ਼
ਕਰਦਾ ਹੈ। ਉਹ ਇਸ ਵਿਚ ਬੇਜ਼ਮੀਨੇ ਕਿਰਤੀ ਬੰਦੇ ਦੇ ਸਵਾਲਾਂ ਨੂੰ ਪੇਸ਼ ਕਰਦਾ ਹੈ ਕਿ ਸਭ ਮਿਹਨਤ ਅਤੇ
ਉਸ ਤੋਂ ਬਾਅਦ ਫਸਲ ਆਉਣ ਦੇ ਜਸ਼ਨ ਦੀ ਤਿਆਰੀ ਦੇ ਬਾਵਜੂਦ ਦਾਣੇ ਉਨ੍ਹਾਂ ਦੀ ਦੇਹਲੀ ਦੇ ਅੰਦਰ ਕਿਉਂ
ਨਹੀਂ ਆਉਂਦੇ? ਇਸ ਕਵਿਤਾ ਦੀ ਖ਼ਾਸੀਅਤ ਇਹ ਹੈ ਕਿ ਇਸ ਵਿਚ ਵੀ ਪੰਜਾਬ ਸੰਟਕ ਦੀ ਤ੍ਰਾਸਦਿਕ ਸਥਿਤੀ
ਨੂੰ ਪੇਸ਼ ਕਰਨ ਸਮੇਂ ਵਰਤੀ ਗਈ ਪ੍ਰਸ਼ਨਾਤਮਕਤਾ ਦੀ ਵਿਧੀ ਹੀ ਵਰਤੀ ਗਈ ਹੈ। ਜਿਵੇਂ ਪੰਜਾਬ ਸੰਕਟ ਸਮੇਂ
ਦੀ ਮਨੁੱਖੀ ਸਥਿਤੀ ਦੀ ਰਾਜਸੀ ਵਿਆਕਰਣ ਬਾਰੇ ਉਹ ਪ੍ਰਸ਼ਨਮਈ ਸ਼ੈਲੀ ਵਿਚ ਗੱਲ ਕਰਦਾ ਹੈ ਉਵੇਂ ਹੀ
ਬੇਜ਼ਮੀਨੇ ਕਿਰਤੀ ਦੀ ਹੋਣੀ ਨੂੰ ਦੇਖਦਾ-ਨਿਹਾਰਦਾ ਹੋਇਆ ਉਸ ਨਾਲ ਸੰਵੇਦਨਾ ਦਾ ਅਹਿਸਾਸ ਕਰਦਾ ਹੋਇਆ
ਉਸ ਦੀ ਹੋਣੀ ਬਾਰੇ ਵੀ ਪ੍ਰਸ਼ਨਾਤਮਕ ਸ਼ੈਲੀ ਵਿਚ ਗੱਲ ਕਰਦਾ ਹੈ। ਇਹ ਪਰਸ਼ਨਾਤਮਕਤਾ ਭਾਵੇਂ ਵਿਅੰਗ ਦੀ
ਸੁਰ ਨਾਲ ਮਿਲੀ ਹੋਈ ਹੈ ਪਰ ਇਸ ਦੇ ਪਿੱਛੇ ਕਿਰਤੀ ਬੰਦੇ ਦੀ ਜ਼ਿੰਦਗੀ ਦੀ ਤ੍ਰਾਸਦਿਕ ਸਥਿਤੀ ਨੂੰ
ਸਮਝਣ ਦੀ ਅਸਮਰੱਥਾ ਅਤੇ ਉਸ ਨੂੰ ਬਦਲਣ ਪੱਖੋਂ ਬੇਬਸੀ ਦਾ ਇਜ਼ਹਾਰ ਵੀ ਸ਼ਾਮਿਲ ਹੈ। ਇਸ ਤੋਂ ਬਿਨਾ ਉਹ ‘ਉਹ ਘਰ ਵੀ ਗਵਾਚ ਗਿਆ’ (ਅਣਮੁਕ
ਸਫ਼ਰ/ ਪ੍ਰਵੇਸ਼ ਦੁਆਰ/87-88) ਨਾਮੀ ਕਵਿਤਾ ਵਿਚ ਸਵੈਜੀਵਨੀਆਤਮਕ ਸ਼ੈਲੀ ਵਿਚ ਦਲਿਤ ਮਨੁੱਖ ਦੀ ਹੋਂਦ
ਅਤੇ ਹੋਣੀ ਦੇ ਕੁਝ ਪਾਸਾਰਾਂ ਨੂੰ ਪੇਸ਼ ਕਰਦਾ ਹੈ। ਕਵੀ ਦੁਆਰ ਸਿਰਜਿਤ ਕਾਵਿ-ਬਿੰਬ ਅਨੁਸਾਰ
ਸਵਰਨਾਂ ਨੂੰ ‘ਨੱਕ ਹੱਥ ਨੱਕ ‘ਤੇ ਰੱਖ ਕੇ ਗੁਜ਼ਰਨ ਲਈ ਮਜਬੂਰ ਕਰਦੀ’ ਦਲਿਤਾਂ ਦੇ ਘਰਾਂ ਵਿਚਲੀ ਦੁਰਗੰਧੀ ਦੇ ਬਾਵਜੂਦ ਵੱਖ
ਵੱਖ ਜਾਤਾਂ ਵਿਚਕਾਰ ਨਿੱਘ ਅਤੇ ਏਕੇ ਦਾ ਭਾਵ ਪੈਦਾ ਹੋ ਜਾਂਦਾ ਸੀ ਜਦੋਂ ਕਿਤੇ ਉਹ ਸਾਂਝੀ ਮੁਸੀਬਤ
ਦੇ ਸਾਹਮਣੇ ਹੁੰਦੇ ਸਨ। ਉਹ ਸਿਆਲ ਦੀ ਝੜੀ ਵਿਚ ਠੰਢ ਅਤੇ ਮੀਂਹ ਤੋਂ ਬਚਣ ਲਈ ਬੋਹੜ ਦੇ ਦਰਖ਼ਤ
ਥੱਲੇ ਇਕੱਠੇ ਇਕ ਦੂਜੇ ਨਾਲ ਲੱਗ ਕੇ ਨਿੱਘ ਲੈਂਦੇ ਜਾਨਵਰਾਂ ਦੇ ਮੈਟਾਫ਼ਰ ਰਾਹੀਂ ਅਤੀਤ ਜਾਤੀ
ਸੰਬੰਧਾਂ ਵਿਚ ਨਿੱਘ ਦੀ ਹੋਂਦ ਵਲ ਇਸ਼ਾਰਾ ਕਰਦਾ ਹੈ:
ਸਿਆਲੀ ਝੜੀ ਵਿਚ ਭਿੱਜੇ ਪਠੋਰੇ ਸੂਰ ਤੇ
ਕੁੱਤੇ
ਕੜੀ ਸਰਦੀ ਚ ਸਾਂਝੀ
ਬੋਹੜ ਥੱਲੇ
ਜਦੋਂ ਇਕ ਦੂਸਰੇ ਦੇ
ਜਿਸਮ ਦਾ ਸਨ ਭਾਗ ਬਣ ਜਾਂਦੇ
ਤਾਂ ਤੀਜੀ ਅੱਖ
ਖੁੱਲ੍ਹ ਜਾਂਦੀ
ਕਿਵੇਂ ਸਾਂਝੀ
ਮੁਸਿਬਤ ਵਕਤ ਸਾਰੇ
ਅਪਣੀ ਅਪਣੀ ਦੁਸ਼ਮਣੀ
ਭੁੱਲਕੇਖ਼ਮੁਸੀਬਤ ਦਾ ਨੇ ਰਲ ਕੇ ਟਾਕਰਾ ਕਰਦੇ
ਅਜੇਹੀ ਰੁੱਤ ‘ਚ
ਅਪਣਾ ਗਾਰ ਵਰਗਾ ਘਰ
ਸੁਖਾਵਾਂ ਤੇ ਬੜਾ
ਨਿੱਘਾ ਜਿਹਾ ਲੱਗਦਾ।
ਇਸ ਕਵਿਤਾ ਵਿਚ ਜਾਤੀ-ਤ੍ਰਿਸਕਾਰ ਵਾਲੀ ਪੂਰਬਲੀ ਵਿਵਸਥਾ
ਵਿਚ ਵੀ ਸਾਂਝਦਾਰੀ ਦੀਆਂ ਬਣਤਰਾਂ ਨੂੰ ਪਛਾਣਨ ਦਾ ਯਤਨ ਕੀਤਾ ਗਿਆ ਹੈ ਜੋ ਨਿਰਸੰਦੇਹ ਅਜੋਕੇ ਸਮੇਂ
ਦੀਆਂ ਮੁਕੰਮਲ ਜਾਤੀ-ਨਿਖੇੜ ਦੀਆਂ ਬਣਤਰਾਂ ਦੀ ਤੁਲਨਾ ਵਿਚ ਬੇਹਤਰ ਜਾਪਦੀਆਂ ਹਨ ਪਰ ਅਤੀਤ ਦੇ
ਰੋਮਾਨੀਕਰਨ ਦੇ ਨੁਕਤੇ ਤੋਂ ਵਰਤਮਾਨ ਨੂੰ ਦੇਖਣ ਦੀ ਇਹ ਬਿਰਤੀ ਵਿਸ਼ਲੇਸ਼ਣ ਦੀ ਮੰਗ ਕਰਦੀ ਹੈ।
ਜਗਤਾਰ ਦੀ ਕਾਵਿ-ਯਾਤਰਾ ਦੇ ਇਸ ਪੜਾਅ ਉੱਤੇ ਅਤੀਤ ਦੇ ਰੋਮਾਨੀਕਰਨ ਦੀ ਬਿਰਤੀ ਦੇ ਹੋਰ ਵੀ ਪ੍ਰਮਾਣ
ਵੀ ਦੇਖਣ ਨੂੰ ਮਿਲਦੇ ਹਨ। ਆਪਣੀਆਂ ਕੁਝ
ਕਵਿਤਾਵਾਂ ਵਿਚ ਉਹ ਅਤੀਤ ਨੂੰ ਰੋਮਾਂਸ, ਆਨੰਦ ਦੇ ਰੰਗਾਂ ਵਿਚ ਰੰਗ ਕੇ ਪੇਸ਼ ਕਰਦਾ ਹੈ। ‘ਉਸ ਦੀ
ਕਵਿਤਾ ‘ਅਤੀਤ ਤੇ ਵਰਤਮਾਨ ਵਿਚਾਲੇ’ (ਅਣਮੁਕ ਸਫ਼ਰ/ਪ੍ਰਵੇਸ਼ ਦੁਆਰ/ 127-129) ਵਿਚ ਉਹ ਲੋਹੜੀਆਂ
ਦਾ ਪੁਰਾਣਾ ਦ੍ਰਿਸ਼ ਚਿਤਰਦਾ ਹੈ ਤਾਂ ਲੱਗਦਾ ਹੈ ਕਿ ਦੁਖ ਦਾ ਲੇਸ਼ ਮਾਤਰ ਵੀ ਉਸ ਦੀ ਜ਼ਿੰਦਗੀ ਦੇ
ਨੇੜੇ ਨਹੀਂ ਸੀ। ਰਿਸ਼ਤਿਆਂ ਦੀ ਮੁਹੱਬਤ ਦਾ ਨਿੱਘ ਉਸ ਦਾ ਹਾਸਿਲ ਸੀ ਪਰ ਵਰਤਮਾਨ ਵਿਚ ਕਿਚਨ ‘ਚ
ਬੈਠ ਕੇ ‘ਜਾਨੀ ਵਾਕਰ’ ਪੀਂਦਾ ਅਤੇ ਗੋਸ਼ਤ ਖਾਂਦਾ ਉਹ ਖ਼ੁਸ਼ੀ, ਖੇੜਾ, ਸਾਂਝ ਮੁਹੱਬਤ ਅਤੇ ਰੌਣਕਾਂ
ਤੋਂ ਸੱਖਣੇ ਜੀਵਨ ਨੂੰ ਸੰਤਾਪੇ ਰੰਗਾਂ ਵਿਚ ਪੇਸ਼ ਕਰਦਾ ਹੈ। ਉਸ ਦੀ ਇਸ ਬਿਰਤੀ ਦਾ ਇਤਿਹਾਸਕ
ਪ੍ਰਸੰਗ ਲੱਭਣਾ ਹੋਵੇ ਤਾਂ ਕਿਹਾ ਜਾ ਸਕਦਾ ਹੈ ਕਿ ਵਿਸ਼ਵੀਕਰਨ ਦੇ ਦੌਰ ਵਿਚ ਸਿਰਜੀ ਜਾ ਰਹੀ ਜੀਵਨ
ਵਿਉਂਤ ਵਿਚ ਸਬਆਚਾਰਕ ਪਛਾਣਾਂ ਦੇ ਗੁੰਮ ਹੋਣ ਦਾ ਖ਼ਤਰਾ ਵਿਅਕਤੀ ਅੰਦਰ ਅਤੀਤ ਦਾ ਮੋਹ ਪੈਦਾ ਕਰਦਾ
ਹੈ। ਸਾਡਾ ਸ਼ਾਇਰ ਅਤੀਤ ਅਤੇ ਵਰਤਮਾਨ ਦੀ ਦਵੰਦਤਾਮਕਤਾ ਵਿਚੋਂ ਭਵਿੱਖ ਦੀ ਨਿਸ਼ਾਨਦੇਹੀ ਕਰਨ ਦੀ ਥਾਂ
ਅਤੀਤ ਨੂੰ ਭਾਵਨਾਤਮਕ ਨਿੱਘ ਨਾਲ ਅਤੇ ਵਰਤਮਾਨ ਨੂੰ ਪਦਾਰਥਕ ਸੁੱਖ-ਸੁਵਿਧਾ ਨਾਲ ਜੋੜ ਕੇ ਅਤੀਤ
ਅਤੇ ਵਰਤਮਾਨ ਦੇ ਨਿਖੇੜ ਦਾ ਸਰਲੀਕਰਨ ਕਰਦਾ ਹੋਇਆ ਬੌਧਿਕ ਮੁਸ਼ੱਕਤ ਤੋਂ ਬਚ ਜਾਂਦਾ ਹੈ ਜਿਹੋ ਜਿਹੀ
ਮੁਸ਼ੱਕਤ ਉਹ ਕਾਵਿ-ਰੂਪਾਕਾਰ ਅਤੇ ਕਾਵਿ-ਭਾਸ਼ਾ ਦੀ ਸਿਰਜਣਾ ਸਮੇਂ ਕਰਨ ਤੋਂ ਨਹੀਂ ਤ੍ਰਹਿੰਦਾ। ਅੰਤਰ-ਵਿਰੋਧ ਇਹ ਹੈ
ਕਿ ਕਈ ਵਾਰ ਇਸ ਦੇ ਬਿਲਕੁਲ ਉਲਟ ਉਹ ਅਤੀਤ ਨੂੰ ਬੜੀ ਗਹਿਰੀ ਉਦਾਸੀ ਦੇ ਰੰਗ ਵਿਚ ਰੰਗ ਕੇ ਚਿਤਰਦਾ
ਹੈ ਜਿਸ ਵਿਚ ਉਸ ਦੀ ਬੇਬਸੀ, ਗ਼ਰੀਬੀ, ਨਿੱਖੜੇਪਨ ਦਾ ਨਿਆਸਰੇਪਨ ਜਾਂ ਅਨਾਥ ਹੋਣ ਦਾ ਅਹਿਸਾਸ ਆਪਸ
ਵਿਚ ਗੁੱਝੇ ਹੋਏ ਦਿਖਦੇ ਹਨ। ਸੋ ਇਸ ਕਿਤਾਬ ਵਿਚ
ਜਦੋਂ ਅਸੀਂ ਜਗਤਾਰ ਦੀਆਂ ਅਤੀਤ ਬਾਰੇ ਲਿਖੀਆਂ ਕਵਿਤਾਵਾਂ ਨੂੰ ਵਾਚਦੇ ਹਾਂ ਤਾਂ ਉਨ੍ਹਾਂ ਵਿਚੋਂ
ਕੋਈ ਇਕ ਇਕਹਿਰਾ ਭਾਵ ਨਹੀਂ ਜਾਗਦਾ।
ਇਕ
ਰੌਚਕ ਨੁਕਤਾ ਇਹ ਵੀ ਹੈ ਕਿ ਜਗਤਾਰ ਜਦੋਂ ਪਰਵਾਸ ਵਿਚਲੀ ਮਨੁੱਖੀ ਸਥਿਤੀ ਦਾ ਬਿਆਨ ਕਰਦਾ ਹੈ ਤਾਂ
ਉਸ ਨੂੰ ਮਸ਼ੀਨਾ ਬਣੇ ਬੰਦੇ ਨਜ਼ਰ ਆਉਂਦੇ ਨੇ ਪਰ ਜਦੋਂ ਉਹ ਪਰਵਾਸ ਦੇ ਕੁਦਰਤੀ ਦ੍ਰਿਸ਼ਾਂ ਨੂੰ
ਚਿਤਰਦਾ ਹੈ ਤਾਂ ਉਹ ਅਤਿ ਦੇ ਖ਼ੂਬਸੂਰਤ ਅਤੇ ਲੁਭਾਉਣੇ ਚਿੱਤਰ ਹਨ। ਉੱਥੇ ਵਗਦੀ ਠੰਡੀ-ਯੱਖ ਹਵਾ ਦੇ
ਬਾਵਜੂਦ ਸਭ ਕੁਝ ਖ਼ੂਬਸੂਰਤ ਜਾਪਦਾ ਹੈ (ਦੋ ਕਵਿਤਾਵਾਂ ਪਛਤਾਵਾ ਅਤੇ ਯੁਸਾਮਿਟੀ ਦੀਆਂ ਸ਼ਾਮਾਂ-1
ਅਤੇ ਯੁਸਾਮਿਟੀ ਦੀਆਂ ਸ਼ਾਮਾਂ-2/ਅਣਮੁਕ ਸਫ਼ਰ/ ਪ੍ਰਵੇਸ਼ ਦੁਆਰ/ 99-101) ਨੂੰ ਨਾਲ ਨਾਲ ਰੱਖ ਕੇ ਪੜ੍ਹੀਏ ਤਾਂ ਪਰਦੇਸ ਬਾਰੇ ਉਸ
ਦੀ ਦ੍ਰਿਸ਼ਟੀ ਦੋ ਪੱਖਾਂ ਵਿਚ ਵੰਡੀ ਨਜ਼ਰ ਆਉਂਦੀ ਹੈ।
ਇਸ ਤੋਂ ਪੰਜਾਬੀ ਸ਼ਾਇਰ ਦੇ ਮਨ ਵਿਚ ਪਰਵਾਸ ਦੇ ਵਰਤਾਰੇ ਦੇ ਨਾਲ ਨਾਲ ਵਿਸ਼ਵੀਕਰਨ ਦੀ
ਪ੍ਰਕਿਰਿਆ ਬਾਰੇ ਦੁਬਿਧਾ ਦਾ ਪਤਾ ਲੱਗਦਾ ਹੈ।
ਪ੍ਰਵੇਸ਼
ਦੁਆਰ ਦੀ ਕਵਿਤਾ ਦਾ ਇਕ ਹੋਰ ਪਾਸਾਰ ਇਸ ਵਿਚਲੀ ਦੁਆਗੋਈ ਨਾਲ ਹੈ। ਉਹ ਨਵੀਂ ਸਦੀ ‘ਦੇ ਪ੍ਰਵੇਸ਼
ਦੁਆਰ ‘ਤੇ ਖੜੋ ਕੇ ਚੰਗੇਰੇ ਭਵਿੱਖ ਦੀ ਦੁਆ ਮੰਗਦਾ ਹੈ ਅਤੇ ਉਸ ਵਿਚ ਅਤੀਤ ਦੇ ਸਾਰੇ ਉਨ੍ਹਾਂ ਚਿੰਨਾਂ ਤੋਂ ਮੁਕਤ ਹੋਣ ਦੀ
ਦੁਆ ਮੰਗਦਾ ਹੈ ਜਿਨ੍ਹਾਂ ਕਾਰਣ ਲੋਕਾਂ ਵਿਚ ਵੈਰ-ਵਿਰੋਧ ਵਧਦੇ ਹਨ ਅਤੇ ਮਨੁੱਖ ਨੂੰ ਆਪਣੀ ਮਰਜ਼ੀ
ਨਾਲ ਜੀਣ ਦਾ ਹੱਕ ਨਹੀਂ ਮਿਲਦਾ। ਇੱਥੇ ਉਹ ਵਿਰਾਸਤ ਦੀਆਂ ਸੁਤੰਤਰਤਾ ਵਿਰੋਧੀ ਮਰਿਆਦਾਵਾਂ ਨੂੰ ਨਕਾਰਦਾ
ਹੈ ਅਤੇ ਨਵੇਂ ਸੁਤੰਤਰ, ਤਣਾਉ-ਟਟਕਰਾਉ ਰਹਿਤ
ਜੀਵਨ ਦੀ ਦੁਆ ਕਰਦਾ ਹੈ। ਉਹ ਰਾਜਸੱਤਾ ਦੀ ਤਾਕਤ ਅਤੇ ਸੰਪਰਦਾਇਕ ਵਿਚਾਰਧਾਰਾ ਹੱਥੋਂ ਸ਼ਹੀਦ ਹੋਣ
ਵਾਲੇ ਵਿਅਕਤੀ ਦੇ ਰੂਪ ਵਿਚ ਆਪਣੇ ਕਾਵਿ-ਪਾਤਰ ਨੂੰ ਕਲਪਦਾ ਆਉਣ ਵਾਲੀਆਂ ਨਸਲਾਂ ਲਈ ‘ਵਸਿਅਤ’
ਕਰਦਾ ਹੈ ਤਾਂ ਅਜਿਹੀ ਕਿਸੇ ਵੀ ਦਮਨਕਾਰੀ ਅਤੇ ਸੰਪਰਦਾਇਕ ਨਿਖੇੜ ਵਾਲੀ ਵਿਚਾਰਧਾਰਾ ਤੋਂ ਬਚਣ ਦੀ
ਤਾਕੀਦ ਕਰਦਾ ਹੈ।
ਤੁਹਾਡੇ ਕੋਲ ਭਗਵਾਂ ਰੰਗ ਜੇ
ਆਵੇ
ਤਾਂ ਸੀਸ ਆਸਣ ਨਹੀਂ ਹੋਣਾ
ਜੇ ਆਵੇ ਕੇਸਰੀ ਤਾਂ ਢਾਲ ਨਾ
ਬਣਨਾ
ਤਰਮਗੇ ਰੰਗ ਦੇ ਹਰ ਜਾਲ ਤੋਂ
ਤੇ ਚਾਲ ਤੋਂ ਬਚਣਾ।
ਜੇ ਨੀਲੇ ਆਉਣ ਤਾਂ ਪੁੱਛਣਾ
ਵੀ ਕਹਿਣਾ ਵੀ
ਜਦੋਂ ਬਰਸਾਤ ਵਿਚ ਹਰ ਛੱਤ
ਚੋਂਦੀ ਸੀ
ਤੁਸੀਂ ਉਸ ਵਕਤ ਕਿੱਥੇ ਸੀ?
ਇਸ ਤਰ੍ਹਾਂ ਜਗਤਾਰ ਸਦੀ ਦੇ ਆਰੰਭ ਸਮੇਂ ਆਪਣੇ ਬੀਤ ਜਾਣ
ਨੂੰ ਕਲਪਦਾ ਹੈ ਤਾਂ ਚੰਗੇਰੇ ਜੀਵਨ ਅਤੇ ਸਵੈਮਾਣ ਨਾਲ ਜਿਉਣ ਲਈ ਸੰਘਰਸ਼ ਦੇ ਪਰਚਮ ਨੂੰ ਅਗਲੀ ਨਸਲ
ਦੇ ਹੱਥਾਂ ਵਿਚ ਦੇਣਾ ਚਾਹੁੰਦਾ ਹੈ। ਅਜਿਹਾ ਕਰਦਿਆਂ ਉਹ ਆਪਣੇ ਵਿਚਾਰ, ਆਪਣਾ ਕਿਰਦਾਰ ਅਤੇ ਆਪਣੇ
ਸੁਪਨੇ ਨੂੰ ਜ਼ਿੰਦਾ ਦੇਖਣ ਦੀ ਹਸਰਤ ਦਾ ਇਜ਼ਹਾਰ ਕਰਦਾ ਹੈ।
ਜਗਤਾਰ
ਦੀ ਕਵਿਤਾ ਬਾਰੇ ਚਰਚਾ ਕੁਝ ਲੰਮੇਰੀ ਹੋ ਗਈ ਹੈ। ਪਤਾ ਨਹੀਂ ਇਸ ਵਿਚ ਉਸ ਦੀ ਕਾਵਿ-ਯਾਤਰਾ ਦੇ
ਕਿੰਨੇ ਕੁ ਪਾਸਾਰਾਂ ਨੂੰ ਪਕੜਨ ਵਿਚ ਕਾਮਯਾਬ ਹੋਇਆ ਹੋਵਾਂਗਾ। ਇਸ ਸਿਲਸਿਲੇ ਵਿਚ ਗ਼ਜ਼ਲ ਬਾਰੇ ਚਰਚਾ
ਸੰਭਵ ਨਹੀਂ ਹੋ ਸਕੀ। ਸ਼ਾਇਦ ਇਹ ਜਗਤਾਰ ਦੀ ਸਮੁੱਚੀ ਕਵਿਤਾ ਬਾਰੇ ਮੇਰੀ ਸਮਝ ਦਾ ਹੀ ਪਰਤੌ ਹੋਵੇ
ਕਿ ਮੈਂ ਉਸ ਦੀ ਗ਼ਜ਼ਲ ਨਾਲੋਂ ਜ਼ਿਆਦਾ ਮਹੱਤਵ ਉਸ ਦੀ ਕਵਿਤਾ ਨੂੰ ਦੇ ਦਿੱਤਾ ਹੈ। ਇਸ ਬਾਰੇ ਹਾਲੇ ਮੈਂ ਕੋਈ ਸੁਚੇਤ ਰਾਇ ਬਣਾਉਣ ਦੀ ਸਥਿਤੀ
ਵਿਚ ਨਹੀਂ ਹਾਂ ਕਿਉਂਕਿ ਇਸ ਲਈ ਉਸ ਦੀ ਗ਼ਜ਼ਲ ਰਚਨਾ ਦਾ ਵਿਸਤ੍ਰਿਤ ਵਿਸ਼ਲੇਸ਼ਣ ਲੋੜੀਂਦਾ
ਹੋਵੇਗਾ। ਇਹ ਵੀ ਕਹਿਣਾ ਬਣਦਾ ਹੈ ਗ਼ਜ਼ਲ ਦਾ
ਵਿਸ਼ਲੇਸ਼ਣ ਕੁਝ ਦੁਰਗਮ ਕਾਰਜ ਹੈ। ਇਸ ਲਈ ਨਹੀਂ ਕਿ ਉਸ ਵਿਚ ਬਹਿਰ ਵਜ਼ਨ ਦੀ ਬੰਦਿਸ਼ ਨਿਭਾਈ ਜਾਂਦੀ
ਹੈ ਸਗੋਂ ਇਸ ਲਈ ਇਕ ਹਰ ਸ਼ਿਅਰ ਇਸ ਸੁਤੰਤਰ ਕਵਿਤਾ ਵਾਂਗ ਹੁੰਦਾ ਹੈ ਅਤੇ ਕਿਸੇ ਗ਼ਜ਼ਲਕਾਰ ਦੀਆਂ
ਏਨੀਆਂ ਸਾਰੀਆਂ ਕਾਵਿਤਾਵਾਂ ਦੇ ਅਧਿਐਨ ਰਾਹੀਂ ਉਸ ਦੀ ਥੀਮਕ ਚੋਣ, ਕਾਵਿ-ਭਾਸ਼ਾਈ ਹੁਨਰ ਅਤੇ
ਵਿਚਾਰਧਾਰਾਈ ਪਾਸਾਰਾਂ ਬਾਰੇ ਕਿਸੇ ਜਚਵੀਂ ਧਾਰਣਾ ਤਕ ਅੱਪੜਨਾ ਮੁਸ਼ਕਿਲ ਹੁੰਦਾ ਹੈ। ਕਿਸੇ ਸ਼ਾਇਰ
ਦੁਆਰਾ ਵਰਤੀਆਂ ਗਈਆਂ ਬਹਿਰਾਂ ਕਾਰਣ ਵੀ ਪ੍ਰਗਟਾਵੇ ਵਿਚ ਏਨੀ ਵੰਨਸੁਵੰਨਤਾ ਆ ਜਾਂਦੀ ਹੈ ਕਿ ਹਰ
ਬਹਿਰ ਮੁਤਾਬਿਕ ਉਸ ਦੀਆਂ ਕਾਵਿ ਜੁਗਤਾਂ ਵੀ ਬਦਲ ਜਾਂਦੀਆਂ ਹਨ। ਲੰਮੀਆਂ ਬਹਿਰਾਂ ਅਤੇ ਨਿੱਕੀਆਂ
ਬਹਿਰਾਂ ਵਿਚ ਭਾਸ਼ਾਈ ਸੰਜਮ ਅਤੇ ਅਤੇ ਬਿੰਬਕਾਰੀ ਦੀਆਂ ਵਿਧੀਆਂ ਬਦਲ ਜਾਂਦੀਆਂ ਹਨ। ਇਸ ਲਈ ਜਗਤਾਰ ਦੀ ਗ਼ਜ਼ਲ ਬਾਰੇ ਚਰਚਾ ਨੂੰ ਕਿਸੇ ਵੱਖਰੇ
ਮਜ਼ਮੂਨ ਤੇ ਛੱਡ ਦਿੰਦਾ ਹਾਂ।
ਆਪਣੀ ਗੱਲ ਨੂੰ ਸਮੇਟਣ ਤੋਂ
ਪਹਿਲਾਂ ਜਗਤਾਰ ਦੀ ਕਵਿਤਾ ਬਾਰੇ ਇਕ ਦੋ ਗੱਲਾਂ ਹੋਰ ਕਰਨੀਆਂ ਹਨ। ਪਹਿਲੀ ਗੱਲ ਕਿ ਜਗਤਾਰ ਦੀ
ਸ਼ਾਇਰੀ ਦੀ ਭਾਸ਼ਾਈ ਨੁਹਾਰ ਵਿਸ਼ੇਸ਼ ਧਿਆਨ ਮੰਗਦੀ ਹੈ। ਜਗਤਾਰ ਦੀਆਂ ਕਵਿਤਾਵਾਂ ਵਿਚ ਫ਼ਾਰਸੀ ਮੂਲ ਦੀ
ਸ਼ਬਦਾਵਲੀ ਦੀ ਵਰਤੋਂ ਵੱਡੀ ਮਾਤਰਾ ਵਿਚ ਹੋਈ ਹੈ ਜੋ ਇਹ ਪਤਾ ਦਿੰਦੀ ਹੈ ਕਿ ਜਗਤਾਰ ਉਰਦੂ ਸ਼ਾਇਰੀ
ਦੀ ਪਰੰਪਰਾ ਦਾ ਵਾਕਿਫ਼ ਵੀ ਸੀ ਅਤੇ ਉਹ ਪੰਜਾਬੀ ਭਾਸ਼ਾ ਨੂੰ ਕੋਈ ਸੁੰਗੜੀ ਅਤੇ ਡਰੀ ਹੋਈ ਭਾਸ਼ਾ ਦੇ
ਤੌਰ ‘ਤੇ ਤਸੱਵਰ ਨਹੀਂ ਸੀ ਕਰਦਾ। ਕਈ ਦੋਸਤ ਉਸ
ਦੀ ਸ਼ਾਇਰੀ ਵਿਚ ਫ਼ਾਰਸੀ ਮੂਲ ਦੇ ਸ਼ਬਦਾਂ ਦੀ ਵਰਤੋਂ ਨੂੰ ਸੰਚਾਰ ਵਿਚ ਅੜਚਨ ਦੇ ਰੂਪ ਵਿਚ ਦੇਖਦੇ ਹਨ[10]। ਉਨ੍ਹਾਂ ਨੂੰ ਇਸ
ਗੱਲ ਵੱਲ ਗੌਰ ਕਰਨ ਦੀ ਲੋੜ ਹੈ ਕਿ ਸ਼ਾਇਰ ਨੇ ਆਪਣੀਆਂ ਰਚਨਾਵਾਂ ਰਾਹੀਂ ਭਾਸ਼ਾ ਨੂੰ ਸੰਭਾਲਣਾ ਵੀ
ਹੁੰਦਾ ਹੈ ਅਤੇ ਭਾਸ਼ਾ ਨੂੰ ਸਿਰਜਣਾ ਵੀ ਹੁੰਦਾ ਹੈ। ਭਾਸ਼ਾ ਨੂੰ ਅਮੀਰ, ਗਹਿਰੇ ਭਾਵਾਂ ਅਤੇ
ਬੁੱਧਮਤਾ ਦੇ ਪ੍ਰਗਟਾਵੇ ਦੇ ਸਮਰੱਥ ਬਣਾਉਣ ਵਿਚ ਸ਼ਾਇਰਾਂ ਦੀ ਭੂਮਿਕਾ ਸਭ ਤੋਂ ਵਧੇਰੇ ਮਹੱਤਵਪੂਰਣ
ਹੈ। ਫ਼ਾਰਸੀ ਮੂਲ ਦੇ ਸ਼ਬਦਾਂ ਦੀ ਵਰਤੋਂ ਕਰਕੇ ਜਗਤਾਰ ਪੰਜਾਬੀ ਦੇ ਸਰੋਤਾਂ ਨੂੰ ਵਸੀਹ ਕਰ ਰਿਹਾ ਹੈ
ਅਤੇ ਆਪਣੇ ਪ੍ਰਗਟਾਵੇ ਨੂੰ ਸੁਹਜਮਈ ਅਤੇ ਸੰਜਮਭਰਪੂਰ ਵੀ ਬਣਾ ਰਿਹਾ ਹੈ। ਕੁਝ ਇਕ ਥਾਵਾਂ ਉੱਤੇ ਉਹ ‘ਸ’ ਨਾਲ ਸ਼ੁਰੂ ਹੋਣ ਵਾਲੇ
ਅੰਗਰੇਜ਼ੀ ਮੂਲ ਦੇ ਸ਼ਬਦਾਂ ਨੂੰ ਜਦੋਂ ਵਰਤਦਾ ਹੈ ਤਾਂ ਉਨ੍ਹਾਂ ਨਾਲ ‘ਅ’ ਅਗੇਤਰ ਲਾ ਦਿੰਦਾ ਹੈ।
ਜਿਵੇਂ ਸਕੂਲ ਨੂੰ ਅਸਕੂਲ, ਸਟੋਰ ਨੂੰ ਅਸਟੋਰ। ਪਹਿਲਾਂ ਪਹਿਲ ਉਸ ਦੇ ਇਸ ਭਾਸ਼ਾਈ ਵਤਿਰੇ ਉੱਤੇ
ਹੈਰਾਨੀ ਹੁੰਦੀ ਹੈ ਪਰ ਜਦੋਂ ਗਹਿਰਾਈ ਨਾਲ ਦੇਖੀਏ ਤਾਂ ਪਤਾ ਲੱਗਾ ਹੈ ਕਿ ਜਗਤਾਰ ਅਜਿਹਾ ਪੰਜਾਬੀ
ਭਾਸ਼ਾ ਦੇ ਲੈਅ ਤਾਲ ਦੇ ਅਨੁਸਾਰ ਸ਼ਬਦਾਂ ਨੂੰ ਢਾਲਣ ਲਈ ਕਰ ਰਿਹਾ ਹੈ। ਪੰਜਾਬੀ ਧੁਨੀ ਵਿਉਂਤ
ਅਨੁਸਾਰ ‘ਸਕੂ’ ਵਿਚਲੀਆਂ ਧੁਨੀਆਂ ਇਕਹਿਰੇ ਉਚਾਰ ਖੰਡ ਵਿਚ ਬੱਝ ਨਹੀਂ ਸਕਦੀਆਂ। ਪੰਜਾਬੀ
ਧੁਨੀ-ਵਿੳਤ ਅਨੁਸਾਰ ਇਸ ਦਾ ਉਚਾਰ ਸਅ+ਕੂਲ ਅਤੇ ਸਅ+ਟੋਰ ਬਣੇਗਾ ਜਾਂ ਅਸ+ਕੂਲ ਤੇ ਅਸ+ਟੋਰ। ਇਸ ਲਈ
ਜਗਤਾਰ ਪੰਜਾਬੀ ਵਾਕ ਦੀ ਲੈਅ ਅਤੇ ਤਾਲ ਅਨੁਸਾਰ ਇਨ੍ਹਾਂ ਸ਼ਬਦਾਂ ਨੂੰ ਅਸਕੂਲ ਅਤੇ ਅਸਟੋਰ ਬਣਾ
ਦਿੰਦਾ ਹੈ ਤਾਂ ਉਸ ਦੀ ਗ਼ਜ਼ਲ ਦੇ ਮਿਸਰੇ ਵਿਚ ਲੈਅ-ਤਾਲ ਦਾ ਸੰਤੁਲਨ ਬਣਿਆ ਰਹਿੰਦਾ ਹੈ।
ਆਖ਼ਰੀ ਗੱਲ ਕਿਸੇ ਸ਼ਾਇਰ ਦੀ
ਸਾਰੀ ਰਚਨਾ ਨੂੰ ਇਕ ਕਾਵਿਕ ਇਕਾਈ ਮੰਨ ਕੇ ਉਸ ਦਾ ਇਕਸਾਰ ਵਿਸ਼ਲੇਸ਼ਣ ਕਰਨਾ ਸੰਭਵ ਨਹੀਂ ਹੈ। ਕਈ
ਵਾਰ ਵੱਖ ਵੱਖ ਕਵਿਤਾਵਾਂ ਵਿਚੋਂ ਇਕੋ ਸਥਿਤੀ ਦੇ ਵੱਖ ਵੱਖ ਅਤੇ ਕਈ ਵਾਰ ਵਿਰੋਧੀ ਭਾਵ ਉਪਜਦੇ ਹਨ।
ਇਸ ਲਈ ਕਵੀ ਦੀ ਸਾਰੀ ਕਵਿਤਾ ਨੂੰ ਮੁਕੰਮਲ ਖ਼ਿਆਲ ਦੀ ਐਪਸਟੀਮ ਮੰਨ ਕੇ ਕਵੀ ਦੀ ਵਿਚਾਰਧਾਰਾ ਬਾਰੇ
ਇਕਹਿਰਾ ਅਤੇ ਨਿਸ਼ਚਿਤ ਨਿਰਣ ਕਰਨਾ ਸੰਭਵ ਨਹੀਂ ਹੁੰਦਾ।
ਸੋ ਅਧਿਅਨ ਪ੍ਰਕਿਰਿਆ ਦੌਰਾਨ ਕਿਸੇ ਕਵੀ ਦੀ ਕਾਵਿ-ਯਾਤਰਾ ਦੇ ਵਿਭਿੰਨ ਪੜਾਵਾਂ ਦੀ
ਨਜਿਸ਼ਾਨਦੇਹੀ ਕਰਦਿਆ ਉਨ੍ਹਾਂ ਵਿਚਲੇ ਰੂਪਾਂਤਰਣਾਂ ਦੇ ਇਤਿਹਾਸਕ ਪ੍ਰਸੰਗ ਖੋਜੇ ਜਾ ਸਕਦੇ ਹਨ ਅਤੇ
ਉਨ੍ਹਾਂ ਨਾਲ ਕਵੀ ਦੇ ਮੌਲਿਕ ਰਿਸ਼ਤੇ ਨੂੰ ਸਮਝਿਆ ਜਾ ਸਕਦਾ ਹੈ। ਸੋ ਉਪਰਲੇ ਸੀਮਿਤ ਜਿਹੇ ਵਿਸ਼ਲੇਸ਼ਣ ਦੇ ਆਧਾਰ ‘ਤੇ ਕਿਹਾ
ਜਾ ਸਕਦਾ ਹੈ ਕਿ ਜਗਤਾਰ ਦੀ ਕਵਿਤਾ ਇਕ ਕਿਸਮ ਦੀ ਕਵਿਤਾ ਨਹੀਂ ਹੈ ਅਤੇ ਨਾ ਹੀ ਕਿਸੇ ਇਕਹਿਰੇ
ਬਿੰਦੂ ਤੋਂ ਜਾ ਨਿਸ਼ਚਿਤ ਦ੍ਰਿਸ਼ਟੀਕੋਣ ਤੋਂ ਲਿਖੀ ਗਈ ਕਵਿਤਾ ਹੈ। ਜੇ ਇਕਹਿਰਾ ਅਤੇ ਨਿਸ਼ਚਿਤ
ਦ੍ਰਿਸ਼ਟੀਕੋਣ ਪ੍ਰਮਾਣਿਕ ਅਨੁਭਵ ਅਤੇ ਬੇਖ਼ੌਖ਼-ਸੁਤੰਤਰ ਪ੍ਰਗਟਾਵੇ ਰਾਹੀਂ ਕਵਿਤਾ ਵਿਚ ਢਲੇ ਤਾਂ ਕੋਈ
ਕਾਰਣ ਨਹੀਂ ਹੈ ਕਿ ਵੱਡੀ ਕਵਿਤਾ ਦੀ ਸਿਰਜਣਾ ਨਾ ਹੋਵੇ। ਪਰ ਸਾਡੇ ਬਹੁਤੇ ਕਵੀਆਂ ਦੀ ਰਚਨਾ ਵਿਚਲੀ ਵੰਨਸੁਵੰਨਤਾ ਉਨ੍ਹਾਂ ਦੇ ਪ੍ਰਮਾਣਿਕ
ਆਪੇ ਅਤੇ ਉਸ ਦੇ ਪ੍ਰਗਟਾਵੇ ਦੀ ਵੰਨਸੁਵੰਨਤਾ ਵਿਚੋਂ ਉਦੈ ਨਹੀਂ ਹੁੰਦੀ ਸਗੋਂ ਜੀਵਨ ਦੀਆਂ ਚੋਣਾਂ/ ਨਿਰਣਿਆਂ (choices) ਵਿਚਲੇ
ਅੰਤਰ-ਵਿਰੋਧਾਂ ਵਿਚੋਂ ਉਪਜਦੀ ਹੈ। ਸਾਫ਼ ਲਫ਼ਜ਼ਾਂ ਵਿਚ ਕਹੀਏ ਤਾਂ ਜ਼ਿਆਦਾਤਰ ਪੰਜਾਬੀ ਕਵੀ ਆਪਣੇ
ਅੰਦਰ ਬਾਹਰ ਦੇ ਅਨੁਭਵਾਂ ਰਾਹੀਂ ਅਤੇ ਆਪਣੇ ਅਧਿਐਨ-ਗਿਆਨ ਰਾਹੀਂ ਬਣੇ ਵਿਚਾਰਾਂ ਅਤੇ ਸਾਂਚਿਆਂ
ਵਿਚ ਨਹੀਂ ਸੋਚਦੇ ਸਗੋਂ ਉਨ੍ਹਾਂ ਸਾਂਚਿਆਂ ਰਾਹੀਂ ਵੀ ਸੋਚਦੇ ਹਨ ਜੋ ਉਨ੍ਹਾਂ ਨੂੰ ਪਸੰਦ ਤਾਂ
ਨਹੀਂ ਹੁੰਦੇ ਪਰ ਹਾਵੀ, ਪ੍ਰਵਾਣਿਤ ਅਤੇ ਪ੍ਰਸੰਸਾਯੋਗ ਹੋਣ ਕਾਰਣ ਅਪਣਾ ਲਏ ਜਾਂਦੇ ਹਨ। ਜਗਤਾਰ ਵੀ
ਕਈ ਵਾਰੀ ਅਜਿਹਾ ਕੁਝ ਲਿਖਦਾ ਹੈ ਜੋ ਉਸ ਦੇ ਪ੍ਰਮਾਣਿਕ ਆਪੇ ਦੇ ਹਾਣ ਦਾ ਨਹੀਂ ਹੈ ਪਰ ਜਦੋਂ ਉਹ
ਆਪਣੇ ਆਪੇ ਦੇ ਨੇੜੇ, ਆਪਣੇ ਅਨੁਭਵ ਵਿਚੋਂ ਕਸ਼ੀਦੇ ਖ਼ਿਆਲਾਂ ਦੇ ਨੇੜੇ ਅਤੇ ਆਪਣੀ ਭਾਸ਼ਾ ਦੇ ਨੇੜੇ
ਰਹਿੰਦਾ ਹੈ ਤਾਂ ਉਸ ਦੀ ਕਵਿਤਾ ਵਿਚ ਕਲਾਤਮਕਤਾ ਦਾ ਜ਼ੋਰ ਵੀ ਨਜ਼ਰ ਆਉਂਦਾ ਹੈ ਅਤੇ ਖ਼ਿਆਲਾਂ ਗਹਿਰਾਈ
ਵੀ। ਉਸ ਦੀਆਂ ਜਿਨ੍ਹਾਂ ਕਵਿਤਾਵਾਂ ਦੇ ਅਸੀਂ
ਜ਼ਿਆਦਾਤਰ ਹਵਾਲੇ ਦਿੰਦੇ ਹਾਂ ਉਹ ਉਸ ਕਵਿਤਾ ਦੇ ਹੀ ਹਨ ਜਿਸ ਕਵਿਤਾ ਵਿਚ ਉਸ ਨੇ ਕਿਸੇ ਵਿਚਾਰਧਾਰੀ
ਜਾਂ ਕਲਾਤਮਕ ਰੂੜ੍ਹੀ ਦਾ ਅਨੁਸਰਣ ਕਰਨ ਦੀ ਥਾਂ ਆਪਣੇ ਜੀਵੰਤ ਅਨੁਭਵ ਨੂੰ ਮੌਲਿਕ ਕਾਵਿ-ਭਾਸ਼ਾ
ਰਾਹੀ ਪ੍ਰਗਟਾਉਂਦੇ ਹੋਏ ਪੰਜਾਬੀ ਕਾਵਿ-ਪਰੰਪਰਾ ਨੂੰ ਵਿਸਤਾਰਿਆ ਹੈ। ਕਿਸੇ ਵੀ ਸ਼ਾਇਰ ਦੀ ਸਾਰੀ ਕਵਿਤਾ
ਇਕੋ ਮਿਆਰ ਦੀ ਅਨੁਸਾਰੀ ਨਹੀਂ ਹੁੰਦੀ ਪਰ ਉਹ ਕਵਿਤਾ ਹੀ ਕਵੀ ਦੀ ਪਛਾਣ ਬਣਦੀ ਹੈ ਜਿਹੜੀ ਨਿਵੇਕਲੇ
ਕਾਵਿ-ਮਿਆਰ ਬਣਾਉਂਦੀ ਹੈ ਅਤੇ ਜਗਤਾਰ ਪੰਜਾਬੀ ਦੇ ਉਨ੍ਹਾਂ ਕਵੀਆਂ ਵਿਚੋਂ ਇਕ ਹੈ ਜਿਸ ਨੇ ਨਵੇਂ
ਕਾਵਿ-ਮਿਆਰਾਂ ਦੀ ਸਥਾਪਨਾ ਕੀਤੀ ਹੈ। ਇਹੀ ਉਸ ਦੀ ਕਵਿਤਾ ਦੀ ਪ੍ਰਾਪਤੀ ਹੈ।
[3] ਡਾ. ਯੋਗਰਾਜ, ਨਵੀਂ ਪੰਜਾਬੀ ਸ਼ਾਇਰੀ: ਸਮਕਾਲੀ ਸੰਦਰਭ, ਚੇਤਨਾ
ਪ੍ਰਕਾਸ਼ਨ, ਲੁਧਿਆਣਾ, 2014 (ਦੂਜਾ ਸੰਸਕਰਨ) ਪੰਨਾ 44-45
[10] ਡਾ. ਸੁਹਿੰਦਰ ਬੀਰ, ਆਧੁਨਿਕ ਪੰਜਾਬੀ ਕਾਵਿ : ਥੀਮ ਅਤੇ ਰੂਪਾਕਾਰ,
ਵਾਰਿਸ ਸ਼ਾਹ ਫ਼ਾਊਂਡੇਸ਼ਨ, ਅਮ੍ਰਿਤਸਰ, 1998, ਪੰਨਾ 178