ਪੰਜਾਬੀ ਨਾਵਲ ਦਾ ਕਾਵਿ-ਸ਼ਾਸਤਰ
ਸੁਰਜੀਤ ਸਿੰਘ*
(ਆਦਿ-ਕਥਨ)
'ਪੰਜਾਬੀ ਨਾਵਲ ਦਾ ਕਾਵਿ-ਸ਼ਾਸਤਰ' ਦੇ ਸਿਰਲੇਖ ਅਧੀਨ ਹਥਲਾ ਖੋਜ-ਪੱਤਰ ਲਿਖਣ ਦੀ ਜ਼ਿੰਮੇਵਾਰੀ ਮਿਲਦੇ ਸਾਰ ਜਿਹੜਾ ਪਹਿਲਾ ਪ੍ਰਸ਼ਨ ਮੇਰੇ ਮਨ ਵਿਚ ਆਇਆ ਉਹ ਇਹ ਸੀ ਕਿ ਪਜਾਬੀ ਨਾਵਲ ਦਾ ਕਾਵਿ-ਸ਼ਾਸਤਰ ਹੀ ਕਿਉਂ? ਬਿਰਤਾਂਤ ਸ਼ਾਸਤਰ ਜਾਂ ਨਾਵਲ-ਸ਼ਾਸਤਰ ਜਾਂ ਗਲਪ-ਸ਼ਾਸਤਰ ਕਿਉਂ ਨਹੀਂ? ਮੇਰੀ ਸਮਝ ਅਨੁਸਾਰ ਕਾਵਿ-ਸ਼ਾਸਤਰ ਅਤੇ ਬਿਰਤਾਂਤ ਸ਼ਾਸਤਰ ਵਿਚ ਮੁੱਖ ਅੰਤਰ ਇਹ ਹੈ ਜਿੱਥੇ ਕਾਵਿ-ਸ਼ਾਸਤਰ ਕਿਸੇ ਵਿਸ਼ੇਸ਼ ਵਿਧਾ ਦੀਆਂ ਲਿਖਤਾਂ ਵਿਚ ਨਿਰੰਤਰ ਕਾਰਜਸ਼ੀਲ ਰਚਨਾਤਮਕ ਰੀਤੀਆਂ ਦੇ ਪੈਟਰਨ ਦਾ ਬੋਧ ਹੈ ਉੱਥੇ ਬਿਰਤਾਂਤ ਸ਼ਾਸਤਰ ਵਿਕੋਲਿੱਤਰੀਆਂ ਬਿਰਤਾਂਤਕ ਰਚਨਾਵਾਂ ਵਿਚ ਅਰਥ ਦੀ ਸੰਰਚਨਾ ਨੂੰ ਹੋਂਦ ਵਿਚ ਲਿਆਉਣ ਵਾਲੀ ਬੁਣਤਰ ਦੀ ਵਿਆਖਿਆ ਕਰਦਾ ਹੈ। ਦੂਜੇ ਸ਼ਬਦਾਂ ਵਿਚ ਕਾਵਿ-ਸ਼ਾਸਤਰ ਨਾਵਲੀ-ਪ੍ਰਬੰਧ ਦੀ ਪਛਾਣ ਦਾ ਵਸੀਲਾ ਹੈ ਅਤੇ ਬਿਰਤਾਂਤ ਸ਼ਾਸਤਰ ਨਾਵਲ-ਸੰਰਚਨਾ ਦੀ ਤਲਾਸ਼ ਦਾ। ਕਾਵਿ-ਸ਼ਾਸਤਰ ਵਿਚ ਧਾਰਣਾਵਾਂ ਸਧਾਰਣੀਕਰਨ ਦੀ ਪ੍ਰਕਿਰਿਆ ਵਿਚੋਂ ਗੁਜ਼ਰਦੀਆਂ ਹਨ ਅਤੇ ਬਿਰਤਾਂਤ-ਸ਼ਾਸਤਰ ਵਿਲੱਖਣਤਾਵਾਂ ਦੀ ਪਛਾਣ ਵਲ ਅਹੁਲਦਾ ਹੈ। ਕਾਵਿ-ਸ਼ਾਸਤਰ ਵਿਚ ਚੋਣਵੀਂ ਪਰੰਪਰਾ ਅਤੇ ਆਮ ਰਚਨਾਕਾਰੀ ਦੀ ਦਵੰਦਾਤਮਕ ਪਛਾਣ ਲਾਜ਼ਮੀ ਹੈ ਅਤੇ ਬਿਰਤਾਂਤ-ਸ਼ਾਸਤਰ ਜ਼ਿਆਦਾਤਰ ਚੋਣਵੀਆਂ ਰਚਨਾਵਾਂ ਦੇ ਅਧਿਐਨ ਰਾਹੀਂ ਕਿਸੇ ਨਾਵਲ ਪਰੰਪਰਾਵਾਂ ਦੀਆਂ ਉਚਤਮ ਪ੍ਰਾਪਤੀਆਂ ਨੂੰ ਉਭਾਰਦਾ ਹੈ। ਇੰਝ ਬਿਰਤਾਂਤ ਸ਼ਾਸਤਰ ਨਾਵਲ ਦੇ ਕਾਵਿ-ਸ਼ਾਸਤਰ ਦੀ ਪਛਾਣ ਲਈ ਇਕ ਮਹੱਤਵਪੂਰਣ ਪੜਾਅ ਹੋ ਸਕਦਾ ਹੈ। ਮੇਰੀ ਜਾਚੇ ਗਲਪ-ਸ਼ਾਸਤਰ ਦਾ ਮੁੱਖ ਸਰੋਕਾਰ ਕਿਸੇ ਬਿਰਤਾਂਤ ਵਿਚ ਇਤਿਹਾਸਕ ਸਮੱਗਰੀ ਦੇ ਗਲਪੀਕਰਨ ਦੀਆਂ ਜੁਗਤਾਂ ਦੀ ਤਲਾਸ਼ ਹੋਣਾ ਚਾਹੀਦਾ ਹੈ। ਇਸ ਵਿਚ ਇਨ੍ਹਾਂ ਜੁਗਤਾਂ ਪਿੱਛੇ ਰਚਨਾਕਾਰ ਦੇ ਵਿਚਾਰਧਾਰਾਈ ਸਰੋਕਾਰਾਂ ਦੀ ਪਛਾਣ ਦਾ ਕਾਰਜ ਵੀ ਕੀਤਾ ਜਾ ਸਕਦਾ ਹੈ। ਨਾਵਲ ਸ਼ਾਸਤਰ ਦਾ ਮੁੱਖ ਸਰੋਕਾਰ ਨਾਵਲ ਦੇ ਵਿਲੱਖਣ ਵਿਧਾ-ਸੰਕਲਪ ਦੇ ਹਵਾਲੇ ਨਾਲ ਕਿਸੇ ਨਾਵਲ ਪਰੰਪਰਾ ਵਿਚ ਵਾਪਰਦੀਆਂ ਵਿਧਾਗਤ ਤਬਦੀਲੀਆਂ ਅਤੇ ਕਿਸੇ ਇਕ ਸਮੇਂ ਮੌਜੂਦ ਨਾਵਲਕਾਰੀ ਦੀ ਵਿਧਾਗਤ ਵੰਨ-ਸੁਵੰਨਤਾ ਦੀ ਪਛਾਣ ਹੋਵੇਗਾ। ਇਸ ਸਭ ਦੇ ਬਾਵਜੂਦ ਨਾਵਲ ਲਈ ਕਾਵਿ-ਸ਼ਾਸਤਰ ਪਦ ਦੀ ਵਰਤੋਂ ਸਮੱਸਿਆਤਮਕ ਹੈ।
ਭਾਗ ਪਹਿਲਾ:
(੧)
ਨਾਵਲ ਦੀ ਵਿਧਾਗਤ ਖ਼ਸਲਤ ਵਿਚ ਸਮਾਏ ਖੁੱਲ੍ਹੇਪਨ, ਬਦਣਯੋਗਤਾ, ਵੱਖਰੋ-ਵੱਖਰੇ ਸਾਹਿਤਕ ਤੇ ਗ਼ੈਰ-ਸਾਹਿਤਕ ਅਤੇ ਬਿਰਤਾਂਤਕ ਤੇ ਗ਼ੈਰ-ਬਿਰਤਾਂਤਕ ਸਰੋਤਾਂ ਤੋਂ ਆਈਆ ਵੰਨ-ਸੁਵੰਨੀਆਂ ਰਚਨਾ ਜੁਗਤਾਂ ਅਤੇ ਤਰਕੀਬਾਂ ਦੇ ਨਾਵਲੀ ਰੂਪਾਂਤਰਣ ਦੀਆਂ ਵਿਸ਼ਾਲ ਸੰਭਾਵਨਾਵਾਂ ਦੇ ਮੱਦੇ ਨਜ਼ਰ ਇਹ ਸਵਾਲ ਵੀ ਖੜ੍ਹਾ ਹੋ ਸਕਦਾ ਹੈ ਕਿ ਕੀ ਪੰਜਾਬੀ ਨਾਵਲ ਦਾ ਕੋਈ ਕਾਵਿ-ਸ਼ਾਸਤਰ ਹੋ ਸਕਦਾ ਹੈ? ਇਸ ਪ੍ਰਸ਼ਨ ਦੇ ਪਿਛੋਕੜ ਵਿਚ ਜਿਹੜੇ ਹੋਰ ਕਿੰਨੇ ਹੀ ਪ੍ਰਸ਼ਨ ਗੂੰਜ ਰਹੇ ਹਨ ਉਹ ਅਜਿਹੇ ਪ੍ਰਸ਼ਨ ਹਨ ਕਿ ਪੰਜਾਬੀ ਨਾਵਲ ਦੇ ਸੌ ਸਾਲ ਤੋਂ ਲੰਮੇ ਸਫ਼ਰ, ਨਾਵਲ ਸਿਰਜਣਾ ਦੇ ਪਿਛੋਕੜ ਵਿਚ ਕਾਰਜਸ਼ੀਲ ਇਤਿਹਾਸਕ ਪਰਿਸਥਿਤੀਆਂ ਵਿਚ ਤਬਦੀਲੀਆਂ ਦੇ ਸਿੱਟੇ ਵਜੋ ਨਾਵਲ-ਰਚਨਾ ਦੇ ਨਿਰੰਤਰ ਬਦਲਦੇ ਸਰੋਕਾਰਾਂ ਅਤੇ ਨਾਵਲ ਰਚਨਾ ਦੀਆਂ ਜੁਗਤਾਂ ਵਿਚ ਨਿਤ ਨਵੇਂ ਪ੍ਰਯੋਗ ਵਲ ਨਾਵਲਕਾਰਾਂ ਦੀ ਰੁਚੀ ਦੇ ਮੱਦੇਨਜ਼ਰ ਕੀ ਪੰਜਾਬੀ ਨਾਵਲ ਦਾ ਕੋਈ ਕਾਵਿ-ਸ਼ਾਸਤਰ ਘੜਿਆ ਜਾਂ ਪ੍ਰਸਤਾਵਿਤ ਕੀਤਾ ਜਾ ਸਕਦਾ ਹੈ? ਕਿ ਕਾਵਿ-ਸ਼ਾਸਤਰ ਦੀ ਸੰਕਲਪਨਾ ਦੇ ਪੈਦਾ ਹੋਣ ਪਿੱਛੇ ਕੰਮ ਕਰਦੀ ਸਿੱਧਾਂਤ ਚੇਤਨਾ ਅਤੇ ਉਸ ਦੇ ਠੋਸ ਵਿਚਾਰਧਾਰਾਈ ਆਧਾਰਾਂ ਦੇ ਸਨਮੁਖ ਕੀ ਇਕ-ਵਚਨੀ ਵਾਕ-ਉਚਾਰ ਵਿਚ ਪੰਜਾਬੀ ਨਾਵਲ ਦੇ ਇਕਹਿਰੇ ਕਾਵਿ-ਸ਼ਾਸਤਰ ਦੀ ਪਛਾਣ ਹੋ ਸਕਦੀ ਹੈ? ਇਹ ਵੀ ਕਿ ਕਾਵਿ-ਸ਼ਾਸਤਰ ਦੇ ਸੰਕਲਪ ਪਿੱਛੇ ਕਾਰਜਸ਼ੀਲ ਇਕਹਿਰਤਾਵਦੀ ਵਿਚਾਰਧਾਰਾ ਅਤੇ ਸਮਾਜ-ਚਿੰਤਨ ਬਾਰੇ ਪ੍ਰਸਿੱਧ ਨਾਵਲ-ਸਿੱਧਾਂਤਕਾਰ ਮਿਖ਼ਾਇਲ ਬਾਖ਼ਤੀਨ ਦੀਆਂ ਧਾਰਣਾਂਵਾਂ ਤੋਂ ਜਾਣੂੰ ਹੋਣ ਤੋਂ ਬਾਅਦ ਕੀ ਪੰਜਾਬੀ ਨਾਵਲ ਦੇ ਕਿਸੇ ਇਕ ਕਾਵਿ-ਸ਼ਾਸਤਰ ਦੀ ਤਲਾਸ਼ ਕਰਨੀ ਵਾਜਿਬ ਹੋਵੇਗੀ? ਇਸ ਦੇ ਨਾਲ ਹੀ ਕਿ ਕਾਵਿ –ਸ਼ਾਸਤਰ ਦਾ ਕਿਸੇ ਭਾਸ਼ਾ ਵਿਚ ਵਿਸ਼ੇਸ਼ ਵਿਧਾ ਦੇ ਇਤਿਹਾਸ ਅਤੇ ਵਿਧਾ-ਸ਼ਾਸਤਰ ਨਾਲ ਕੀ ਸੰਬੰਧ ਹੁੰਦਾ ਹੈ? ਅਤੇ ਕਿਸੇ ਰੂਪ-ਵਿਧਾ ਦੇ ਆਦਰਸ਼ਕ ਚੌਖਟੇ ਪ੍ਰਤਿ ਕਿਸੇ ਭਾਸ਼ਾਈ ਸਮੂਹ ਦੇ ਸਥੂਲ ਹੁੰਗਾਰੇ ਵਜੋਂ ਹੋਂਦ ਵਿਚ ਆ ਰਹੀਆਂ ਰਚਨਾਵਾਂ ਪਿੱਛੇ ਕਾਰਜਸ਼ੀਲ ਰਚਨਾ-ਵਿਗਆਨ ਦਾ ਉਸ ਸਮੂਹ ਦੀ ਇਤਿਹਾਸਕ ਹੋਣੀ ਅਤੇ ਸਥਿਤੀ ਨਾਲ ਕੀ ਤਾਅੱਲੁਕ ਹੁੰਦਾ ਹੈ? ਇਹ ਅਤੇ ਅਜਿਹੇ ਹੋਰ ਕਿੰਨੇ ਹੀ ਸਵਾਲ ਮੇਰੇ ਜ਼ਿਹਨ ਵਿਚ ਘੁੰਮ ਰਹੇ ਹਨ ਜਿਨ੍ਹਾਂ ਬਾਰੇ ਇਕ ਸਮਝ ਵਿਕਸਿਤ ਕਰਨ ਤੋਂ ਬਿਨਾ ਪੰਜਾਬੀ ਨਾਵਲ ਦੇ ਕਾਵਿ-ਸ਼ਾਸਤਰ ਬਾਰੇ ਕੋਈ ਮੁੱਲਵਾਨ ਧਰਾਣਾਵਾਂ ਪੇਸ਼ ਨਹੀਂ ਕੀਤੀਆਂ ਜਾ ਸਕਦੀਆਂ।
ਇਸ ਪ੍ਰਸੰਗ ਵਿਚ ਪੰਜਾਬੀ ਨਾਵਲ ਦੇ ਕਾਵਿ ਸ਼ਾਸਤਰ ਦੀ ਪਛਾਣ ਲਈ ਘੱਟੋ ਘੱਟ ਤਿੰਨ ਸੰਦਰਭ ਜ਼ਰੂਰੀ ਹੋਣਗੇ। ਪਹਿਲੇ ਸੰਦਰਭ ਦਾ ਤਾਅੱਲੁਕ ਪੰਜਾਬ ਦੀ ਇਤਿਹਾਸਕ ਗਤੀ ਦੇ ਨਾਲ ਨਾਲ ਨਾਵਲ ਰਚਨਾ ਵਿਚ ਆਉਂਦੀਆਂ ਤਬਦੀਲੀਆਂ ਨਾਲ ਹੋਵੇਗਾ। ਇਸ ਵਿਚ ਪੰਜਾਬੀ ਨਾਵਲ ਦੇ ਰਚਨਾ-ਵਿਧਾਨ ਅਤੇ ਰਚਨਾ-ਦ੍ਰਿਸ਼ਟੀ ਵਿਚ ਆ ਰਹੀਆਂ ਤਬਦੀਲੀਆਂ ਨੂੰ ਠੋਸ ਇਤਿਹਾਸਕ ਸਥਿਤੀਆਂ ਦੇ ਹਵਾਲੇ ਨਾਲ ਸਮਝਿਆ ਜਾ ਸਕਦਾ ਹੋਵੇਗਾ। ਦੂਜੇ ਸੰਦਰਭ ਦਾ ਸੰਬੰਧ ਇਨ੍ਹਾਂ ਤਬਦੀਲੀਆਂ ਦੀ ਪ੍ਰਕਿਰਿਆ ਦੌਰਾਨ ਹੋਂਦ ਵਿਚ ਆਈਆਂ ਰਚਨਾਤਮਕ ਰੀਤੀਆਂ ਦੀ ਇਕਾਲਿਕ ਸੰਰਚਨਾ ਦੀ ਪਛਾਣ ਨਾਲ ਹੋਵੇਗਾ। ਤੀਜੇ ਸੰਦਰਭ ਵਿਚ ਜ਼ਰੂਰੀ ਹੋਵੇਗਾ ਕਿ ਅਸੀਂ ਸੌ ਸਾਲ ਤੋਂ ਲੰਮੇ ਕਾਲਿਕ ਵਕਫ਼ੇ ਵਿਚ ਪੱਸਰੀ ਹੋਈ ਪੰਜਾਬੀ ਨਾਵਲ ਪਰੰਪਰਾ ਦੇ ਕੁਝ ਸਾਂਝੇ ਤੇ ਸਥਾਈ ਲੱਛਣਾਂ ਨੂੰ ਪਛਾਣ ਸਕੀਏ। ਇਸ ਸਾਰੀ ਚਰਚਾ ਦੌਰਾਨ ਇਹ ਧਿਆਨ ਵਿਚ ਰੱਖਣਾ ਪਵੇਗਾ ਕਿ ਪੰਜਾਬੀ ਨਾਵਲ ਦੀ ਵਿਕਾਸ ਰੇਖਾ ਦੌਰਾਨ ਹੋਂਦ ਵਿਚ ਆਏ ਰਚਨਾਤਮਕ ਪੈਟਰਨਾਂ ਦੀ ਉਸਾਰੀ ਵਿਚ ਚੋਣਵੀਂ ਪਰੰਪਰਾ ਅਤੇ ਆਪਣੀ ਰਚਨਾ ਦੀ ਪ੍ਰੇਰਕ-ਸਥਿਤੀ ਵਿਚ ਹੀ ਸਿੱਲ-ਪੱਥਰ ਹੋ ਗਏ ਨਾਵਲਾਂ ਨੂੰ ਸਮੁੱਚਿਤ ਰੂਪ ਵਿਚ ਵਿਚਾਰਿਆ ਜਾਵੇ। ਇੱਥੇ ਚੋਣਵੀਂ ਪਰੰਪਰਾ ਅਤੇ ਸਧਾਰਣ ਰਚਨਾਕਾਰੀ ਦੇ ਸੰਬਾਦਕ ਸੰਬੰਧਾਂ ਦੀ ਪਛਾਣ ਕਰਨੀ ਵੀ ਲਾਜ਼ਮੀ ਹੋਵੇਗੀ। ਅਜਿਹਾ ਇਸ ਲਈ ਜ਼ਰੂਰੀ ਹੋਵੇਗਾ ਕਿਉਂਕਿ ਜਿੱਥੇ ਚੋਣਵੀ ਪਰੰਪਰਾ ਕਿਸੇ ਭਾਸ਼ਾਈ ਸਮੂਹ ਦੀ ਸੁਹਜ-ਚੇਤਨਾ ਦੇ ਗਗਨਮੁਖੀ ਵਿਕਾਸ ਦੀਆਂ ਸੰਭਾਵਨਾਵਾਂ ਦੀ ਸੂਚਕ ਹੁੰਦੀ ਹੈ ਉੱਥੇ ਆਮ ਰਚਨਾਕਾਰੀ ਉਸ ਦੇ ਭੋਂਇਮੁਖੀ ਜਾਂ ਦੁਮੇਲਮੁਖੀ ਵਿਸਤਾਰ ਦਾ ਨਕਸ਼ਾ ਹੁੰਦੀ ਹੈ ਜਿਸ ਵਿਚੋਂ ਉਸ ਸਮੂਹ ਦੀ ਮਨੋ-ਸੰਰਚਨਾ ਅਤੇ ਵਿਚਾਰਧਾਰਈ ਸਰੋਕਾਰਾਂ, ਚੇਤਨਾਗਤ ਸੀਮਾਵਾਂ-ਸੰਭਾਵਨਾਵਾਂ ਅਤੇ ਵਿਹਾਰ ਦੀ ਥਾਹ ਪਾਈ ਜਾ ਸਕਦੀ ਹੈ।ਇਸ ਪ੍ਰਕਾਰ ਕਾਵਿ-ਸ਼ਾਸਤਰੀ ਚਿੰਤਨ ਅਤੇ ਨਾਵਲ-ਸ਼ਾਸਤਰ (ਨਾਵਲ ਦਾ ਵਿਧਾ ਸ਼ਾਸਤਰ) ਤੋ ਮਿਲਦੀਆਂ ਅੰਤਰ-ਦ੍ਰਿਸ਼ਟੀਆਂ ਦੇ ਸੁਮੇਲ ਰਾਹੀਂ ਹੀ ਪੰਜਾਬੀ ਨਾਵਲ ਦੇ ਕਾਵਿ-ਸ਼ਾਸਤਰ ਬਾਰੇ ਕੁਝ ਪਰਿਕਲਪਨਾਵਾਂ ਬਣਾਈਆਂ ਜਾ ਸਕਦੀਆਂ ਹਨ। ਇਸ ਲਿਹਾਜ਼ ਨਾਲ ਪੰਜਾਬੀ ਨਾਵਲ ਦਾ ਕਾਵਿ-ਸ਼ਾਸਤਰ ਕੋਈ ਇਕਹਿਰਾ, ਸਥਿਰ, ਸਰਬਕਾਲੀ ਅਤੇ ਅਬਦਲ ਰੂਪ-ਜੁਗਤਾਂ ਦੀ ਵਿਆਖਿਆ ਦਾ ਪ੍ਰਬੰਧ ਨਹੀਂ ਹੋ ਸਕਦਾ। ਇਸ ਵਿਚ ਵਿਧਾਗਤ ਰੂਪਾਂਤਰਣਾਂ ਨੂੰ ਇਤਿਹਾਸਕ ਗਤੀ ਦੇ ਸਥੂਲ ਸੰਦਰਭਾਂ ਸਹਿਤ ਪੇਸ਼ ਕੀਤਾ ਜਾਣਾ ਲੋੜੀਂਦਾ ਹੈ ਅਤੇ ਇਸ ਵਿਚ ਰਚਨਾਤਮਕ ਰੀਤੀਆਂ ਪਿੱਛੇ ਕਾਰਜਸ਼ੀਲ ਪੰਜਾਬੀ ਬੰਦੇ ਦੇ ਮਨੋ-ਵਿਹਾਰ ਤੇ ਸੁਹਜ-ਚੇਤਨਾ ਦੇ ਪੈਟਰਨਾ ਦੀ ਪਛਾਣ ਕਰਦਿਆਂ ਨਾਵਲੀ ਵਿਧਾ ਵਿਚਲੀ ਰੀਤੀਗਤ ਅਤੇ ਕਾਲਗਤ ਵੰਨ-ਸੁਵੰਨਤਾ ਦੀ ਵਿਆਖਿਆ ਕੀਤੀ ਜਾਣੀ ਚਾਹੀਦੀ ਹੈ। ਇਸ ਲਈ ਇਹ ਕਾਵਿ-ਸ਼ਾਸਤਰ ਇਕਾਲਕਤਾ ਉਪਰ ਜ਼ੋਰ ਦੇਣ ਵਾਲੇ ਸੰਰਚਨਾਵਾਦੀ ਭਾਸ਼ਾ ਚਿੰਤਨ ਦੀਆਂ ਸੀਮਾਵਾਂ ਤੋਂ ਪਾਰ ਇਤਿਹਾਸਕ ਕਾਵਿ-ਸ਼ਾਸਤਰ ਅਖਵਾ ਸਕਦਾ ਹੈ।
(੨)
ਪੰਜਾਬੀ ਨਾਵਲ ਦੀ ਪਰੰਪਰਾ ਵਿਚ ਕਾਵਿ-ਸ਼ਾਸਤਰੀ ਪ੍ਰਤਿਮਾਨਾ ਦੀ ਹੋਂਦ-ਪ੍ਰਕਿਰਿਆ ਅਤੇ ਰੂਪਾਂਤਰਣ ਦੇ ਸਰੂਪ ਨੁੰ ਸਮਝਣ ਲਈ ਇਸ ਧਾਰਣਾ ਨਾਲ ਸਹਿਮਤ ਹੋਣਾ ਬਣਦਾ ਹੈ ਕਿ'ਸਾਹਿਤ ਦੇ ਵਿਕਾਸ ਦਾ ਇਹ ਇਕ ਆਮ ਜਾਣਿਆ-ਪਛਾਣਿਆ ਨਿਯਮ ਹੈ ਕਿ ਵੱਖ ਵੱਖ ਸਮਿਆਂ ਅਤੇ ਸਥਿਤੀਆਂ ਵਿਚੋਂ ਦੀ ਗ਼ੁਜ਼ਰਦੀਆਂ ਹੋਈਆਂ ਰਚਨਾਵਾਂ ਗੁਣ ਤੇ ਰੂਪ ਵਿਚ ਬਦਲਦੀਆਂ ਹਨ। ਇਹ ਤਬਦੀਲੀ ਦੁਕਾਲਕ ਪੱਧਰ ਉੱਤੇ ਹੀ ਨਹੀਂ, ਇਕਾਲਕ ਪੱਧਰ ਉੱਤੇ ਵੀ ਵਾਪਰਦੀ ਹੈ। ਸਮੇਂ ਦੇ ਫ਼ਰਕ ਨਾਲ ਆਉਣ ਵਾਲੀ ਤਬਦੀਲੀ ਤੋਂ ਇਲਾਵਾ ਇਕ ਸਮੇਂ ਤੇ ਸਥਾਨ ਵਿਚ ਬਰਾਬਰ ਬਰਾਬਰ ਵਿਚਰਦੇ ਲੇਖਕਾਂ ਦੀਆਂ ਰਚਨਾਵਾਂ ਵਿਚ ਵੀ ਗੁਣ-ਲੱਛਣਾਂ ਦੀ ਵਿਭਿੰਨਤਾ ਦੇਖੀ ਜਾ ਸਕਦੀ ਹੈ। ਗੁਣ-ਲੱਛਣਾਂ ਦੀ ਇਹ ਵਿਭਿੰਨਤਾ ਕਿਧਰੇ ਸੰਬੰਧਿਤ ਰੂਪ-ਵਿਧਾ ਦੇ ਉਭਾਰ ਦੀ ਸੂਚਕ ਹੋਵੇਗੀ ਤੇ ਕਿਧਰੇ ਉਸ ਦੇ ਉਤਾਰ ਦੀ। ਇਸ ਦੀ ਗਤੀ ਵਿਚ ਨਿਰੰਤਰ ਵਿਕਾਸ ਨਹੀਂ, ਉਤਾਰ-ਚੜ੍ਹਾ ਤੇ ਵਿੰਗ-ਟੇਢ ਦਿਸਣਗੇ ਜਿਨ੍ਹਾਂ ਨੂੰ ਵੱਖ ਵੱਖ ਪੜਾਵਾਂ ਵਿਚ ਵੰਡਿਆ ਜਾ ਸਕਦਾ ਹੈ। ਇਸ ਦ੍ਰਿਸ਼ਟੀ ਤੋਂ ਪੰਜਾਬੀ ਨਾਵਲ ਨੂੰ ਘੱਟੋ ਘੱਟ ਪੰਜ ਪੜਾਵਾਂ ਵਿਚ ਵੰਡਿਆ ਜਾ ਸਕਦਾ ਹੈ ਜਿਨ੍ਹਾਂ ਵਿਚ ਗੁਣ ਅਤੇ ਰੂਪ ਪੱਖੋਂ ਸਾਪੇਖਕ ਵਿਭਿੰਨਤਾ ਨਜ਼ਰ ਆਉਂਦੀ ਹੈ। ਪੰਜਾਬੀ ਦੇ ਵੱਖ ਵੱਖ ਆਲੋਚਕਾਂ ਨੇ ਕਾਲ ਦੇ ਪ੍ਰਸੰਗ ਵਿਚ ਨਾਵਲ ਦੀ ਰਚਨਾਕਾਰੀ ਵਿਚ ਵਾਪਰਦੀਆਂ ਤਬਦੀਲੀਆਂ ਨੂੰ ਪਛਾਣਦਿਆ ਪੰਜਾਬੀ ਨਾਵਲ ਦੀ ਕਾਲ-ਵੰਡ ਵੀ ਵੱਖ ਵੱਖ ਕੀਤੀ ਹੈ ਅਤੇ ਇਨ੍ਹਾਂ ਕਾਲਾਂ ਦੌਰਾਨ ਪੰਜਾਬੀ ਨਾਵਲ ਦੀਆਂ ਰਚਨਾਤਮਕ ਰੀਤੀਆਂ ਵਿਚਲੀਆਂ ਸਾਂਝਾਂ ਅਤੇ ਵਿਲੱਖਣਤਾਵਾਂ ਬਾਰੇ ਵੀ ਵੱਖੋ-ਵੱਖਰੀਆਂ ਧਾਰਣਾਵਾਂ ਪੇਸ਼ ਕੀਤੀਆਂ ਹਨ। ਅਸੀਂ ਇਨ੍ਹਾਂ ਧਾਰਣਾਵਾਂ ਨਾਲ ਕ੍ਰਮਵਾਰ ਸੰਵਾਦ ਰਚਾਉਣ ਦੀ ਬਜਾਏ ਪੰਜਾਬੀ ਨਾਵਲ ਦੇ ਵਿਭੰਨ ਪੜਾਵਾਂ ਉੱਤੇ ਕਾਰਜਸ਼ੀਲ ਰੀਤੀਆਂ ਬਾਰੇ ਚਰਚਾ ਦੌਰਾਨ ਉਨ੍ਹਾਂ ਬਾਰੇ ਆਪਣਾ ਪ੍ਰਤਿਕਰਮ ਦਰਜ ਕਰਦੇ ਹੋਏ ਚੱਲਾਂਗੇ।
(੩)
ਮੁੱਢਲਾ ਪੰਜਾਬੀ ਨਾਵਲ ਪੱਛਮ ਦੀ ਨਾਵਲੀ ਪਰੰਪਰਾ ਦੀ ਨਿਰੰਤਰਤਾ ਵਿਚ ਵਿਗਸਣ ਦੀ ਥਾਂ ਪੰਜਾਬੀ ਸਾਹਿਤ ਦੀ ਮੱਧਕਾਲੀ ਬਿਰਤਾਂਤ ਪਰੰਪਰਾ ਦੇ ਨਵੀਨ ਗਲਪੀ ਰੂਪਾਂਤਰਣ ਅਤੇ ਮਿਸ਼ਰਣ ਵਿਚੋਂ ਉਪਜਿਆ ਹੈ। ਬੇਗਾਨੇ ਸਭਿਆਚਾਰ ਦੀ ਸ਼ਕਤੀਵਰ ਸਥਿਤੀ ਦੁਆਰਾ ਉਤਪੰਨ ਸੰਕਟ ਨਾਲ ਸੰਵਾਦ ਰਚਉਂਦਾ ਹੌਇਆ ਮੁੱਢਲਾ ਨਾਵਲ ਸੰਕ੍ਰਾਂਤੀਕਾਲੀਨ ਸਭਿਆਚਾਰਕ ਸਿਰਜਣਾਵਾਂ ਵਾਂਗ ਹੀ ਮੱਧਕਾਲੀ ਕਥਾ-ਜੁਗਤਾਂ ਅਤੇ ਆਧੁਨਿਕ ਯੁਗ ਦੀ ਉਪਜ ਨਾਵਲ ਦੀਆਂ ਵਿਧਾਗਤ ਮਰਿਆਦਾਵਾਂ ਦੇ ਦਰਮਿਆਨ ਡੋਲਦਾ ਹੋਇਆ ਬਿਰਤਾਂਤਕ-ਪ੍ਰਬੰਧ ਸਾਕਾਰ ਕਰਦਾ ਹੈ। ਭਾਈ ਵੀਰ ਸਿੰਘ ਅਤੇ ਉਸ ਦੇ ਸਮਕਾਲੀਆਂ ਭਾਈ ਮੋਹਨ ਸਿੰਘ ਵੈਦ ਤੇ ਚਰਨ ਸਿੰਘ ਸ਼ਹੀਦ ਦੁਆਰਾ ਰਚਿਤ ਪਹਿਲੇ ਨਾਵਲਾਂ ਵਿਚ ਬਿਰਤਾਂਤ ਸੰਯੋਜਨ ਦੀਆਂ ਤਰਕੀਬਾਂ ਵਿਚ ਮੱਧਕਾਲੀ ਬਿਰਤਾਂਤਕ ਵਿਧਾਵਾਂ, ਪੰਜਾਬੀ ਲੋਕ-ਬਿਰਤਾਂਤ ਦੀਆਂ ਰੂੜ੍ਹੀਆਂ ਅਤੇ ਅੰਗਰੇਜ਼ੀ ਨਾਵਲ ਦਾ ਬਾਹਰਵਰਤੀ ਚੌਖਟਾ ਜਿਸ ਤਰ੍ਹਾਂ ਨਾਲ ਇਕ ਦੂਜੇ ਵਿਚ ਰਚ ਕੇ ਇਕ ਨਿਵੇਕਲਾ ਵਿਧਾਨ ਉਸਾਰਦੇ ਹਨ ਉਸ ਵਿਚ ਵਸਤੂ ਯਥਾਰਥ ਦੇ ਚਿਤਰਣ ਦੀਆਂ ਸੰਭਾਵਨਾਵਾਂ ਉਤਪੰਨ ਹੋਣ ਤੋਂ ਲੈ ਕੇ ਉਨ੍ਹਾਂ ਵਿਚ ਸੰਦਰਭ ਅਨੁਕੂਲ ਰੂਪਾਂਤਰਣ ਵਾਪਰਦੇ ਨਜ਼ਰ ਆਉਣ ਲੱਗਦੇ ਹਨ। ਮੁੱਢਲੇ ਪੰਜਾਬੀ ਨਾਵਲ ਦੀਆਂ ਖ਼ਾਸੀਅਤਾਂ ਦੱਸਦੇ ਹੋਏ ਡਾ.ਟੀ.ਆਰ.ਵਿਨੋਦ ਲਿਖਦੇ ਹਨ, ' ਆਦਰਸ਼ਵਾਦੀ ਨਾਇਕ ਸੰਕਲਪ, ਸੰਪਰਦਾਇਕ ਦ੍ਰਿਸ਼ਟੀਕੋਣ, ਕਿੱਸਾ-ਕਾਵਿਕ ਸੰਰਚਨਾ ਪੱਧਤੀ, ਸੰਬੋਧਨੀ ਲਹਿਜਾ, ਦ੍ਰਿਸ਼ਟਾਂਤਕ ਕਥਾਨਕ ਆਦਿ ਲੱਛਣਾਂ ਕਰਕੇ ਇਹ ਨਾਵਲ ਨਵੀਨ ਗਲਪ ਬੋਧ ਅਨੁਸਾਰ ਨਹੀਂ ਢਲ ਸਕਿਆ'। ਇਸੇ ਤਰ੍ਹਾਂ ਦੀ ਧਾਰਣਾ ਡਾ.ਗੁਰਪਾਲ ਸਿੰਘ ਸੰਧੂ ਪੇਸ਼ ਕਰਦੇ ਹਨ। ਉਨ੍ਹਾਂ ਦਾ ਵਿਚਾਰ ਹੈ ਕਿ, 'ਇਨ੍ਹਾਂ ਨਾਵਲਾਂ ਦਾ ਪ੍ਰਯੋਜਨ ਸਮਕਾਲੀਨ ਨਾਇਕ ਨੂੰ ਪਰੰਪਰਾ ਦੀ ਅਜਿਹੀ ਬੰਦ ਸੰਰਚਨਾ ਵਿਚ ਬੰਨ੍ਹਣਾਂ ਹੈ, ਜਿੱਥੇ ਉਹ ਪਰੰਪਰਾ ਦੁਆਰਾ ਪ੍ਰਸਤੁਤ ਚਿਹਨਤਾ ਦੇ ਪਰਿਪੇਖ ਵਿਚ ਸਮਕਾਲੀਨ ਚਿਹਨਕਾਂ ਦੀ ਤਲਾਸ਼ ਕਰਕੇ, ਵਰਤਮਾਨ ਨੂੰ ਪਰੰਪਰਾ ਦੇ ਗਿਆਨ-ਸ਼ਾਸਤ੍ਰੀ ਅਤੇ ਸੰਚਾਰ-ਸ਼ਾਸਤ੍ਰੀ ਪ੍ਰਕਾਰਜ ਵਿਚ ਬੰਨ੍ਹ ਸਕੇ। ਸਵਾਲ ਪੈਦਾ ਹੁੰਦਾ ਹੈ ਕਿ ਮੁੱਢਲੇ ਨਾਵਲ ਦੇ ਰਚਨਾ ਕਾਲ ਸਮੇਂ ਵਸਤੂ ਸਥਿਤੀ ਵਿਚ ਕੀ ਇਸ ਕਿਸਮ ਦੇ ਇੱਛਿਤ ਨਵੀਨ ਗਲਪ ਬੋਧ ਅਤੇ ਨਵੀਨ ਗਿਆਨ-ਸ਼ਾਸਤਰ ਦੇ ਪੈਦਾ ਹੋਣ ਦੀਆਂ ਸੰਭਾਵਨਾਵਾਂ ਮੌਜੂਦ ਸਨ? ਜੇ ਇਹ ਸਨ ਤਾਂ ਪੰਜਾਬੀ ਨਾਵਲਕਾਰ ਇਨ੍ਹਾਂ ਸੰਭਾਵਨਾਵਾਂ ਨੂੰ ਸਾਕਾਰ ਕਰਨ ਵਿਚ ਸਫ਼ਲ ਕਿਉਂ ਨਹੀਂ ਹੁੰਦਾ? ਜੇ ਇਹ ਮੌਜੂਦ ਹੀ ਨਹੀਂ ਸਨ ਤਾਂ ਦੇਖਣਾ ਬਣਦਾ ਹੈ ਕਿ ਪੰਜਾਬੀ ਦੇ ਨਵੀਨ ਗਲਪਬੋਧ ਅਤੇ ਗਿਆਨ-ਸ਼ਾਸਤਰ ਦੇ ਪੈਦਾ ਹੋਣ ਦੀ ਪ੍ਰਕਿਰਿਆ ਵਿਚ ਇਨ੍ਹਾਂ ਰਚਨਾਵਾਂ ਦਾ ਕੀ ਯੋਗਦਾਨ ਹੈ ਅਤੇ ਇਹ ਰਚਨਾਵਾਂ ਸਮਕਾਲੀਨ ਪਰਿਸਥਿਤੀਆਂ ਦਾ ਕਿਸ ਕਿਸਮ ਦਾ ਹੁੰਗਾਰਾ ਹਨ? ਇਸ ਵਿਚ ਕੋਈ ਸੰਦੇਹ ਨਹੀਂ ਕਿ ਇਸ ਨਾਵਲਕਾਰੀ ਪਿੱਛੇ ਮੌਜੂਦ ਵਿਚਾਰਧਾਰਈ ਸਰੋਕਾਰਾਂ ਦੀਆਂ ਜੜਾਂ ਸੰਪਰਦਾਇਕ ਹਿਤਾਂ ਵਿਚ ਹਨ ਪਰ ਇਤਿਹਾਸਕ ਸਥਿਤੀ ਪ੍ਰਤਿ ਇਸ ਕਿਸਮ ਦਾ ਹੁੰਗਾਰਾ ਪੰਜਾਬ ਅਤੇ ਭਾਰਤ ਵਿਚ ਆਧੁਨਿਕਤਾ ਦੀ ਨਿਰਾਲੀ ਪ੍ਰਕਿਰਿਆ ਵਿਚਲੇ ਅੰਤਰ-ਵਿਰੋਧਾਂ ਅਤੇ ਇਨ੍ਹਾਂ ਦੇ ਸੰਦਰਭ ਵਿਚ ਹੋਂਦ ਗ੍ਰਹਿਣ ਕਰ ਰਹੀ ਚੇਤਨਾ ਦੀਆਂ ਸੀਮਾਵਾਂ ਦਾ ਪ੍ਰਤਿਫਲ ਵੀ ਹੈ। ਇਹ ਨਾਵਲ ਅੰਗਰੇਜ਼ੀ ਬਸਤੀਵਾਦੀ ਸਭਿਆਚਾਰ ਦੇ ਪ੍ਰਸਾਰ ਪ੍ਰਚਾਰ ਦੇ ਆਲੋਚਨਾਤਮਕ ਹੁੰਗਾਰੇ ਵਜੋਂ ਆਪਣੇ ਅਤੀਤ ਨੂੰ ਸਿਮਰਦਾ, ਵਰਤਮਾਨ ਵਿਚ ਆਪਣੀ ਤ੍ਰਾਸਦਿਕ ਸਥਿਤੀ ਵਿਚੋਂ ਉਪਜੀ ਆਤਮ ਗਿਲਾਨੀ ਤੋਂ ਵਾਸਤਵਿਕ ਧਰਾਤਲ ਤੇ ਉਭਰ ਸਕਣ ਦੀਆਂ ਸਥੂਲ ਸੰਭਾਵਨਾਵਾਂ ਦੀ ਗ਼ੈਰਹਾਜ਼ਰੀ ਵਿਚ, ਇਤਿਹਾਸ ਵਿਚਲੇ ਪ੍ਰਤਿਮਾਨਾਂ ਨੂੰ ਮੁੜ ਤੋਂ ਜਿਵਾਉਂਦਾ ਹੈ।ਇਹ ਨਾਵਲ ਸਮਕਾਲੀ ਸਥਿਤੀਆਂ ਨਾਲ ਜਿਸ ਕਿਸਮ ਦਾ ਸੰਵਾਦ ਰਚਾਉਂਦਾ ਹੈ ਉਸ ਦਾ ਮੁਹਾਂਦਰ ਭਾਵੇਂ ਅਤੀਤਮੁਖੀ ਜਾਪਦਾ ਹੈ ਪਰ ਉਸ ਵਿਚੋਂ ਵੀ ਆਧੁਨਿਕ ਤਰਕ ਵਿਧੀ ਦੇ ਸੰਕੇਤ ਮਿਲ ਜਾਂਦੇ ਹਨ।ਮੁੱਢਲੇ ਨਾਵਲ ਦੇ ਕਾਵਿ-ਸ਼ਾਸਤਰੀ ਲੱਛਣਾਂ ਵਿਚ ਸੰਪਰਦਾਇਕ ਪਾਤਰ ਸੰਕਲਪਨਾਂ ਅਤੇ ਸਮਕਾਲੀ ਸਮੱਸਿਆਵਾਂ ਬਾਰੇ ਚੇਤਨਾ ਦਾ ਸੰਬੋਧਨੀ ਸੁਰ ਵਿਚ ਪ੍ਰਗਟਾਅ ਆਦਿ ਦੀ ਪਛਾਣ ਤਾਂ ਸੁਖਾਲੀ ਹੀ ਹੈ ਪਰ ਨਾਲ ਹੀ ਪਾਤਰਾਂ ਦਾ ਉਨ੍ਹਾਂ ਦੇ ਸੀਮਿਤ ਵਿਅਕਤੀਗਤ ਸੰਦਰਭ ਵਿਚ ਸਿਰਜਣ, ਪਾਤਰਾਂ ਦੇ ਮਨ ਵਿਚ ਚੱਲਦੀਆਂ ਸੋਚਾਂ ਅਤੇ ਦੁਬਿਧਾਵਾਂ ਵਲ ਵਿਰਲੇ ਸੰਕੇਤ, ਪਾਤਰਾਂ ਦੁਆਲੇ ਘੁੰਮਦੀ ਮੂਲ ਕਥਾ ਦੇ ਸਮਾਨਾਂਤਰ ਵਾਪਰਦੀਆਂ ਹੋਰ ਘਟਨਾਵਾਂ ਰਾਹੀਂ ਪ੍ਰਗਟ ਹੁੰਦਾ ਵਾਸਤਵਿਕਤਾ ਦਾ ਧਰਾਤਲ ਆਦਿ ਅਜਿਹੇ ਲੱਛਣ ਵੀ ਹਨ ਜਿਨ੍ਹਾਂ ਤੋਂ ਮੁੱਢਲੇ ਪੰਜਾਬੀ ਨਾਵਲ ਵਿਚ ਬਿਰਤਾਂਤ ਸਿਰਜਣ ਦੀ ਨਾਵਲੀ ਵਿਧੀ ਪ੍ਰਤੀ ਵਧ ਰਹੀ ਚੇਤਨਾ ਦਾ ਪ੍ਰਮਾਣ ਮਿਲ ਜਾਂਦਾ ਹੈ। ਇਨ੍ਹਾਂ ਵਿਚ ਮੋਹਨ ਸਿੰਘ ਵੈਦ ਜੇ ਆਪਣੇ ਨਾਵਲਾਂ ਰਾਹੀਂ ਸਮਕਾਲੀ ਸਿੱਖ ਸਮਾਜ ਦੀਆਂ ਸਮੱਸਿਆਵਾਂ ਦੇ ਸਮਾਜਿਕ ਵਿਹਾਰ ਦੇ ਪ੍ਰਸੰਗ ਵਿਚ ਚਿਤਰਣ ਅਤੇ ਆਰਥਿਕ ਮਸਲਿਆਂ ਨੂੰ ਬਿਰਤਾਂਤਕ ਸਪੇਸ ਦੇਣੀ ਸ਼ੁਰੂ ਕਰਦਾ ਹੈ ਤਾਂ ਚਰਨ ਸਿੰਘ ਸ਼ਹੀਦ ਦੇ ਨਾਵਲਾਂ ਵਿਚ ਜਾਸੂਸੀ ਕਥਾ-ਵਿਉਂਤ ਤੇ ਜਾਦੂਈ ਯਥਾਰਥਵਾਦੀ ਜੁਗਤਾਂ ਦੀ ਵਰਤੋਂ ਤੋਂ ਪ੍ਰਗਟ ਹੁੰਦਾ ਨਵੀਂ ਤਕਨਾਲੋਜੀ ਦਾ ਮਿੱਥਿਕ ਬੋਧ ਅਤੇ ਖਲਨਾਇਕ ਪਾਤਰ ਦੀ ਮਨੋ-ਅਵਸਥਾ ਅਤੇ ਵਿਸ਼ਾਦ ਦਾ ਚਿਤਰਣ ਅਜਿਹੀਆਂ ਗਲਾਂ ਹਨ ਜਿਹੜੀਆਂ ਨਾਵਲੀ ਬੋਧ ਦੇ ਅਗਲੇ ਦੌਰ ਦੀ ਆਮਦ ਵਲ ਸੰਕੇਤ ਕਰਦੀਆਂ ਹਨ।
(੪)
ਮੁੱਢਲੇ ਦੌਰ ਵਿਚ ਹੋਂਦ ਵਿਚ ਆਏ ਪੰਜਾਬੀ ਨਾਵਲ ਦੇ ਕਾਵਿ-ਸ਼ਾਸਤਰੀ ਪੈਟਰਨ ਦੂਜੇ ਦੌਰ ਦੀਆਂ ਨਵੀਂਆਂ ਸਥਿਤੀਆਂ ਦੇ ਸਮਨੁਖ ਅਧੂਰੇ ਅਤੇ ਅਸਮਰੱਥ ਪ੍ਰਤੀਤ ਹੋਣ ਲੱਗਦੇ ਹਨ। ਇਸ ਨਵੀਂ ਸਥਿਤੀ ਦਾ ਸੰਬੰਧ ਪੰਜਾਬ ਵਿਚ ਨਿਰੰਤਰ ਤੇਜ ਹੋ ਰਹੀ ਰਾਸ਼ਟਰੀ ਭਾਵਨਾ ਅਤੇ ਉਸ ਦੇ ਨਾਲ ਹੀ ਪ੍ਰਬਲ ਹੋ ਰਹੀ ਰਾਜਸੀ ਚੇਤਨਾ ਨਾਲ ਬਣਦਾ ਹੈ। ਇਸ ਕਾਰਣ ਪੰਜਾਬੀ ਜਨਮਾਨਸ ਨੂੰ ਆਦਰਸ਼ ਅਤੇ ਸੁਪਨੇ ਦੀ ਪ੍ਰਾਪਤੀ ਸੰਭਾਵਨਾ ਦੇ ਦਾਇਰੇ ਵਿਚ ਆ ਗਈ ਪ੍ਰਤੀਤ ਹੋਣ ਲਗਦੀ ਹੈ। ਪੰਜਾਬੀ ਨਾਵਲ ਦਾ ਦੂਜਾ ਦੌਰ ਨਾਨਕ ਸਿੰਘ ਦੀ ਨਾਵਲਕਾਰੀ ਨਾਲ ਸ਼ੁਰੂ ਹੁੰਦਾ ਮੰਨਿਆਂ ਜਾਂਦਾ ਹੈ। ਇਸ ਦੌਰ ਨੂੰ ਜੇ ਕਾਲ ਦੇ ਸਥੂਲ ਪਾਸਾਰ ਵਿਚ ਸਥਿਤ ਕਰਨਾ ਹੋਵੇ ਤਾਂ ਇਸ ਦਾ ਅੰਤ ੧੯੬੦ ਦੇ ਕਰੀਬ ਮੰਨਿਆਂ ਜਾ ਸਕਦਾ ਹੈ।ਇਹ ਉਹ ਦੌਰ ਹੈ ਜਦੋਂ ਭਾਰਤੀ ਰਾਸ਼ਟਰੀ ਅੰਦੋਲਨ ਜ਼ੋਰ ਫੜਨ ਲੱਗਦਾ ਹੈ ਅਤੇ ਭਵਿੱਖ ਬਾਰੇ ਸੁਪਨਿਆਂ ਅਤੇ ਆਦਰਸ਼ਾਂ ਦਾ ਸੰਚਾਰ ਹੁੰਦਾ ਹੈ। ਇਸ ਦੌਰ ਵਿਚ ਸਮਾਜਿਕ ਜੀਵਨ ਵਿਚ ਆਧੁਨਿਕ ਪ੍ਰਗਤੀਸ਼ੀਲ ਕਦਰਾਂ ਕੀਮਤਾਂ ਦਾ ਸੰਚਾਰ ਹੋਣਾ ਹੁੰਦਾ ਹੈ। ਵਰਤਮਾਨ, ਇਹਲੋਕ ਅਤੇ ਫੌਰੀ ਸਮਾਜਿਕ ਮਸਲੇ ਅਤੀਤ, ਪਰਲੋਕ ਅਤੇ ਧਾਰਮਿਕਤਾ ਤੋਂ ਵਧੇਰੇ ਮਹੱਤਵਪੂਰਣ ਹੋ ਜਾਂਦੇ ਹਨ। ਇਸੇ ਲਈ ਦੂਜੇ ਦੌਰ ਦੇ ਨਾਵਲ ਵਿਚ ਪਾਤਰ ਸੰਕਲਪਨਾ ਹੀ ਕੇਵਲ ਸੰਪਰਦਾਇਕ ਦ੍ਰਿਸ਼ਟੀ ਦੀਆਂ ਅਲਾਮਤਾਂ ਤੋਂ ਮੁਕਤ ਨਹੀਂ ਹੁੰਦੀ ਸਗੋਂ ਪਾਤਰਾਂ ਦੇ ਵਿਅਕਤੀਗਤ ਕਾਰਜ ਦੀ ਬਿਰਤਾਂਤਕ ਸਪੇਸ ਵੀ ਵਿਸਤ੍ਰਿਤ ਹੋ ਜਾਂਦੀ ਹੈ। ਇਸੇ ਨਾਲ ਉਨ੍ਹਾਂ ਦੀ ਮਾਨਸਿਕਤਾ ਅਤੇ ਭਾਵਨਾਤਮਕ ਹੁੰਗਾਰਿਆਂ ਨੂੰ ਨਾਵਲੀ ਥੀਮ ਦਾ ਹਿੱਸਾ ਬਣਾਇਆ ਜਾਣਾ ਸ਼ੁਰੂ ਹੁੰਦਾ ਹੈ ਅਤੇ ਦਮਨਕਾਰੀ ਸਮਾਜਿਕ ਮਰਿਆਦਾ ਤੇ ਮੁਕਾਬਲੇ ਤੇ ਸਧਾਰਣ ਮਾਨਵੀ ਹੋਂਦ ਵਜੋਂ ਉਨ੍ਹਾਂ ਦੀਆਂ ਵਿਕਤੀਗਤ ਚਾਹਤਾਂ ਨੂੰ ਗੌਰਵ ਪ੍ਰਦਾਨ ਕੀਤਾ ਜਾਂਦਾ ਹੈ। ਵਿਅਕਤੀ ਦੇ ਕੁਮਕ-ਵਿਹਾਰ ਦੀ ਜਟਿਲਤਾ ਅਤੇ ਸੰਕਟ ਵੀ ਇਸ ਦੌਰ ਦੀ ਬਿਰਤਾਂਤ ਸਿਰਜਣਾ ਦਾ ਹਿੱਸਾ ਬਣਨੇ ਸ਼ੁਰੂ ਹੁੰਦੇ ਹਨ ਪਰ ਨਾਲ ਹੀ ਭਵਿੱਖਮੁਖੀ ਸਮਾਜ ਦੀ ਉਸਾਰੀ ਦੇ ਆਦਰਸ਼ ਅਤੇ ਸੁਪਨਿਆਂ ਦੀ ਬਿਰਤਾਂਤਕਾਰੀ ਵੀ ਜਾਰੀ ਰਹਿੰਦੀ ਹੈ। ਦੂਸਰੇ ਦੌਰ ਦੇ ਪੰਜਾਬੀ ਨਾਵਲ ਵਿਚ ਵੱਡੀ ਤਬਦੀਲੀ ਇਹ ਵਾਪਰਦੀ ਹੈ ਕਿ ਇਸ ਦੇ ਥੀਮਕ-ਘੇਰੇ ਵਿਚ ਪਿਆਰ, ਰਾਜਨੀਤੀ, ਆਰਥਿਕਤਾ ਦੇ ਨਾਲ ਨਾਲ ਸਮਾਜਿਕ ਜੀਵਨ ਦੇ ਹੋਰ ਨਿੱਕੇ ਵੱਡੇ ਸੰਸਾਰਕ ਮਸਲੇ ਆਉਣ ਲੱਗੇ। ਇਸ ਦੌਰ ਦੇ ਨਾਵਲ ਦੇ ਵਿਧਾਗਤ ਸਰੂਪ ਵਿਚ ਆਈਆਂ ਤਬਦੀਲੀਆਂ ਦਾ ਜ਼ਿਕਰ ਕਰਦੇ ਡਾ. ਵਿਨੋਦ ਲਿਖਦੇ ਹਨ; ਇਸ ਦੌਰ ਦੇ ਨਵਲ ਵਿਚ ਅਧਿਆਤਮਕਤਾ ਦੀ ਥਾਂ ਭੌਤਿਕਤਾ ਆਈ। ਰੋਮਾਂਸ ਦੀ ਥਾਂ ਵਾਸਤਵਿਕਤਾ ਨੇ ਮੱਲੀ। ਸੰਕੋਚ ਦੀ ਥਾਂ ਵਿਸਤਾਰ ਨੇ ਲਈ, ਸਥੂਲਤਾ ਦੀ ਥਾਂ ਸੂਖਮਤਾ ਦਾ ਚਿਤਰਣ ਹੋਣ ਲੱਗਾ, ਅਬਦਲ ਪਾਤਰਾਂ ਦੀ ਥਾਂ ਵਿਕਾਸਸ਼ੀਲ ਪਾਤਰਾਂ ਨੂੰ ਅਪਣਾਇਆ ਗਿਆ। ਮਨੁੱਖੀ ਕਮਜ਼ੋਰੀਆਂ ਵਲ ਘ੍ਰਿਣਾ ਭਰੀਆਂ ਨਜ਼ਰਾਂ ਦੀ ਥਾਂ ਹਮਦਰਦੀ ਭਰਪੂਰ ਨਜ਼ਰਾਂ ਸੁੱਟੀਆਂ ਗਈਆਂ। ਕਲਾ ਨੇ ਵਧੇਰੇ ਚਮਤਕਾਰ ਦਿਖਾਇਆ। ਪਲਾਟ ਵਿਚ ਸੰਭਾਵਨਾ, ਬੱਝਵਾਂਪਨ ਅਤੇ ਰੌਚਕਤਾ ਦੇ ਅੰਸ਼ਾਂ ਨੇ ਪ੍ਰਵੇਸ਼ ਕੀਤਾ, ਭਿੰਨ ਭਿੰਨ ਸ਼ੈਲੀਆਂ ਦਾ ਪ੍ਰਯੋਗ ਕੀਤਾ ਗਿਆ। ਪਾਤਰਾਂ ਦਾ ਸੁਭਾਵਿਕ ਵਿਕਾਸ ਦਿਖਾਉਣ ਦੀ ਚੇਸ਼ਟਾ ਕੀਤੀ ਗਈ।ਅਤੇ ਜੀਵਨ ਨੂੰ ਸਮੁੱਚੇ ਰੂਪ ਵਿਚ ਆਸ਼ਾਵਾਦੀ ਦ੍ਰਿਸ਼ਟੀ ਨਾਲ ਵੇਖਦਿਆਂ ਹੋਇਆਂ ਜੀਵਨ ਦੀਆਂ ਅਨੇਕ ਸਮਸਿਆਵਾਂ ਦਾ ਖੁਲ੍ਹਾ ਅਤੇ ਨਿਝਕ ਬਿਆਨ ਕੀਤਾ ਗਿਆ।
ਡਾ.ਵਿਨੋਦ ਦੀ ਇਸ ਧਾਰਣਾਂ ਦੇ ਸਮਾਨਾਂਤਰ ਡਾ. ਗੁਰਪਾਲ ਸਿੰਘ ਸੰਧੂ ਪੰਜਾਬੀ ਨਾਵਲ ਦੀ ਇਤਿਹਾਸ ਰੇਖਾ ਉਲੀਕਦੇ ਦੂਜੇ ਦੌਰ ਦੇ ਨਾਵਲ ਨੂੰ ਵਿਅਕਤੀਵਾਦੀ ਸੁਧਾਰਵਾਦੀ ਨਾਵਲ ਕਹਿੰਦੇ ਹਨ। ਇਸ ਦੌਰ ਦੇ ਕਾਲਿਕ ਪਾਸਾਰ ਬਾਰੇ ਕੋਈ ਸਪਸ਼ਟ ਕਥਨ ਤਾਂ ਪ੍ਰਾਪਤ ਨਹੀਂ ਹੁੰਦਾ ਪਰ ਇੰਝ ਜਾਪਦਾ ਹੈ ਕਿ ਉਹ ਇਸ ਨਾਵਲਕਾਰੀ ਦਾ ਕਾਲਿਕ ਪਾਸਾਰ ਨਾਨਕ ਸਿੰਘ ਦੇ ਪਹਿਲੇ ਨਾਵਲ ਤੋਂ ਲੈ ਕੇ ਸੁਤੰਤਰਤਾ ਤਕ ਫੈਲਾਉਂਦੇ ਹਨ। ਇਸ ਦੌਰ ਦੇ ਨਾਵਲ ਦੀਆਂ ਰਚਨਾਤਮਕ ਰੀਤੀਆਂ ਬਾਰੇ ਆਪਣੀ ਧਾਰਣਾ ਪੇਸ਼ ਕਰਦੇ ਲਿਖਦੇ ਹਨ ਕਿ, 'ਇਹਨਾ ਸਾਰੇ ਨਾਵਲਾਂ ਵਿਚ ਪ੍ਰਵਾਹਮਾਨ ਰਚਨਾ-ਦ੍ਰਿਸ਼ਟੀ ਦਾ ਗੁਣ ਇਹ ਹੈ ਕਿ ਇਹ ਪ੍ਰਾਪਤ ਸਮੱਸਿਆ ਦੀ ਪੇਸ਼ਕਾਰੀ ਕਰਦੇ ਹੋਏ ਵਿਅਕਤੀਵਾਦੀ ਆਦਰਸ਼ਵਾਦ ਦੀ ਸੁਧਾਰਵਾਦ ਦੀ ਵਿਧੀ ਰਾਹੀਂ ਸਮੱਸਿਆ ਦਾ ਹੱਲ ਪੇਸ਼ ਕਰਨ ਦੀ ਜੁਗਤ ਦੀ ਵਰਤੋਂ ਕਰਦੇ ਹਨ। ਇਸੇ ਕਰਕੇ ਇਹ ਨਾਵਲਕਾਰ ਭਾਵੇਂ ਸੁਧਾਰਵਾਦ ਨਾਲ ਜੁੜੇ ਹੋਣ, ਪ੍ਰਗਤੀਵਾਦ ਨਾਲ ਜੁੜੇ ਹੋਣ, ਇਤਿਹਾਸ ਦੇ ਚਿਤਰਣ ਨਾਲ ਜੁੜੇ ਹੋਣ ਅਤੇ ਭਾਵੇ ਯਥਾਰਥਵਾਦੀ ਚੇਤਨਾ ਨਾਲ ਜੁੜੇ ਹੋਣ, ਹਰ ਇਕ ਸਮੱਸਿਆ ਦਾ ਰੋਮਾਂਚਿਕ ਹੱਲ ਪੇਸ਼ ਕਰਨ ਵਿਚ ਕਾਹਲ ਵਰਤਦੇ ਦਿਖਾਈ ਦਿੰਦੇ ਹਨ। ਇਸ ਤਰ੍ਹਾਂ ਪੰਜਾਬੀ ਨਾਵਲ ਦੇ ਦੂਜੇ ਦੌਰ ਦੇ ਨਾਵਲਕਾਰ, ਪਹਿਲੀ ਪੀੜ੍ਹੀ ਦੇ ਨਾਵਲਕਾਰਾਂ ਤੋਂ ਰਚਨਾ-ਸੰਸਾਰ ਦੀ ਦ੍ਰਿਸ਼ਟੀ ਤੋਂ ਭਿੰਨਤਾ ਸਿਰਜਦੇ ਹਨ, ਪਰ ਬਿਰਤਾਂਤਕ ਜੁਗਤਾਂ ਦੇ ਨਿਭਾਓ ਦੀ ਦ੍ਰਿਸ਼ਟੀ ਤੋਂ ਭਿੰਨਤਾ ਸਿਰਜਣ ਤੋਂ ਅਸਮਰੱਥ ਹਨ। ਡਾ.ਸੰਧੂ ਦੀ ਇਸ ਧਾਰਣਾ ਨੂੰ ਸੀਮਿਤ ਪੱਧਰ ਉਪਰ ਸਵੀਕਾਰ ਕੀਤਾ ਜਾ ਸਕਦਾ ਹੈ ਕਿਉਂਕਿ ਨਾਵਲੀ ਬਿਰਤਾਂਤਕਾਰੀ ਦੀਆਂ ਪ੍ਰਮਾਣਿਕ ਰੀਤੀਆਂ ਦੇ ਨਿਭਾਅ ਪੱਖੋਂ ਇਸ ਦੌਰ ਦੇ ਨਾਵਲ ਵਿਚ ਕੁਝ ਗੰਭੀਰ ਸੀਮਾਵਾਂ ਜ਼ਰੁਰ ਹਨ। ਇਸ ਨਾਵਲਕਾਰੀ ਦੀਆਂ ਸੀਮਾਵਾਂ ਵਲ ਇਕ ਸੰਕੇਤ ਦ੍ਰਿਸ਼ਟੀ-ਬਿੰਦੂ ਦੀ ਜੁਗਤ ਦੇ ਹਵਾਲੇ ਨਾਲ ਇਸ ਦਾ ਵਿਸ਼ਲੇਸ਼ਣ ਕਰਨ ਨਾਲ ਸਾਹਮਣੇ ਆ ਸਕਦਾ ਹੈ। ਪੰਜਾਬੀ ਨਾਵਲ ਪਰੰਪਰਾ ਨੂੰ ਦ੍ਰਿਸ਼ਟੀ-ਬਿੰਦੂ ਦੀ ਜੁਗਤ ਦੇ ਹਵਾਲੇ ਨਾਲ ਸਮਝਦਿਆਂ ਇਕ ਖੋਜਾਰਥੀ ਡਾ. ਗੁਰਦਿਆਲ ਸਿੰਘ ਨੇ ਪੰਜਾਬੀ ਨਾਵਲ ਨੂੰ ਦੋ ਕਾਲਾਂ ਵਿਚ ਵੰਡਿਆ ਹੈ। ਦ੍ਰਿਸ਼ਟੀ-ਬਿੰਦੂ ਦੀ ਜੁਗਤ ਦੀ ਵਰਤੋਂ ਪੱਖੋਂ ਉਹ ਪੰਜਾਬੀ ਨਾਵਲ ਦੇ ਪਹਿਲੇ ਦੋਵਾਂ ਦੋਰਾਂ ਨੂੰ ਇਕਹਿਰੀ ਪਛਾਣ ਹੀ ਦਿੰਦਾ ਹੈ। ਉਸ ਅਨੁਸਾਰ, '੧੯੬੦ ਤਕ ਦੇ ਪੰਜਾਬੀ ਨਾਵਲ ਵਿਚ ਮੁੱਖ ਤੌਰ ਤੇ ਸਰਬੱਗ ਬਿਰਤਾਂਤਕਾਰ ਦੀ ਜੁਗਤ ਹੀ ਕਾਰਜਸ਼ੀਲ ਰਹਿੰਦੀ ਹੈ। ਇਸ ਦੌਰ ਦੇ ਨਾਵਲ ਵਿਚ ਤਰਕਸ਼ੀਲ ਪਾਠਕ ਦਾ ਤਸੱਵਰ ਨਾਵਲਕਾਰ ਦੇ ਚਿੰਤਨ ਦਾ ਹਿੱਸਾ ਬਣਦਾ ਨਜ਼ਰ ਨਹੀਂ ਆਉਂਦਾ।……ਭਾਈ ਵੀਰ ਸਿੰਘ ਤੋਂ ਲੈ ਕੇ ਜਸਵੰਤ ਸਿੰਘ ਕੰਵਲ ਤਕ ਦੇ ਨਾਵਲਾਂ ਵਿਚ ਵਿਚਾਰਧਾਰਾਵਾਂ ਦੇ ਪੈਂਤੜੇ ਤਾਂ ਬਦਲਦੇ ਹਨ ਪਰ ਜੁਗਤ ਪੱਖੋਂ ਸਰਬਗਿਆਨੀ ਦੇ ਦਾਅਵੇ ਨਾਲ ਨਾਵਲਾਂ ਦਾ ਬਿਆਨ ਕਰਨ ਦੇ ਪੈਂਤੜੇ ਵਿਚ ਕੋਈ ਲੰਮੀ ਚੌੜੀ ਤਬਦੀਲੀ ਨਹੀਂ ਵਾਪਰਦੀ। ਫਿਰ ਵੀ ਡਾ.ਗੁਰਪਾਲ ਸਿੰਘ ਸੰਧੂ ਦੀ ਧਾਰਣਾ ਦੀ ਸੀਮਾ ਇਹ ਹੈ ਕਿ ਇਸ ਵਿਚਲੇ ਉਪਰੋਕਤ ਤੱਥ ਦੀ ਪ੍ਰਮਾਣਿਕਤਾ ਦੇ ਬਾਵਜੂਦ ਇਹ ਕੁਝ ਜ਼ਿਆਦਾ ਹੀ ਸਧਾਰਣੀਕ੍ਰਿਤ ਹੈ। ਇਹ ਠੀਕ ਹੈ ਕਿ ਸਮੱਸਿਆ ਦੇ ਹੱਲ ਅਤੇ ਆਦਰਸ਼ ਦੀ ਪ੍ਰਾਪਤੀ ਦਾ ਰੋਮਾਂਚ ਇਸ ਦੋਰ ਦੇ ਬਹੁਤੇ ਨਾਵਲਾਂ ਦੀ ਬਿਰਤਾਂਤ ਚੇਤਨਾ ਦਾ ਅਭਿੰਨ ਹਿੱਸਾ ਰਹਿੰਦਾ ਹੈ ਪਰ ਇਸ ਦੌਰ ਵਿਚ ਜਿੱਥੇ ਪੂਰਬਲੇ ਨਾਵਲ ਦੀਆਂ ਜੁਗਤਾਂ ਵਰਤਣ ਵਲ ਰੁਚਿਤ ਨਾਵਲਾਂ ਦੇ ਪਾਠਗਤ ਜੁੱਸੇ ਅੰਦਰ ਵੀ ਅਜਿਹੀਆਂ ਜੁਗਤਾਂ ਵਰਤੀਆਂ ਮਿਲ ਜਾਣਗੀਆਂ ਜਿਨ੍ਹਾਂ ਵਿਚ ਨਾਵਲੀ ਚੇਤਨਾ ਦੇ ਅਗਲੇਰੇ ਰੂਪਾਂਤਰਣ ਦੀਆਂ ਸੰਭਾਵਨਾਵਾਂ ਨਜ਼ਰ ਆਉਂਦੀਆਂ ਹਨ। ਉੱਥੇ ਕੁਝ ਅਜਿਹੇ ਨਾਵਲਾਂ ਦੀ ਰਚਨਾ ਵੀ ਹੋਈ ਹੈ ਜਿਹੜੇ ਸਮੱਸਿਆ ਦੀ ਵਿਕਰਾਲਤਾ ਨੂੰ ਪ੍ਰਗਟ ਕਰਦੇ ਹੋਏ ਯਥਾਰਥ ਦੇ ਬੋਧ ਅਤੇ ਪ੍ਰਸਤੁਤੀ ਦੀ ਪ੍ਰਮਾਣਿਕ ਨਾਵਲੀ ਵਿਧੀ ਪ੍ਰਤਿ ਨਿਰੰਤਰ ਵਿਕਸਿਤ ਹੁੰਦੀ ਚੇਤਨਾ ਦਾ ਪ੍ਰਮਾਣ ਬਣਦੇ ਹਨ। ਨਾਨਕ ਸਿੰਘ ਦੇ ਨਾਵਲਾਂ ਵਿਚ ਦੁਖਾਂਤ ਬੋਧ ਦੇ ਵਿਕਾਸ ਨੂੰ ਤਾਂ ਡਾ.ਰਾਹੀ ਨਾਵਲੀ ਬੋਧ ਦੇ ਵਿਕਾਸ ਦਾ ਸੂਚਕ ਮੰਨਦੇ ਹੀ ਹਨ ਪਰ ਇਹ ਵੀ ਅੱਖੋਂ ਪਰੋਖੇ ਕਰਨ ਵਾਲਾ ਤੱਥ ਨਹੀਂ ਕਿ ਭਾਰਤ ਨੂੰ ਮਿਲੀ ਸੁਤੰਤਰਤਾ ਦੇ ਨਾਲ ਹੀ ਪੰਜਾਬ ਦੀ ਸੰਪਰਦਾਇਕ ਆਧਾਰਾਂ ਉੱਤੇ ਵੰਡ ਅਤੇ ਆਜ਼ਾਦੀ ਦੇ ਪਹਿਲੇ ਸਾਲਾਂ ਵਿਚ ਆਜ਼ਾਦੀ ਦੇ ਸੁਪਨੇ ਨੂੰ ਖੰਡਿਤ ਕਰਨ ਵਾਲੀਆਂ ਪਰਿਸਥਿਤੀਆਂ ਪ੍ਰਤਿ ਨਾਨਕ ਸਿੰਘ ਅਤੇ ਉਸ ਦੇ ਸਮਕਾਲੀ ਨਾਵਲਕਾਰ ਆਲੋਚਨਾਤਮਕ ਹੁੰਗਾਰਾ ਸਿਰਜਣ ਦੀ ਕੋਸ਼ਿਸ਼ ਕਰਦੇ ਹਨ। ਆਪਣੇ ਸੰਕਟ ਅਤੇ ਸਮੱਸਿਆਵਾਂ ਨੂੰ ਵਿਵਸਥਾ ਦੇ ਮਾਨਵ ਵਿਰੋਧੀ ਸੁਭਾaੇ ਨਾਲ ਜੋੜ ਕੇ ਸਮਝਣ ਤੇ ਪੇਸ਼ ਕਰਨ ਦੀ ਬਿਰਤੀ ਆਜ਼ਾਦੀ ਦੇ ਪਹਿਲੇ ਪੰਜ ਸਾਲਾਂ ਵਿਚ ਅੱਗੜ ਪਿੱਛੜ ਛਪੇ ਨਾਨਕ ਸਿੰਘ ਦੇ ਨਾਵਲਾਂ ਖੁਨ ਦੇ ਸੋਹਿਲੇ, ਅੱਗ ਦੀ ਖੇਡ, ਮੰਝਦਾਰ ਅਤੇ ਚਿੱਤਰਕਾਰ ਵਿਚ ਪ੍ਰਬਲ ਹੁੰਦੀ ਨਜ਼ਰ ਆਉਂਦੀ ਹੈ। ਕੂਟ ਛਾਪ ਅਤੇ ਸਦਭਾਵੀ ਪਾਤਰਾਂ ਦੇ ਟਕਰਾਉ ਵਿਚੋਂ ਉਪਜੀ ਦੁਖਮਈ ਮਾਨਵੀ ਸਥਿਤੀ ਦੀ ਬਜਾਏ ਰਾਜਸੀ ਵਿਵਸਥਾ ਅਤੇ ਸਧਾਰਣ ਬੰਦੇ ਦੇ ਤਣਾਓ ਅਤੇ ਵਿਵਸਥਾ ਦੇ ਗੁੱਝੇ ਤੇ ਪ੍ਰਤੱਖ ਦਮਨ ਦਾ ਸ਼ਿਕਾਰ ਬੰਦੇ ਦੀ ਸਥਿਤੀ ਦੇ ਦੁਖਾਂਤ ਦਾ ਬਿਰਤਾਂਤਕ ਪ੍ਰਗਟਾਵਾ ਨਾਨਕ ਸਿੰਘ ਦੇ ਨਾਵਲਾਂ ਰਾਹੀਂ ਪੰਜਾਬੀ ਨਾਵਲਕਾਰੀ ਦਾ ਹਿੱਸਾ ਬਣਨ ਲੱਗਦਾ ਹੈ। ਇਸੇ ਤਰ੍ਹਾਂ ਆਜ਼ਾਦੀ ਤੋਨ ਇਕ ਸਾਲ ਪਹਿਲਾਂ ਛਪੇ ਸੰਤ ਸਿੰਘ ਸੇਖੋਂ ਰਚਿਤ ਨਾਵਲ 'ਲਹੂ ਮਿੱਟੀ' ਅਤੇ ਸੁਰਿੰਦਰ ਸਿੰਘ ਨਰੂਲਾ ਰਚਿਤ 'ਪਿਓ ਪੁੱਤਰ' ਅਜਿਹੇ ਨਾਵਲ ਹਨ ਜਿਨ੍ਹਾਂ ਨਾਲ ਪੰਜਾਬੀ ਵਿਚ ਯਥਾਰਥਵਾਦੀ ਨਾਵਲ ਦੀ ਰਚਨਾ ਦਾ ਆਗ਼ਾਜ਼ ਮੰਨਿਆ ਗਿਆ। ਇਹ ਨਾਵਲ ਪਾਤਰਾਂ ਦੇ ਦੁਆਲੇ ਘੜੀਆਂ ਗਈਆਂ ਘਟਨਾਵਾਂ ਦੀ ਬਜਾਏ ਉਨ੍ਹਾਂ ਦੁਆਲੇ ਪੱਸਰੀ ਹੋਈ ਜ਼ਿੰਦਗੀ ਦੇ ਬਿਰਤਾਂਤ ਦੀ ਸਿਰਜਣਾ ਨੂੰ ਪਹਿਲ ਦਿੰਦੇ ਹਨ ਅਤੇ ਕਥਾ-ਰਸ ਦੀ ਥਾਂ ਵਸਤੂ ਬੋਧ ਨੂੰ ਆਪਣਾ ਪਹਿਲਾ ਸਰੋਕਾਰ ਬਣਾਉਂਦੇ ਹਨ। ਭਾਵੇਂ ਇਨ੍ਹਾਂ ਦੋਹਾਂ ਨਾਵਲਾਂ ਦੇ ਫ਼ੌਰੀ ਪ੍ਰੇਰਣਾ ਸਰੋਤ ਕ੍ਰਮਵਾਰ ਮਾਰਕਸਵਾਦੀ ਸਿੱਧਾਂਤ-ਚੇਤਨਾ ਅਤੇ ਅੰਗਰੇਜ਼ੀ ਨਾਵਲ ਦੀ ਯਥਾਰਥਵਾਦੀ ਰਚਨਾ ਸ਼ੈਲੀ ਬਣਦੀ ਹੈ ਜਿਸ ਦੇ ਸਿੱਟੇ ਵਜੋਂ ਇਕ ਨਾਵਲ ਵਿਚ ਜੇ ਸਿਧਾਂਤਕ ਵਿਆਖਿਆ ਬਿਰਤਾਂਤ ਦੀ ਖ਼ੁਦੁਖ਼ਤਾਰ ਹੋਂਦ ਨੂੰ ਸ਼ੱਕੀ ਬਣਾ ਦਿੰਦੀ ਹੈ ਤਾਂ ਦੂਜੇ ਵਿਚ ਇਤਿਹਾਸਕ ਧਰਾਤਲ ਉੱਤੇ ਵਾਸਤਵਿਕਤਾ ਦਾ ਬਿਰਤਾਂਤ ਕੇਂਦਰੀ ਪਾਤਰ ਦੁਆਲੇ ਘੁੰਮਦੀ ਕਹਾਣੀ ਦੇ ਅਨੁਪਾਤ ਵਿਚ ਜ਼ਿਆਦਾ ਵਿਸਤ੍ਰਿਤ ਹੋਣ ਕਰਕੇ ਪ੍ਰਕਿਰਤੀਵਾਦੀ ਗਲਪ ਦੀ ਕੋਟੀ ਵਿਚ ਦਾਖ਼ਿਲ ਹੋ ਜਾਂਦਾ ਹੈ।ਫਿਰ ਵੀ ਇਨ੍ਹਾਂ ਵਿਚ ਪੰਜਾਬੀ ਬਿਰਤਾਂਤ ਸਿਰਜਣਾ ਵਿਚ ਨਾਵਲੀ ਵਿਧੀ ਦੀ ਚੇਤਨਾ ਦੇ ਪ੍ਰੋਢ ਹੋਣ ਦੇ ਸੰਕੇਤ ਮਿਲਦੇ ਹਨ। ਇਨ੍ਹਾਂ ਦੋਵੇਂ ਨਾਵਲਾਂ ਨੇ ਬਾਅਦ ਵਿਚ ਮਹੱਤਵ ਹਾਸਿਲ ਕਰਨ ਵਾਲੀਆਂ ਦੋ ਵੱਖਰੀਆਂ ਰਚਨਾਤਮਕ ਰੀਤੀਆਂ ਨੂੰ ਜਨਮ ਦਿੱਤਾ। ਨਰੂਲਾ ਦੀ ਨਾਵਲਕਾਰੀ ਵਿਚੋਂ ਸ਼ਹਿਰੀ ਲੋਕੇਲ ਵਿਚ ਮੱਧ-ਸ਼੍ਰੇਣੀ ਦੀਆਂ ਮਾਨਸਿਕ ਗੁੰਝਲਾਂ ਦੀ ਪੇਸ਼ਕਾਰੀ ਦੀ ਰੀਤੀ ਪੈਦਾ ਹੋਈ ਅਤੇ ਸੇਖੋਂ ਦੀ ਨਾਵਲਕਾਰੀ ਵਿਚੋਂ ਪਿੰਡ ਦੇ ਪਰਿਵੇਸ਼ ਵਿਚ ਜਿਉਂ ਰਹੇ ਪੰਜਾਬੀ ਬੰਦੇ ਦੀਆਂ ਸਮੱਸਿਆਵਾਂ, ਸੰਕਟਾਂ, ਅੰਤਰ-ਵਿਰੋਧਤਾਵਾਂ, ਦੁਭਿਧਾਵਾਂ, ਚੇਤਨਾਗਤ ਸੀਮਾਵਾਂ ਅਤੇ ਚਰਿੱਤਰਕ ਸੰਭਾਵਨਾਵਾਂ ਦਾ ਬਿਰਤਾਂਤ ਘੜਨ ਦੀ ਪਰੰਪਰਾ ਪੈਦਾ ਹੋਈ ਅਤੇ ਸਮਰਿੱਧ ਹੁੰਦੀ ਚਲੀ ਗਈ। ਪੰਜਾਬੀ ਨਾਵਲ ਦੇ ਪਹਿਲੇ ਦੋ ਦੌਰਾਂ ਬਾਰੇ ਪੰਜਾਬੀ ਦੇ ਬਹੁਤੇ ਆਲੋਚਕਾਂ ਦੀ ਰਾਇ ਜ਼ਿਆਦਾਤਰ ਨਿਖੇਧਾਤਮਕ ਹੀ ਰਹੀ ਹੈ। ਡਾ.ਰਾਹੀ ਨੇ ਵੀ ਜਦੋਂ ਪੰਜਾਬੀ ਨਾਵਲ ਪਰੰਪਰਾ ਦਾ ਵਿਸ਼ਲੇਸ਼ਣ ਕੀਤਾ ਤਾਂ ਉਹ ਇਸ ਬਿਰਤੀ ਤੋਂ ਬਚ ਨਾ ਸਕੇ। ਆਪਣੀ ਦੂਜੀ ਕਿਤਾਬ ਦੇ ਪ੍ਰਕਾਸ਼ਨ ਤਕ ਪਹੁੰਚਦਿਆਂ ਸਾਹਿਤ ਇਤਿਹਾਸਕਾਰੀ ਦੇ ਤਕਾਜ਼ਿਆਂ ਅਨੁਸਾਰ ਪੰਜਾਬੀ ਨਾਵਲ ਪਰੰਪਰਾ ਨੂੰ ਮੁੜ ਤੋਂ ਸਮਝਦਿਆਂ ਉਨ੍ਹਾਂ ਨੂੰ ਆਪਣੀ ਅਧਿਐਨ ਵਿਧੀ ਵਿਚ ਇਹ ਮਨਫ਼ੀ ਬਿਰਤੀ ਦੀ ਪਛਾਣ ਹੋ ਗਈ। ਇਸ ਕਿਸਮ ਦੀ ਬਿਰਤੀ ਬਾਰੇ ਫਿਰ ਉਨ੍ਹਾਂ ਲਿਖਿਆ: 'ਪੰਜਾਬੀ ਨਾਵਲ ਦੇ ਅਧਿਐਨ ਵਿਚ ਮੇਰੀ ਪਹੁੰਚ ਦਾ ਆਧਾਰ ਨਾਵਲ ਦੀ ਰੂਪ-ਵਿਧਾ ਨਾਲ ਸੰਬੰਧਿਤ ਯਥਾਰਥ ਚਿਤ੍ਰਣ ਦੀਆਂ ਬੁਨਿਆਦੀ ਰੀਤੀਆਂ ਬਾਰੇ ਮੇਰੀਆਂ ਧਾਰਣਾਵਾਂ ਬਣੀਆਂ। ਇਹ ਧਾਰਣਾਵਾਂ ਨਵੀਨ ਪੰਜਾਬੀ ਨਾਵਲ ਦੇ ਅਧਿਐਨ ਵਿਚ ਤਾਂ ਕਾਫ਼ੀ ਕਾਰਗਰ ਸਿੱਧ ਹੁੰਦੀਆਂ ਹਨ ਜਦੋਂ ਪੰਜਾਬੀ ਨਾਵਲ ਮੱਧਕਾਲੀਨ ਰਚਨਾ-ਦ੍ਰਿਸ਼ਟੀ ਦੇ ਧਰਾਤਲ ਤੋਂ ਉਪਰ ਉੱਠ ਕੇ ਨਾਵਲੀ ਅਸਲੇ ਨਾਲ ਜੁੜਨ ਲਗਦਾ ਹੈ। ਪਰੰਤੂ, ਅਰਧ-ਨਾਵਲੀ ਅਵਸਥਾ ਵਿਚ ਪਏ ਨਾਵਲ ਦੇ ਅਧਿਐਨ ਵਿਚ ਇਹ ਨਿਖੇਧਾਤਮਕ ਪਹੁੰਚ ਦਾ ਮੂਲ ਬਣ ਜਾਂਦੀਆਂ ਹਨ ਜਿਸ ਦਾ ਸਿੱਟਾ ਮੁੱਢਲੇ ਪੰਜਾਬੀ ਨਾਵਲ ਦੇ ਅਧਿਐਨ ਵਿਚ ਨਜ਼ਰ ਸਿਰਫ਼ ਊਣਾਂ ਵਲ ਜਾਂਦੀ ਹੈ, ਜਿਸ ਦੁਆਰਾ ਅੰਸ਼ ਅੰਸ਼ ਕਰਕੇ ਵਿਕਸਿਤ ਹੋਈਆਂ ਯਥਾਰਥ-ਚਿਤ੍ਰਣ ਦੀਆਂ ਸੰਭਾਵਨਾਵਾਂ ਵਲ ਨਹੀਂ। ਇਹ ਗੱਲ ਧਿਆਨ ਵਿਚ ਰੱਖਣ ਵਾਲੀ ਹੈ ਕਿ ਰੂਪ-ਵਿਧਾਵਾਂ ਉਦਿਤ ਨਹੀਂ, ਵਿਕਸਿਤ ਹੁੰਦੀਆਂ ਹਨ'। ਇੰਝ ਮੁੱਢਲੇ ਨਾਵਲ ਸਮੇਤ ਦੂਜੇ ਦੌਰ ਦੇ ਨਾਵਲ ਨੂੰ ਵੀ ਇਸ ਵਿਚ ਵਿਕਸਿਤ ਹੋ ਰਹੀਆਂ ਯਥਾਰਥ ਚਿਤਰਣ ਦੀਆਂ ਸੰਭਾਵਨਾਵਾਂ ਦੇ ਪ੍ਰਸੰਗ ਵਿਚ ਹੀ ਸਮਝਿਆ ਜਾਣਾ ਲੋੜੀਂਦਾ ਹੈ।
(੫)
ਪੰਜਾਬੀ ਨਾਵਲ ਦੇ ਕਾਵਿ-ਸ਼ਾਸਤਰੀ ਪ੍ਰਤਿਮਾਨਾ ਵਿਚ ਅਗਲਾ ਰੂਪਾਂਤਰਣ ਤੀਜੇ ਦੌਰ ਦੇ ਨਾਵਲ ਨਾਲ ਸਾਹਮਣੇ ਆਉਂਦਾ ਹੈ। ਪੰਜਾਬੀ ਨਾਵਲ ਦੇ ਇਤਿਹਾਸ ਦਾ ਤੀਜਾ ਦੌਰ ੧੯੬੦ ਤੋਂ ਸ਼ੁਰੂ ਕੀਤਾ ਜਾਂਦਾ ਹੈ। ਪੰਜਾਬੀ ਨਾਵਲ ਸਰਵੇਖਣ ਤੇ ਮੁਲਾਂਕਣ ਨਾਮੀ ਪੁਸਤਕ, ਜਿਸ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਖੇ ਹੋਏ ਇਕ ਸੈਮੀਨਾਰ ਵਿਚ ਪ੍ਰਸਤੁਤ ਖੋਜ-ਪੱਤਰ ਛਾਪੇ ਗਏ ਸਨ ਵਿਚ ਪਹਿਲੀ ਵਾਰ ੧੯੬੦ ਨੂੰ ਪੰਜਾਬੀ ਨਾਵਲ ਦੇ ਵਿਸ਼ਲੇਸ਼ਣ ਵਿਚ ਇਕ ਨਿਖੇੜਕ ਕਾਲ-ਬਿੰਦੂ ਦੇ ਤੌਰ ਤੇ ਤਜਵੀਜ਼ ਕੀਤਾ ਗਿਆ। ਇਸ ਉਪਰੰਤ ੨੦੦੧ ਵਿਚ ਪੰਜਾਬੀ ਅਕਾਦਮੀ ਦਿੱਲੀ ਦੇ ਸਹਿਯੋਗ ਨਾਲ ਪੰਜਾਬ ਯੂਨੀਵਰਸਿਟੀ ਵਿਖੇ ਕੀਤੇ ਗਏ ਇਕ ਸੈਮੀਨਾਰ 'ਵੀਹਵੀਂ ਸਦੀ ਦਾ ਪੰਜਾਬੀ ਸਾਹਿਤ : ਪੁਨਰ ਮੁਲਾਂਕਣ' ਵਿਸ਼ੇ ਤੇ ਹੋਏ ਸੈਮੀਨਾਰ ਵਿਚ ਇਹ ਕਾਲ-ਵੰਡ ਹੋਰ ਆਧੁਨਿਕ ਸਾਹਿਤਕ ਵਿਧਾਵਾਂ ਦੇ ਇਤਿਹਾਸ ਉੱਪਰ ਵੀ ਲਾਗੂ ਕਰ ਦਿੱਤੀ ਗਈ। ਮੇਰੀ ਜਾਣਕਾਰੀ ਅਨੁਸਾਰ ਇਸ ਕਾਲ-ਵੰਡ ਦੇ ਸਿੱਧਾਤਕ ਆਧਾਰਾਂ ਬਾਰੇ ਕੋਈ ਬਹੁਤੀ ਵਿਚਾਰ ਚਰਚਾ ਨਹੀਂ ਹੋਈ। ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ ਵਲੋਂ ਆਯੋਜਿਤ ਸਮਕਾਲੀ ਪੰਜਾਬੀ ਨਾਵਲ ਬਾਰੇ ਹੋਏ ਇਕ ਸੈਮੀਨਾਰ ਵਿਚ ਮੈਂ ਇਕ ਖੋਜ-ਪੱਤਰ 'ਆਧੁਨਿਕਤਾ ਅਤੇ ਪੰਜਾਬੀ ਨਾਵਲ' ਸਿਰਲੇਖ ਅਧੀਨ ਪੇਸ਼ ਕੀਤਾ ਜਿਸ ਵਿਚ ਮੈਂ ਆਧੁਨਿਕਤਾਵਾਦ ਦੀ ਯੂਰਪੀ ਪਰੰਪਰਾ ਦੇ ਪੈਦਾ ਹੋਣ ਦੀਆਂ ਇਤਿਹਸਕ ਪਰਿਸਥਿਤੀਆਂ ਦੀ ਤੁਲਨਾ ਵਿਚ ਪੰਜਾਬੀ ਸਾਹਿਤ ਵਿਚ ਉਹੋ ਜਿਹੀਆਂ ਪਰਿਸਥਿਤੀਆਂ ਦੇ ਪੈਦਾ ਹੋਣ ਦੀ ਪ੍ਰਕਿਰਿਆ ਨੂੰ ਪਛਾਣਨ ਦਾ ਯਤਨ ਕੀਤਾ। ਮੈਂ ਆਪਣੇ ਖੋਜ-ਪਤੱਰ ਵਿਚ ਆਜ਼ਾਦੀ ਤੋਂ ਬਾਅਦ ਆਜ਼ਾਦੀ ਦੀ ਸੰਮੋਹਕ ਮਿੱਥ ਦੇ ਟੁੱਟਣ ਉਪਰੰਤ ਪੈਦਾ ਹੋਏ ਪੰਜਾਬੀ ਸਾਹਿਤ ਨੂੰ ਆਧੁਨਿਕਤਾਵਾਦੀ ਸਾਹਿਤ ਦੇ ਸੰਕਲਪ ਦੇ ਹਵਾਲੇ ਨਾਲ ਸਮਝਣ ਦੀ ਤਜਵੀਜ ਦਿੱਤੀ ਅਤੇ ੧੯੬੦ ਨੂੰ ਅਜਿਹੇ ਸਮਾਂ ਬਿੰਦੂ ਦੇ ਤੌਰ ਤੇ ਪਰਿਭਾਸ਼ਿਤ ਕੀਤਾ ਜਿਸ ਦੇ ਆਸ ਪਾਸ ਪੰਜਾਬੀ ਸਾਹਿਤ ਵਿਚ ਆਧੁਨਿਕਤਾਵਾਦੀ ਭਾਂਤ ਦਾ ਮੌਲਿਕ ਹੁੰਗਾਰਾ ਪੈਦਾ ਹੋਣ ਦੀਆਂ ਸੰਭਾਵਨਾਵਾਂ ਸਾਕਾਰ ਹੁੰਦੀਆਂ ਹਨ। 'ਇਸ ਤਰ੍ਹਾਂ ਮੇਰੀ ਸਮਝ ਅਨੁਸਾਰ ਪੰਜਾਬ ਤੇ ਭਾਰਤ ਦੇ ਇਤਿਹਾਸ ਵਿਚ ੧੯੪੭ ਇਕ ਅਜਿਹਾ ਇਤਿਹਾਸਕ ਪਾਸਾਰ ਹੈ ਜੋ ਸਥਾਪਿਤ ਆਦਰਸ਼ਾਂ, ਵਿਸ਼ਵਾਸਾਂ ਤੇ ਸੁਪਨਿਆਂ ਦੇ ਤਿੜਕਨ ਅਤੇ ਇਸ ਲਈ ਜ਼ਿੰਮੇਵਾਰ ਹਕੀਕਤਾਂ ਦੀ ਪੁਣ-ਛਾਣ ਦੀ ਚੇਤਨਾ ਪੈਦਾ ਹੋਣ ਦਾ ਆਧਾਰ ਬਣਦਾ ਹੈ। ਇਸ ਚੇਤਨਾ ਰਾਹੀਂ ਹੀ ਪੰਜਾਬੀ ਨਾਵਲ ਉਸ ਮੌਲਿਕ ਆਧੁਨਿਕ ਵਿਧੀ ਦਾ ਅਵਿਸ਼ਕਾਰ ਕਰਦਾ ਹੈ ਜਿਹੜੀ ਪੱਛਮ ਦੀ ਆਧੁਨਿਕ ਵਿਧੀ ਨਾਲੋਂ ਵੱਖਰੀ ਹੈ। ੧੯੬੦ ਵਿਚ ਸੁਰਜੀਤ ਸਿੰਘ ਸੇਠੀ ਦੇ ਨਾਵਲ 'ਇਕ ਖਾਲੀ ਪਿਆਲਾ' ਅਤੇ ੧੯੬੪ ਵਿਚ ਗੁਰਦਿਆਲ ਸਿੰਘ ਦੇ ਨਾਵਲ 'ਮੜ੍ਹੀ ਦਾ ਦੀਵਾ' ਦੇ ਪ੍ਰਕਾਸ਼ਨ ਨਾਲ ਪੰਜਾਬੀ ਨਾਵਲ ਦੀ ਆਧੁਨਿਕ ਵਿਧੀ ਦੇ ਦੋ ਪਾਸਾਰ ਪ੍ਰਗਟ ਹੁੰਦੇ ਹਨ। ਇਹ ਦੋਵੇਂ ਨਾਵਲ ਭਾਵੇਂ ਵੱਖੋ ਵੱਖਰੇ ਅਨੁਭਵ ਖੇਤਰਾਂ ਨੂੰ ਵੱਖੋ ਵੱਖਰੀਆਂ ਗਲਪੀ ਜੁਗਤਾਂ ਨਾਲ ਸੰਬੋਧਿਤ ਹੁੰਦੇ ਹਨ ਪਰ ਪ੍ਰਤੱਖ ਅੰਤਰਾਂ ਦੀ ਤਹਿ ਥੱਲੇ ਇਨ੍ਹਾਂ ਵਿਚ ਸਾਂਝ ਦਾ ਸੂਤਰ ਉਹੀ ਰਚਨਾਤਮਕ ਚੇਤਨਾ ਹੈ ਜਿਹੜੀ ਸੁਤੰਤਰਤਾ ਦੇ ਆਦਰਸ਼ਾਂ/ਸੁਪਨਿਆਂ ਦੀ ਸਿਰਜਣਾ ਨਾਲ ਜੁੜੀ ਹੋਈ ਵਸਤੂ-ਦ੍ਰਿਸ਼ਟੀ ਅਤੇ ਰਚਨਾ-ਦ੍ਰਿਸ਼ਟੀ ਦਾ ਤਿਆਗ ਕਰਦੀ ਹੈ। ਮੇਰੀ ਇਸ ਧਾਰਣਾਂ ਦੇ ਸਮਰੂਪ ਹੀ ਡਾ.ਗੁਰਦਿਆਲ ਸਿੰਘ ਵੀ ਇਸ ਕਾਲ-ਵੰਡ ਨੂੰ ਵਿਸ਼ੇਸ਼ ਇਤਿਹਸਕ ਘਟਨਾਕ੍ਰਮ ਦੇ ਪ੍ਰਸੰਗ ਵਿਚ ਸਿਧਾਂਤਕ ਤੌਰ ਤੇ ਸਥਾਪਿਤ ਕਰਦਾ ਹੈ। ਉਸ ਦੇ ਲਫ਼ਜਾਂ ਵਿਚ, '੧੯੬੦ ਤੋਂ ਬਾਅਦ ਆਜ਼ਾਦੀ ਨਾਲ ਜੁੜੇ ਸੁਪਨਿਆਂ ਦੇ ਟੁੱਟਣ ਅਤੇ ਦੂਜੇ ਪਾਸੇ ਸਮਾਜਵਾਦੀ ਇਨਕਲਾਬ ਵਲੋਂ ਵੀ ਮੋਹ ਭੰਗ ਹੋ ਜਾਣ ਨਾਲ ਲੇਖਕਾਂ ਵਿਚ ਰੁਮਾਂਟਿਕ ਬਿਰਤੀ ਦੀ ਥਾਂ ਯਥਾਰਥਵਾਦੀ ਦ੍ਰਿਸ਼ਟੀ ਪਨਪਣ ਲੱਗ ਪਈ। 'ਜ਼ਿੰਦਗੀ ਕੀ ਹੋਣੀ ਚਾਹੀਦੀ ਹੈ' ਨਾਲੋਂ 'ਜ਼ਿੰਦਗੀ ਕੀ ਹੈ' ਦਾ ਸਵਾਲ ਵਧੇਰੇ ਅਹਿਮ ਬਣ ਗਿਆ। ਇਸ ਦੇ ਸਿੱਟੇ ਵਜੋਂ ਹੀ ਜ਼ਿੰਦਗੀ ਨੂੰ ਕਿਸੇ ਪੂਰਵ ਨਿਸ਼ਚਿਤ ਇਕੱਲੇ-ਕਾਰੇ ਕੱਟੜਵਾਦੀ ਦ੍ਰਿਸ਼ਟੀਕੋਣ ਤੋਂ ਚਿਤਰਣ ਦੀ ਬਜਾਏ ਇਸ ਨੂੰ ਵੱਖ ਵੱਖ ਦ੍ਰਿਸ਼ਟੀ-ਬਿੰਦੂਆਂ ਤੋਂ ਇਤਿਹਾਸਕ-ਸਾਂਸਕ੍ਰਿਤਿਕ ਸੰਦਰਭ ਵਿਚ ਵਾਚਣ ਤੇ ਚਿਤਰਣ ਦੀਆਂ ਤਰਕੀਬਾਂ ਵੀ ਹੋਂਦ ਵਿਚ ਆਉਣ ਲੱਗ ਪਈਆਂ। ਇਸ ਸਮੇਂ ਦੌਰਾਨ ਦ੍ਰਿਸ਼ਟੀ-ਬਿੰਦੂ ਦੀ ਤਰਕੀਬ ਮੁੱਖ ਤੌਰ ਤੇ ਦੋ ਰੂਪਾਂ ਵਿਚ ਦ੍ਰਿਸ਼ਟੀਗੋਚਰ ਹੁਦੀ ਹੈ। ਇਕ ਰੂਪ ਗੁਰਦਿਆਲ ਸਿੰਘ ਤੇ ਉਸ ਦੀ ਪਰੰਪਰਾ ਦੇ ਹੋਰ ਨਾਵਲਕਾਰਾਂ… ਦੇ ਨਾਵਲਾਂ ਵਿਚ ਦ੍ਰਿਸ਼ਟੀਗੋਚਰ ਹੁੰਦਾ ਹੈ। ਇਸ ਜੁਗਤ ਦਾ ਦੂਜਾ ਰੂਪ ..{ਅਜਿਹੇ}.. ਨਾਵਲਕਾਰਾਂ ਦੇ ਨਾਵਲਾਂ ਰਾਹੀਂ ਸਾਹਮਣੇ ਆਉਂਦਾ ਹੈ, ਜਿਹੜੇ ਮਨੋ-ਸਥਿਤੀ ਨੂੰ ਪੱਛਮ ਦੀਆਂ ਆਧੁਨਿਕਤਾਵਾਦੀ ਵਿਧੀਆਂ ਜਿਵੇਂ ਚੇਤਨਾ-ਪ੍ਰਵਾਹ, ਆਂਤਰਿਕ-ਮਨਬਚਨੀ, ਕਾਵਿ ਪ੍ਰਤੀਕਾਤਮਕਤਾ ਆਦਿ ਦੀ ਸਹਾਇਤਾ ਨਾਲ ਚਿਤਰਦੇ ਹਨ। ਗੁਰਦਿਆਲ ਸਿੰਘ ਅਤੇ ਉਸ ਦੀ ਪੰਮਪਰਾ ਦੇ ਨਾਵਲਕਾਰਾਂ ਦਾ ਬਿਆਨੀਆ ਦ੍ਰਿਸ਼ਟੀ-ਬਿੰਦੂ ਅੰਨਯ-ਪੁਰਖੀ ਹੈ। ਪਰ ਇਸ ਦ੍ਰਿਸ਼ਟੀ-ਬਿੰਦੂ ਵਿਚ ਕੀਤਾ ਗਿਆ ਬਿਆਨ ਵਿਆਖਿਆਤਮਕ ਟਿੱਪਣੀਆਂ ਅਤੇ ਸੰਬੋਧਨੀ ਭਾਸ਼ਣਾਂ ਤੋਂ ਰਹਿਤ ਹੈ। ਇਹ ਨਾਵਲਕਾਰ…ਪਾਠਕ ਨੂੰ ਸਰਬ ਗਿਆਨੀ ਵਾਂਗ ਸਿੱਧੇ ਭਾਸ਼ਣ ਦੇਣ ਦੀ ਬਜਾਏ ਪੇਂਡੂ ਸਮਾਜਚਾਰੇ ਦੀਆਂ ਵਿਭਿੰਨ ਧਿਰਾਂ ਦੀ ਪ੍ਰਤਿਨਿਧਤਾ ਕਰਦੇ ਪਾਤਰਾਂ ਦੇ ਮਹਿਦੂਦ ਚੇਤਾ ਵਾਲੇ ਵੱਖ ਵੱਖ ਦ੍ਰਿਸ਼ਟੀ-ਬਿੰਦੂਆਂ ਦੀ ਆਪਸੀਮ ਖਹਿ ਨੂੰ ਜ਼ਰੀਆ ਬਣਾ ਕੇ, ਜ਼ਿੰਦਗੀ ਨੂੰ ਗਾਲਪਨਿਕ ਬਿੰਬ ਵਿਚ ਢਾਲਣ ਦੀ ਕੋਸ਼ਿਸ਼ ਕਰਦੇ ਹਨ।…ਇਨ੍ਹਾਂ ਨਾਵਲਕਾਰਾਂ ਦੀ ਆਪਣੀ ਦ੍ਰਿਸ਼ਟੀ ਭਾਸ਼ਣਾਂ ਰਾਹੀਂ ਪੇਸ਼ ਹੋ ਕੇ ਨਾਵਲ ਦੀ ਸਤ੍ਹਾ ਉਪਰ ਨਹੀਂ ਪਈ ਹੋਈ, ਸਗੋਂ ਨਾਵਲੀ ਸੰਰਚਨਾ ਦੀ ਤਹਿ ਹੇਠਾਂ ਕਾਰਜਸ਼ੀਲ ਹੈ। ਪੰਜਾਬੀ ਨਾਵਲ ਵਿਚ ਦ੍ਰਿਸ਼ਟੀ-ਬਿੰਦੂ ਦੀ ਜੁਗਤ ਦਾ ਦੂਜਾ ਪ੍ਰਮੁੱਖ ਰੂਪ ਚੇਤਨਾ-ਪ੍ਰਵਾਹ, ਆਂਤਰਿਕ ਮਨਬਚਨੀ, ਫ਼ੈਂਟਸੀ, ਕਾਵਿ ਪ੍ਰਤੀਕਾਤਮਕਤਾ ਆਦਿ ਪੱਛਮੀ ਵਿਧੀਆਂ ਦੇ ਹਵਾਲੇ ਨਾਲ ਦ੍ਰਿਸ਼ਟੀਗੋਚਰ ਹੁੰਦਾ ਹੈ।…ਇਹ ਨਵਲਕਾਰ ਪਾਤਰਾਂ ਦੀ ਵਸਤੂ-ਸਥਿਤੀ ਨੂੰ ਨਹੀ ਂਚਿਤਰਦੇ, ਸਗੋਂ ਵਸਤੂ ਸਥਿਤੀ ਦੇ ਪਾਤਰਾਂ ਦੇ ਮਨ ਉਪਰ ਪਏ ਪ੍ਰਭਾਵਾਂ ਜਾਂ ਇਸ ਦੇ ਮਾਨਸਿਕ ਪ੍ਰਤਿਕਰਮਾਂ ਨੂੰ ਚਿਤਰਣ ਉੱਤੇ ਵਧੇਰੇ ਬਲ ਦਿੰਦੇ ਹਨ। ਇਸ ਕਾਰਣ ਨਾਵਲ ਵਿਚਲੀਆਂ ਘਟਨਾਵਾਂ ਪਾਤਰਾਂ ਦੀ ਚੇਤਨਾ ਨਾਲ ਟਕਰਾ ਕੇ ਹੀ ਪਾਠਕ ਤਕ ਪਹੁੰਚਦੀਆਂ ਹਨ। ਇਸ ਕਾਰਣ ਪਾਠਕ ਦਾ ਵਾਹ ਸਿੱਧਾ ਪਾਤਰਾਂ ਦੀ ਚੇਤਨਾ ਨਾਲ ਪੈਂਦਾ ਹੈ। ਪਾਤਰਾਂ ਦੇ ਚੇਤਨਾ ਪ੍ਰਵਾਹ ਵਿਚੋਂ ਹੀ ਉਨ੍ਹਾਂ ਦਾ ਦ੍ਰਿਸ਼ਟੀ-ਬਿੰਦੂ ਉਜਾਗਰ ਹੁੰਦਾ ਹੈ। ਡਾ. ਗੁਰਪਾਲ ਸਿੰਘ ਸੰਧੂ ਤੀਜੇ ਦੌਰ ਦੇ ਨਾਵਲ ਨੂੰ ਇਕ ਸਮੁੱਚਿਤ ਇਕਾਈ ਦੇ ਤੌਰ ਤੇ ਸਮਝਦਾ ਇਸ ਨੂੰੰ ਪ੍ਰਗਤੀਵਾਦੀ / ਯਥਾਰਥਵਾਦੀ ਨਾਵਲ ਦੀ ਸੰਗਿਆ ਦਿੰਦਾ ਹੈ। ਉਨ੍ਹਾਂ ਅਨੁਸਾਰ ਇਸ ਦੌਰ ਦੇ 'ਸਾਰੇ ਨਾਵਲਕਾਰ ਹੀ ਪਹਿਲਾਂ ਨਾਇਕ ਅਤੇ ਪ੍ਰਸਥਿਤੀਆਂ ਵਿਚ ਤਨਾਓ ਪੈਦਾ ਕਰਨ ਦੇ ਰਾਹੇ ਪੈਂਦੇ ਹਨ। ਫਿਰ ਨਾਇਕ ਪ੍ਰਸਥਿਤੀਆਂ ਵਿਚ ਵਿਆਪੇ ਬੇਤਰਤੀਬੇਪਣ ਨੂੰ ਖ਼ਤਮ ਕਰਨ ਦੀ ਸਰਗਰਮ ਕੋਸ਼ਿਸ਼ ਕਰਦਾ ਹੈ, ਪਰ ਪ੍ਰਸਥਿਤੀਆਂ ਉਸ ਦੇ ਕਾਬੂ ਵਿਚ ਆਉਣ ਦੀ ਥਾਂ, ਨਾਇਕ ਨੂੰ ਹੀ ਆਪਣੀ ਲਿਪੇਟ ਵਿਚ ਲੈ ਲੈਂਦੀਆਂ ਹਨ। ਇੰਝ ਇਸ ਦੌਰ ਦੇ ਨਾਵਲ ਨੂੰ ਦੋ ਸਮਾਨਾਂਤਰ ਪ੍ਰਵਿਰਤੀਆਂ ਦੇ ਤੌਰ ਤੇ ਸਮਝਣਾ ਤਾਂ ਵਾਜਿਬ ਹੈ ਪਰ ਇਕ ਦੂਜੇ ਦੇ ਵਿਰੋਧ ਵਿਚ ਹੋਂਦ ਵਿਚ ਆਈਆਂ ਪ੍ਰਵਿਰਤੀਆਂ ਦੇ ਤੌਰ ਤੇ ਨਹੀਂ ਜਿਵੇਂ ਕਿ ਕਈ ਨਾਵਲ ਆਲੋਚਕ ਇਸ ਕਿਸਮ ਦੇ ਵਿਰੋਧ ਨੂੰ ਉਭਾਰਦੇ ਹਨ। ਇਸ ਦੌਰ ਦੇ ਨਾਵਲ ਦੀ ਪਹਿਲੀ ਖ਼ਾਸੀਅਤ ਤਾਂ ਇਹ ਹੈ ਕਿ ਇਸ ਦਾ ਕੇਂਦਰੀ ਪਾਤਰ ਆਪਣੀਆਂ ਪਰਿਸਥਿਤੀਆਂ ਦੇ ਸਿਤਮ ਦਾ ਸ਼ਿਕਾਰ ਹੈ ਆਪਣੀ ਹੋਣੀ ਨੂੰ ਨਿਯੰਤਰਿਤ ਕਰਨ ਵਾਲਾ ਨਾਇਕ ਨਹੀਂ। ਇਸ ਦੌਰ ਦੇ ਨਾਵਲ ਵਿਚ ਗੁਰਦਿਆਲ ਸਿੰਘ ਦੀ ਨਾਵਲੀ ਵਿਧੀ ਦੇ ਅਨੁਗਾਮੀ ਨਾਵਲਕਾਰ ਜੋ ਬਿਰਤਾਂਤਕ ਜਗਤ ਉਸਾਰਦੇ ਹਨ ਉਸ ਵਿਚ ਮਨੁੱਖ ਦੀ ਸਮਾਜਿਕ ਆਰਥਿਕ, ਸਭਿਆਚਾਰਕ ਅਤੇ ਮਾਨਸਿਕ ਟੁੱਟ ਭੱਜ ਨੂੰ ਉਸਦੇ ਇਤਿਹਾਸਕ ਅਤੇ ਸਭਿਆਚਾਰਕ ਮਰਿਆਦਾਵਾਂ ਦੇ ਸੰਦਰਭ ਵਿਚ ਸਿਰਜਣ ਦਾ ਯਤਨ ਕਰਦੇ ਹਨ। ਇਸ ਦੀ ਤੁਲਨਾ ਵਿਚ ਸੁਰਜੀਤ ਸਿੰਘ ਸੇਠੀ ਅਤੇ ਉਸ ਦੀ ਗਲਪ ਵਿਧੀ ਦੇ ਅਨੁਗਾਮੀ ਨਾਵਲਕਾਰ ਵਿਅਕਤੀ ਤੇ ਸਮਾਜ ਦਰਮਿਆਨ ਸਾਰਥਕ ਸੰਬੰਧਾਂ ਦੇ ਖੀਣ ਹੋਣ ਦੀਆਂ ਹਕੀਕਤਾਂ ਦੇ ਸਨਮੁਖ ਵਿਜੋਗੇ ਹੋਏ, ਦਿਸ਼ਹੀਣ ਮਨੁੱਖ ਦੇ ਮਨੋ-ਸੰਸਾਰ ਦੀ ਆਂਤਰਿਕ ਟੁੱਟ ਭੱਜ ਨੂੰ ਪੇਸ਼ ਕਰਨ ਦਾ ਯਤਨ ਕਰਦੇ ਹਨ। ਇਕ ਧਾਰਾ ਦੇ ਨਾਵਲ ਵਿਚ ਜੇ ਬਾਹਰਮੁਖੀ ਕਾਰਜ ਅਤੇ ਬੋਲ ਦੀ ਬਿਰਤਾਂਤਕ ਸਪੇਸ ਮਨੋ-ਕਾਰਜ ਦੀ ਤੁਲਨਾ ਵਿਚ ਵਧੇਰੇ ਹੈ ਤਾਂ ਦੂਜੀ ਧਾਰਾ ਦੇ ਨਾਵਲ ਵਿਚ ਮਨੋ-ਕਾਰਜ ਦੀ ਬਿਰਤਾਂਤਕ ਸਪੇਸ ਵਿਸਤ੍ਰਿਤ ਹੈ। ਇਸ ਵਿਚ ਜੋ ਕਾਰਜ ਬਿਰਤਾਂਤ ਦਾ ਹਿੱਸਾ ਬਣਦਾ ਵੀ ਹੈ ਉਹ ਵੀ ਵਿਅਕਤੀਗਤ ਦਾਇਰੇ ਵਿਚ ਸੁੰਗੜਿਆ ਹੋਇਆ ਕਾਰਜ ਹੈ ਜਿਸ ਦਾ ਇਤਿਹਾਸਕ ਗਤੀ ਨਾਲ ਪ੍ਰਤੱਖ ਸੰਬੰਧ ਨਜ਼ਰ ਨਹੀਂ ਆਉਂਦਾ। ਪਹਿਲੀ ਕਿਸਮ ਦੇ ਨਾਵਲ ਵਿਚ ਜੇ ਪਿੰਡ ਦੇ ਭੂ-ਦ੍ਰਿਸ਼ ਦੇ ਭਰਵੇਂ ਵੇਰਵੇ ਹਨ ਤਾਂ ਦੂਜੀ ਕਿਸਮ ਦੇ ਨਾਵਲ ਵਿਚ ਕੇਂਦਰੀ ਪਾਤਰਾਂ ਦੇ ਨਿਵਾਸ ਸਥਾਨ ਦੀਆਂ ਬੇਤਰਤੀਬੀਆਂ ਦਾ ਪ੍ਰਤੀਕਾਤਮਕ ਵਿਵਰਣ ਹੁੰਦਾ ਹੈ ਜਿਹੜਾ ਉਨ੍ਹਾਂ ਦੀ ਮਾਨਸਿਕਤਾ ਦੀ ਅੱਕਾਸੀ ਕਰਦਾ ਹੁੰਦਾ ਹੈ। ਪਹਿਲੀ ਕਿਸਮ ਦੇ ਨਾਵਲ ਵਿਚ ਨਿਸ਼ਚਿਤ ਕਾਲ-ਕ੍ਰਮ ਵਿਚ ਵਿਉਂਤੇ ਬਿਰਤਾਂਤ ਦੀ ਤੁਲਨਾ ਵਿਚ ਦੂਜੀ ਕਿਸਮ ਦੇ ਨਾਵਲਾਂ ਵਿਚ ਮਾਨਸਿਕ ਵਿਹਾਰ ਦੀ ਪੇਸ਼ਕਾਰੀ ਲਈ ਚੇਤਨਾ-ਪ੍ਰਵਾਹ ਦੀ ਤਕਨੀਕ ਦੀ ਵਰਤੋਂ ਨੂੰੰ ਵਡੇਰੇ ਅੰਤਰ ਦੇ ਤੌਰ ਤੇ ਸਵੀਕਾਰ ਕੀਤਾ ਜਾਂਦਾ ਹੈ। ਇੱਥੇ ਇਹ ਵੀ ਨਹੀਂ ਭੁੱਲਣਾ ਚਾਹੀਦਾ ਕਿ ਦੁਜੀ ਕਿਸਮ ਦੇ ਬਹੁਤੇ ਨਾਵਲਾਂ ਵਿਚ ਚੇਤਨਾ-ਪ੍ਰਵਾਹ ਉਸ ਪ੍ਰਕਾਰ ਖੰਡਿਤ ਤੇ ਬੇਤਰਤੀਬਾ ਨਹੀਂ ਹੈ ਜਿਸ ਪ੍ਰਕਾਰ ਇਹ ਆਪਣੀ ਵਾਸਤਵਿਕਤਾ ਵਿਚ ਹੁੰਦਾ ਹੈ ਅਤੇ ਜਿਸ ਤਰ੍ਹਾਂ ਦੀ ਪੇਸ਼ਕਾਰੀ ਅੰਗਰੇਜ਼ੀ ਦੇ ਕੁਝ ਨਾਵਲਾਂ ਵਿਚ ਹੋਈ ਦੇਖੀ ਜਾ ਸਕਦੀ ਹੈ। ਇਸ ਦੇ ਮੁਕਾਬਲੇ ਇਹ ਵੀ ਇਕ ਤਾਰਕਿਕ ਵਿਉਂਤ ਅਨੁਸਾਰ ਪ੍ਰੇਰਕ ਸਥਿਤੀਆਂ ਵਾਂਗ ਤਰਤੀਬ ਬੱਧ ਹੁੰਗਾਰੇ ਦੇ ਤੌਰ ਤੇ ਹੀ ਪੇਸ਼ ਹੁੰਦਾ ਹੈ। ਇਕ ਅੱਧ ਨਾਵਲ ਵਿਚ ਤਾਂ ਇਹ ਸਿਰਫ਼ ਕਹਿਣ ਨੂੰ ਹੀ ਚੇਤਨਾ-ਪ੍ਰਵਾਹ ਹੈ ਸਗੋਂ ਇਸ ਨੂੰ ਤਾਂ ਅਤੀਤ ਦੀਆਂ ਘਟਨਾਵਾਂ ਦੀਆਂ ਯਾਦਾਂ ਰਾਹੀਂ ਵਸਤੂ-ਸੰਸਾਰ ਦੀ ਤਰਤੀਬ-ਬੱਧ ਪੇਸ਼ਕਾਰੀ ਦੀ ਜੁਗਤ ਦੇ ਤੌਰ ਤੇ ਹੀ ਵਰਤਿਆ ਗਿਆ ਹੈ। ਇੰਝ ਇਸ ਦੌਰ ਦਾ ਨਾਵਲ ਪੰਜਾਬੀ ਨਾਵਲਕਾਰੀ ਦੇ ਵਿਕਾਸ ਵਿਚ ਆਪਣਾ ਯੋਗਦਾਨ ਪਾਉਂਦਾ ਹੋਇਆ ਯਥਾਰਥ ਪ੍ਰਤੱਖਣ ਅਤੇ ਪੇਸ਼ਕਾਰੀ ਦੀਆਂ ਨਵੀਆਂ ਜੁਗਤਾਂ ਦੀ ਵਰਤੋਂ ਕਰਦਾ ਹੈ।
(੬)
ਪੰਜਾਬੀ ਨਾਵਲ ਦੇ ਕਾਵਿ-ਸ਼ਾਸਤਰੀ ਪ੍ਰਤਿਮਾਨਾ ਵਿਚ ਅਗਲਾ ਰੂਪਾਂਤਰਣ ਉਦੋ ਵਾਪਰਦਾ ਹੈ ਜਦੋਂ ਪੰਜਾਬ ਨੌਵੇਂ ਦਹਾਕੇ ਦੌਰਾਨ ਵਿਕਰਾਲ ਸੰਕਟ ਸਥਿਤੀ ਵਿਚ ਫਸ ਜਾਂਦਾ ਹੈ । ਨੌਵੇਂ ਦਹਾਕੇ ਦੇ ਪੰਜਾਬ ਸੰਕਟ ਦੇ ਸਨਮੁਖ ਪੰਜਾਬੀ ਬਿਰਤਾਂਤਕ ਹੁੰਗਾਰੇ ਵਿਚ ਕਈ ਸਾਰੀਆਂ ਮਹੱਤਵਪੂਰਣ ਤਬਦੀਲੀਆਂ ਵਾਪਰੀਆਂ। ਕਹਾਣੀ ਦੇ ਖੇਤਰ ਵਿਚ ਲੰਮੀ ਕਹਾਣੀ ਦੀ ਵਿਧਾ ਸਥਾਪਿਤ ਹੋਈ ਅਤੇ ਕਥਾ-ਬਿਰਤਾਂਤ ਵਿਚ ਵਸਤੂ-ਸੰਕਲਪ ਅਤੇ ਵਸਤੂ-ਸੰਯੋਜਨ ਦੀਆਂ ਵਿਧੀਆਂ ਵਿਚ ਵੰਨ-ਸੁਵੰਨਤਾ ਆਈ। ਇਸੇ ਪ੍ਰਸੰਗ ਵਿਚ ਪੰਜਾਬੀ ਨਾਵਲ ਦੇ ਖੇਤਰ ਵਿਚ ਯਥਾਰਥਵਾਦੀ ਬਿਰਤਾਂਤ ਸਿਰਜਣ ਦੀ ਵਿਧੀ ਅਤੇ ਇਤਿਹਾਸਕ ਗਤੀ ਦੀ ਵਿਆਖਿਆ ਪਿੱਛੇ ਕਾਰਜਸ਼ੀਲ ਸੂਝ ਮਾਡਲਾਂ ਉਤੇ ਵੀ ਪ੍ਰਸ਼ਨ ਚਿੰਨ੍ਹ ਲੱਗਿਆ। ਇਸ ਦੌਰ ਵਿਚ ਸਾਹਮਣੇ ਆਏ ਨਾਵਲ ਨੂੰ ਸੰਕਟ-ਨਾਵਲ ਦੀ ਸੰਗਿਆ ਦਿੱਤੀ ਜਾ ਸਕਦੀ ਹੈ ਜਿਸ ਨੇ ਪੂਰਬਲੇ ਨਾਵਲੀ ਪ੍ਰਤਿਮਾਨਾਂ ਤੋਂ ਵਿੱਥ ਸਥਾਪਿਤ ਕਰ ਕੇ ਨਾਵਲ ਰਚਨਾ ਦੀਆਂ ਨਵੀਂਆਂ ਜੁਗਤਾਂ ਦੀ ਤਲਾਸ਼ ਦਾ ਰਸਤਾ ਅਖ਼ਤਿਆਰ ਕੀਤਾ। ਨੌਵੇਂ ਦਹਾਕੇ ਦਾ ਸੰਕਟ-ਨਾਵਲ ਬਿਰਤਾਂਤਕ ਗਤੀ ਦੇ ਤਿਆਗ ਅਤੇ ਸਥਿਤੀ ਦੀ ਸੂਚਨਾ ਉੱਤੇ ਉੱਸਰਿਆ ਹੋਇਆ ਨਾਵਲ ਹੈ। ਇਸ ਵਿਚ ਗਤੀ ਦੇ ਤਿਆਗ ਲਈ ਮਨਬਚਨੀ, ਬਹਿਸ, ਭਾਸ਼ਣਕਾਰੀ, ਸੂਤਰਾਤਮਕ ਅਤੇ ਸੰਕਲਪੀ-ਸੰਚਾਰ, ਇਤਿਹਾਸਕ ਪਛਾਣ ਵਾਲੇ ਪਾਤਰਾਂ ਦੇ ਸਮ-ਧੁਨੀਅਤਮਕ ਨਾਮਕਰਣ, ਤਾਰਕਿਕ ਲੜੀ ਤੋਂ ਸੱਖਣੇ ਬਿਰਤਾਂਤ, ਦਸਤਾਵੇਜ਼ੀ ਬਿਰਤਾਂਤਕਾਰੀ ਆਦਿ ਅਜਿਹੇ ਲੱਛਣ ਹਨ ਜਿਨ੍ਹਾਂ ਦੇ ਆਧਾਰ ਤੇ ਇਸ ਨਾਵਲ ਦੀ ਵੱਖਰੀ ਪਛਾਣ ਕੀਤੀ ਜਾ ਸਕਦੀ ਹੈ। ਸੰਕਟ ਸਥਿਤੀ ਨਾਲ ਸੰਵਾਦ ਰਚਾਉਂਦਿਆਂ ਪੰਜਾਬੀ ਨਾਵਲ ਦੇ ਖੇਤਰ ਵਿਚ ਪਰਾ-ਗਲਪੀ (ਵਿਚਾਰਧਾਰਾਈ ਅਤੇ ਦਾਰਸ਼ਨਿਕ ਵਿਆਖਿਆਂਵਾਂ ਨੂੰ ਸਿਮੇਟਦੀਆਂ ਬਹਿਸਾਂ ਅਤੇ ਸੰਵਾਦ ) ਅਤੇ ਅਗਲਪੀ ਜੁਗਤਾਂ (ਪੱਤਰਕਾਰੀ, ਡਾਇਰੀ, ਨਿਬੰਧਾਂ ਅਤੇ ਪੱਤਰਾਂ ) ਦੀ ਵਰਤੋਂ ਆਮ ਹੀ ਹੋਣ ਲੱਗੀ। ਪੰਜਾਬੀ ਦਾ ਕੋਈ ਪ੍ਰੋਢ ਅਤੇ ਸਿਖਾਂਦਰੂ ਨਾਵਲਕਾਰ ਅਜਿਹਾ ਨਹੀਂ ਸੀ ਜਿਸ ਨੇ ਇਸ ਕਿਸਮ ਦੀਆਂ ਨਾਵਲੀ ਕ੍ਰਿਤੀਆਂ ਦੀ ਰਚਨਾ ਨਾ ਕੀਤੀ ਹੋਵੇ ਜਿਨ੍ਹਾਂ ਵਿਚ ਅਗਲਪੀ ਅਤੇ ਪਰਾਗਲਪੀ ਜੁਗਤਾਂ ਦੀ ਵਰਤੋਂ ਨਾ ਕੀਤੀ ਗਈ ਹੋਵੇ। ਪ੍ਰੋਢ ਨਾਵਲਕਾਰਾਂ ਵਿਚੋਂ ਜਸਵੰਤ ਸਿੰਘ ਕੰਵਲ (ਏਨਿਆਂ 'ਚੋਂ ਉੱਠੋ ਸੂਰਮਾ), ਦਲੀਪ ਕੌਰ ਟਿਵਾਣਾ (ਜਿਮੀਂ ਪੁੱਛੈ ਅਸਮਾਨ), ਨਰਿੰਜਨ ਤਸਨੀਮ (ਗਵਾਚੇ ਅਰਥ ਅਤੇ ਤਲਾਸ਼ ਕੋਈ ਸਦੀਵੀ), ਰਾਮ ਸਰੂਪ ਅਣਖੀ (ਜਿਨਿ ਸਿਰਿ ਸੋਹਨਿ ਪਟੀਆ) ਆਦਿ ਪ੍ਰਮੁਖ ਹਨ। ਇਵੇਂ ਹੀ ਨਵੇਂ ਨਾਵਲਕਾਰਾਂ ਵਿਚ ਰਾਜ ਗਿੱਲ (ਦੇਗ ਤੇਗ), ਨਿੰਦਰ ਗਿੱਲ (ਪੰਜਾਬ ੮੪, ਚੋਣ ਹਲਕਾ ਪਾਇਲ, ਦਹਿਸ਼ਤ ਦੇ ਦਿਨਾਂ ਵਿਚ), ਜਸਬੀਰ ਮੰਡ (ਔੜ ਦੇ ਬੀਜ), ਹਰਿੰਦਰ ਸਿੰਘ ਰਾਇ (ਯਰਗਮਾਲ) ਆਦਿ ਦਾ ਨਾਮ ਲਿਆ ਜਾ ਸਕਦਾ ਹੈ। ਪੰਜਾਬੀ ਆਲੋਚਕਾਂ ਦੇ ਇਨ੍ਹਾਂ ਨਾਵਲਾਂ ਪ੍ਰਤਿ ਹੁੰਗਾਰੇ ਵਿਚ ਇਕ ਵਿਰੋਧਾਭਾਸ ਨਜ਼ਰ ਆਉਂਦਾ ਹੈ ਕਿ ਉਹ ਅਧਿਆਤਮਕ ਵਿਸ਼ਿਆਂ ਉੱਤੇ ਸੰਵਾਦ ਅਤੇ ਮਾਨੋਲੋਗ ਨੂੰ ਉਚੇਰੇ ਸਾਹਿਤਕ ਮਿਆਰ ਦਾ ਅਨੁਸਾਰੀ ਮੰਨਦੇ ਹਨ ਪਰ ਰਾਜਨੀਤੀ ਅਤੇ ਹੋਰ ਸਮਾਜਿਕ ਮਸਲਿਆਂ ਬਾਰੇ ਸੰਵਾਦਾਂ ਅਤੇ ਮਾਨੋਲਾਗਾਂ ਨੂੰ ਅਣਸਾਹਿਤਕ ਕਹਿੰਦੇ ਹਨ। ਆਪਣੇ ਸਰੂਪ ਅਤੇ ਸਾਰ ਪੱਖੋਂ ਜੇ ਇਹ ਸੰਵਾਦ ਬਿਰਤਾਂਤਕ ਸਥਿਤੀ ਦੀ ਸਹਿਜ ਪੈਦਾਵਾਰ ਨਹੀਂ ਹੁੰਦੇ ਤਾਂ ਉਹ ਸਾਹਿਤਕ ਸਮੁੱਚ ਦਾ ਕਲਾਤਮਕ ਪਾਸਾਰ ਨਹੀਂ ਬਣਦੇ। ਇਸ ਪੱਖੋਂ ਇਨ੍ਹਾਂ ਦਾ ਵਸਤੂ ਸਾਰ ਭਾਵੇਂ ਕਿੰਨਾ ਵੀ ਉਚੇਰਾ ਕਿਉਂ ਨਾ ਹੋਵੇ ਆਪਣੇ ਰੁਪ ਪੱਖੋਂ ਇਨ੍ਹਾਂ ਦੀ ਵਰਤੋਂ ਯਥਾਰਥਵਾਦੀ ਰੀਤੀ ਅਨੁਸਾਰ ਨਹੀਂ ਮੰਨੀ ਜਾਵੇਗੀ। ਇੰਝ ਇਸ ਦੌਰ ਦੇ ਨਾਵਲ ਦੀਆਂ ਰੂਪ-ਜੁਗਤਾਂ ਦੇ ਆਧਾਰ ਤੇ ਕਿਹਾ ਜਾ ਸਕਦਾ ਹੈ ਕਿ ਨੌਵੇਂ ਦਹਾਕੇ ਦੀ ਸੰਕਟ ਸਥਿਤੀ ਨੂੰ ਆਪਣਾ ਸਿਰਜਣ ਸਰੋਕਾਰ ਬਣਾਉਣ ਵਾਲੇ ਨਾਵਲ ਵਿਚ ਜਿੱਥੇ ਕਿਤੇ ਕਿਤੇ ਪ੍ਰਤੀਕਾਤਮਕ ਅਤੇ ਸੰਕੇਤਕ ਜੁਗਤਾਂ ਦੀ ਵਰਤੋਂ ਕੀਤੀ ਗਈ ਹੈ ਉੱਥੇ ਸੰਕਟ ਨੂੰ ਪੂਰਵ-ਧਾਰਣਾਵਾਂ ਅਨੁਸਾਰ ਸਿੱਧਾਂਤਕ ਪਰਿਭਾਸ਼ਾ ਵਿਚ ਬੰਨ੍ਹਣ ਲਈ ਅਗਲਪੀ ਅਤੇ ਪਰਾਗਲਪੀ ਜੁਗਤਾਂ ਨੂੰ ਵੀ ਵਰਤਿਆ ਹੈ। ਸਿੱਧਾਂਤਕ ਵਿਆਖਿਆ ਅਤੇ ਪੱਤਰਕਾਰੀ ਦੀਆਂ ਜੁਗਤਾਂ ਇਸ ਨਾਵਲ ਦੇ ਪ੍ਰਮੁਖ ਪਛਾਣ-ਚਿੰਂਨ੍ਹ ਹਨ। ਸੰਕਟ ਦੇ ਸਮੁੱਚੇ ਸੰਦਰਭਾਂ ਨੂੰ ਪਰਿਭਾਸ਼ਿਕ ਸੂਤਰ ਵਿਚ ਸੰਕਲਪਿਤ ਕਰਨ ਦੀ ਚੇਤਨਾ ਅਧੀਨ ਲਿਖੇ ਗਏ ਨਾਵਲ ਪ੍ਰਚਲਿਤ-ਸਥਾਪਿਤ ਰਚਨਾ-ਵਿਧੀਆਂ ਦੀ ਪ੍ਰਭੁਤਾ ਨੂੰ ਵੰਗਾਰਦੇ ਹੋਏ ਕੋਈ ਨਵਾਂ ਪ੍ਰਤਿਮਾਨ ਸਿਰਜ ਸਕਣ ਜਾਂ ਨਾ ਪਰ ਰੂਪਾਕਾਰਕ ਉਲੰਘਣ ਜ਼ਰੂਰ ਉਤਪੰਨ ਕਰਦੇ ਹਨ ਜਿਸ ਨਾਲ ਪੰਜਾਬੀ ਨਾਵਲ ਵਿਚ ਨਵੀਂਆਂ ਸਿਰਜਣ ਜੁਗਤਾਂ ਦੀ ਲੋੜ ਪ੍ਰਬਲ ਹੁੰਦੀ ਹੈ। ਇਸ ਦੋਰ ਦੇ ਨਾਵਲਾਂ ਵਿਚ ਬਹਿਸ ਦੀ ਜੁਗਤ ਰਾਹੀਂ ਕੀਤੀ ਗਈ ਸਿੱਧਾਂਤਕ ਵਿਆਖਿਆ ਅਤੇ ਇਤਿਹਾਸਕ ਵੇਰਵਿਆਂ ਦਾ ਪੱਤਰਕਾਰੀ ਸ਼ੈਲੀ ਵਿਚ ਨਿਰੂਪਣ ਪੰਜਾਬੀ ਨਾਵਲ ਵਿਚ ਪਰਾਗਲਪੀ ਅਤੇ ਅਗਲਪੀ ਰਚਨਾ ਵਿਧੀਆਂ ਦੇ ਵਿਕਾਸ ਨੂੰ ਪ੍ਰਮਾਣਿਤ ਕਰਦਾ ਹੈ।
(੮)
ਨੌਵੇਂ ਦਹਾਕੇ ਦੇ ਸੰਕਟ-ਨਾਵਲ ਦੁਆਰਾ ਪੂਰਬਲੀ ਨਾਵਲੀ ਪਰੰਪਰਾ ਦੇ ਰਚਨਾਤਮਕ ਵਿਹਾਰ ਅਤੇ ਪ੍ਰਤਿਮਾਨਾਂ ਦਾ ਨਿਸ਼ੇਧ ਸਿਰਜਣ ਉਪਰੰਤ ਜਦੋਂ ਪੰਜਾਬ ਦੀ ਸੰਕਟ ਸਥਿਤੀ ਦ੍ਰਿਸ਼ਟ-ਇਤਿਹਾਸਕ ਸਪੇਸ ਤੋਂ 'ਲੋਪ ਹੋ ਗਈ ਤਾਂ ਪੰਜਾਬੀ ਨਾਵਲ ਨਵੇਂ ਦੌਰ ਵਿਚ ਦਾਖ਼ਿਲ ਹੋ ਗਿਆ। ਇਸ ਦੇ ਨਾਲ ਹੀ ਇਕ ਘਟਨਾ ਇਹ ਵਾਪਰੀ ਕਿ ਸੋਵੀਅਤ ਯੂਨੀਅਨ ਵਿਚ ਸਮਾਜਵਾਦੀ ਨਿਜ਼ਾਮ ਦੇ ਢਹਿ ਢੇਰੀ ਹੋਣ ਤੋ ਕੁਝ ਵਕਫ਼ੇ ਬਾਅਦ ਸਮੁੱਚਾ ਸਮਾਜਵਾਦੀ ਬਲਾਕ ਖੇਰੂੰ ਖੇਰੂੰ ਹੋ ਗਿਆ। ਇਸ ਨਾਲ ਸਮਾਜਵਾਦੀ ਸੁਪਨੇ ਉੱਤੇ ਪ੍ਰਸ਼ਨ ਚਿੰਨ੍ਹ ਲੱਗ ਗਿਆ।ਇਸ ਦੇ ਨਾਲ ਹੀ ਸੰਸਾਰ ਰਾਜਨੀਤੀ ਅਤੇ ਆਰਥਿਕ-ਪ੍ਰਬੰਧ ਵਿਚ ਇਕ ਧਰੁਵੀ ਸੱਤਾ ਸਥਾਪਿਤ ਹੋਣ ਨਾਲ ਰਾਸ਼ਟਰੀ ਨਿਰਮਾਣ ਦੇ ਪ੍ਰਾਜੈਕਟ ਅਨੁਸਾਰ ਚੱਲ ਰਹੀਆਂ ਵਿਕਾਸਸ਼ੀਲ ਦੇਸ਼ਾਂ ਦੀਆਂ ਆਰਥਿਕਤਾਵਾਂ ਨੇ ਨਵ-ਬਸਤੀਵਾਦੀ ਵਿਸ਼ਵੀਕਰਨ ਦੀ ਪ੍ਰਕਿਰਿਆ ਦੇ ਦਬਾਓ ਅਧੀਨ ਆਪਣੀ ਰਾਸ਼ਟਰੀ ਯੋਜਨਾਕਾਰੀ ਦਾ ਮੁਹਾਣ ਬਦਲ ਕੇ ਸੰਸਾਰ ਸਰਮਾਏਦਾਰੀ ਨਾਲ ਸਾਂਝ ਪਾ ਲਈ। ਭਾਰਤ ਵਿਚ ਵੀ ਰਾਸ਼ਟਰੀ ਕਲਿਆਣ ਅਤੇ ਆਮ ਆਦਮੀ ਦੇ ਸ਼ਕਤੀਕਰਨ ਦੇ ਮੁੱਦੇ ਨੂੰ ਅੱਧ ਵਿਚਕਾਰ ਹੀ ਛੱਡ ਦੇਣ ਉਪਰੰਤ ਮੁਕਤ ਬਜ਼ਾਰ ਵਿਵਸਥਾ ਦੇ ਲਾਗੂ ਹੋਣ ਕਾਰਣ ਜਿੱਥੇ ਆਮ ਆਦਮੀ ਇਕੱਲਾ ਤੇ ਸੁਪਨਹੀਣ ਹੋ ਗਿਆ ਉੱਥੇ ਸਪਸ਼ਟ ਰਾਜਸੀ ਸੁਰਾਂ ਮੱਧਮ ਹੋ ਗਈਆਂ ਅਤੇ ਪੰਜਾਬੀ ਸਾਹਿਤ ਧਾਰਾ ਇਕ ਨਵੀਂ ਮਾਨਵੀ ਸਥਿਤੀ ਦੇ ਸਨਮੁਖ ਹੋ ਗਈ। ਇਸ ਦੇ ਪ੍ਰਤਿਕਰਮ ਵਿਚ ਪੰਜਾਬੀ ਨਾਵਲ ਵਿਚ ਇਕੋ ਸਮੇਂ ਕਈ ਕਿਸਮ ਦੀ ਬਿਰਤਾਂਤਕਾਰੀ ਸਮਾਂਨਾਂਤਰ ਤੌਰ ਤੇ ਸਾਹਮਣੇ ਆਉਣ ਲੱਗੀ।ਪੰਜਾਬੀ ਨਾਵਲ ਦੇ ਪੰਜਵੇਂ ਅਤੇ ਸਮਕਾਲੀ ਦੌਰ ਨੂੰ ਡਾ. ਗੁਰਪਾਲ ਸਿੰਘ ਸੰਧੂ ਨੇ ਉੱਤਰ-ਯਥਾਰਥਵਾਦੀ ਨਾਵਲ ਦੀ ਸੰਗਿਆ ਦਿੱਤੀ ਹੈ ਅਤੇ ਇਸ ਨਾਵਲ ਦੇ ਲੱਛਣ ਗਿਣਾਉਂਦਿਆ ਲਿਖਿਆ ਹੈ ਕਿ, 'ਇਸ ਦੌਰ ਦੇ ਨਾਵਲਕਾਰ ਕਿਸੇ ਅਜਿਹੇ ਸਾਂਝੇ ਸੁਪਨੇ ਜਾਂ ਆਦਰਸ਼ ਨੂੰ ਸਿਰਜਣ ਦੀ ਰੂੜ੍ਹੀ ਨੂੰ ਅਖ਼ਤਿਆਰ ਨਹੀਂ ਕਰਦੇ। ਇਸ ਦੇ ਉਲਟ ਇਹ ਤਾਂ ਭਿੰਨ ਭਿੰਨ ਸੁਪਨਿਆਂ ਦੇ ਟੁੱਟਣ ਅਤੇ ਆਦਰਸ਼ਾਂ ਦੇ ਖੰਡਿਤ ਹੋਣ ਦੀ ਕਥਾ ਨੂੰ ਉਸਾਰਨ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ। ਇਸ ਪ੍ਰਵਿਰਤੀ ਦੇ ਫਲਸਰੂਪ ਹੀ ਇਹ ਨਾਵਲ ਯਥਾਰਥ ਦੀ ਸਿੱਧੀ ਅਤੇ ਸਪਾਟ ਪੇਸ਼ਕਾਰੀ ਕਰਨ ਦੀ ਥਾਂ, ਯਥਾਰਥ ਪ੍ਰਤਿ ਮੁਲਾਂਕਣੀ ਰੁਚੀ ਧਾਰਣ ਕਰਦਾ ਹੈ'। ਇਸ ਦੌਰ ਦੇ ਨਾਵਲਾਂ ਦੇ ਕਾਵਿ-ਸ਼ਾਸਤਰੀ ਪ੍ਰਤਿਮਾਨਾ ਦੀ ਖੋਜ ਤੋਂ ਪਤਾ ਲੱਗਦਾ ਹੈ ਕਿ ਇਸ ਨਾਵਲ ਵਿਚ ਏਨੀ ਰੂਪਗਤ ਅਤੇ ਵਿਧਾਗਤ ਵੰਨ-ਸੁਵੰਨਤਾ ਹੈ ਕਿ ਇਸ ਦੌਰ ਦੇ ਸਾਂਝੇ ਰਚਨਾਤਮਕ ਲੱਛਣਾਂ ਦੀ ਤਲਾਸ਼ ਦਾ ਕਾਰਜ ਕਾਫ਼ੀ ਮੁਸ਼ਕਿਲ ਹੈ।
ਸਮਕਾਲੀ ਪੰਜਾਬੀ ਨਾਵਲ ਵਿਚ ਮਿੱਥ ਦੀ ਪੁਨਰ-ਸਿਰਜਣਾ (ਦਲੀਪ ਕੌਰ ਟਿਵਾਣਾ ਰਚਿਤ ਕਥਾ ਕਹੋ ਊਰਵਸ਼ੀ), ਨੇੜ ਅਤੇ ਦੂਰ ਅਤੀਤ ਦੇ ਇਤਿਹਾਸ ਦਾ ਨਵੀਂਆਂ ਵੰਗਾਰਾਂ ਦੇ ਸਨਮੁਖ ਨਵੇਂ ਅਰਥਾਂ ਵਿਚ ਰੂਪਾਂਤਰਣ (ਪਿਆਰਾ ਸਿੰਘ ਭੋਗਲ ਰਚਿਤ ਸ਼ੇਰ ਦੀ ਸਵਾਰੀ, ਮਨਮੋਹਨ ਬਾਵਾ ਰਚਿਤ ਯੁੱਧਨਾਦ, ਜੋਗਿੰਦਰ ਕੈਰੋਂ ਰਚਿਤ ਨੀਲੇ ਤਰਿਆਂ ਦੀ ਮੌਤ), ਦਸਤਾਵੇਜੀ ਗਲਪਕਾਰੀ (ਪੰਜਵਾਂ ਸਾਹਿਬਜ਼ਾਦਾ ਅਤੇ ਸਤਲੁਜ ਵਹਿੰਦਾ ਰਿਹਾ), ਜੀਵਨੀਆਤਮਕ (ਇੰਦਰ ਸਿੰਘ ਖ਼ਾਮੋਸ਼ ਰਚਿਤ ਕਾਫ਼ਰ ਮਸੀਹਾ ਅਤੇ ਸਮੁੰਦਰੀ ਕਬੂਤਰੀ) ਅਤੇ ਸਵੈ-ਜੀਵਨੀਅਤਮਕ ( ਅਮਰ ਆਫ਼ਤਾਬ ਰਚਿਤ ਚਾਨਣ ਦੇ ਵਣਜਾਰੇ ਅਤੇ ਸਤਵਿੰਦਰ ਕੁੱਸਾ ਰਚਿਤ ਚਾਰੇ ਕੁਡਾਂ ਢੂੰਢੀਆਂ) ਨਾਵਲਾਂ ਦੀ ਰਚਨਾ, ਰਚਨਾਤਮਕ ਸਾਹਸਕਰਮ ਦੇ ਸਿੱਟੇ ਵਜੋਂ ਓਪਰੀਆਂ ਧਰਤੀਆਂ ਨਾਲ ਜੁੜੇ ਕਥਾਨਕਾਂ ਉੱਤੇ ਆਧਾਰਿਤ ਨਾਵਲਾਂ ਦੀ ਰਚਨਾ (ਬਲਦੇਵ ਸਿੰਘ ਰਚਿਤ ਲਾਲ ਬੱਤੀ, ਜਸਵੰਤ ਸਿੰਘ ਕੰਵਲ ਰਚਿਤ ਤੋਸ਼ਾਲੀ ਦੀ ਹੰਸੋ, ਜੋਗਿੰਦਰ ਕੈਰੋਂ ਰਚਿਤ ਰੋਜ਼ਾ ਮੇਅ), ਪੈਰਾ-ਸਾਈਕੋਲੌਜੀ ਦੀਆਂ ਧਾਰਣਾਵਾਂ ਦੀ ਪ੍ਰਤੀਕਾਤਮਕ ਸੰਯੋਜਨਕਾਰੀ ਵਜੋਂ ਸਾਹਮਣੇ ਆਏ ਵਿਗਿਆਨ-ਗਲਪ ਦੇ ਅਨੁਸਾਰੀ ਨਾਵਲ ਦੀ ਸਿਰਜਣਾ ( ਕੇਵਲ ਕਲੋਟੀ ਦਾ ਘਾਟੀ ਪੁਤਲੀਗਰਾਂ ਦੀ), ਮਹਾ-ਕਾਵਿਕ ਵਿਸਤਾਰ ਅਤੇ ਆਕਾਰ ਵਾਲੇ ਨਾਵਲਾਂ (ਕੇਵਲ ਕਲੋਟੀ ਦਾ ਹੋਣੀ ਇਕ ਦੇਸ ਦੀ, ਅਮਰਜੀਤ ਸਿੰਘ ਰਚਿਤ ਮਸ਼ੀਨ ਵਾਲੇ, ਰਾਮ ਸਰੂਪ ਅਯਖੀ ਦਾ ਦੁੱਲੇ ਦੀ ਢਾਬ ਅਤੇ ਦਲੀਪ ਕੌਰ ਟਿਵਾਣਾ ਰਚਿਤ ਕਥਾ ਕਹੋ ਊਰਵਸ਼ੀ, ਅਵਤਾਰ ਬਿਲਿੰਗ ਰਚਿਤ ਖੇੜੇ ਸੁਖ ਵਿਹੜੇ ਸੁਖ ਅਤੇ ਏਨ੍ਹਾਂ ਰਾਹਾਂ ਤੇ ਆਦਿ) ਦੀ ਰਚਨਾ, ਕੇਂਦਰੀ ਪਾਤਰ ਤੋਂ ਸੱਖਣੇ ਬਿਰਤਾਂਤਾਂ ਵਾਲੇ ਨਾਵਲਾਂ (ਅਣਖੀ ਰਚਿਤ ਗੇਲੋ, ਬਲਜਿੰਦਰ ਨਸਰਾਲੀ ਰਚਿਤ ਵੀਹਵੀਂ ਸਦੀ ਦੀ ਆਖ਼ਰੀ ਕਥਾ) ਦੀ ਰਚਨਾ ਆਦਿ ਅਜਿਹੇ ਰੂਪ-ਰੁਝਾਨ ਹਨ ਜਿਹੜੇ ਸਮਕਾਲੀ ਨਾਵਲ ਵਿਚ ਕਾਰਜਸ਼ੀਲ ਹਨ। ਇਸ ਦੇ ਨਾਲ ਹੀ ਸਮਾਜਕ ਵਿਵਸਥਾ ਦੀਆਂ ਭਾਰੂ ਕਦਰਾਂ ਨਾਲ ਟਕਰਾਉਣ ਵਾਲੇ ਸਮੱਸਿਆਤਮਕ ਨਾਇਕ ਦੀ ਧਾਰਣਾ ਦੇ ਨਿਸ਼ੇਧ ਤੋਂ ਬਾਅਦ ਆਪਣੇ ਸੁਪਨਿਆਂ ਦੀ ਪ੍ਰਾਪਤੀ ਲਈ ਸਮਝੌਤੇ ਕਰਦੇ ਅਤੇ ਵਿਰੋਧੀ ਕੀਮਤ ਪ੍ਰਬੰਧ ਦਾ ਅਨੁਸਾਰੀ ਹੋ ਕੇ ਜਿਉਣ ਦੀ ਬਿਧ ਬਣਾਉਂਦੇ ਕੇਂਦਰੀ ਪਾਤਰ ਦਾ ਉਭਾਰ ਹੋ ਰਿਹਾ ਹੈ। ਅਣਖੀ ਦੇ ਹੀ ਦੋ ਨਾਵਲ ਪਰਤਾਪੀ ਅਤੇ ਬੱਸ ਹੋਰ ਨਹੀਂ ਇਸ ਪ੍ਰਸੰਗ ਵਿਚ ਵਿਚਾਰਣਯੋਗ ਹਨ। ਇੰਝ ਇਨ੍ਹਾਂ ਨਾਵਲਾਂ ਰਾਹੀਂ ਭਵਿੱਖਤ ਜੀਵਨ ਦੇ ਆਦਰਸ਼ਕ ਨਕਸ਼ੇ ਵਿਚੋਂ ਸਮੂਹਕਤਾ ਦਾ ਸੰਕਲਪ ਮਨਫ਼ੀ ਹੋ ਗਿਆ ਹੈ ਅਤੇ ਪਾਤਰ ਆਪਣੀ ਇਕੱਲ ਵਿਚ ਸਥਿਤੀਆਂ ਨਾਲ ਲੜਦੇ ਅਤੇ ਇਨ੍ਹਾਂ ਦਾ ਸ਼ਿਕਾਰ ਬਣਦੇ ਨਜ਼ਰ ਆਉਂਦੇ ਹਨ।
ਮਾਰਕਸਵਾਦੀ ਸਾਹਿਤ ਚਿੰਤਕ ਵੈਲੇਨਤੀਨਾ ਈਵਾਸ਼ੇਵਾ ਦੁਆਰਾ ਆਪਣੀ ਪੁਸਤਕ ਇੱਕੀਵੀਂ ਸਦੀ ਦੀਆਂ ਬਰੂਹਾਂ ਤੇ ਤਕਨਾਲੋਜੀ ਇਨਕਲਾਬਅ ਅਤੇ ਸਾਹਿਤ ਵਿਚ ਵੀਹਵੀਂ ਸਦੀ ਦੇ ਦੂਜੇ ਅੱਧ ਦੌਰਾਨ ਵਿਸ਼ਵ ਸਾਹਿਤ ਦੇ ਰੁਝਾਨਾਂ ਦਾ ਵਿਸ਼ਲੇਸ਼ਣ ਕਰਦਿਆਂ ਅਜਿਹੇ ਹੀ ਰੁਝਾਨਾਂ ਦੀ ਚਰਚਾ ਕੀਤੀ ਗਈ ਹੈ ਜਿਹੜੇ ਅੱਜਕਲ੍ਹ ਪੰਜਾਬੀ ਨਾਵਲ ਵਿਚ ਪ੍ਰਬਲ ਹੋ ਰਹੇ ਹਨ। ਉਸ ਚਰਚਾ ਅਨੁਸਾਰ:
'ਸਮਕਾਲੀ ਸਾਹਿਤ (ਬਹੁਤ ਜ਼ਿਆਦਾ ਵਿਕਸਿਤ ਪੂੰਜੀਵਾਦੀ ਦੇਸ਼ਾਂ ਤੇ ਸਮਾਜਵਾਦੀ ਦੇਸ਼ਾਂ ਵਿਚ) ਤਿੰਨ ਬੜੇ ਉੱਘੜਵੇਂ ਰੁਝਾਨ ਦੇਖੇ ਜਾ ਸਕਦੇ ਹਨ ਜਿਨ੍ਹਾਂ ਦਾ ਸੋਮਾਂ ਦੂਜੀ ਸੰਸਾਰ ਜੰਗ ਮਗਰੋਂ ਤਕਨੀਕੀ ਧਮਾਕੇ, 'ਚੋਂ ਲਭਿਆ ਜਾ ਸਕਦਾ ਹੈ। ਇਹ ਰੁਝਾਨ ਹਨ : (੧) ਕਈ ਲੇਖਕਾਂ ਵਲੋਂ ਆਪਣੀਆਂ ਰਚਨਾਵਾਂ ਲਈ ਦਸਤਾਵੇਜ਼ੀ ਅਧਾਰ ਲਭਣ ਦਾ ਝੁਕਾਅ……(੨) ੧੯੫੦ਵਿਆਂ ਦੇ ਅੱਧ ਮਗਰੋਂ ਵਿਗਿਆਨ ਗਲਪ ਦੀ ਤੇਜੀ ਨਾਲ ਵਧੀ ਹਰਮਨ ਪਿਆਰਤਾ, ਅਤੇ (੩) ਦਾਰਸ਼ਿਨਿਕ ਚਿੰਤਨ ਵਿਚ ਵਧੀ ਹੋਈ ਦਿਲਚਸਪੀ……ਇਹ ਸਿੱਧ ਕਰਨਾ ਔਖਾ ਨਹੀਂ ਕਿਇਹ ਰੁਝਾਨ ਤਕਨੀਕੀ ਇਨਕਲਾਬ ਦੇ ਸਿੱਟੇ ਵਜੋਂ ਪੈਦਾ ਅਤੇ ਵਿਕਸਿਤ ਹੋਏ।
ਵਿਸ਼ਵ ਸਾਹਿਤ ਵਿਚ ਇਨ੍ਹਾਂ ਰੁਝਾਨਾਂ ਨੂੰ ਜਿਸ ਤਕਨੀਕੀ ਵਿਸਫੋਟ ਦੀ ਪੈਦਾਵਾਰ ਕਿਹਾ ਗਿਆ ਹੈ ਉਹੀ ਵਿਸਫੋਟ ਹੁਣ ਭਾਰਤ ਅਤੇ ਹੋਰ ਵਿਕਾਸਸ਼ੀਲ ਦੇਸ਼ਾਂ ਵਿਚ ਵਾਪਰ ਰਿਹਾ ਹੈ। ਇਸੇ ਲਈ ਯੂਰਪ ਤੇ ਅਮਰੀਕਾ ਤੋਂ ਵਿਕਾਸ ਂਪੱਖੋਂ ਪੰਜਾਹ ਸਾਲ ਪਿੱਛੇ ਕਹੇ ਜਾਂਦੇ ਭਾਰਤ ਦੇ ਸਾਹਿਤ ਵਿਚ ਵੀ ਕੁਝ ਰੁਝਾਨ ਪੰਜਾਹ ਸਾਲ ਪੱਛੜ ਕੇ ਪੈਦਾ ਹੋ ਰਹੇ ਹਨ। ਬਲਦੇਵ ਸਿੰਘ ਨੇ ਕੁਝ ਅਜਿਹੇ ਨਾਵਲਾਂ ਦੀ ਰਚਨਾ ਕੀਤੀ ਹੈ ਜਿਨ੍ਹਾਂ ਵਿਚ ਦਸਤਾਵੇਜ਼ੀ ਸਮੱਗਰੀ ਨੂੰ ਇਕੱਠਾ ਕੀਤਾ ਜਾਂਦਾ ਅਤੇ ਲੋੜ ਅਨੁਸਾਰ ਵਰਤਿਆ ਜਾਂਦਾ ਹੈ। ਇਨ੍ਹਾਂ ਵਿਚ ਲਾਲ ਬੱਤੀ, ਪੰਜਵਾਂ ਸਾਹਿਬਜ਼ਾਦਾ ਅਤੇ ਸਤਲੁਜ ਵਹਿੰਦਾ ਰਿਹਾ ਦਾ ਨਾਮ ਲਿਆ ਜਾ ਸਕਦਾ ਹੈ। ਇਸੇ ਤਰ੍ਹਾਂ ਮਨਮੋਹਨ ਬਾਵਾ ਦਾ ਨਾਵਲ ਦਾ ਨਾਵਲ ਯੁੱਧ ਨਾਦ ਵੀ ਜ਼ਿਕਰਯੋਗ ਹੈ। ਵਿਗਿਆਨਕ ਗਲਪ ਵਜੋ ਕੇਵਲ ਕਲੋਟੀ ਦੇ ਨਾਵਲ ਘਾਟੀ ਪੁਤਲੀਗਰਾਂ ਦਾ ਨਾਮ ਲਿਆ ਜਾ ਸਕਦਾ ਹੈ ਪਰ ਦਾਰਸ਼ਨਿਕ ਚਿੰਤਨ ਵਿਚ ਦਿਲਚਸਪੀ ਦਾ ਵਾਧਾ ਪੰਜਾਬੀ ਨਾਵਲ ਵਿਚੋਂ ਨਜ਼ਰ ਨਹੀਂ ਆਉਂਦਾ। ਇਸ ਦੀ ਬਜਾਏ ਕਥਾਨਕਾਂ ਵਿਚ ਨਵੇਂ ਥੀਮਕ ਪ੍ਰਯੋਗ ਦਾ ਰੁਝਾਨ ਵਧੇਰ ਹਾਵੀ ਹੈ। ਥੀਮਕ ਵੰਨਸੁਵੰਨਤਾ ਪ੍ਰਤਿ ਮੋਹ ਭੰਗ ਹੋਣ ਉਪਰੰਤ ਪੰਜਾਬੀ ਨਾਵਲਕਾਰਾਂ ਦਾ ਜੀਵਨ ਦੀਆਂ ਗਹਿਰਾਈਆਂ ਦੇ ਚਿਤਰਣ ਵਲ ਧਿਆਨ ਜਾਵੇਗਾ ਅਜਿਹੀ ਉਮੀਦ ਕੀਤੀ ਜਾ ਸਕਦੀ ਹੈ।
ਇਸ ਦੌਰ ਦੇ ਨਾਵਲ ਵਿਚੋਂ ਕੇਂਦਰੀ ਨਾਇਕ ਤੋਂ ਸੱਖਣੇ ਨਾਵਲ ਦੀ ਰਚਨਾ ਦਾ ਰੁਝਾਨ ਵਧ ਰਿਹਾ ਹੈ। ਪਿੱਛੇ ਜਿਹੇ ਛਪੇ ਰਾਮ ਸਰੂਪ ਅਣਖੀ ਦੇ ਵੱਡ ਆਕਾਰੀ ਨਾਵਲ ਦੁੱਲੇ ਦੀ ਢਾਬ ਦੀ ਬਿਰਤਾਂਤ ਯੋਜਨਾ ਵਿਚ ਕੋਈ ਕੇਂਦਰੀ ਪਾਤਰ ਨਹੀਂ ਹੈ। ਇਸੇ ਤਰ੍ਹਾਂ ਬਲਜਿੰਦਰ ਨਸਰਾਲੀ ਦੇ ਨਾਵਲ ਵੀਹਵੀਂ ਸਦੀ ਦੀ ਆਖ਼ਰੀ ਕਥਾ ਵਿਚ ਵੀ ਕੋਈ ਕੇਂਦਰੀ ਪਾਤਰ ਨਹੀਂ ਹੈ। ਹੁਣ ਕੇਂਦਰੀ ਪਾਤਰ ਦੇ ਨਾਲ ਨਾਲ ਕੇਂਦਰੀ ਬਿਰਤਾਤ ਲੜੀ ਤੋਂ ਸੱਖਣੇ ਨਾਵਲ ਦਾ ਪ੍ਰਮਾਣ ਅਣਖੀ ਦੇ ਨਾਵਲ ਗੇਲੋ ਦੇ ਰੂਪ ਵਿਚ ਪ੍ਰਾਪਤ ਹੋਇਆ ਹੈ। ਅਜਿਹੀ ਹੀ ਵਿਉਂਤ ਵਾਲਾ ਇਕ ਹੋਰ ਨਾਵਲ ਨੱਛਤਰ ਦੁਆਰਾ ਰਚਿਤ ਹਨੇਰੀਆਂ ਗਲੀਆਂ ਵੀ ਪ੍ਰਾਪਤ ਹੈ। ਇਸ ਕਿਸਮ ਦੇ ਨਾਵਲ; ਜਿਨ੍ਹਾਂ ਵਿਚ ਘਟਨਾਵਾਂ ਕਿਸੇ ਸੰਜੀਵ ਇਕਾਈ (ੌਰਗaਨਚਿ ੁਨਟੇ) ਵਿਚ ਨਹੀਂ ਬੱਝੀਆਂ ਹੁੰਦੀਆਂ, ਸਗੋਂ ਕਥਾਨਕ ਵਿਚ ਵਿਕੋਲਿੱਤਰੇ ਰੂਪ ਵਿਚ ਪਈਆਂ ਦਿੱਸਦੀਆਂ ਹਨ ਜਿਸ ਦੇ ਸਿੱਟੇ ਵਜੋਂ ਨਾਵਲਾਂ ਦੇ ਕਥਾਨਕ ਘਟਨਾਵਾਂ ਦੇ ਸਮੂਹ ਪਾਤਰ ਬਣ ਕੇ ਰਹਿ ਜਾਂਦੇ ਹਨ; ਦੀ ਕਥਾਨਕ ਸੰਰਚਨਾ ਦੀ ਵਿਧੀ ਨੂੰ ਪਿਕਾਰੈਸਕ (ਫਚਿaਰeਸਤੁe) ਨਾਵਲ ਦੀ ਵਿਧੀ ਕਿਹਾ ਜਾਂਦਾ ਹੈ ਜਿਸ ਵਿਚ ਸਾਹਸਕਰਮੀ (aਦਵeਨਟੁਰੁਸ) ਘਟਨਾਵਾਂ ਦੇ ਬਿਆਨ ਉੱਤੇ ਵਧੇਰੇ ਜ਼ੋਰ ਦਿੱਤਾ ਜਾਂਦਾ ਹੈ। ਇਸ ਪ੍ਰਸੰਗ ਵਿਚ ਦੇਖੀਏ ਤਾਂ ਰਾਮ ਸਰੂਪ ਅਣਖੀ ਦੇ ਨਾਵਲ ਗੇਲੋ ਵਿਚਲੀਆਂ ਘਟਨਾਵਾਂ ਕੋਈ ਪ੍ਰਤੱਖ 'ਸੰਜੀਵ ਇਕਾਈ' ਨਹੀਂ ਬਣਾਉਂਦੀਆਂ। ਇਸ ਨੂੰ ਪੰਜਾਬੀ ਨਾਵਲ ਵਿਚ ਇਕ ਨਵਾਂ ਪ੍ਰਯੋਗ ਕਿਹਾ ਜਾ ਰਿਹਾ ਹੈ। ਜ਼ਰਾ ਧਿਆਨ ਨਾਲ ਵਾਚੀਏ ਤਾਂ ਇਸ ਨਾਵਲ ਦੀ ਰੂਪ ਰਚਨਾ ਵਿਚ ਮੁੱਢਲੇ ਇਤਿਹਾਸਕ ਨਾਵਲ ਦੀ ਝਲਕ ਦਿਖਾਈ ਦੇ ਸਕਦੀ ਹੈ। ਫ਼ਰਕ ਸਿਰਫ਼ ਇਤਨਾ ਹੈ ਕਿ ਇਸ ਵਿਚ ਪ੍ਰਸਤੁਤ ਸਾਹਸਕਰਮੀ ਘਟਨਾਵਾਂ ਧਰਮ ਅਤੇ ਨੈਤਿਕਤਾ ਦੇ ਖੇਤਰ ਦੀ ਬਜਾਏ ਕਾਮ ਅਤੇ ਇਸ਼ਕ ਦੇ ਖੇਤਰ ਦੀਆਂ ਘਟਨਾਵਾਂ ਹਨ। ਇੰਝ ਇਸ ਨਾਵਲ ਵਿਚ ਵਸਤੂ ਸਥਿਤੀ ਪ੍ਰਤਿ ਇਕ ਮੌਲਿਕ ਧਾਰਣਾ ਤਾਂ ਹੋਂਦ ਵਿਚ ਆਉਂਦੀ ਹੈ ਪਰ ਰੂਪ ਰਚਨਾ ਦੀ ਪੱਧਰ ਉੱਤੇ ਕੋਈ ਨਵਾਂ ਰਚਨਾਤਮਕ ਪ੍ਰਤਿਮਾਨ ਸਥਾਪਿਤ ਨਹੀਂ ਹੁੰਦਾ। ਇਹ ਇਕ ਤਰ੍ਹਾਂ ਨਾਲ ਨਵੀਂ ਦ੍ਰਿਸ਼ਟੀ ਨੂੰ ਪੇਸ਼ ਕਰਨ ਲਈ ਲੋੜੀਂਦੀ ਕਲਾਤਮਕ ਨਵੀਨਤਾ ਹਾਸਿਲ ਕਰਨ ਵਿਚ ਅਸਫ਼ਲਤਾ ਵਿਚੋਂ ਉਪਜੀ ਪੰਜਾਬੀ ਨਾਵਲਕਾਰ ਦੀ ਬੇਬਸੀ ਦੀ ਹੀ ਮਿਸਾਲ ਬਣ ਜਾਂਦਾ ਹੈ। ਪੰਜਾਬੀ ਨਾਵਲਕਾਰ ਨਾਵਲ ਵਿਚ ਰੂਪ-ਵਿਉਂਤ ਦੀਆਂ ਖੁੱਲ੍ਹਾਂ ਨੂੰ ਸਰਲ ਜਿਹੇ ਧਰਾਤਲ ਉੱੇਤੇ ਗ੍ਰਹਿਣ ਕਰ ਕੇ ਆਪਣੀ ਰਚਨਾ ਦਾ ਨਿਆਇ ਪੇਸ਼ ਕਰ ਕੇ ਮੁਕਤ ਹੋ ਜਾਂਦੇ ਹਨ।
ਭਾਗ ਦੂਜਾ:
(੧)
ਹੁਣ ਪੰਜਾਬੀ ਨਾਵਲ ਦੇ ਵਿਧਾਗਤ ਵਿਕਾਸ ਦੇ ਨਾਲ ਨਾਲ ਬਦਲਦੇ ਰਚਨਾਤਮਕ ਪ੍ਰਤਿਮਾਨਾ ਦਾ ਜਾਇਜ਼ਾ ਲੈਣ ਉਪਰੰਤ ਪੰਜਾਬੀ ਨਾਵਲ ਪਰੰਪਰਾ ਵਿਚ ਕਿਰਿਆਸ਼ੀਲ ਕੁਝ ਸਥਾਈ ਲੱਛਣਾ ਦੀ ਪਛਾਣ ਕਰਨੀ ਵਾਜਿਬ ਰਹੇਗੀ। ਇੱਥੇ ਇਹ ਗੱਲ ਵਿਚਾਰਨ ਵਾਲੀ ਹੈ ਕਿ ਸਥਾਈ ਲੱਛਣਾਂ ਦੀ ਪਛਾਣ ਅਤੇ ਸਥਾਪਤੀ ਲਈ ਨਾਵਲੀ ਵਿਧਾ ਦੇ ਕਿਸੇ ਸਥਾਈ ਚੌਖਟੇ ਨੂੰ ਵੀ ਪਰਿਪੇਖ ਵਿਚ ਰੱਖਣਾ ਪਵੇਗਾ। ਨਾਵਲ ਨੂੰ ਯਥਾਰਥ ਚਿਤ੍ਰਣ ਦੀਆਂ ਬਹੁ-ਭਿੰਂਨ ਸੰਭਾਵਨਾਵਾਂ ਵਾਲਾ ਖੁਲ੍ਹਾਂ ਰੂਪ ਮੰਨਿਆਂ ਜਾਂਦਾ ਹੈ ਫਿਰ ਵੀ ਇਸ ਦੇ ਵਿਧਾਨ ਤੋਂ ਕੁਝ ਉਮੀਦਾਂ ਜ਼ਰੂਰ ਕੀਤੀਆਂ ਜਾਂਦੀਆਂ ਹਨ। ਇਨ੍ਹਾਂ ਵਿਚੋਂ ਜੀਵਨ ਦੇ ਬਹੁੱਪਰਤੀ ਦ੍ਰਿਸ਼ ਦਾ ਬਹੁ-ਸੁਰੀ ਬਿਰਤਾਂਤ ਪੈਦਾ ਕਰਨਾ ਇਕ ਅਜਿਹੀ ਸ਼ਰਤ ਹੈ ਜਿਸ ਬਿਨਾ ਨਾਵਲ ਆਪਣਾ ਰਚਨਾਤਮਕ ਪ੍ਰਕਾਰਜ ਨਹੀਂ ਨਿਭਾ ਪਾਉਂਦਾ। ਇਸੇ ਤਰ੍ਹਾਂ ਵਿਭਿੰਨ ਸਰੋਤਾਂ ਤੋਂ ਆਈਆਂ ਰੂੜ੍ਹੀਆਂ ਅਤੇ ਰੀਤੀਆਂ ਨੂੰ ਨਾਵਲੀਅਤਾ ਵਿਚ ਢਾਲਣ, ਪਾਤਰਾਂ ਦੁਆਲੇ ਘੁਮੰਦੀਆਂ ਘਟਨਾਵਾਂ ਦੇ ਬਿਰਤਾਂਤ ਤੇ ਇਤਿਹਾਸ ਦੀਆਂ ਪ੍ਰਕਿਰਿਆਵਾਂ ਦੀ ਪਛਾਣ ਕਰਵਾਉਂਦੇ ਵੇਰਵਿਆਂ ਦਾ ਸੰਤੁਲਨ ਅਤੇ ਸੰਯੋਜਨ ਆਦਿ ਕੁਝ ਹੋਰ ਸ਼ਰਤਾਂ ਹਨ ਜਿਨ੍ਹਾਂ ਉੱਤੇ ਨਾਵਲ ਦੇ ਪੂਰਾ ਉਤ੍ਹਰਣ ਦੀ ਤਵੱਕੋ ਕੀਤੀ ਜਾਂਦੀ ਹੈ। ਇਨ੍ਹਾਂ ਨੁਕਤਿਆਂ ਤੋਂ ਜਦੋਂ ਪੰਜਾਬੀ ਨਾਵਲ ਦੇ ਵਿਧੀ-ਵਿਧਾਨ ਵਲ ਧਿਆਨ ਦਿੰਦੇ ਹਾਂ ਤਾਂ ਬਹੁਤੀ ਵਾਰ ਮਨਫ਼ੀ ਪਹਿਲੂ ਵਧੇਰੇ ਉਭਰ ਜਾਂਦੇ ਹਨ। ਹੇਠਲੀ ਚਰਚਾ ਤੋਂ ਵੀ ਇਹ ਪ੍ਰਭਾਵ ਪੈਦਾ ਹੋਣਾ ਸੁਭਾਵਿਕ ਹੈ ਪਰ ਮੈਂ ਇਨ੍ਹਾਂ ਦੇ ਪੈਦਾ ਹੋਣ ਦੀਆਂ ਵਾਸਤਵਿਕ ਸੂਰਤਾਂ ਨੂੰ ਸਮਝਣ ਦੇ ਯਤਨ ਵਿਚ ਵੀ ਹਾਂ ਤਾਂ ਜੋ ਅਜਿਹੀਆਂ ਮਨਫ਼ੀ ਅਲਾਮਤਾਂ ਦਾ ਠੋਸ ਵਸਤੂ-ਪ੍ਰਸੰਗ ਅਤੇ ਪਿਛਕਿੜ ਵਿਚ ਕਾਰਜਸ਼ੀਲ ਪੰਜਾਬੀ ਮਨੋ-ਸੰਰਚਨਾ ਦੀ ਪਛਾਣ ਕੀਤੀ ਜਾ ਸਕੇ।
(੨)
ਪੰਜਾਬੀ ਨਾਵਲ ਦੇ ਅੰਤਰਗਤ ਬਿਰਤਾਂਤਕ ਸੰਯੋਜਨ ਦਾ ਸਭ ਤੋ ਪਹਿਲਾ ਲੱਛਣ ਇਹ ਹੈ ਕਿ ਪੰਜਾਬੀ ਦਾ ਬਹੁਤਾ ਨਾਵਲ ਕਿਸੇ ਇਕ ਰੂਪੀ ਭੂਗੋਲਿਕ ਚੌਗਿਰਦੇ ਵਿਚ ਵਿਚਰਦਾ ਹੈ। ਜੇ ਉਹ ਪਿੰੰਡ ਦੇ ਜੀਵਨ ਨਾਲ ਸੰਬੰਧਤ ਹੈ ਤਾਂ ਉਸ ਵਿਚ ਸ਼ਹਿਰ ਤੋਂ ਪੂਰੀ ਤਰ੍ਹਾਂ ਨਾਲ ਵਿਛੁੰਨੇ ਹੋਏ ਪਿੰਡ ਦੀ ਅੱਕਾਸੀ ਹੁੰਦੀ ਹੈ ਅਤੇ ਜੇ ਇਸ ਦਾ ਬਿਰਤਾਂਤ ਸ਼ਹਿਰ ਦੇ ਜੀਵਨ ਵਿਚ ਸਥਿਤ ਹੈ ਤਾਂ ਇਸ ਵਿਚ ਪਿੰਡ ਦੇ ਪਿਛੋਕੜ ਵਾਲਾ ਕੋਈ ਪਾਤਰ ਪ੍ਰਵੇਸ਼ ਨਹੀਂ ਕਰਦਾ। ਇਸ ਕਾਰਣ ਹੀ ਸ਼ਹਿਰੀ ਜੀਵਨ ਨਾਲ ਸੰਬੰਧਤ ਨਾਵਲ ਅਤੇ ਪੇਂਡੂ ਜੀਵਨ ਨਾਲ ਸੰਬੰਧਤ ਨਾਵਲ ਦਾ ਸਪਸ਼ਟ ਨਿਖੇੜ ਕੀਤਾ ਜਾ ਸਕਦਾ ਹੈ। ਇਸ ਤੋਂ ਵੀ ਅੱਗੇ ਪੰਜਾਬੀ ਨਾਵਲ ਪੇਂਡੂ ਜੀਵਨ ਵਿਚੋਂ ਬਹੁਤੀ ਵਾਰ ਕਿਸਾਨੀ ਦੇ ਜੀਵਨ ਨੂੰ ਚਿਤਰਣ ਤਕ ਸੀਮਤ ਹੈ ਅਤੇ ਸ਼ਹਿਰੀ ਨਾਵਲ ਸ਼ਹਿਰੀ ਮੱਧ-ਸ਼੍ਰੇਣੀ ਦੇ ਕਾਰਜ-ਰਹਿਤ ਮਨੋ ਸੰਸਾਰ ਨੂੰ ਹੀ ਆਪਣਾ ਸਿਰਜਣ ਸਰੋਕਾਰ ਬਣਾਉਂਦਾ ਹੈ। ਸ਼ਹਿਰੀ ਕਿਰਤੀ ਲੋਕਾਈ ਨਾਲ ਇਸ ਦਾ ਕੋਈ ਵਾਸਤਾ ਨਹੀਂ ਬਣਦਾ। ਇਸ ਕਿਸਮ ਦੀ ਨਾਵਲਕਾਰੀ ਦੇ ਪਿੱਛੇ ਜਿੱਥੇ ਸਾਡੇ ਨਾਵਲਕਾਰ ਦਾ ਇਕਹਿਰੀ ਪਛਾਣ ਨਾਲ ਮੋਹ ਅਤੇ ਦੂਜੇ ਥਾਂ ਦੇ ਅਨੁਭਵ ਨੂੰ ਗ੍ਰਹਿਣ ਕਰਨ ਦੀ ਅਸਮਰੱਥਾ ਹੈ ਉੱਥੇ ਸਾਡੇ ਗਲਪ ਆਲੋਚਕ ਦੀ ਜ਼ਿੰਮੇਵਾਰੀ ਵੀ ਘੱਟ ਨਹੀਂ ਹੈ। ਉਸ ਦੀਆਂ ਧਾਰਣਾਵਾਂ ਵਿਚ ਅਚੇਤ ਪਿੰਡ-ਮੋਹ ਕਾਰਜਸ਼ੀਲ ਰਹਿੰਦਾ ਹੈ ਜਿਸ ਕਰਕੇ ਸਾਡੇ ਆਲੋਚਕਾਂ ਨੇ ਆਪਣੀਆਂ ਧਾਰਣਾਵਾਂ ਨਾਲ ਇਕ ਅਜਿਹਾ ਰਚਨਾਤਮਕ ਵਾਤਾਵਰਣ ਬਣਾ ਦਿੱਤਾ ਕਿ ਪਿੰਡ ਦੀ ਪੱਧਰ ਤੇ ਵਾਪਰ ਰਿਹਾ ਕਾਰਜ ਅਤੇ ਉਚਾਰ ਤਾਂ ਇਤਿਹਾਸਕ ਹੈ ਪਰ ਸ਼ਹਿਰੀ ਜੀਵਨ ਵਿਚਲਾ ਵਿਹਾਰ ਅਤੇ ਮਾਨਸਿਕਤਾ ਇਤਿਹਾਸਕ ਮੁੱਲ ਤੋਂ ਸੱਖਣੀ ਹੈ। ਰਚਨਾਤਮਕ ਪਰਿਪੇਖ ਵਿਚ ਅੰਤਰਾਂ ਨੂੰ ਸਿੱਧਾਂਤਕ ਤੌਰ ਤੇ ਸਵੀਕਾਰ ਕਰਨ ਦੇ ਬਾਵਜੂਦ ਸਾਡੇ ਆਲੋਚਨਾਤਮਕ ਪ੍ਰਤਿਮਾਨਾਂ ਦੀਆਂ ਜੜਾਂ ਇਕ ਵਿਸ਼ੇਸ਼ ਧਰਾਤਲ ਦੇ ਅਨੁਭਵ ਵਿਚੋਂ ਸਿਰਫ਼ ਪੈਦਾ ਹੀ ਨਹੀਂ ਹੁੰਦੀਆਂ ਸਗੋਂ ਉਸ ਨੂੰ ਹੀ ਪ੍ਰਮਾਣਿਕ ਮੰਨਦੀਆਂ ਅਤੇ ਸਚਿਆਉਂਦੀਆਂ ਹਨ। ਇਸੇ ਕਿਸਮ ਦੀ ਦ੍ਰਿਸ਼ਟੀ ਦਾ ਪ੍ਰਮਾਣ ਨਾਵਲ ਆਲੋਚਨਾ ਦੇ ਸਾਡੇ ਸਭ ਤੋਂ ਪ੍ਰੌਢ ਹਸਤਾਖਰ ਡਾ.ਰਾਹੀ ਦੀਆਂ ਸਥਾਪਨਾਵਾਂ ਵਿਚੋਂ ਵੀ ਮਿਲ ਜਾਂਦਾ ਹੈ। ਉਹ ਨਿਰੰਜਨ ਤਸਨੀਮ ਦੀ ਨਾਵਲਕਾਰੀ ਬਾਰੇ ਮੁੱਲਗਤ ਨਿਰਣਾਂ ਦਿੰਦੇ ਹੋਏ ਲਿਖਦੇ ਹਨ: ਨਿਰੰਜਨ ਤਸਨੀਮ, ਜੋ ਖ਼ੁਦ ਇਕ ਨਾਵਲਕਾਰ ਵੀ ਹੈ, ਦੇ ਨਾਵਲਾਂ ਵਿਚ ਤਕਨੀਕੀ ਸੂਖਮਤਾ ਤਾਂ ਹੈ ਪਰ ਇਨ੍ਹਾਂ ਵਿਚ ਸਿਰਜੀਆਂ ਗਈਆਂ ਸਮੱਸਿਆਵਾਂ ਦਾ ਘੇਰਾ ਅਕਸਰ ਬਹੁਤ ਛੋਟਾ ਹੈ। ਨਾਵਲਕਾਰ ਇਨ੍ਹਾਂ ਸਮੱਸਿਆਵਾਂ ਨੂੰ ਪਾਤਰਾਂ ਦੇ ਸੁਪਨੇ ਅਤੇ ਵਾਸਤਵਿਕਤਾ ਦੇ ਤਨਾਓ ਦੀ ਸ਼ਕਲ ਵਿਚ ਚਿਤਰਦਾ ਤਾਂ ਸ਼ੁੱਧ ਨਾਵਲੀ ਢੰਗ ਨਾਲ ਹੈ। ਪਰ ਇਹ ਤਨਾਓ ਵਿਅਕਤੀਗਤ ਵਧੇਰੇ ਤੇ ਇਤਿਹਾਸਕ ਸਥਿਤੀ ਦੀਆਂ ਵਡੇਰੀਆਂ ਦੁਬਿਧਾਵਾਂ ਨਾਲ ਬਹੁਤ ਘੱਟ ਸੰਬੰਧਿਤ ਹੁੰਦਾ ਹੈ। ਇਸੇ ਤਰ੍ਹਾਂ ਉਹ ਪੰਜਾਬੀ ਨਾਵਲ ਦੀ ਚੋਣਵੀਂ ਪਰੰਪਰਾ ਦਾ ਬਿਓਰਾ ਦਿੰਦੇ ਹੋਏ ਗੁਰਦਿਆਲ ਸਿੰਘ ਦੇ 'ਅੱਧ ਚਾਨਣੀ ਰਾਤ', ਸੋਹਣ ਸਿੰਘ ਸੀਤਲ ਦੇ 'ਜੁਗ ਬਦਲ ਗਿਆ', ਪ੍ਰੇਮ ਪ੍ਰਕਾਸ਼ ਦੇ 'ਦਸਤਾਵੇਜ਼', ਮਿੱਤਰ ਸੈਨ ਮੀਤ ਦੇ 'ਤਫ਼ਤੀਸ਼' ਅਤੇ ਜਸਬੀਰ ਮੰਡ ਦੇ 'ਔੜ ਦੇ ਬੀਜ' ਆਦਿ ਵਰਗੀਆਂ ਚੰਦ ਰਚਨਾਵਾਂ ਨੂੰ ਨਾਵਲੀ ਪ੍ਰਤਿਮਾਨਾ ਦੀਆਂ ਅਨੁਸਾਰੀ ਮੰਨਦੇ ਹਨ। ਇਨ੍ਹਾਂ ਨਾਵਲਾਂ ਨੂੰ ਛੱਡ ਕੇ ਬਹੁਤਾ ਪੰਜਾਬੀ ਨਾਵਲ ਉਨ੍ਹਾਂ ਨੂੰ ਮਨੁੱਖੀ ਸੁਭਾਵ ਅਤੇ ਮਾਨਸਿਕਤਾ ਨੂੰ ਚਿਤਰਣ ਦੇ ਸੰਬੰਧ ਵਿਚ ਬਨਾਵਟੀ ਅਤੇ ਰੂਪ ਵਿਚ ਰਲਗੱਡ ਜਾਪਦਾ ਹੈ ਉਨ੍ਹਾਂ ਦਾ ਵਿਚਾਰ ਹੈ ਕਿ ਪੰਜਾਬੀ ਦੇ ਗ੍ਰਾਮ ਜੀਵਨ ਨਾਲ ਸੰਬੰਧਿਤ ਕੁਝ ਨਾਵਲਾਂ ਵਿਚ ਤਾਂ ਵਾਸਤਵਿਕਤਾ aੇੱਤੇ ਪਕੜ ਦੇ ਬਲਵਾਨ ਨਮੂਨੇ ਮਿਲ ਜਾਂਦੇ ਹਨ, ਪਰ ਨਗਰ ਜੀਵਨ ਉੱਤੇ ਪਕੜ ਵਾਲੇ ਨਾਵਲ ਦੁਰਲਭ ਹਨ। ਇਸ ਪ੍ਰਕਾਰ ਦੀ ਪਹੁੰਚ ਪਿੱਛੇ ਵੱਡਾ ਕਾਰਣ ਇਹ ਨਹੀਂ ਕਿ ਸ਼ਹਿਰੀ ਜੀਵਨ ਬਾਰੇ ਅਸਲੋਂ ਹੀ ਕੋਈ ਬਲਵਾਨ ਨਾਵਲੀ ਕ੍ਰਿਤੀ ਉਪਲਬਧ ਨਹੀਂ ਸਗੋਂ ਇਹ ਹੈ ਕਿ ਪਿੰਡ-ਮੋਹ ਕਾਰਣ ਅਸੀਂ ਸ਼ਹਿਰੀ ਲੋਕੇਲ ਉੱਤੇ ਸਥਿਤ ਨਾਵਲੀ ਬਿਰਤਾਂਤ ਨੂੰ ਉਤਸਾਹਿਤ ਨਹੀਂ ਕਰਦੇ। ਸੁਖਬੀਰ ਦੇ ਨਾਵਲ ਪਾਣੀ ਤੇ ਪੁਲ ਅਤੇ ਸੜਕਾਂ ਤੇ ਕਮਰੇ ਅਤੇ ਸ.ਸੋਜ਼ ਦੇ ਨਾਵਲ ਮਕਾਨ ਇਕ ਖਾਲੀ ਜੇਹਾ ਅਤੇ ਪਾਤਰ ਵਿਪਾਤਰ ਕਿਸੇ ਵੀ ਤਰ੍ਹਾਂ ਮਾਨਵੀ ਜ਼ਿੰਦਗੀ ਦੇ ਯਥਾਰਥਕ ਬੋਧ ਅਤੇ ਪ੍ਰਗਟਾਵੇ ਪੱਖੋਂ ਪੰਜਾਬੀ ਨਾਵਲ ਦੀ 'ਚੋਣਵੀਂ ਪਰੰਪਰਾ' ਦੇ ਨਾਵਲਾਂ ਤਂ ਘੱਟ ਨਹੀਂ ਹਨ। ਇਸ ਕਿਸਮ ਦੀ ਨਾਵਲਕਾਰੀ ਨੂੰ ਡਾ. ਰਾਹੀ ਨੇ ਵਿਧੀਵਾਦ ਦਾ ਸ਼ਿਕਾਰ ਕਿਹਾ ਹੈ। ਇਸ ਧਾਰਣਾਂ ਦੇ ਪਿਛੋਕੜ ਵਿਚ ਵੀ ਪੇਂਡੂ ਜੀਵਨ ਦੇ ਯਥਾਰਥਵਾਦੀ ਚਿਤਰਣ ਦੀ ਪਰੰਪਰਾ ਨੂੰ ਆਦਰਸ਼ਕ ਮੰਨਣ ਦੀ ਬਿਰਤੀ ਮੌਜੂਦ ਹੈ ਜਿਸ ਕਾਰਣ ਪਰ ਇਨ੍ਹਾ ਨਾਵਲਾਂ ਨੂੰ ਉਤਸਾਹਿਤ ਨਹੀਂ ਕੀਤਾ ਜਾਂਦਾ। ਪੰਜਾਬੀ ਆਲੋਚਨਾ ਦੀਆਂ ਅਜਿਹੀਆਂ ਪੂਰਵ-ਧਾਰਰਣਾਵਾਂ ਅਤੇ ਇਸ ਦੇ ਸਮਵਿੱਥ ਨਾਵਲ ਰਚਨਾਕਾਰਾਂ ਦੀਆਂ ਅਨੁਭਵ ਅਤੇ ਚੇਤਨਾ ਦੀਆਂ ਆਪਣੀਆਂ ਸੀਮਾਵਾਂ ਕਾਰਣ ਪੰਜਾਬੀ ਨਾਵਲਾਂ ਵਿਚ ਭੂ-ਦ੍ਰਿਸ਼ ਦੀ ਵੰਨ-ਸੁਵੰਨਤਾ ਦਾ ਸਮਾਵੇਸ਼ ਨਹੀਂ ਹੁੰਦਾ। ਪਰ ਹੁਣ ਪੰਜਾਬੀ ਵਿਚ ਕੁਝ ਅਜਿਹੇ ਨਾਵਲ ਸਾਹਮਣੇ ਆਉਣ ਲੱਗੇ ਹਨ ਜਿਨ੍ਹਾਂ ਨਾਲ ਇਸ ਪੱਖੋਂ ਰਚਨਾਤਮਕ ਪ੍ਰਤਿਮਾਨਾਂ ਵਿਚ ਤਬਦੀਲੀ ਅਉਣ ਦੀ ਸੰਭਾਵਨਾ ਬਣੀ ਹੈ।
(੩)
ਬਹੁਸੁਰੀ ਬਿਰਤਾਂਤ ਯੋਜਨਾ ਨਾਵਲ ਦੀ ਵਿਧਾਗਤ ਜ਼ਰੂਰਤ ਮੰਨੀ ਜਾਂਦੀ ਹੈ ਪਰ ਪੰਜਾਬੀ ਨਾਵਲ ਇਸ ਕਿਸਮ ਦੀ ਬਹੁ-ਸੁਰਤਾ ਵਾਲੇ ਬਿਰਤਾਂਤ ਪ੍ਰਬੰਧ ਦੀ ਸਿਰਜਣਾ ਵਿਚ ਸਫ਼ਲ ਨਹੀਂ ਹੁੰਦਾ। ਆਮ ਹੀ ਨਾਵਲਾਂ ਵਿਚ ਅਜਿਹੇ ਬਿਰਤਾਂਤ ਹੁੰਦੇ ਹਨ ਜਿਨ੍ਹਾਂ ਵਿਚ ਵੱਖੋ ਵੱਖਰੀਆਂ ਸੁਰਾਂ ਇਕ ਦੂਜੇ ਵਿਚ ਦਾਖਿਲ ਹੋਣ ਤੋਂ ਬਿਨਾ ਹੀ ਸਮਾਂਨਾਂਤਰ ਰੂਪ ਵਿਚ ਵਿਚਰਦੀਆਂ ਹਨ ਪਰ ਅਖੀਰ ਨੂੰ ਮੁੱਖ ਸੁਰ ਦੀ ਵਿਰਾਟਤਾ ਵਿਚ ਜਾਂ ਤਾਂ ਖੀਣ ਹੋ ਜਾਂਦੀਆਂ ਹਨ ਜਾਂ ਉਸ ਦੀਆਂ ਉਪ ਜਾਂ ਸਹਾਇਕ ਸੁਰਾਂ ਦੇ ਤੌਰ ਤੇ ਕਾਰਜਸ਼ੀਲ ਨਜ਼ਰ ਆਉਂਦੀਆਂ ਹਨ। ਪੰਜਾਬੀ ਨਾਵਲ ਵਿਚ ਇਕ-ਸੁਰਤਾ ਦੇ ਸਮਾਵੇਸ਼ ਦੀ ਤਰਕੀਬ ਦੀ ਪਛਾਣ ਕਰਦਿਆਂ ਹੋਇਆਂ ਡਾ.ਗੁਰਮੁਖ ਸਿੰਘ ਬਿਰਤਾਂਤ ਵਿਚ ਨਾਇਕ ਦੀ ਸਪੇਸ ਨੂੰ ਜ਼ਿੰਮੇਵਾਰ ਮੰਨਦੇ ਹਨ ਉਨ੍ਹਾਂ ਅਨੁਸਾਰ 'ਸਥਿਤੀ ਨੂੰ ਨਾਇਕ ਜਾਂ ਮੁਖ ਪਾਤਰ ਪੰਜਾਬੀ ਨਾਵਲ ਦੀ ਉਹ ਧਿਰ ਹੈ ਜਿਸ ਵਲ ਸਮੁੱਚਾ ਨਾਵਲੀ ਕਥਾਨਕ ਝੁਕ ਜਾਂਦਾ ਹੈ। ਪੰਜਾਬੀ ਨਾਵਲ ਨਾਇਕ ਨੂੰ ਨਾਵਲੀ ਸੰਗਠਨ ਵਿਚ ਸਭ ਤੋਂ ਵਧੇਰੇ ਸਪੇਸ ਦਿੰਦਾ ਹੈ, ਨਾਵਲ ਵਿਚ ਇਸ ਸਪੇਸ ਦਾ ਹੋਣਾ ਹੀ ਪੰਜਾਬੀ ਨਾਵਲ ਨੂੰ ਇਕ-ਸੁਰੀ ਬਣਾ ਦਿੰਦਾ ਹੈ। ਬਹੁ-ਸੁਰੀ ਬਿਰਤਾਂਤ ਦੀ ਬਜਾਏ ਇਕ-ਸੁਰੀ ਬਿਰਤਾਂਤ ਦੀ ਸਿਰਜਣਾ ਪੰਜਾਬੀ ਦੇ ਪ੍ਰੋਢ ਤੋਂ ਪ੍ਰੌਢ ਨਾਵਲਕਾਰ ਦੀਆਂ ਕ੍ਰਿਤੀਆਂ ਵਿਚ ਨਮੂਦਾਰ ਹੁੰਦੀ ਹੈ।
ਗੁਰਦਿਆਲ ਸਿੰਘ ਦੇ ਨਾਵਲ 'ਅੱਧ ਚਾਨਣੀ ਰਾਤ' ਦਾ ਵਿਸ਼ਲੇਸ਼ਣ ਕਰਦਿਆਂ ਅਮਰਜੀਤ ਗਰੇਵਾਲ ਨਾਵਲੀ ਬਿਰਤਾਂਤ ਦੇ ਪੱਖਪਾਤ ਨੂੰ ਉਭਾਰਦਾ ਹੋਇਆ ਇਸ ਬਿਰਤਾਂਤ ਦੀ ਰਾਜਨੀਤੀ ਦੀ ਗੱਲ ਕਰਦਾ ਹੈ ਜਿਸ ਅਧੀਨ ਨਾਵਲਕਾਰ ਦੁਆਰਾ ਰਚਿਤ ਬਿਰਤਾਂਤ ਨਾਵਲੀ ਜਗਤ ਦੀ ਇਕ ਧਿਰ ਦੇ ਜੀਵਨ ਦੇ ਹੁ-ਭਿੰਨ ਵੇਰਵਿਆਂ ਨੂੰ ਤਾਂ ਪੇਸ਼ ਕਰਦਾ ਹੈ ਪਰ ਦੂਜੀ ਖਲਨਾਇਕ ਧਿਰ ਦੇ ਜੀਵਨ ਅੰਦਰ ਦਾਖ਼ਿਲ ਹੀ ਨਹੀਂ ਹੁੰਦਾ। ਉਸ ਦੇ ਆਪਣੇ ਲਫ਼ਜ਼ਾਂ ਵਿਚ
ੀ eਸ ਤਰ੍ਹਾਂ ਪ੍ਰਤੀਤ ਹੁੰਦਾ ਹੈ ਜਿਵੇਂ ਇਹ ਨਾਵਲ ਨਾਵਲ ਨਾ ਰਹਿ ਕੇ ਪਾਲੇ, ਮੋਦਨ ਅਤੇ ਰੁਲਦੂ ਦੀ ਨਾਇਕ ਧਿਰ ਦਾ ਇਕ ਮਾਨੋਲੋਗ ਬਣ ਕੇ ਰਹਿ ਗਿਆ ਹੋਵੇ। ਘਣੇ ਕਿਆਂ ਦੀ ਖਲਨਾਇਕ ਧਿਰ ਦਾ ਕਿਤੇ ਵੀ ਪੱਖ ਪੇਸ਼ ਨਹੀਂ ਕੀਤਾ ਗਿਆ। ਉਨ੍ਹਾਂ ਨੂੰ ਕਿਤੇ ਵੀ ਬੋਲਣ ਦਾ ਮੌਕਾ ਨਹੀਂ ਦਿੱਤਾ ਗਿਆ। ਉਨ੍ਹਾਂ ਦੀ ਮਾਨਸਿਕਤਾ ਦਾ ਵਰਣਨ ਤਾਂ ਦੂਰ ਦੀ ਗੱਲ ਹੈ, ਇਸ ਨਾਵਲ ਦੀ ਕਹਾਣੀ ਉਨ੍ਹਾਂ ਦੇ ਘਰ ਦੀ ਦਹਿਲੀਜ਼ ਵੀ ਨਹੀਂ ਟੱਪਦੀ। ਇੰਝ ਬਿਰਤਾਂਤ ਦੀ ਕਿਸੇ ਇਕ ਧਿਰ ਦੇ ਕਾਰਜ ਅਤੇ ਸੋਚ ਵੱਲ ਉੱਲਰਿਆ ਹੋਇਆ ਨਾਵਲੀ ਬਿਰਤਾਂਤ ਦੂਜੀਆਂ ਧਿਰਾਂ ਨੂੰ ਉਹ ਸਪੇਸ ਨਹੀਂ ਦਿੰਦਾ ਜਿਸ ਨਾਲ ਉਨ੍ਹਾਂ ਦੇ ਜੀਵਨ ਅਤੇ ਸਰੋਕਾਰਾਂ ਦਾ ਕੋਈ ਨਕਸ਼ਾ ਅਤੇ ਉਨ੍ਹਾਂ ਦਾ ਵਸਤੂ-ਸਥਿਤੀ ਬਾਰੇ ਆਪਣਾ ਹੁੰਗਾਰਾ ਪ੍ਰਗਟ ਹੋ ਸਕਦਾ। ਪੰਜਾਬੀ ਨਾਵਲਕਾਰ ਇਕ ਨਿਸ਼ਚਿਤ ਅਰਥ ਦੀ ਸਥਾਪਨਾ ਦੀ ਕਾਹਲ ਵਿਚ ਪ੍ਰਗੀਤਕ ਕਿਸਮ ਦੀ ਬਿਰਤਾਂਤਕਾਰੀ ਨੂੰ ਚੇਣ ਲੈਂਦਾ ਹੈ ਅਤੇ ਬਹੁ-ਸੁਰੀ ਨਾਵਲੀ ਰਚਨਾ ਤੋਂ ਪਾਸਾ ਵੱਟ ਲੈਂਦਾ ਹੈ। ਪੰਜਾਬੀ ਨਾਵਲ ਦੇ ਇਕ ਵਿਦਵਾਨ ਖੋਜੀ ਗੁਰਦਿਆਲ ਸਿੰਘ ਦੇ ਨਾਵਲਾਂ ਦੇ ਬਿਰਤਾਂਤ ਦੀ ਇਕਸੁਰਤਾ ਨੂੰ ਨਾਵਲਾਂ ਵਿਚ ਦ੍ਰਿਸ਼ਟੀ-ਬਿੰਦੂ ਦੀ ਜੁਗਤ ਦੇ ਵਿਸ਼ਲੇਸ਼ਣ ਰਾਹੀਂ ਵੀ ਪ੍ਰਮਾਣਿਤ ਕੀਤਾ ਜਾਂ ਸਕਦਾ ਹੈ। 'ਗੁਰਦਿਆਲ ਸਿੰਘ ਦੇ ਨਾਵਲਾਂ ਵਿਚਲੇ ਜ਼ਿਆਦਾਤਰ ਕੇਂਦਰੀ ਪਾਤਰਾਂ ਦਾ ਦ੍ਰਿਸ਼ਟੀ-ਬਿੰਦੂ ਮੁੱਖ ਤੌਰ ਤੇ ਅਣਖ ਅਤੇ ਸਵੈ-ਮਾਣ ਨਾਲ ਜਿਊਣ ਦੇ ਮਸਲੇ ਨਾਲ ਜੁੜਿਆ ਹੋਇਆ ਹੈ। ਉਸ ਦੇ ਵੱਖ ਵੱਖ ਨਾਵਲਾਂ ਵਿਚ ਪਾਤਰਾਂ ਦੇ ਹਾਲਾਤ ਵਿਚ ਤਾਂ ਫਰਕ ਪੈ ਜਾਂਦਾ ਹੈ ਪਰ ਉਨ੍ਹਾਂ ਨੂੰ ਦਰਪੇਸ਼ ਅਣਖ ਅਤੇ ਸਵੈ-ਮਾਣ ਨਾਲ ਜਿਊਣ ਦੀ ਸਮੱਸਿਆ ਵਿਚ ਕੋਈ ਬੁਨਿਆਦੀ ਤਬਦੀਲੀ ਨਹੀਂ ਵਾਪਰਦੀ। ਦੂਜੇ ਸ਼ਬਦਾਂ ਵਿਚ ਉਸ ਦੇ ਨਾਵਲਾਂ ਵਿਚ ਇਸ ਮਸਲੇ ਦਾ ਸੰਦਰਭ ਤਾਂ ਬਦਲ ਜਾਂਦਾ ਹੈ, ਪਰ ਮਸਲਾ ਜਿਉਂ ਦਾ ਤਿਉਂ ਬਰਕਰਾਰ ਰਹਿੰਦਾ ਹੈ। ਬਹੁਸੁਰਤਾ ਦੇ ਪੈਮਾਨੇ ਅਨੁਸਾਰ ਗੁਰਦਿਆਲ ਸਿੰਘ ਦੇ ਹੋਰ ਨਾਵਲਾਂ ਦੀ ਗੱਲ ਵੀ ਕਰੀਏ ਤਾਂ ਸਪਸ਼ਟ ਹੋ ਜਾਂਦਾ ਹੈ ਕਿ ਉਸ ਦੇ ਨਾਵਲਾਂ ਵਿਚ ਇਕ ਵਸਤੂ ਸਥਿਤੀ ਬਾਰੇ ਵੱਖੋ ਵੱਖਰੇ ਪ੍ਰਤਿਕਰਮ ਸਮਾਂਨਾਂਤਰ ਰੂਪ ਵਿਚ ਤਾਂ ਵਿਚਰਦੇ ਹਨ, ਉਨ੍ਹਾਂ ਵਿਚ ਤਣਾਓ ਅਤੇ ਤਕਰਾਰ ਵੀ ਮੌਜੂਦ ਰਹਿੰਦਾ ਹੈ ਪਰ ਇਨ੍ਹਾਂ ਪਿੱਛੇ ਕਾਰਜਸ਼ੀਲ ਹੁੰਗਾਰੇ ਅਤੇ ਧਾਰਣਾਵਾਂ ਇਸ ਕਿਸਮ ਦੇ ਸੰਵਾਦ ਵਿਚ ਨਜ਼ਰ ਨਹੀਂ ਆਉਂਦੇ ਕਿ ਉਹ ਇਕ ਦੂਜੇ ਵਿਚ ਧਸ ਕੇ ਇਕ ਦੂਜੇ ਦੇ ਸਰੂਪ ਅਤੇ ਸਾਰ ਵਿਚ ਕੋਈ ਤਬਦੀਲੀ ਲਿਆ ਸਕਦੇ ਹੋਣ। ਨਾਵਲ 'ਅਣਹੋਏ' ਦੇ ਪਾਤਰ ਬਿਸ਼ਨਾ ਅਤੇ ਭਗਤਾ ਦੋਵੇਂ ਇਕੋ ਪਰਿਵਾਰਿਕ ਪਿਛੋਕੜ ਦੇ ਬਾਵਜੂਦ ਆਪਣੇ ਵੱਖਰੇ ਜੀਵਨ-ਵਿਹਾਰ ਅਤੇ ਦ੍ਰਿਸ਼ਟੀਕੋਣ ਸਦਕਾ ਆਪਣੀ ਸਥਿਤੀ ਪ੍ਰਤਿ ਵੱਖਰੇ ਹੁੰਗਾਰੇ ਸਿਰਜਦੇ ਹਨ। ਉਹ ਇਕ ਦੂਜੇ ਦੇ ਏਨਾ ਨੇੜੇ ਰਹਿੰਦੇ ਹੋਏ ਵੀ ਇਕ ਦੂਜੇ ਤੋਂ ਲੱਗਭਗ ਅਣਭਿੱਜ ਹਨ ਕਿ ਇਕ ਦੀ ਹੋਂਦ ਦਾ ਦੂਜੇ ਤੇ ਕੋਈ ਅਸਰ ਨਜ਼ਰ ਨਹੀਂ ਆਉਂਦਾ। ਉਹ ਆਪਣੇ ਕਾਰਜਾਂ ਪ੍ਰਤਿ ਕਿਸੇ ਦੁਬਿਧਾ ਵਿਚ ਨਹੀਂ ਪੈਂਦੇ। ਬਸ ਏਨਾ ਹੀ ਹੁੰਦਾ ਹੈ ਕਿ ਭਗਤਾ ਆਪਣੇ ਕੀਤੇ ਉੱਤੇ ਕੁਝ ਸ਼ਰਮਿੰਦਾ ਹੋਣ ਕਾਰਣ ਬਿਸ਼ਨੇ ਦੇ ਮੱਥੇ ਨਹੀਂ ਲੱਗਦਾ। ਇੰਝ ਬਿਸ਼ਨੇ ਦੁਆਲੇ ਉੱਸਰਿਆ ਬਿਰਤਾਂਤ ਅਤੇ ਉਸ ਦੀ ਸੁਰ ਭਾਰੂ ਹੋਣ ਦੇ ਨਾਲ ਨਾਲ ਨਿਆਂਉੱਚਿਤ ਅਤੇ ਆਦਰਸ਼ਕ ਸੁਰ ਬਣ ਜਾਂਦੀ ਹੈ। ਇਹੀ ਸਥਿਤੀ ਦਲੀਪ ਕੌਰ ਟਿਵਾਣਾ ਦੇ ਮਹਾਕਵਿਕ ਵਿਸਤਾਰ ਵਾਲੇ ਨਾਵਲ ਕਥਾ ਕਹੋ ਉਰਵਸ਼ੀ ਵਿਚ ਵੀ ਨਹੀਂ ਟੁੱਟਦੀ। ਇਸ ਨਾਵਲ ਵਿਚ ਭਾਵੇਂ ਕੁਝ ਵੱਖਰੇ ਦ੍ਰਿਸ਼ਟੀ-ਬਿੰਦੂਆਂ ਤੋਂ ਸਥਿਤੀ ਦੇ ਹੁੰਗਾਰੇ ਨੂੰ ਬਿਰਤਾਂਤਕ ਸਪੇਸ ਮੁਹੱਈਆਂ ਕੀਤੀ ਗਈ ਹੈ ਜਿਸ ਨਾਲ ਬਹੁ-ਸੁਰਤਾ ਦੀ ਸੰਭਾਵਨਾ ਪੈਦਾ ਹੁੰਦੀ ਹੈ ਪਰ ਨਾਵਲਕਾਰਾ ਦਾ ਇਸ ਨਾਵਲ ਦੀ ਕੇਂਦਰੀ ਪਾਤਰ ਕੁਲਦੀਪ ਪ੍ਰਤਿ ਉਲਾਰ ਕੁਲਦੀਪ ਦੇ ਬਿਰਤਾਂਤ ਨੂੰ ਵਿਰਾਟ ਅਤੇ ਉਸ ਦੇ ਦ੍ਰਿਸ਼ਟੀ-ਬਿੰਦੂ ਨੂੰ ਮਹਾਨ ਬਣਾ ਦਿੰਦਾ ਹੈ ਜਿਸ ਨਾਲ ਨਾਵਲ ਵਿਚ ਪੈਦਾ ਹੋਏ ਸਭ ਬਿਰਤਾਂਤ ਅਤੇ ਸੁਰਾਂ ਕੁਲਦੀਪ ਦੇ ਬਿਰਤਾਂਤ ਅਤੇ ਸੁਰਦੀ ਪ੍ਰਮੁੱਖਤਾ ਦੇ ਅਧੀਨ ਆ ਜਾਂਦੇ ਹਨ ਅਤੇ ਗੌਣ ਮਹੱਤਵ ਦੇ ਧਾਰਣੀ ਬਣ ਜਾਂਦੇ ਹਨ।
ਪੰਜਾਬੀ ਦਾ ਬਹੁਤਾ ਨਾਵਲ ਇਸ ਕਿਸਮ ਦੀ ਬਿਰਤਾਂਤ ਸੰਰਚਨਾ ਵਾਲਾ ਹੀ ਹੈ।ਪੰਜਾਬੀ ਨਾਵਲ ਵਿਚ ਬਿਰਤਾਂਤਕਾਰ ਇਕਹਿਰਾ ਤਾਂ ਨਹੀਂ ਹੈ ਪਰ ਇਸ ਵਿਚ ਅਕਸਰ ਹੀ ਇਹ ਵਾਪਰਦਾ ਹੈ ਕਿ ਅੰਤ ਨੂੰ ਬਿਰਤਾਂਤ ਵਿਚ ਕਾਰਜਸ਼ੀਲ ਬਹੁਤੇ ਸੁਰ ਮੁਖ-ਬਿਰਤਾਂਤਕਾਰ ਦੀ ਸੁਰ ਵਿਚ ਖੀਣ ਹੋ ਜਾਂਦੇ ਹਨ ਜਾਂ ਉਸ ਦੁਆਰਾ ਰੱਦ ਕਰ ਦਿੱਤੇ ਜਾਂਦੇ ਹਨ ਅਤੇ ਨਾਵਲੀ ਅਰਥ ਦੇ ਸੰਗਠਨ ਵਿਚ ਸਹਾਇਕ ਬਿਰਤਾਂਤ ਦਾ ਦਰਜਾ ਰੱਖਣ ਕਰਕੇ ਦੁਜੈਲੀ ਮਹੱਤਾ ਦੇ ਧਾਰਣੀ ਹੋ ਨਿਬੜਦੇ ਹਨ। ਬਿਰਤਾਂਤਕਾਰ ਇਸ ਕਦਰ ਮੁਖ ਪਾਤਰ ਦੇ ਨੇੜੇ ਵਿਚਰਦਾ ਹੈ ਕਿ ਮੁਖ ਪਾਤਰ ਦਾ ਹਰ ਕਾਰਜ ਅਤੇ ਬੋਲ ਤਾਂ ਨਿਆਂਉਚਿਤ ਸਾਬਿਤ ਹੋ ਜਾਂਦਾ ਹੈ ਅਤੇ ਬਾਕੀ ਪਾਤਰ ਦੁਜੈਲੇ, ਸਹਾਇਕ ਜਾਂ ਖਲਨਾਇਕ ਬਣ ਜਾਂਦੇ ਹਨ। ਇਸ ਦੇ ਪਿਛੋਕੜ ਵਿਚ ਪੰਜਾਬੀ ਸਮਾਜਚਾਰੇ ਵਿਚ ਪਏ ਵਿਰੋਧਾਂ ਦਾ ਕਿਸੇ ਵਾਜਿਬ ਦਿਸ਼ਾ ਵਿਚ ਹੱਲ ਨਾ ਹੋਣਾ ਹੀ ਨਹੀਂ ਸਗੋਂ ਪੰਜਾਬੀ ਬੰਦੇ ਅਤੇ ਵਿਸ਼ੇਸ਼ਕਰ ਬੁੱਧੀਮਾਨ ਵਰਗ ਦੀ ਚੇਤਨਾ ਦੀਆਂ ਸੀਮਾਵਾਂ ਵੀ ਹਨ ਜਿਸ ਕਰਕੇ ਉਹ ਆਪਣੇ ਦ੍ਰਿਸਟੀਕੋਣ ਦੀ ਨਿਰਪੇਖ ਮਹੱਤਾ ਨੂੰ ਦ੍ਰਿੜਤਾ ਨਾਲ ਸਥਾਪਿਤ ਕਰਨ ਦੇ ਨਾਲ ਕਿਸੇ 'ਹੋਰ' ਦੇ ਦ੍ਰਿਸ਼ਟੀਕੋਣ ਨੂੰ ਓਨੀ ਹੀ ਦ੍ਰਿੜਤਾ ਨਾਲ ਰੱਦ ਕਰਨ ਲਈ ਬਜ਼ਿੱਦ ਰਹਿੰਦਾ ਹੈ। 'ਹੋਰ' ਜੀਵਨ ਜਾਚ ਬਾਰੇ ਵੀ ਸਾਡਾ ਪ੍ਰਤਿਕਰਮ ਆਮ ਕਰਕੇ ਨਿਖੇਧਾਤਮਕ ਹੀ ਰਹਿੰਦਾ ਹੈ। ਇਹੀ ਕਾਰਣ ਹੈ ਕਿ ਸਾਡੇ ਨਾਵਲੀ ਬਿਰਤਾਂ ਵਿਚ ਬਹੁ-ਸੁਰਤਾ ਪ੍ਰਵੇਸ਼ ਹੋਣ ਤੋਂ ਪਹਿਲਾਂ ਹੀ ਖ਼ਾਰਿਜ ਹੋ ਜਾਂਦੀ ਹੈ।
(੪)
ਪੰਜਾਬੀ ਨਾਵਲ ਪਰੰਪਰਾ ਵਿਚ ਪ੍ਰਤਿਨਿਧ ਪਾਤਰਾਂ ਅਤੇ ਵਿਅਕਤੀਗਤ ਪਛਾਣ ਵਾਲੇ ਪਾਤਰਾਂ ਦੀ ਸਿਰਜਣਾ ਦੀ ਰੀਤੀ ਨਿਰਾਲੀ ਹੈ। ਪੰਜਾਬੀ ਨਾਵਲ ਦੀ ਬਿਰਤਾਂਤ ਯੋਜਨਾ ਵਿਚ ਅਜਿਹੇ ਪਾਤਰਾਂ ਦੀ ਹਸਤੀ ਵੱਖਰੀ ਹੈ ਜਿਨ੍ਹਾਂ ਨੂੰ ਉਨ੍ਹਾਂ ਦੀਆਂ ਵਿਅਕਤੀਗਤ ਚਰਿੱਤਰਕ ਖ਼ਸਲਤਾਂ ਸਮੇਤ ਸਿਰਜਿਆ ਜਾਣਾ ਹੈ ਅਤੇ ਉਨ੍ਹਾਂ ਪਾਤਰਾਂ ਦੀ ਹਸਤੀ ਅਤੇ ਭੂਮਿਕਾ ਵੱਖਰੀ ਹੈ ਜਿਨ੍ਹਾਂ ਨੂੰ ਵਿਅਕਤੀਗਤ ਨਾਮ ਤਾਂ ਦਿੱਤੇ ਜਾਣੇ ਹਨ ਪੂਰੇ ਵਿਸਤਾਰ ਵਿਚ ਉਨ੍ਹਾਂ ਦੇ ਵਿਅਕਤਿਤਵ ਦੀ ਸਿਰਜਣਾ ਨਹੀਂ ਕੀਤੀ ਜਾਣੀ। ਪੰਜਾਬੀ ਨਾਵਲ ਵਿਚ ਇਹ ਅਕਸਰ ਹੀ ਦੇਖਣ ਵਿਚ ਆਉਂਦਾ ਹੈ ਕਿ ਖਲਨਾਇਕ ਪਾਤਰ ਪ੍ਰਤਿਨਿਧ ਜਾਂ ਟਾਈਪ ਪਾਤਰ ਵਜੋਂ ਸਿਰਜੇ ਜਾਂਦੇ ਹਨ ਅਤੇ ਨਾਇਕ ਪਾਤਰਾਂ ਦੀ ਸਿਰਜਣਾ ਉਨ੍ਹਾਂ ਦੀਆਂ ਵਿਕਤੀਗਤ ਖ਼ਾਸੀਅਤਾਂ ਸਮੇਤ ਕੀਤੀ ਜਾਂਦੀ ਹੈ ਜਿਸ ਕਰਕੇ ਉਨ੍ਹਾਂ ਦੀ ਵਿਅਕਤੀਗਤ ਪਛਾਣ ਵਧੇਰੇ ਗੂੜ੍ਹੀ ਹੁੰਦੀ ਹੈ। ਅਸੀਂ ਪੰਜਾਬੀ ਨਾਵਲ ਵਿਚ ਇਕ ਸੁਰੀ-ਬਿਰਤਾਂਤ ਦੀਆਂ ਜਿਹੜੀਆਂ ਤਰਕੀਬਾਂ ਬਾਰੇ ਗੱਲ ਕੀਤੀ ਹੈ ਇਹ ਬਿਰਤਾਂਤਕ ਤਰਕੀਬ ਵੀ aੁਂਨ੍ਹਾਂ ਤਰਕੀਬਾਂ ਦੀ ਹੀ ਸਹਾਈ ਜਾਪਦੀ ਹੈ। ਮਹਾਕਾਵਿ ਪਰੰਪਰਾ ਵਿਚ ਸਿਰਜਿਤ ਮਿੱਥਾਂ ਵਿਚ ਅਜਿਹੀਆਂ ਤਰਕੀਬਾਂ ਵਰਤੀਆਂ ਜਾਂਦੀਆਂ ਸਨ ਜਿਨ੍ਹਾਂ ਰਾਹੀਂ ਦੇਵਤੇ ਜਾਂ ਅਵਤਾਰ ਪੁਰਖ ਤਾਂ ਮਨੁੱਖੀ ਵਿਅਕਤਿਤਵ ਹਾਸਿਲ ਕਰ ਲੈਂਦੇ ਸਨ ਪਰ ਦਾਨਵ ਅਤੇ ਹੋਰ ਪਾਤਰ ਅਰਧ-ਮਾਨਵੀ ਜਾਂ ਅਮਾਨਵੀ ਹੋਂਦ ਦੇ ਧਾਰਣੀ ਹੋ ਨਿਬੜਦੇ ਹਨ। ਇੰਝ ਪੰਜਾਬੀ ਨਾਵਲਕਾਰੀ ਮਿੱਥਕ ਬਿਰਤਾਂਤ ਦੇ ਪੈਟਰਨ ਦੀ ਅਨੁਸਾਰੀ ਜਾਪਦੀ ਹੈ ਜਿਸ ਵਿਚ ਨਾਇਕ ਜਾਂ ਕੇਂਦਰੀ ਪਾਤਰ ਤੋਂ ਇਲਾਵਾ ਹੋਰ ਪਾਤਰਾਂ ਨੂੰ ਮਾਨਵੀ ਵਿਅਕਤਿਤਵ ਦੀ ਸਥਾਪਤੀ ਲਈ ਲੋੜੀਂਦਾ ਵਿਸਤਾਰ ਅਤੇ ਸਪੇਸ ਪ੍ਰਾਪਤ ਨਹੀਂ ਹੁੰਦਾ।
(੫)
ਪੰਜਾਬੀ ਨਾਵਲ ਦੇ ਕੁਝ ਹੋਰ ਸਥਾਈ ਲੱਛਣਾ ਵਿਚ ਨਾਵਲੀ ਬਿਰਤਾਂਤ ਵਿਚ ਮੌਕਾ ਮੇਲ ਦੀ ਜੁਗਤ ਦੀ ਨਿਯਮਿਤ ਵਰਤੋਂ ਨੂੰ ਗਿਣਿਆ ਜਾ ਸਕਦਾ ਹੈ। ਮੌਕਾ ਮੇਲ ਦੀ ਜੁਗਤ ਆਪਣੇ ਬਦਲਦੇ ਰੂਪਾਂ ਵਿਚ ਪੰਜਾਬੀ ਨਾਵਲ ਦੀ ਸਥਾਈ ਪਛਾਣ ਬਣੀ ਹੋਈ ਹੈ। ਪੰਜਾਬੀ ਨਾਵਲ ਦੇ ਬਿਰਤਾਂਤ ਨੂੰ ਫ਼ੈਸਲਾਕੁਨ ਮੋੜ ਅਕਸਰ ਹੀ ਕਿਸੇ ਪਾਤਰ ਦੀ ਮੌਤ ਦੀ ਘਟਨਾ ਨਾਲ ਦਿੱਤਾ ਜਾਂਦਾ ਹੈ। ਕਈ ਵਾਰ ਤਾਂ ਮੌਕਾ ਮੇਲ ਜਾਂ ਮੌਤ ਦੀ ਘਟਨਾ ਮੱਧਕਾਲੀ ਬਿਰਤਾਂਤਾਂ ਵਾਂਗ ਕਰਾਮਾਤ ਦੀ ਨਿਆਈਂ ਹੈ। ਕਈ ਵਾਰ ਤਾਂ ਪੰਜਾਬੀ ਨਾਵਲਕਾਰ ਚੱਲ ਰਹੀ ਕਿਸੇ ਘਟਨਾ ਨੂੰ ਕੋਈ ਮੋੜ ਦੇਣ ਦੀ ਕਾਹਲ ਵਿਚ ਉਸ ਘਟਨਾ ਦੇ ਸਿਰਜਣ ਸਮੇਂ ਹੀ ਉਸ ਦੇ ਪ੍ਰੇਰਕ ਸੰਦਰਭ ਵਲ ਸੰਕੇਤ ਕਰ ਦਿੰਦੇ ਹਨ ਜਿਸ ਦਾ ਜ਼ਿਕਰ ਜਾਂ ਬਿਰਤਾਂਤ ਉਦੋਂ ਨਹੀਂ ਹੁੰਦਾ ਜਦੋਂ ਉਸ ਸਥਿਤੀ ਦਾ ਬਿਰਤਾਂਤ ਸਿਰਜਿਆ ਗਿਆ ਹੁੰਦਾ ਹੈ। ਅਜਿਹਾ ਅਚਾਨਕ ਪੇਸ਼ ਕੀਤਾ ਪ੍ਰੇਰਕ ਪ੍ਰਸੰਗ ਅਸਲ ਵਿਚ ਇੱਛਾ ਮੂਲਕ ਘਟਨਾ ਕ੍ਰਮ ਪੈਦਾ ਕਰਨ ਲਈ ਵਰਤੀ ਜਾਂਦੀ ਮੌਕਾ ਮੇਲ ਦੀ ਜੁਗਤ ਵਰਗਾ ਰੋਲ ਹੀ ਅਦਾ ਕਰਦਾ ਹੈ।
ਇਸੇ ਤਰ੍ਹਾਂ ਟੀ.ਆਰ.ਵਿਨੋਦ ਮੱਧ-ਵਰਗੀ ਗਲਪ-ਚੇਤਨਾ ਨੂੰ ਪੰਜਾਬੀ ਗਲਪ ਦਾ ਸਥਾਈ ਲੱਛਣ ਮੰਨਦਾ ਹੈ। ਉਸ ਦੇ ਆਪਣੇ ਲਫ਼ਜ਼ਾਂ ਵਿਚ, 'ਸਮੁੱਚੇ ਪੰਜਾਬੀ ਗਲਪ ਸਾਹਿਤ ਦਾ ਜੇ ਕੋਈ ਮੁੱਖ ਅਤੇ ਬੁਨਿਆਦੀ ਸਾਂਝਾ ਲੱਛਣ ਲੱਭਣਾ ਹੋਵੇ ਤਾਂ ਉਹ ਮੱਧ-ਵਰਗੀ ਗਲਪ-ਚੇਤਨਾ ਵਿਚ ਪ੍ਰਾਪਤ ਹੋਵੇਗਾ'। ਉਹ ਪੰਜਾਬੀ ਨਾਵਲ ਦੇ ਹਵਾਲੇ ਨਾਲ ਇਸ ਗਲਪ-ਚੇਤਨਾ ਦੇ ਪ੍ਰਗਟਾਵੇ ਦੇ ਸਥੂਲ ਪ੍ਰਮਾਣ ਦਿੰਦਾ ਹੋਇਆ ਪੰਜਾਬੀ ਨਾਵਲਕਾਰੀ ਵਿਚਲੇ ਵਿਅਕਤੀਵਾਦ ਅਤੇ ਇਸ ਦੀਆਂ ਅਲਾਮਤਾਂ ਵਜੋਂ ਜਿਨਸੀ ਰਿਸ਼ਤਿਆਂ ਦੇ ਨਿਸੰਗ ਚਿਤ੍ਰਣ, ਪ੍ਰਕਿਰਤੀਵਾਦੀ ਬਿਰਤਾਂਤਕਾਰੀ, ਕਾਮ-ਅਰਾਜਕਤਾ, ਆਦਰਸ਼ ਪ੍ਰਾਪਤੀ ਪ੍ਰਤਿ ਆਦਰਸ਼ਕ ਅਤੇ ਰੋਮਾਂਚਕ ਪਹੁੰਚ ਆਦਿ ਨੂੰ ਗਿਣਦਾ ਹੈ ਅਤੇ ਪੰਜਾਬ ਦੀ ਕਿਸਾਨੀ ਦੇ ਸੰਕਟਾਂ ਅਤੇ ਸਮੱਸਿਆਵਾਂ ਦੇ ਯਥਾਰਥਕ ਚਿਤ੍ਰਣ ਨੂੰ ਸਮਰਪਿਤ ਨਾਵਲਾਂ ਨੂੰ ਨਵੀਂਆਂ ਸੰਭਾਵਨਾਵਾਂ ਵਜੋਂ ਦੇਖਦਾ ਹੈ। ਇਸ ਕਥਨ ਵਿਚ ਸ਼ਹਿਰੀ ਮੱਧ-ਵਰਗ ਪ੍ਰਤਿ ਇਕ ਉਲਾਰ ਤਾਂ ਨਜ਼ਰੀਂ ਪੈਂਦਾ ਹੈ ਪਰ ਇਹ ਗੱਲ ਤੈਅ ਹੈ ਕਿ ਪੰਜਾਬੀ ਨਾਵਲ ਦਾ ਬਿਰਤਾਂਤ ਭਾਵੇਂ ਸ਼ਹਿਰੀ ਲੋਕੇਲ ਵਿਚ ਸਥਿਤ ਹੋਵੇ ਅਤੇ ਭਾਵੇਂ ਪੇਂਡੂ ਲੋਕੇਲ ਵਿਚ, ਉਸ ਦਾ ਰਚਨਾਕਾਰ ਅਤੇ ਉਸ ਦੀ ਚੇਤਨਾ ਦੇ ਪਿਛਕੜ ਵਿਚ ਮੱਧ-ਵਰਗੀ ਅਨੁਭਵ ਤਾਂ ਮੌਜੂਦ ਰਹਿੰਦਾ ਹੀ ਹੈ। ਉਸ ਦੀਆਂ ਜ਼ਿੰਦਗੀ ਅਤੇ ਸਮਾਜ, ਮੁਕਤੀ ਅਤੇ ਇਨਕਲਾਬ, ਵਿਅਕਤਿਤਵ ਅਤੇ ਇਤਿਹਾਸ ਦੇ ਸਰੂਪ ਅਤੇ ਸੰਬੰਧਾਂ ਬਾਰੇ ਬਣੀਆਂ ਧਾਰਣਾਵਾਂ ਉਸ ਦੀ ਮੱਧ-ਸ਼੍ਰੇਣਿਕ ਦ੍ਰਿਸ਼ਟੀ ਵਿਚੋਂ ਹੀ ਉਗਮਦੀਆਂ ਹਨ। ਇਸ ਲਈ ਇਸ ਧਾਰਣਾਂ ਵਿਚ ਪਏ ਮੱਧਮ ਜਿਹੇ ਤ੍ਰਿਸਕਾਰ ਦੇ ਸੁਰ ਨੂੰ ਮਨਫ਼ੀ ਕਰ ਕੇ ਇਹ ਮੰਨਿਆ ਜਾ ਸਕਦਾ ਹੈ ਕਿ ਪੰਜਾਬੀ ਨਾਵਲਕਾਰੀ ਆਪਣੇ ਸਰੂਪ ਅਤ ਸਾਰ, ਵਿਚਾਰਧਾਰਾ ਅਤੇ ਸੰਚਾਰ ਪੱਖੋਂ ਮੱਧ-ਸ਼੍ਰੇਣਿਕ ਅਨੁਭਵ ਅਤੇ ਦ੍ਰਿਸ਼ਟੀਕੋਣ ਦੀ ਪੈਦਾਵਾਰ ਹੈ। ਪਰ ਇਹ ਵੀ ਯਾਦ ਰੱਖਣ ਵਾਲੀ ਗੱਲ ਹੈ ਕਿ ਇਹ ਵਰਗ ਤੋਂ ਆਏ ਰਚਨਾਕਾਰ ਆਪਣੇ ਵਰਗ ਹਿਤਾਂ ਤੋਂ ਉਪਰ ਉੱਠ ਕੇ ਮਾਨਵੀ ਸੰਕਟਾਂ ਅਤੇ ਸਰੋਕਾਰਾਂ ਨੂੰ ਆਪਣਾ ਸਿਰਜਣ ਸਰੋਕਾਰ ਬਣਾਉਂਦੇ ਹਨ।
ਪੰਜਾਬੀ ਨਾਵਲ ਨੂੰ ਸਿਮਰਤੀ ਮੁਖੀ ਅਤੇ ਜ਼ਿੰਦਗੀ ਦੀ ਗਤੀਸ਼ੀਲਤਾ ਤੋਂ ਟੁੱਟਿਆ ਹੋਇਆ ਵੀ ਕਿਹਾ ਗਿਆ ਹੈ। ਡਾ.ਹਰਿਭਜਨ ਸਿੰਘ ਦੇ ਸ਼ਬਦਾਂ ਵਿਚ 'ਗੁਰਦਿਆਲ ਸਿੰਘ ਤੇ ਮੋਹਨ ਕਾਹਲੋਂ ਆਪਣੇ ਬੀਤ ਚੁੱਕੇ ਅਨੁਭਵ ਖੰਡ ਦੀ ਸਿਮਰਤੀ ਵਲ ਰੁਚਿਤ ਹਨ। ਵਰਤਮਾਨ ਤੋਂ ਭਵਿੱਖ ਵਲ ਸਫ਼ਰ ਕਰ ਰਹੀ ਜ਼ਿੰਦਗੀ ਨਾਲ ਇਨ੍ਹਾਂ ਦੀ ਕੋਈ ਸਾਂਝ ਨਹੀਂ। ਪੰਜਾਬੀ ਨਾਵਲ ਹੁਣ ਤਕ ਨਾਨਕ ਸਿੰਘ ਦਾ ਪਿਛਲੱਗ ਪ੍ਰਤੀਤ ਹੁੰਦਾ ਹੈ ਇਸ ਲਈ ਜੇ ਕੋਈ ਕਹੇ ਕਿ ਨਾਨਕ ਸਿੰਘ ਸਾਡੀ ਨਾਵਲ-ਪਰੰਪਰਾ ਦਾ ਅਦਿ ਵੀ ਹੈ ਤੇ ਅੰਤ ਵੀ ਤਾਂ ਕੋਈ ਅਨੁਚਿਤ ਗੱਲ ਨਹੀਂ ਹੋਵੇਗੀ।ਇਹ ਨਿਰਣਾ ਕੇਵਲ ਨਾਨਕ ਸਿੰਘ ਬਾਰੇ ਹੀ ਨਹੀਂ ਇਹ ਸਾਡੇ ਦੂਸਰੇ ਨਾਵਲਿਸਟਾਂ ਦੀ ਸੀਮਾ ਨੂੰ ਵੀ ਪ੍ਰਗਟ ਕਰਦਾ ਹੈ ਅਤੇ ਸਾਡੇ ਪਾਠਕਾਂ ਦੀ ਰੁਚੀ ਨੂੰ ਵੀ। ਹਰਿਭਜਨ ਸਿੰਘ ਦੀ ਇਸ ਧਾਰਣਾਂ ਦੇ ਪੈਦਾ ਹੋਣ ਤੋਂ ਬਾਅਦ ਪੰਜਾਬੀ ਨਾਵਲ ਲੰਮਾ ਸਫ਼ਰ ਤੈਅ ਕਰ ਚੁੱਕਾ ਹੈ ਜਿਸ ਵਿਚ ਇਸ ਨੇ ਫ਼ੌਰੀ ਸਮਕਾਲ ਦੀ ਬਿਰਤਾਂਤਕਾਰੀ ਨਾਲ ਨਾਤਾ ਜੋੜਿਆ ਹੈ। ਪੰਜਾਬ ਸੰਕਟ ਦੇ ਸਮੇਂ ਪੰਜਾਬੀ ਨਾਵਲ ਕੁਝ ਜ਼ਿਆਦਾ ਹੀ ਸਮਕਾਲ ਨੂੰ ਸਮਰਪਿਤ ਰਿਹਾ ਹੈ ਅਤੇ ਹੁਣ ਵੀ ਇਸ ਵਿਚ ਕਿਸਾਨੀ ਸੰਕਟ ਪ੍ਰਤਿ ਨਾਵਲੀ ਹੁੰਗਾਰਾ ਸਿਰਜਣ ਦੀ ਬਿਰਤੀ ਪ੍ਰਬਲ ਹੈ। ਇਸ ਕਰਕੇ ਇਹ ਕਹਿਣਾ ਕਿ ਇਹ ਸਿਰਫ਼ ਸਿਮਰਤੀ ਅਤੇ ਅਤੀਤ ਵਿਚ ਵਿਚਰਦਾ ਹੈ ਅਤੇ ਇਸੇ ਕਰਕੇ ਖੜੋਤ ਦੀ ਅਵਸਥਾ ਵਿਚ ਹੈ ਵੀ ਕੋਈ ਵਾਜਿਬ ਨਹੀਂ ਹੈ। ਇਹ ਗੱਲ ਜ਼ਰੂਰ ਹੈ ਪੰਜਾਬੀ ਨਾਵਲ ਵਿਚ ਮੁੱਢ ਤੋਂ ਹੀ ਵਰਤਮਾਨ ਦੇ ਸੰਕਟਾਂ-ਮਸਲਿਆਂ ਨੂੰ ਅਤੀਤ ਦੇ ਵਸਤੂ ਵੇਰਵਿਆਂ ਰਾਹੀਂ ਸਮਝਣ ਦੀ ਬਿਰਤੀ ਭਾਗਸਮ ਰੂਪ ਵਿਚ ਮੌਜੂਦ ਰਹੀ ਹੈ। ਇਹ ਗੱਲ ਸਿਰਫ਼ ਭਾਈ ਬੀਰ ਸਿੰਘ ਦੇ ਨਾਵਲਾਂ ਬਾਰੇ ਹੀ ਸੱਚ ਨਹੀਂ ਇਹ ਨਾਨਕ ਸਿੰਘ, ਗੁਰਦਿਆਲ ਸਿੰਘ ਦੇ ਨਾਵਲਾਂ ਬਾਰੇ ਵੀ ਸੱਚ ਹੈ। ਜਦੋਂ ਪੰਜਾਬੀ ਸਮਾਜ ਕਿਸੇ ਵਿਕਰਾਲ ਸੰਕਟ ਦੇ ਰੂਬਰੂ ਹੁੰਦਾ ਹੈ ਤਾਂ ਉਸ ਸਮੇਂ ਅਜਿਹੇ ਨਾਵਲਾਂ ਦੀ ਰਚਨਾ ਹੁੰਦੀ ਹੈ ਜਿਨ੍ਹਾਂ ਵਿਚ ਦਬਾਓ ਤਾਂ ਵਰਤਮਾਨ ਸਥਿਤੀਆਂ ਦਾ ਹੁੰਦਾ ਹੈ ਪਰ ਉਸ ਦੀ ਬਿਰਤਾਂਤਕ ਅਭਿਵਿਅਕਤੀ ਵਿਚ ਅਤੀਤ ਦੇ ਇਹਾਸਕ-ਮਿਥਿਹਾਸਕ ਪ੍ਰਸੰਗ ਨਮੂਦਾਰ ਹੋਣ ਲੱਗਦੇ ਹਨ। ਨਾਨਕ ਸਿੰਘ ਜਦੋਂ ਇਕ ਮਿਆਨ ਦੋ ਤਲਵਾਰਾਂ ਲਿਖਦਾ ਹੈ ਤਾਂ ਉਸ ਦੇ ਸਾਹਮਣੇ ਸਮਕਾਲ ਵਿਚ ਉੱਠ ਰਹੇ ਪ੍ਰਤਿਰੋਧ ਦੇ ਕਿਸੇ ਸੰਗਠਿਤ ਹਥਿਆਰਬੰਦ ਸੰਗ੍ਰਾਮ ਵਿਚ ਰੂਪਾਂਤਰਣ ਦੀਆਂ ਸੰਭਾਵਨਾਵਾਂ ਹਨ ਜਿਨ੍ਹਾਂ ਦੇ ਸਮਨੁਖ ਉਹ ਅਤੀਤ ਦੇ ਹਥਿਆਰਬੰਦ ਸੰਘਰਸ਼ਾਂ ਦਾ ਆਲੋਚਨਾਤਮਕ ਚਿੱਤਰ ਪੇਸ਼ ਕਰਨ ਦੇ ਰਸਤੇ ਪੈਂਦਾ ਹੈ। ਉਨ੍ਹਾਂ ਦਿਨਾ ਵਿਚ ਬਹੁਤ ਮਕਬੂਲ ਹੋਈ ਹਿੰਦੀ ਫ਼ਿਲਮ ਮਦਰ ਇੰਡੀਆਂ ਵੀ ਇਹੋ ਜਿਹੇ ਭਾਵ ਉਪਜਾਉਣ ਵਾਲੀ ਫ਼ਿਲਮ ਹੈ। ਇਨ੍ਹਾਂ ਵਿਚ ਵੱਡਾ ਫ਼ਰਕ ਇਹ ਹੈ ਕਿ ਨਾਨਕ ਸਿੰਘ ਦਾ ਮਸ਼ਵਰਾ ਹਥਿਆਰ ਦੀ ਵਰਤੋਂ ਤੋਂ ਪਹਿਲਾਂ ਗਾਂਧੀਵਾਦੀ ਤਰੀਕੇ ਨਾਲ ਲੋਕਾਂ ਨੂੰ ਲਾਮਬੰਦ ਕਰਨ ਦਾ ਹੈ ਉੱਥੇ ਮਦਰ ਇੰਡੀਆਂ ਹਿੰਸਾ ਨੂੰ ਨਿਰਪੇਖ ਰੂਪ ਵਿਚ ਨਕਾਰਦੀ ਹੋਈ ਅਜਿਹੀ ਮਾਂ ਦਾ ਬਿੰਬ ਘੜਦੀ ਹੈ ਜਿਹੜੀ ਪ੍ਰਤਿਹਿੰਸਾ ਦੇ ਰਸਤੇ ਪਏ ਆਪਣੇ ਪੁੱਤਰ ਨੂੰ ਆਪ ਕਤਲ ਕਰ ਦਿੰਦੀ ਹੈ। ਇਸੇ ਤਰ੍ਹਾਂ ਗੁਰਦਿਆਲ ਸਿੰਘ ਪਰਸਾ ਵਿਚ ਪੰਜਾਬ ਦੇ ਸਮਕਾਲੀ ਸੰਕਟ ਦੇ ਦਬਾਵਾਂ ਅਧੀਨ ਪੰਜਾਬ ਵਿਚ ਲਿਤਾੜੀ ਜਾ ਰਹੀ ਮਨੁੱਖਤਾ ਦੇ ਸਨਮੁਖ ਇਕ ਗੌਰਵਸ਼ਾਲੀ ਵਿਅਤਿਤਵ ਦੀ ਸਥਾਪਨਾ ਕਰਦਾ ਹੈ ਜਿਸ ਵਿਚ ਪੰਜਾਬ ਦੀ ਸੰਯੁਕਤ ਸੰਸਕ੍ਰਿਤੀ ਦੀ ਪ੍ਰਤਿਨਿਧਤਾ ਕਰਦੇ ਪਾਤਰ ਨੂੰ ਪਰਸੁਰਾਮ ਦੀ ਮਿੱਥ ਦੇ ਹਵਾਲੇ ਨਾਲ ਸਿਰਜਿਆ ਗਿਆ ਹੈ।ਇਹ ਧੁਨੀ ਵੀ ਨਾਵਲ ਵਿਚ ਗੁੱਝੀ ਨਹੀਂ ਕਿ ਗਿਆਨ ਅਤੇ ਚੇਤਨਾ ਨਾਲ ਭਰਪੂਰ ਬੰਦਾ ਅਖੌਤੀ ਹਥਿਆਰਬੰਦ ਧਿਰਾਂ ਨਾਲ ਕਿਵੇਂ ਟਕਰਾ ਸਕਦਾ ਹੈ।ਅਜੋਕੇ ਸਮੇਂ ਵਿਚ ਤਾਂ ਅਤੀਤ ਦੇ ਇਤਿਹਾਸ ਅਤੇ ਮਿਥਿਹਾਸ ਨੂੰ ਨਾਵਲ ਦੇ ਗਲਪੀ ਪ੍ਰਬੰਧ ਅਧੀਨ ਵਿਸ਼ਲੇਸ਼ਿਤ ਅਤੇ ਰੂਪਾਂਤਰਿਤ ਕਰਨ ਦ ਿਬਿਰਤੀ ਨੂੰ ਸਮਕਾਲੀ ਇਤਿਹਾਸਕ ਸਥਿਤੀ ਪ੍ਰਤਿ ਇੱਛਿਤ ਹੁੰਗਾਰਾ ਮੰਨਿਆ ਜਾ ਰਿਹਾ ਹੈ।
ਉਪਰੋਕਤ ਚਰਚਾ ਵਿਚ ਏਨੀਆਂ ਵੱਖੋ ਵੱਖ ਧਾਰਣਾਵਾਂ ਪੇਸ਼ ਕੀਤੀਆਂ ਗਈਆਂ ਹਨ ਜਿਨ੍ਹਾਂ ਨੂੰ ਇਕ ਅੱਧ ਪੈਰੇ ਵਿਚ ਨਿਸ਼ਕਰਸ਼ ਰੂਪ ਵਿਚ ਪੇਸ਼ ਕਰ ਸਕਣਾ ਜੇ ਅਸੰਭਵ ਨਹੀਂ ਤਾਂ ਮੁਸ਼ਕਿਲ ਜ਼ਰੂਰ ਹੈ। ਇਹ ਕੰਮ ਕਿਸੇ ਵਧੇਰੇ ਬੁੱਧੀਮਾਨ ਆਲੋਚਕ ਦੇ ਕਰਨ ਵਾਲਾ ਹੈ। ਮੇਰੀ ਜਾਚੇ ਪੰਜਾਬੀ ਨਾਵਲ ਪੰਜਾਬੀ ਬੰਦੇ ਨੂੰ ਦਰਪੇਸ਼ ਸੰਕਟਾਂ ਦੇ ਸਨਮੁਖ ਆਪਣਾ ਮੁਹਾਂਦਰਾ ਅਤੇ ਰਚਨਾਤਮਕ ਪ੍ਰਤਿਮਾਨਾ ਨੂੰ ਰੂਪਾਂਤਰਿਤ ਕਰਦਾ ਰਿਹਾ ਹੈ ਅਤੇ ਪੰਜਾਬੀ ਬੰਦੇ ਦੀ ਚੇਤਨਾ ਅਤੇ ਪੰਜਾਬੀ ਸਮਾਜ ਦੀਆਂ ਸੰਭਾਵਨਾਵਾਂ ਨੂੰ ਹੰਢਾਉਂਦਾ ਉਸ ਦੀਆਂ ਸੀਮਾਵਾਂ ਦਾ ਸ਼ਿਕਾਰ ਹੋਣ ਤੋਂ ਵੀ ਬਚ ਨਹੀਂ ਸਕਿਆ। ਵਾਜਿਬ ਲੋਕਤੰਤਰੀ ਚੇਤਨਾ ਦੇ ਸੰਚਾਰ ਅਤੇ ਵਿਜਾਤੀ ਪਛਾਣ ਪ੍ਰਤਿ ਸਵੀਕਾਰ ਦੀ ਬਿਰਤੀ ਦੇ ਸਹਿਜ ਵਿਕਾਸ ਤੋਂ ਬਿਨਾ ਇਸ ਦੇ ਬਿਰਤਾਂਤ ਵਿਚ ਭੂ-ਦ੍ਰਿਸ਼ ਦੀ ਵੰਨ-ਸੁਵੰਨਤਾ ਦਾ ਆਉਣਾ ਅਤੇ ਬਹੁ-ਸੁਰੀ ਜੀਵਨ ਬੋਧ ਦਾ ਪੈਦਾ ਹੋਣਾ ਵੀ ਸੰਭਵ ਨਹੀਂ ਹੈ। ਇਹ ਵੰਗਾਰ ਪੰਜਾਬੀ ਚੇਤਨਾ ਅਤੇ ਪੰਜਾਬੀ ਨਾਵਲਕਾਰੀ ਦੋਹਾਂ ਦੇ ਸਨਮੁਖ ਮੌਜੂਦ ਹੈ ਅਤੇ ਇਸ ਵਿਚ ਆਪਣੀਆਂ ਸੀਮਾਵਾਂ ਤੋਂ ਉਪਰ ਉੱਠ ਕੇ ਅਜੋਕੇ ਸੰਕਟ ਦੇ ਹਾਣ ਦਾ ਹੋਣ ਦਾ ਮੌਕਾ ਵੀ ਛੁਪਿਆ ਹੋਇਆ ਹੈ।

No comments:
Post a Comment