Wednesday, 28 June 2017

ਨਾਮਧਾਰੀ ਲਹਿਰ ਦੇ ਇਤਿਹਾਸ ਦਾ ਗਲਪੀ ਰੂਪਾਂਤਰਣ


ਨਾਮਧਾਰੀ ਲਹਿਰ ਦੇ ਇਤਿਹਾਸ ਦਾ ਗਲਪੀ ਰੂਪਾਂਤਰਣ :

ਸੰਤ ਇੰਦਰ ਸਿੰਘ ਚੱਕਰਵਰਤੀ ਰਚਿਤ ਨਾਵਲ ਅੜਬੰਗੀ

ਸੁਰਜੀਤ ਸਿੰਘ (ਡਾ.)

ਪ੍ਰੋਫ਼ੈਸਰ, ਪੰਜਾਬੀ ਵਿਭਾਗ

ਪੰਜਾਬੀ ਯੂਨੀਵਰਸਿਟੀ, ਪਟਿਅਆਲਾ

ਮੋਬਾਇਲ: 9356462593 surjitpbiu@yahoo.co.in



ਭਾਰਤ ਦੇ ਸੁਤੰਤਰਤਾ ਸੰਗਰਾਮ ਦੇ ਇਤਿਹਾਸ ਦੀ ਗਾਥਾ ਦਾ ਇਕ ਮਹੱਤਵਪੂਰਣ ਅਧਿਆਇ ਨਾਮਧਾਰੀ ਲਹਿਰ ਹੈ, ਜਿਸ ਨੇ ਆਪਣੇ ਨਿਵੇਕਲੇ ਤਰੀਕੇ ਨਾਲ ਪੰਜਾਬ ਵਿਚ ਬਸਤੀਵਾਦ ਵਿਰੁੱਧ ਦਸਤਕਾਰੀ ਅਤੇ ਕਿਸਾਨੀ ਵਰਗਾਂ ਨੂੰ ਲਾਮਬੰਧ ਕਰਨ ਦਾ ਯਤਨ ਕੀਤਾ ਅਤੇ ਸੰਘਰਸ਼ ਨੂੰ ਜੱਥੇਬੰਦ ਕਰਨ ਅਤੇ ਵਿਸ਼ੇਸ਼ ਦਿਸ਼ਾ ਵੱਲ ਸੇਧਿਤ ਕਰਨ ਦੇ ਤੌਰ ਤਰੀਕਿਆ ਦੇ ਪੱਖੋਂ ਦੁਨੀਆਂ ਵਿਚ ਵਿਦਰੋਹੀ ਲਹਿਰਾਂ ਦੀਆਂ ਯੁੱਧਨੀਤੀਆਂ ਦੇ ਇਤਿਹਾਸ ਵਿਚ ਆਪਣੀ ਵੱਖਰੀ ਪਛਾਣ ਬਣਾਈ। ਇਸ ਤੱਥ ਦੇ ਬਾਵਜੂਦ ਭਾਰਤ ਦੇ ਸੁਤੰਤਰਤਾ ਸੰਗਰਾਮ ਦੇ ਇਤਿਹਾਸ ਵਿਚ ਇਸ ਲਹਿਰ ਦਾ ਓਨਾ ਜ਼ਿਕਰ ਨਹੀਂ ਹੁੰਦਾ ਜਿੰਨੀ ਦੀ ਕਿ ਇਹ ਹੱਕਦਾਰ ਹੈ। ਅਜਿਹਾ ਨਾ ਹੋਣ ਦੇ ਕਈ ਕਾਰਣ ਰਹੇ ਹੋਣਗੇ ਜਿਨ੍ਹਾਂ ਦਾ ਵਿਸ਼ਲੇਸ਼ਣ ਅਤੇ ਘੋਖ ਪੜਤਾਲ ਰੌਚਕ ਵੀ ਹੋਵੇਗੀ ਅਤੇ ਲਾਜ਼ਮੀ ਵੀ ਪਰ ਸਾਡਾ ਏਥੇ ਮਕਸਦ ਇਸ ਮੁੱਦੇ ਵਿਚ ਗਹਿਰਾ ਉਤ੍ਹਰਣਾ ਨਹੀਂ ਸਗੋਂ ਇਸ ਵੱਲ ਕੁਝ ਇਸ਼ਾਰੇ ਮਾਤਰ ਕਰਕੇ ਆਪਣੀ ਗੱਲ ਨੂੰ ਅੱਗੇ ਤੋਰਨਾ ਹੈ।

ਸੁਤੰਤਰਤਾ ਸੰਗਰਾਮ ਵਿਚ ਨਾਮਧਾਰੀ ਲਹਿਰ ਦੇ ਯੋਗਦਾਨ ਬਾਰੇ ਖ਼ਾਮੋਸ਼ੀ ਦਾ ਇਕ ਕਾਰਣ ਇਹ ਵੀ ਹੈ ਕਿ ਹਾਲੇ ਤਕ ਨਾਮਧਾਰੀ ਮਸਤਾਨਿਆਂ ਵੱਲੋਂ ਕੀਤਾ ਗਿਆ ਬੁੱਚੜਵੱਧ ਬਹਿਸ ਦਾ ਵਿਸ਼ਾ ਬਣਿਆ ਹੋਇਆ ਹੈ ਅਤੇ ਇਸ ਨਾਲ ਨਾਮਧਾਰੀ ਲਹਿਰ ਦੇ ਰਿਸ਼ਤੇ ਨੂੰ ਪਰਿਭਾਸ਼ਿਤ ਕਰਨ ਵਿਚ ਕਾਫ਼ੀ ਮੁਸ਼ਕਿਲਾਂ ਪੇਸ਼ ਆਉਂਦੀਆਂ ਹਨ।  ਬੁੱਚੜਵੱਧ ਦੀ ਘਟਨਾ ਆਪਣੇ ਆਪ ਵਿਚ ਆਧੁਨਿਕ ਪੰਜਾਬ ਦੀ ਪਹਿਲੀ ਅਜਿਹੀ ਘਟਨਾ ਹੈ ਜਿਸ ਵਿਚ ਇਕ ਫ਼ਿਰਕੇ ਦੇ ਲੋਕਾਂ ਨੇ ਦੂਜੇ ਫ਼ਿਰਕੇ ਦੇ ਲੋਕਾਂ ਦਾ ਕਤਲ ਕੀਤਾ ਹੋਵੇ। ਗਊ ਹੱਤਿਆ ਦੇ ਅਪਰਾਧੀ ਗਰਦਾਨ ਕੇ ਮਲੇਰਕੋਟਲੇ ਜਾਂ ਅੰਮ੍ਰਿਤਸਰ ਦੇ ਮੁਸਲਾਮਾਨਾਂ ਨੂੰ ਸਮੂਹਕ ਤੌਰ ‘ਤੇ ਕਤਲ ਕੀਤਾ ਗਿਆ। ਇਸ ਘਟਨਾ ਨਾਲ ਪੰਜਾਬ ਦੇ ਸੰਯੁਕਤ ਸਭਿਆਚਾਰ ਨੂੰ ਢਾਹ ਲੱਗੀ।  ਇਹ ਘਟਨਾ ਨਾਮਧਾਰੀ ਸੰਪਰਦਾਇ ਦੇ ਸਮੂਹਕ ਅਵਚੇਤਨ ਵਿਚ ਇਕ ਦੋਸ਼-ਭਾਵ ਦਾ ਸੰਚਾਰ ਕਰਨ ਵਾਲੀ ਘਟਨਾ ਵੀ ਬਣੀ ਹੋਈ ਹੈ ਅਤੇ ਪੰਜਾਬ ਦੇ ਇਤਿਹਾਸਕਾਰਾਂ ਵਿਚ ਬਹਿਸ ਦਾ ਵਿਸ਼ਾ ਵੀ ਹੈ। ਸੰਤ ਇੰਦਰ ਸਿੰਘ ਚੱਕਰਵਰਤੀ ਦੁਆਰਾ ਦਿੱਤੀਆਂ ਗਵਾਹੀਆਂ ਤੋਂ ਇਹ ਵਿਚਾਰ ਬਣਦਾ ਹੈ ਕਿ ਬੁੱਚੜਵੱਧ ਦੀ ਘਟਨਾ ਮਸਤਾਨੇ ਕੂਕਿਆਂ ਦੇ ਆਪਣੇ ਮਨ ਦੀਆਂ ਭਾਵਨਾਵਾਂ ਦਾ ਸਿੱਟਾ ਸੀ ਜੋ ਦਰਬਾਰ ਸਾਹਿਬ ਨੇੜੇ ਖੁਲ੍ਹੇ ਬੁੱਚੜਖਾਨਿਆਂ ਵਿਚ ਗਊ ਹੱਤਿਆ ਨੂੰ ਬਰਦਾਸ਼ਤ ਨਹੀਂ ਕਰਦੇ ਅਤੇ ਭਾਵਨਾ ਵਸ ਬੁੱਚੜਾਂ ਦਾ ਕਤਲ ਕਰ ਕੇ ਦੌੜ ਗਏ ਸਨ। ਪਰ ਜਦੋਂ ਉਨ੍ਹਾਂ ਆਪਣੇ ਦੁਆਰਾ  ਕੀਤੇ ਇਸ ਕਾਰੇ ਦੀ ਜਾਣਕਾਰੀ ਸਤਿਗੁਰੂ ਰਾਮ ਸਿੰਘ ਜੀ ਨੂੰ ਦਿੱਤੀ ਤਾਂ ਉਨ੍ਹਾਂ ਇਸ ਸਮੂਹਕ ਕਤਲ ਵਿਚ ਵੇਲੇ ਦੀ ਸਰਕਾਰ ਵੱਲੋਂ ਫੜੇ ਗਏ ਨਿਰਦੋਸ਼ ਲੋਕਾਂ ਨੂੰ ਬਚਾਉਣ ਲਈ ਕੂਕਿਆਂ ਨੂੰ ਹੁਕਮ ਦਿੱਤਾ ਕਿ ਉਹ ਆਪਣਾ ਕੀਤਾ ਕਬੂਲ ਕਰਨ। ਇਸ ‘ਤੇ ਉਨ੍ਹਾਂ ਕੂਕਿਆਂ ਨੇ ਅੰਮ੍ਰਿਤਸਰ ਅਦਾਲਤ ਵਿਚ ਪੇਸ਼ ਹੋ ਕੇ ਕਤਲਾਂ ਦੀ ਜ਼ਿੰਮੇਵਾਰੀ ਲੈ ਲਈ ਅਤੇ ਖ਼ੁਦ ਹਸਦੇ ਹਸਦੇ ਫ਼ਾਂਸੀ ਚੜ੍ਹ ਗਏ। ਸੰਤ ਇੰਦਰ ਸਿੰਘ ਚੱਕਰਵਰਤੀ ਵੱਲੋਂ ਪੇਸ਼ ਹਵਾਲਿਆਂ ਵਿਚ ਦਰਜ ਹੈ ਕਿ;



ਗੁਰੂ ਜੀ ਦੇ ਨੇਤਰ ਚਮਕਣ ਲੱਗ ਪਏ ਬੋਲੇ, ‘ਪਹਲੇ ਤੁਸਾਂ ਮਾਰਿਆ ਸੀ ਇਹ ਸੱਚੀ ਬਹਾਦਰੀ ਨਹੀਂ, ਹੁਣ ਤੁਸੀਂ ਮਰੋਗੇ ਇਹ ਸੱਚੀ ਬਹਾਦਰੀ ਹੈ। ਮੈਨੂੰ ਉਹਨਾਂ ਨੌਜਵਾਨਾਂ ਤੇ ਮਾਣ ਨਹੀਂ, ਜਿਨ੍ਹਾ ਕਸਾਈ ਕਤਲ ਕਰ ਦਿਤੇ ਸਨ, ਮੈਨੂੰ ਉਹਨਾਂ ਵੀਰਾਂ ਤੇ ਮਾਣ ਹੈ ਜਿਹੜੇ ਬੇਦੋਸ਼ਿਆਂ ਨੂੰ ਛੁਡਾਣ ਲਈ ਹੁਣ ਮਰਨ ਜਾ ਰਹੇ ਹਨ। .......ਤੀਜੇ ਦਿਨ ਚੌਹਾਂ ਮਿੱਤਰਾਂ ਨੇ ਅੰਮ੍ਰਿਤਸਰ ਵਿਚ ਜਾ ਕੇ  ਆਪਣੇ ਆਪ ਨੂੰ ਪੁਲੀਸ ਦੇ ਹਵਾਲੇ ਕਰ ਦਿੱਤਾ ਅਤੇ ਆਪਣੇ ਜ਼ੁਰਮ ਨੂੰ ਮੰਨ ਕੇ ਆਪਣੇ ਹਥੀਂ ਫ਼ਾਂਸੀ ਦੇ ਰਸੇ ਗਲਾਂ ਵਿਚ ਪਾ ਕੇ ਸਦਾ ਲਈ ਅਮਰ ਹੋ ਗਏ [1]



ਇਸ ਉੱਧਰਣ ਤੋਂ ਕੁਝ ਗੱਲਾਂ ਸਪਸ਼ਟ ਹੋ ਜਾਂਦੀਆਂ ਹਨ। ਪਹਿਲੀ ਕਿ ਬੁੱਚੜਵੱਧ ਦੀ ਘਟਨਾ ਨੂੰ ਸਰਅੰਜ਼ਾਮ ਦੇਣ ਦਾ ਕਾਰਜ ਨਾ ਸਤਿਗੁਰੂ ਰਾਮ ਸਿੰਘ ਦੀ ਅਗਿਆ ਨਾਲ ਕੀਤਾ ਗਿਆ ਸੀ ਅਤੇ ਨਾ ਹੀ ਉਨ੍ਹਾਂ ਦੀ ਜਾਣਕਾਰੀ ਵਿਚ ਸੀ । ਇਹ ਗਊ-ਵੱਧ ਤੋਂ ਭਾਵਨਾਤਮਕ ਤੌਰ ‘ਤੇ ਆਹਤ ਹੋਏ ਮਸਤਾਨੇ ਕੂਕਿਆਂ ਨੇ ਆਪਣੇ ਤੌਰ ‘ਤੇ ਕੀਤਾ ਸੀ ਜਿਸ ਨੂੰ ਸਤਿਗੁਰੂ ਰਾਮ ਸਿੰਘ ਨੇ ਪਸੰਦ ਨਹੀਂ ਸੀ ਕੀਤਾ[2]ਇਸ ਗੱਲ ਦੇ ਅਨੇਕਾਂ ਹਵਾਲੇ ਮਿਲਦੇ ਹਨ ਕਿ ਸਤਿਗੁਰੂ ਰਾਮ ਸਿੰਘ ਜੀ ਨੇ ਕੂਕਿਆਂ ਨੂੰ ਨਿਰਦੋਸ਼ਿਆਂ ਨੂੰ ਬਚਾਉਣ ਅਤੇ ਆਪ ਕਤਲ ਦੀ ਜ਼ਿੰਮੇਵਾਰੀ ਲੈਣ ਲਈ ਕਿਹਾ ਸੀ ਅਤੇ ਕੂਕਿਆਂ ਵੱਲੋਂ ਕਤਲ ਦੀ ਜ਼ਿੰਮੇਵਾਰੀ ਲੈ ਕੇ ਆਪਣੇ ਆਪ ਨੂੰ ਕਾਨੂੰਨ ਦੇ ਹਵਾਲੇ ਕਰਨ ਦੇ ਕਾਰਜ ਉੱਤੇ ਸਤਿਗੁਰੂ ਰਾਮ ਸਿੰਘ ਨੇ ਤਸੱਲੀ ਮਹਿਸੂਸ ਕੀਤੀ ਸੀ।

            ਬੁੱਚੜ-ਵੱਧ ਦੀ ਘਟਨਾ ਨਾਮਧਾਰਰੀ ਸੰਪਰਦਾਇ ਦੇ ਅੰਦਰ ਅਤੇ ਬਾਹਰ ਇਕ ਅਜਿਹੀ ਘਟਨਾ ਬਣੀ ਰਹੀ ਹੈ ਜਿਸ ਨੇ ਆਮ ਲੋਕਾਂ ਵਿਚ ਉਨ੍ਹਾਂ ਦਾ ਵਿਸ਼ੇਸ਼ ਕਿਸਮ ਦਾ ਬਿੰਬ ਬਣਾਇਆ ਹੋਵੇਗਾ। ਸੰਭਵ ਹੈ ਕਿ ਇਸ ਘਟਨਾ ਨੂੰ ਲੈ ਕੇ ਆਮ ਲੋਕਾਂ ਵਿਚ ਨਾਮਧਾਰੀਆਂ ਦਾ ਬਿੰਬ ਇਕ ਹਿੰਸਕ ਇਨਸਾਨ ਦਾ ਬਿੰਬ ਹੋਵੇ। ਇਸ ਨਾਲ ਨਾਮਧਾਰੀਆਂ ਦੀ ਸਮੁੱਚੀਆਂ ਸਰਗਰਮੀਆਂ, ਉਨ੍ਹਾਂ ਦੇ ਅਸਲ ਕਿਰਦਾਰ, ਉਨ੍ਹਾਂ ਦੀ ਕਾਰਜਵਿਧੀ ਅਤੇ ਰਾਜਨੀਤਕ ਸੋਚ ਦੇ ਸਾਕਾਰਤਮਕ ਪਹਿਲੂ ਵਧੇਰੇ ਰੌਸ਼ਨ ਹੋਣ ਤੋਂ ਰਹਿ ਗਏ ਹੋਣ। ਇਕ ਘਟਨਾ ਕਰਕੇ ਕਿਸੇ ਧਾਰਮਿਕ ਸਮੂਹ ਦਾ ਵਿਰੂਪਿਤ ਬਿੰਬ ਬਣਨਾ ਨਿਸ਼ਚੇ ਹੀ ਨਾਮਧਾਰੀ ਸਮੁਦਾਇ ਲਈ ਫ਼ਿਕਰਮੰਦੀ ਵਾਲੀ ਗੱਲ ਰਹੀ ਹੋਵੇਗੀ। ਇੰਝ ਜਾਪਦਾ ਹੈ ਕਿ ਸੰਤ ਇੰਦਰ ਸਿੰਘ ਚੱਕਰਵਰਤੀ ਦੁਆਰਾ ਲਿਖਿਆ ਗਿਆ ਨਾਵਲ ‘ਅੜਬੰਗੀ’ ਇਸੇ ਫ਼ਕਰਮੰਦੀ ਵਿਚੋਂ ਨਿੱਕਲਿਆ ਹੋਵੇ। ਨਾਵਲ ਦੇ ਅੰਦਰੂਨੀ ਹਵਾਲਿਆਂ ਤੋਂ ਵੀ ਪਤਾ ਲੱਗਦਾ ਹੈ ਕਿ ਨਾਵਲਕਾਰ ਆਪਣੇ ਨਾਇਕ ਦੀ ਸਿਰਜਣਾ ਕਰਦਿਆਂ ਇਸ ਗੱਲ ਨੂੰ ਬੱਲਪੂਰਵਕ ਕਹਿੰਦਾ ਹੈ ਕਿ ਭਗਵਾਨ ਸਿੰਘ ਅੜਬੰਗੀ ਦੁਆਰਾ ਕੀਤੀ ਗਈ ਹਿੰਸਾ, ਉਸ ਦੀ ਚੋਣ ਨਹੀਂ ਸੀ ਸਗੋਂ ਉੱਤੇ ਥੋਪਿਆ ਗਿਆ ਕਰਮ ਸੀ। ਉਹ ਭਗਵਾਨ ਸਿੰਘ ਅੜਬੰਗੀ ਨੂੰ ਇਕ ਰਹਿਮਦਿਲ, ਸ਼ਾਂਤੀ ਪਸੰਦ ਪਰ ਬਹਾਦੁਰ ਛਾਪਾਮਾਰ ਪਾਤਰ ਵਜੋਂ ਸਿਰਜਦਾ ਹੈ ਤਾਂ ਉਹ ਨਾਮਧਾਰੀ ਸੂਰਮਿਆਂ ਦੇ ਆਦਰਸ਼ਕ ਬਿੰਬ ਨੂੰ ਹੀ ਉਭਾਰ ਰਿਹਾ ਜਾਪਦਾ ਹੈ। ਇਹ ਬਿੰਬ ਨਾਮਧਾਰੀ ਦ੍ਰਿਸ਼ਟੀ ਵਿਚੋਂ ਸਿਰਜਿਆ ਗਿਆ ਬਿੰਬ ਹੈ ਅਤੇ ਇਸ ਵਿਚੋਂ ਪਤਾ ਲੱਗਦਾ ਹੈ ਕਿ ਨਾਮਧਾਰੀ ਸਮੁਦਾਇ ਆਪਣੇ ਬਾਰੇ ਕੀ ਸੋਚਦਾ ਹੈ ਅਤੇ ਆਮ ਲੋਕਾਂ ਤੋਂ ਕੀ ਚਾਹੁੰਦਾ ਹੈ ਕਿ ਉਹ ਇਸ ਸਮੁਦਾਇ ਨੂੰ ਕਿਸ ਤਰ੍ਹਾਂ ਦੇਖਣ। ਇਸ ਨਾਵਲ ਨੂੰ ਇਤਿਹਾਸਕ ਨਾਵਲ ਕਹਿਣ ਵਿਚ ਵੀ ਇਹੀ ਸਰੋਕਾਰ ਮੌਜੂਦ ਹੈ। ਨਾਵਲਕਾਰ ਅੜਬੰਗੀ ਨਾਵਲ ਦੇ ਸਿਰਲੇਖ ਨਾਲ ਉਚੇਚੇ ਤੌਰ ‘ਤੇ ‘ਨਾਮਧਾਰੀ ਲਹਿਰ ਨਾਲ ਸੰਬੰਧਿਤ ਇਤਿਹਾਸਕ ਨਾਵਲ’ ਲਿਖਦਾ ਹੈ ਤਾਂ ਸਪਸ਼ਟ ਹੈ ਕਿ ਉਹ ਕਿਸੇ ਇਕ ਨਾਇਕ ਦੇ ਕਾਰਨਾਮਿਆਂ ਦਾ ਇਤਿਹਾਸਕ ਬਿਰਤਾਂਤ ਨਹੀਂ ਸਿਰਜਣਾ ਚਾਹੁੰਦਾ ਸਗੋਂ ਨਾਮਧਾਰੀ ਲਹਿਰ ਨੂੰ ਇੱਛਿਤ ਦਿਸ਼ਾ ਵਿਚ ਸਮਝਣ ਲਈ ਸਹਾਈ ਹੋਣ ਵਾਲਾ ਇਤਿਹਾਸਕ ਬਿਰਤਾਂਤ ਸਿਰਜਣਾ ਚਾਹੁੰਦਾ ਹੈ।



ਇਸ ਤਰ੍ਹਾਂ ਸੰਤ ਇੰਦਰ ਸਿੰਘ ਚੱਕਰਵਰਤੀ ਦਾ ਨਾਵਲ ਅੜਬੰਗੀ ਇਕ ਜੀਵਨੀਅਤਾਮਕ-ਇਤਿਹਾਸਕ ਨਾਵਲ ਹੈ ਜਿਸ ਵਿਚ ਨਾਮਧਾਰੀ ਸੂਰਮੇ ਭਗਵਾਨ ਸਿੰਘ ਅੜਬੰਗੀ ਦੇ ਕਾਰਨਾਮਿਆਂ ਰਾਹੀਂ ਨਾਮਧਾਰੀ ਲਹਿਰ ਦੇ ਕੁਝ ਪਹਿਲੂਆਂ ਦਾ ਬਿਰਤਾਂਤ ਪੇਸ਼ ਕੀਤਾ ਗਿਆ ਹੈਪ੍ਰਾਪਤ ਜਾਣਕਾਰੀ ਮੁਤਾਬਿਕ ਇਹ ਨਾਵਲ ਪਹਿਲਾਂ 1949 ਵਿਚ ਨਾਮਧਾਰੀ ਦਰਬਾਰ ਦੇ ਸਪਤਾਹਿਕ ਪੱਤਰ ਸਤਿਯੁਗ ਵਿਚ ਲੜੀਵਾਰ ਪ੍ਰਕਾਸ਼ਿਤ ਹੋਇਆ[3]ਇਸ ਤੋਂ ਬਾਅਦ ਇਹ ਕਿਤਾਬੀ ਰੂਪ ਵਿਚ ਛਪਿਆ। ਮੇਰੇ ਕੋਲ ਇਸ ਦੇ 1960 ਵਿਚ ਪ੍ਰਕਾਸ਼ਿਤ ਸੰਸਕਰਣ ਦੀ ਕਾਪੀ ਹੈ।

ਇਸ ਰਚਨਾ ਬਾਰੇ ਸਭ ਤੋਂ ਪਹਿਲਾਂ ਤਾਂ ਇਸ ਗੱਲ ਵੱਲ ਧਿਆਨ ਜਾਂਦਾ ਹੈ ਕਿ ਇਹ ਇਕ ਇਤਿਹਾਸਕ ਨਾਵਲ ਦੇ ਤੌਰ ‘ਤੇ ਸੰਕਲਪੀ-ਵਿਉਂਤੀ ਹੋਈ ਬਿਰਤਾਂਤਕ ਰਚਨਾ ਹੈ।  ਨਾਵਲ ਦੇ ਸਿਰਲੇਖ ਵਿਚ ਵੀ ਅਤੇ ਨਾਵਲਕਾਰ ਦੇ ਆਪਣੇ ਬਿਆਨ ਅਨੁਸਾਰ ਇਹ ਇਕ ਇਤਿਹਾਸਕ ਨਾਵਲ ਹੈ। ਨਾਵਲਕਾਰ ਲਿਖਦਾ ਹੈ ਕਿ;



ਇਹ ਕੋਈ ਫ਼ਰਜ਼ੀ ਮਨੋਕਲਪਿਤ ਕਹਾਣੀ ਨਹੀਂ ਸਹੀ ਤੇ ਸੱਚਾ ਇਤਿਹਾਸਕ ਵਾਕਿਆ ਹੈ, ਇਕ ਅਮਰ ਸੱਚਾਈ ਹੈ। ਜਿਸ ਦਾ ਮੂਲ ਸਰੋਤ ਜਿਸ ਡੱਲ੍ਹ ਜਾਂ ਝੀਲ ਵਿਚੋਂ ਇਹ ਨਦ ਪ੍ਰਵਾਹਿਤ ਹੋ ਕੇ ਮੈਦਾਨੀ ਆ ਵਗਿਆ ਹੈ, ਲੁਧਿਆਣਾ ਸੈਂਟਰਲ ਜਿਹਲ, ਪੁਲਿਸ ਆਫ਼ਿਸ, ਸੈਸ਼ਨ ਕੋਰਟ ਅਤੇ ਸਰਕਾਰੀ ਰਿਕਾਰਡ ਆਫ਼ਿਸ ਹੈ।  ਜਾਂ ਉਹ ਵਯੱਕਤੀ ਹਨ, ਜਿਨ੍ਹਾਂ ਨਾਲ ਇਸ ਦਾ ਸੰਬੰਧ ਰਿਹਾ ਹੈ, ਜਿਨ੍ਹਾਂ ਇਹ ਸਭੋ ਕੁਝ ਅੱਖੀਂ ਡਿਠਾ ਹੈ[4]



ਲੇਖਕ ਦੱਸਦਾ ਹੈ ਕਿ ਸਰਦਾਰ ਦਲੀਪ ਸਿੰਘ ਖੰਡਾ, ਇੰਸਪੈਕਟਰ ਪੁਲੀਸ ਨੇ ਉਨ੍ਹਾਂ ਨੂੰ ਇਹ ਹਾਲ ਜ਼ੁਬਾਨੀ ਵੀ ਸੁਣਾਇਆ ਅਤੇ ਆਪਣੀ ਉਸ ਸਮੇਂ ਦੀ ਨਿੱਜੀ ਡਾਇਰੀ ਦੇ ਉਸ ਸਮੇਂ ਦੇ ਲਿਖੇ ਨੋਟਸ ਵੀ ਲੇਖਕ ਨੂੰ ਦਿਖਾਏ ਅਤੇ ਦਿੱਤੇ। ਇਸ ਤਰ੍ਹਾਂ ਨਾਵਲ ‘ਅੜਬੰਗੀ ਦੇ ਦੇ ਲੇਖਕ ਦਾ ਦਾਅਵਾ ਹੈ ਕਿ ਇਹ ਰਚਨਾ-ਬਿਰਤਾਂਤ ਕਲਪਨਾ ਆਧਾਰਿਤ ਨਾ ਹੋ ਕੇ ਹਕੀਕੀ ਗਵਾਹੀਆਂ ਅਤੇ ਦਸਤਾਵੇਜ਼ਾਂ ਉੱਤੇ ਆਧਾਰਿਤ ਹੈ।  ਸੋ  ਇਹ ਭਗਵਾਨ ਸਿੰਘ ਅੜਬੰਗੀ ਨਾਮ ਦੇ ਨਾਮਧਾਰੀ ਯੋਧੇ ਬਾਰੇ ਲਿਖਿਆ ਗਿਆ ਇਤਿਹਾਸਕ ਨਾਵਲ ਹੈ।



ਇਸ ਰਚਨਾ ਬਾਰੇ ਦੂਜੀ ਪਰ ਜ਼ਿਆਦਾ ਮਹੱਤਵਪੂਰਣ  ਗੱਲ ਵੱਲ ਧਿਆਨ ਜਾਂਦਾ ਹੈ ਕਿ ਇਹ ਪੰਜਾਬੀ ਦਾ ਸ਼ਾਇਦ ਪਹਿਲਾ ਨਾਵਲ ਹੈ ਜਿਹੜਾ ਡਾਇਰੀ ਸ਼ੈਲੀ ਵਿਚ ਲਿਖਿਆ ਗਿਆ ਹੈ। ਇਸ ਨਾਵਲ ਵਿਚ ਕੁਲ 4 ਡਾਇਰੀਆਂ ਦਰਜ ਕੀਤੀਆਂ ਗਈਆ ਹਨ ਜੋ ਕ੍ਰਮਵਾਰ ਇੰਸਪੈਕਟਰ ਦਲੀਪ ਸਿੰਘ ਖੰਡਾ, ਸੁਪ੍ਰੀਡੈਂਟ ਪੁਲਿਸ ਬਾਰਬਰਟਨ, ਲੁਧਿਆਣਾ, ਸੁਪ੍ਰੀਡੈਂਟ ਜਿਹਲ ਲੁਧਿਆਣਾ ਅਤੇ ਅੰਗਰੇਜ਼ ਸੈਸ਼ਨ ਜੱਜ ਦੀਆਂ ਹਨ।  ਇਨ੍ਹਾਂ ਡਾਇਰੀ ਲੇਖਕਾਂ ਤੋਂ ਬਿਨਾਂ ਇਸ ਨਾਵਲ ਦੇ ਪਾਤਰਾਂ ਵਿਚ ਭਗਵਾਨ ਸਿੰਘ ਅੜਬੰਗੀ, ਸੋਫ਼ੀਆ, ਪੰਜੇਟਾਂ ਦਾ ਪੀਰਾਂ ਦਿੱਤਾ ਚਮਾਰ ਆਦਿ ਮੁੱਖ ਪਾਤਰ ਹਨ। ਨਾਮਧਾਰੀ ਇਤਿਹਾਸ ਅਤੇ ਸਾਹਿਤ ਦੇ ਖੋਜੀ ਸ. ਸੁਵਰਨ ਸਿੰਘ ਵਿਰਕ ਦੁਆਰਾ ਲਿਖਿਤ ਕਿਤਾਬ “ਕੂਕਾ ਲਹਿਰ ਦਾ ਪੰਜਾਬੀ ਸਾਹਿਤ” ਵਿਚ ਦਰਜ ਆਲੇਖ “ਨਾਵਲਕਾਰ ਸੰਤ ਇੰਦਰ ਸਿੰਘ ਚੱਕਰਵਰਤੀ” ਵਿਚ ਦਰਜ ਹੈ ਕਿ ਇਸ ਵਿਚ ਕੁਲ ਪੰਜ ਡਾਇਰੀਆਂ ਦਰਜ ਹਨ।  ਕਿਤਾਬ ਦੇ ਲੇਖਕ ਸੁਵਰਨ ਸਿੰਘ ਵਿਰਕ ਇਨ੍ਹਾਂ ਪੰਜਾਂ ਡਾਇਰੀਆਂ ਦੀ ਤਫ਼ਸੀਲ ਦਿੰਦੇ ਲਿਖਦੇ ਹਨ;



ਪਹਿਲੀ ਡਾਇਰੀ ਸ੍ਰ. ਦਲੀਪ ਸਿੰਘ ਪੁਲੀਸ ਇੰਸਪੈਕਟਰ ਦੀ ਹੈ, ਦੂਸਰੀ ਪੁਲੀਸ ਕਪਤਾਨ ਵਾਰਬਰਟਨ ਦੀ, ਤੀਸਰੀ ਲੁਧਿਆਣਾ ਜਿਹਲ ਦੇ ਸੁਪਰੀਡੈਂਟ ਦੀ, ਚੌਥੀ ਲੁਧਿਆਣਾ ਕਚਹਿਰੀਆਂ ਦੇ ਅੰਗਰੇਜ਼ ਸੇਸ਼ਨ ਜੱਜ ਦੀ, ਪੰਜਵੀਂ ਰਿਆਸਤ ਪਟਿਆਲਾ ਦੇ ਸੀ.ਆਈ.ਡੀ. ਇੰਸਪੈਕਟਰ ਸ੍ਰ. ਮਹਾਂ ਸਿੰਘ ਦੀ[5]



ਪਰ ਮੇਰੇ ਕੋਲ ਨਾਵਲ ਦੀ ਜਿਹੜੀ ਕਾਪੀ ਮੌਜੂਦ ਹੈ, ਵਿਚ ਚਾਰ ਡਾਇਰੀਆਂ ਹੀ ਹਨ। ਮੇਰੇ ਵਾਲੀ ਕਾਪੀ ਦੇ ਕੁਲ 116 ਪੰਨੇ ਹਨ।  ਇਹ ਲਹੌਰ ਬੁੱਕ ਸ਼ਾਪ, ਲੁਧਿਆਣਾ ਵੱਲੋਂ 1960 ਵਿਚ ਛਾਪਿਆ ਗਿਆ ਸੰਸਕਰਣ ਹੈ।  ਸੰਭਵ ਹੈ ਕਿ ਜਦੋਂ ਇਹ ਨਾਵਲ ਮੁੱਢਲੇ ਰੂਪ ਵਿਚ ਕਿਸ਼ਤਾਂ ਵਿਚ ਛਪਿਆ ਤਾਂ ਉਸ ਵਿਚ ਇਹ ਪੰਜ ਡਾਇਰੀਆਂ ਸ਼ਾਮਿਲ ਹੋਣ ਅਤੇ ਪੁਸਤਕ ਰੂਪ ਵਿਚ ਪ੍ਰਕਾਸ਼ਿਤ ਕਰਵਾਉਣ ਸਮੇਂ ਲੇਖਕ ਦੇ ਇਸ ਵਿਚੋਂ ਸ੍ਰ. ਮਹਾਂ ਸਿੰਘ ਦੀ ਡਾਇਰੀ ਕੱਢ ਦਿੱਤੀ ਹੋਵੇ ਅਤੇ ਸ. ਸੁਵਰਨ ਸਿੰਘ ਵਿਰਕ ਨੇ ਉਹੀ ਮੂਲ ਕਾਪੀ ਪੜ੍ਹੀ ਹੋਵੇ।  ਜੋ ਵੀ ਹੋਵੇ ਇਸ ਨਾਵਲ ਵਿਚ ਭਗਵਾਨ ਸਿੰਘ ਅੜਬੰਗੀ ਦੇ ਕਿਰਦਾਰ ਦੇ ਵੱਕ ਵੱਖ ਲੱਛਣਾ ਨੂੰ ਉਭਾਰਣ ਲਈ ਡਾਇਰੀ ਸ਼ੈਲੀ ਦੀ ਵਰਤੋਂ ਕੀਤੀ ਗਈ ਹੈ। ਇਸ ਲਈ ਇਸ ਨਾਵਲ ਦੀ ਬਿਰਤਾਂਤਕਾਰੀ ਪ੍ਰਥਮ-ਪੁਰਖੀ ਬਿਰਤਾਂਤਕਾਰ ਰਾਹੀਂ ਸਾਕਾਰ ਹੁੰਦੀ ਹੈ। ਹਰ ਡਾਇਰੀ ਦਾ ਲੇਖਕ ਨਾਵਲ ਦੇ ਕੇਂਦਰੀ ਪਾਤਰ ਜਾਂ ਨਾਇਕ ਭਗਵਾਨ ਸਿੰਘ ਅੜਬੰਗੀ ਦੇ ਕਿਰਦਾਰ ਬਾਰੇ ਆਪਣੇ ਨਿੱਜੀ ਤਜੁਰਬਿਆਂ ਨੂੰ ਸਾਂਝਾ ਕਰਦਾ ਹੈ। ਇਸ ਜੁਗਤ ਨਾਲ ਭਗਵਾਨ ਸਿੰਘ ਅੜਬੰਗੀ ਦੀ ਬਿੰਬ ਸਿਰਜਣਾ ਨਿੱਜਗਤ ਹੋਣ ਕਾਰਣ ਵਧੇਰੇ ਭਰੋਸੇਯੋਗਤਾ ਦਾ ਪ੍ਰਭਾਵ ਪਾਉਂਦੀ ਹੈ।  

ਇਸ ਨਾਵਲ ਦੀ ਕਹਾਣੀ ਭਗਵਾਨ ਸਿੰਘ ਅੜਬੰਗੀ ਦੁਆਰਾ ਗੇਂਦੇ ਸਾਰਜੈਂਟ ਦੇ ਕਤਲ ਦੇ ਘਟਨਾਤਮਕ ਵੇਰਵਿਆਂ ਨਾਲ ਖੁਲ੍ਹਦੀ ਹੈ। ਇਹ ਵੇਰਵੇ ਨਾਵਲ ਵਿਚ ਦਰਜ ਪਹਿਲੀ ਡਾਇਰੀ “ਦਲੀਪ ਸਿੰਘ ਪੁਲੀਸ ਇੰਸਪੈਕਟਰ ਦੀ ਡਾਇਰੀ” ਵਿਚ ਸਾਕਾਰ ਹੁੰਦੇ ਹਨ।  ਇਸ ਡਾਇਰੀ ਦਾ ਕਰਤਾ ਭਾਵੇਂ ਪੁਲੀਸ ਇੰਸਪੈਕਟਰ ਹੈ ਪਰ ਉਸ ਦੀ ਭਾਸ਼ਾ ਅਤੇ ਭਗਵਾਨ ਸਿੰਘ ਅੜਬੰਗੀ ਦੇ ਸੁਭਾਅ ਅਤੇ ਕਿਰਦਾਰ ਬਾਰੇ ਕੀਤੀਆਂ ਟਿੱਪਣੀਆਂ ਨਾਲ ਉਹ ਭਗਵਾਨ ਸਿੰਘ ਅੜਬੰਗੀ ਦੇ ਨਾਇਕਤਵ ਨੂੰ ਉਭਾਰਦਾ ਹੈ।  ਇਸ ਦੇ ਸ਼ੁਰੂ ਵਿਚ ਸਤਿਗੁਰੂ ਰਾਮ ਸਿੰਘ ਦੀ ਜਲਾਵਤਨੀ ਅਤੇ ਉਨ੍ਹਾਂ ਦੀ ਥਾਂ ਬਾਬਾ ਹਰੀ ਸਿੰਘ ਨੂੰ ਉਨ੍ਹਾਂ ਦਾ ਉੱਤਰਾਅਧਿਕਾਰੀ ਥਾਪਣ ਦੇ ਵੇਰਵੇ ਦਰਜ ਹਨ ਅਤੇ ਨਾਲ ਹੀ ਦੱਸਿਆ ਗਿਆ ਹੈ ਕਿ ਸਤਿਗੁਰੂ ਹਰੀ ਸਿੰਘ ਦੇ ਸਮੇਂ ਦੌਰਾਨ ਕਿਸ ਤਰ੍ਹਾਂ ਅੰਗਰੇਜ਼ ਸਰਕਾਰ ਦੀਆਂ ਕੂਕਿਆਂ ਉੱਤੇ ਲਗਾਈਆਂ ਹੋਈਆਂ ਪਾਬੰਦੀਆਂ ਦੇ ਬਾਵਜੂਦ ਕੂਕੇ ਕਿਸ ਤਰ੍ਹਾਂ ਆਪਣੇ ਗੁਰੂ ਦੇ ਦਰਸ਼ਨਾ ਲਈ ਬਿਹਬਲ ਰਹਿੰਦੇ ਸਨ ਅਤੇ ਉਹ ਕਿਸੇ ਕਿਸਮ ਦੀ ਹਿੰਸਾ ਜਾਂ ਜ਼ੋਰਾਵਰੀ ਦਿਖਾਉਣ ਦੀ ਬਜਾਏ ਹਰ ਤਸ਼ੱਦਦ ਨੂੰ ਸਬਰ ਨਾਲ ਜਰਦੇ ਸਨ। ਸਤਿਗੁਰੂ ਰਾਮ ਸਿੰਘ ਤੋਂ ਬਾਅਦ ਸਤਿਗੁਰੂ ਹਰੀ ਸਿੰਘ ਦੇ ਸਮੇਂ ਵਿਚ ਵਾਪਰੀਆਂ ਘਟਨਾਵਾਂ ਇਸ ਨਾਵਲ ਦਾ ਮੂਲ ਆਧਾਰ ਹਨ। ਸਤਿਗੁਰੂ ਹਰੀ ਸਿੰਘ ਨੂੰ ਇਕ ਬਹੁਤ ਹੀ ਗੁੱਪਚੁੱਪ ਰਹਿਣ ਵਾਲੇ ਵਿਅਕਤੀ ਵਜੋਂ ਚਿਤਰਿਆ ਗਿਆ ਹੈ ਪਰ ਉਨ੍ਹਾਂ ਨੂੰ ਹੀ ਮਸਤਾਨਿਆਂ ਨੂੰ ਉਕਸਾਉਣ ਵਾਲਾ ਵਿਅਕਤੀ ਵੀ ਕਿਹਾ ਗਿਆ ਹੈ। ਸਤਿਗੁਰੂ ਹਰੀ ਸਿੰਘ ਨੇ ਰੂਸ ਵਿਚ ਬੰਦੇ ਭੇਜ ਕੇ ਉੱਥੋਂ ਦੇ ਜਾਰ ਨੂੰ ਹਿੰਦੋਸਤਾਨ ਉੱਤੇ ਹਮਲਾ ਕਰਨ ਲਈ ਕਿਹਾ।   ਇੱਥੇ ਨਾਵਲਕਾਰ ਕੂਕਿਆਂ ਦੀ ਸਿਦਕਦਿਲੀ, ਸ਼ਰਧਾ ਅਤੇ ਗ਼ੈਰ-ਹਿੰਸਾਤਮਕ ਵਿਵਹਾਰ ਨੂੰ ਦਰਸਾਉਣ ਲਈ ਫ਼ਤਹਿ ਸਿੰਘ ਨਾਮੀ ਕੂਕੇ ਦਾ ਬਿਰਤਾਂਤ ਸਿਰਜਦਾ ਹੈ ਜੋ ਸਰੀਰਕ ਪੱਖੋਂ ਬਲਸ਼ਾਲੀ ਹੋਣ ਦੇ ਬਾਵਜੂਦ ਕਿਸੇ ਕਿਸਮ ਦੀ ਹਿੰਸਾ ਨਹੀਂ ਕਰਦਾ ਸਗੋਂ ਪੁਲੀਸ ਦੇ ਅਨਿਆਂ ਨੂੰ ਆਪਣੇ ਆਤਮਕ ਬਲ ਨਾਲ ਜਰ ਜਾਂਦਾ ਹੈ।  ਇਸ ਮੁੱਢਲੇ ਬਿਰਤਾਂਤ ਵਿਚ ਪੁਲੀਸ ਸਾਰਜੈਂਟ ਗੇਂਦੇ ਨਾਮ ਦੇ ਪਾਤਰ ਦਾ ਬਿੰਬ ਵੀ ਘੜਿਆ ਗਿਆ ਹੈ ਜੋ ਕੂਕਿਆਂ ਉੱਤੇ ਨਾਹੱਕ ਸਖ਼ਤੀ ਕਰਦਾ ਅਤੇ ਉਨ੍ਹਾਂ ਨੂੰ ਲੁੱਟਦਾ-ਕੁੱਟਦਾ ਹੈ। ਗੇਂਦੇ ਨੂੰ ‘ਖਾਨ ਸਾਹਿਬ’ ਨਾਲ ਸੰਬੋਧਿਤ ਕਰਨ ਨਾਲ ਉਸ ਦੀ ਸ਼ੰਪਰਦਾਇਕ ਪਛਾਣ ਸਥਾਪਿਤ ਹੋ ਜਾਂਦੀ ਹੈ। ਇਸ ਤੋਂ ਬਾਅਦ ਅੜਬੰਗੀ ਦੁਆਰਾ ਗੇਂਦੇ ਦੇ ਕਤਲ ਦਾ ਪੂਰਾ ਪ੍ਰਸੰਗ ਸਿਰਜਿਆ ਗਿਆ ਹੈ ਕਿ ਕਿਵੇਂ ਕੂਕਿਆਂ ਨੂੰ ਤੰਗ ਪਰੇਸ਼ਾਨ ਕਰਨ ਅਤੇ ਲੁੱਟਣ ਵਾਲੇ ਗੇਂਦੇ ਨੂੰ ਭਗਵਾਨ ਸਿੰਘ ਨੇ ਉਦੋਂ ਕਤਲ ਕੀਤਾ ਜਦੋਂ ਗੇਂਦੇ ਨੇ ਅੜਬੰਗੀ ਕੋਲ ਕੋਈ ਰਸਤਾ ਹੀ ਨਾ ਛੱਡਿਆ।  ਇਹ ਡਾਇਰੀ ਪੂਰੀ ਤਫ਼ਸੀਲ ਅੜਬੰਗੀ ਦੁਆਰਾ ਗੇਂਦੇ ਸਾਰਜੈਂਟ ਦੇ ਕਤਲ ਦੀ ਘਟਨਾ ਨੂੰ ਦਰਸਾਉਂਦੀ ਹੈ ਜਿਸ ਵਿਚੋਂ ਗੇਂਦੇ ਦਾ ਬੇਲਿਹਾਜ਼, ਕਰੂਰ, ਭ੍ਰਸ਼ਟ, ਜ਼ਾਲਿਮ, ਲਾਲਚੀ, ਮੂਰਖ਼, ਅਤੇ ਘਮੰਡੀ ਬੰਦੇ ਦਾ ਬਿੰਬ ਬਣਦਾ ਹੈ ਅਤੇ ਭਗਵਾਨ ਸਿੰਘ ਅੜਬੰਗੀ ਦਾ ਦੁਰ-ਅੰਦੇਸ਼, ਸ਼ਾਂਤੀ ਪਸੰਦ, ਨਿਰਮਾਣ, ਟਕਰਾਉ ਨੂੰ ਟਾਲਣ ਵਾਲੇ, ਤਾਕਤਵਰ, ਦਲੇਰ, ਦਵੰਦ-ਯੁੱਧਕਲਾ ਵਿਚ ਨਿਪੁੰਨ ਪਰ ਸਮਝੌਤਾ ਨਾ ਕਰਨ ਵਾਲੇ ਜੁਗਤੀ ਵਿਅਕਤੀ ਦਾ ਬਿੰਬ ਉੱਸਰਦਾ ਹੈ।  ਨਾਵਲ ਦੇ ਅਗਲੇ ਕਾਂਡ ਵਿਚ ਪ੍ਰਥਮ-ਪੁਰਖ ਬਿਰਤਾਂਤਕਾਰ ਰਾਹੀਂ ਦਰਸਾਇਆ ਗਿਆ ਹੈ ਕਿ ਸੁਪ੍ਰੀਟੈਂਡੈਂਟ ਬਾਰਬਰਟਨ ਨੂੰ ਭਗਵਾਨ ਸਿੰਘ ਅੜਬੰਗੀ ਦੀ ਸੂਹ ਮਿਲਣ ਉਪਰੰਤ ਜਦੋਂ ਪੁਲੀਸ ਪਾਰਟੀ ਉਸ ਨੂੰ ਗ਼ਰਿਫ਼ਤਾਰ ਕਰਨ ਗਈ ਤਾਂ ਉਨ੍ਹਾਂ ਦਾ ਕੀ ਹਸ਼ਰ ਹੋਇਆ।  ਇਸ ਘਟਨਾਕ੍ਰਮ ਵਿਚ ਦਲੀਪ ਸਿੰਘ ਇੰਸਪੈਕਟਰ ਅੜਬੰਗੀ ਨੂੰ ਗ਼ਰਿਫ਼ਤਾਰ ਕਰਨ ਲਈ ਉਸ ਨੂੰ ਲੱਭਦਾ ਲੱਭਦਾ ਖ਼ੁਦ ਹੀ ਅੜਬੰਗੀ ਦੀ ਗ਼ਰਿਫ਼ਤ ਵਿਚ ਆ ਜਾਂਦਾ ਹੈ। ਮੱਸਿਆ ਦੀ ਰਾਤ ਨਾਲੋਂ ਡਰਾਉਣੀ ਹਨੇਰੀ ਆੳਣ ਤੇ ਇੰਸਪੈਕਟਰ ਦਲੀਪ ਸਿੰਘ ਦਾ ਆਪਣੇ ਸਾਥੀਆਂ ਨਾਲੋਂ ਵਿੱਛੜ ਕੇ ਅੜਬੰਗੀ ਦੀ ਗ਼ਰਿਫ਼ਤ ਵਿਚ ਆ ਜਾਣ ਦਾ ਵੇਰਵਾ  ਕੋਈ ਕਰਾਮਾਤੀ ਘਟਨਾ ਤੋਂ ਘੱਟ ਨਹੀਂ ਹੈ।  ਇਹ ਡਾਇਰੀ ਉਦੋਂ ਖ਼ਤਮ ਹੋ ਜਾਂਦੀ ਹੈ ਜਦੋਂ ਭਗਵਾਨ ਸਿੰਘ ਅੜਬੰਗੀ ਇੰਸਪੈਕਟਰ ਦਲੀਪ ਸਿੰਘ ਨੂੰ ਬਿਨਾ ਕਿਸੇ ਖ਼ੌਫ਼ ਦੇ ਉਨ੍ਹਾਂ ਕੋਲ ਰਹਿਣ ਅਤੇ ਉਨ੍ਹਾਂ ਦੀ ਤੀਮਾਰਦਾਰੀ ਦਾ ਆਨੰਦ ਮਾਣਨ ਲਈ ਕਹਿੰਦਾ ਹੈ ਅਤੇ ਨਾਲ ਹੀ ਇਸ਼ਾਰਾ ਕਰਦਾ ਹੈ ਕਿ ਸ਼ਾਮ ਤਕ ਕੋਈ ਹੋਰ ਮਹਿਮਾਨ ਵੀ ਇੰਸਪੈਕਟਰ ਨੂੰ ਸੰਗਤ ਦੇਣ ਲਈ ਪਹੁੰਚ ਰਿਹਾ ਹੈ।

ਨਾਵਲ ਵਿਚਲੀ ਇਸ ਪਹਿਲੀ ਡਾਇਰੀ ਵਿਚ ਭਗਵਾਨ ਸਿੰਘ ਅੜਬੰਗੀ ਦੇ ਨਾਇਕਤਵ ਨੂੰ ਉਸਾਰਿਆ ਗਿਆ ਹੈ ਅਤੇ ਉਸ ਨੂੰ ਇਕ ਅਜਿਹੇ ਦੇਸ਼-ਭਗਤ, ਛਾਪਾਮਾਰ ਪੂਰਨ ਪੁਰਖ ਵਜੋਂ ਪੇਸ਼ ਕੀਤਾ ਗਿਆ ਹੈ ਜੋ ਦੁਸ਼ਮਣ ਦਾ ਵੀ ਲਿਹਾਜ਼ ਕਰਦਾ ਹੈ ਅਤੇ ਆਲੇ ਦੁਆਲੇ ਦੇ ਲੋਕ ਉਸ ਨੂੰ ਪਿਆਰ ਕਰਦੇ ਹਨ। ਗੇਂਦੇ ਦੇ ਕਤਲ ਦੇ ਬਿਰਤਾਂਤ ਰਾਹੀਂ ਵੀ ਉਸ ਨੂੰ ਇਕ ਸਹਿਣਸ਼ੀਲ, ਤਾਕਤਵਰ ਦਲੇਰ ਅਤੇ ਜੁਗਤੀ ਪੁਰਖ ਵਜੋਂ ਪੇਸ਼ ਕਿਤਾ ਗਿਆ ਹੈ ਅਤੇ ਇਸ ਕਾਂਡ ਵਿਚ ਉਸ ਦਾ ਬਿੰਬ ਇਕ ਦੇਸ਼ਭਗਤੀ ਨੂੰ ਸਮਰਪਿਤ, ਹਰਮਨਪਿਆਰੇ, ਸੁਹਿਰਦ ਅਤੇ ਪਰਉਪਕਾਰੀ ਵਿਅਕਤੀ ਵਜੋਂ ਸਿਰਜਿਆ ਗਿਆ ਹੈ। ਦਲੀਪ ਸਿੰਘ ਇੰਸਪੈਕਟਰ ਨੂੰ ਜੁਗਤ ਨਾਲ ਅੜਬੰਗੀ ਦੀ ਗ਼ਰਿਫ਼ਤ ਵਿਚ ਪਹੁੰਚਾਉਣ ਵਾਲੀ ਕੁੜੀ ਕਹਿੰਦੀ ਹੈ;



ਉਹ ਗੋਰਿਆਂ ਦੇ ਰਾਜ ਦਾ ਆਪਣੇ ਦੇਸ਼ ਵਿਚੋਂ ਖ਼ਾਤਮਾ ਕਰਕੇ ਖਾਰੇ ਸਮੁੰਦਰ ਵਿਚ ਸੁਣਾ ਚਾਹੁੰਦਾ ਹੈ; ਬਸ ! ਇਸ ਤੋਂ ਬਿਨਾ ਉਸ ਵਿਚ ਉਹ ਸਭ ਗੁਣ ਹਨ ਜੋ ਇਕ ਪੂਰਨ ਮਨੁੱਖ ਵਿਚ ਹੋਣੇ ਜ਼ਰੂਰੀ ਹਨ.......[6]



ਤਾਂ ਉਹ ਇਕ ਅਜਿਹੇ ਦੇਸ਼ ਭਗਤ ਨਾਇਕ ਦੇ ਤੌਰ ‘ਤੇ ਉਭਰਦਾ ਹੈ ਜਿਸ ਦੇ ਮਨਸ਼ਿਆਂ ਅਤੇ ਕਿਰਦਾਰ ਬਾਰੇ ਲੋਕ ਜਾਣਦੇ ਹਨ ਅਤੇ ਉਸ ਦੇ ਇਨ੍ਹਾਂ ਵਿਚਾਰਾਂ ਅਤੇ ਗੁਣਾਂ ਦੇ ਕਾਇਲ ਹਨ।  ਇਹ ਡਾਇਰੀ ਪੁਲੀਸ ਇੰਸਪੈਕਟਰ ਦੀ ਲਿਖੀ ਹੋਈ ਦਰਸਾਈ ਗਈ ਹੈ ਪਰ ਇਸ ਦੀ ਸੁਰ ਅੜਬੰਗੀ ਦੇ ਮਹਿਮਾਗਾਇਨ ਅਤੇ ਪ੍ਰਥਮ-ਪੁਰਖ ਬਿਰਤਾਂਤਕਾਰ ਪਾਤਰ ਇੰਸਪੈਕਟਰ ਦਲੀਪ ਸਿੰਘ ਦੀ  ਆਪਣੀ ਭੂਮਿਕਾ ਦੇ ਹੀ ਬਰਖ਼ਿਲਾਫ਼ ਹੈ। ਪ੍ਰਥਮ ਪੁਰਖ ਪਾਤਰ ਪੁਲੀਸ ਇੰਸਪੈਕਟਰ ਹੋਣ ਦੇ ਬਾਵਜੂਦ ਖ਼ੁਦ ਹੀ ਨਾਮਧਾਰੀ ਕੂਕਿਆਂ ਦਾ ਹਮਦਰਦ ਹੈ ਅਤੇ ਉਸ ਦਾ ਆਪਣਾ ਜੀ ਕਰਦਾ ਹੈ ਕਿ ਉਹ ਕੂਕਾ ਹੋ ਜਾਵੇ।[7] ਇਸ ਲਈ ਉਹ ਅੜਬੰਗੀ ਦੀ ਪ੍ਰਸ਼ਸਾ ਕਰਦਾ ਹੈ ਅਤੇ ਆਪਣੇ ਆਪ ਨੂੰ ਖ਼ੁਦ ਹੀ ਖਲਨਾਇਕ ਵਜੋਂ ਪੇਸ਼ ਕਰਦਾ ਹੈ। ਦਲੀਪ ਸਿੰਘ ਖੰਡਾ ਦੇ ਕੂਕਿਆਂ ਬਾਰੇ ਪ੍ਰਸੰਸਾਤਮਕ ਵਿਚਾਰ ਨੂੰ ਜਾਣਨਾ ਹੋਵੇ ਤਾਂ ਉਸ ਦੀ ਡਾਇਰੀ ਦੇ ਇਨ੍ਹਾਂ ਇੰਦਰਾਜ਼ਾਂ ਨੂੰ ਦੇਖਿਆ ਜਾ ਸਕਦਾ ਹੈ:



ਇਹ ਚਿੱਟੇ ‘ਤੇ ਕਾਲਾ ਲਿਖ ਦਿੰਦਾ ਹਾਂ ਕਿ ਅੱਵਲ ਤਾਂ ਉਸ ਸਾਡੇ ਹੱਥ ਹੀ ਨਹੀਂ ਲਗਣਾ, ਕਿਉਂਕਿ ਉਹ ਗਰੀਬਾਂ ਦਾ ਬਹੁਤ ਮੱਦਦਗਾਰ, ਦੁਖੀਆਂ ਦਾ ਸਹਾਰਾ ਅਤੇ ਦੀਨਾਂ ਦਾ ਵੰਧੂ ਹੈ, ਬਹੁਤ ਚਾਲਾਕ ਤੇ ਸਿਆਣਾ ਹੈ। ਇਲਾਕੇ ਦੇ ਕਿਸੇ ਵੀ ਬੰਦੇ ਨੇ ਸਾਨੂੰ ਇਹ ਦੱਸਣ ਲਈ ਤਿਆਰ ਨਹੀਂ ਹੋਣਾ ਕਿ ਉਹ ਕਿੱਥੇ ਰਹਿੰਦਾ ਹੈ। ਜੇ ਕਿਸੇ ਕਾਰਣ ਉਹ ਸਾਡੁ ਕਾਬੂ ਆ ਗਿਆ ਤਾਂ ਫਿਰ ਵੀ ਉਸ ਦਾ ਵਾਲ ਵਿੰਗਾ ਨਹੀਂ ਹੋ ਸਕਣਾ ਅਤੇ ਗੇਂਦੇ ਦੀ ਮੌਤ ਦਾ ਕੁੱਤੇ ਜਿੰਨਾ ਵੀ ਮੁਲ ਨਹੀਂ ਪੈਣਾ।[8]



ਮੈਂ ਆਪਣੇ ਵਲ ਡਿਠਾ, ਫਿਰ ਉਸ ਕੂਕੇ ਵਲ ਡਿਠਾ, ਉਸ ਦੇ ਚਿਹਰੇ ‘ਤੇ ਦੇਸ਼ ਭਗਤੀ ਭਰੀ ਰੂਹਾਨੀਅਤ ਦਾ ਜਲਾਲ ਸੀ, ਮੇਰੇ ਮੂੰਹ ‘ਤੇ ਦੇਸ਼ ਧਰੋਹ ਦੇ ਕਾਲੇ ਧਬੇ ਸਨ। ਮੈਨੂੰ ਉਥੋਂ ਵਾਪਸ ਪਰਤਣਾ ਮੁਸ਼ਕਿਲ ਹੋ ਗਿਆ, ਮੇਰੇ ਪੈਰ ਮਣ ਮਣ ਭਾਰੇ ਹੋ ਗਏ।[9]



ਇਸ ਤਰ੍ਹਾਂ ਇਹ ਡਾਇਰੀ ਇਕ ਪੁਲੀਸ ਇੰਸਪੈਕਟਰ ਦੇ ਪ੍ਰਥਮ-ਪੁਰਖ ਬਿਰਤਾਂਤ ਰਾਹੀਂ ਭਗਵਾਨ ਸਿੰਘ ਅੜਬੰਗੀ ਦੇ ਨਾਇਕਤਵ ਦੇ ਕੁਝ ਪਹਿਲੂਆਂ ਨੂੰ ਉਭਾਰਦੀ ਹੈ ਅਤੇ ਉਸ ਦੀ ਤੁਲਨਾ ਵਿਚ ਖਲਨਾਇਕ ਪਾਤਰ ਗੇਂਦੇ ਸਾਰਜੈਂਟ ਦੇ ਨਾਲ ਨਾਲ ਅੰਗਰੇਜ਼ੀ ਹਾਕਮਾਂ ਅਤੇ ਉਨ੍ਹਾਂ ਦੇ ਕਰਿੰਦਿਆਂ ਦੇ ਦੇ ਨਾਕਾਰਤਮਕ ਬਿੰਬ ਨੂੰ ਉਸਾਰਦੀ ਹੈ। ਇਸ ਵਿਚ ਇੰਸਪੈਕਟਰ ਦਲੀਪ ਸਿੰਘ ਨੂੰ ਦੋਸ਼-ਭਾਵ ਵਾਲੇ ਇਨਸਾਨ ਦੇ ਰੂਪ ਵਿਚ ਸਿਰਜਿਆ ਗਿਆ ਹੈ ਜੋ ਅੰਦਰੋਂ ਤਾਂ ਭਾਵੇਂ ਕੂਕਿਆਂ ਦਾ ਹਮਦਰਦ ਹੈ ਪਰ ਆਪਣੀ ਪੁਲੀਸ ਦੀ ਡਿਊਟੀ ਨੂੰ ਨਿਬਾਉਣ ਲਈ ਅੜਬੰਗੀ ਨੂੰ ਗ਼ਰਿਫ਼ਤਾਰ ਕਰਨ ਦੀ ਮੁਹਿੰਮ ਵਿਚ ਸ਼ਾਮਿਲ ਵੀ ਹੁੰਦਾ ਹੈ। ਉਸ ਦਾ ਹਲਕਾ ਜਿਹਾ ਨਾਕਾਰਾਤਮਕ ਅਕਸ ਉਦੋਂ ਸਾਕਾਰ ਹੁੰਦਾ ਹੈ ਜਦੋਂ ਉਹ ਹਨੇਰੀ ਝੁੱਲਣ ਕਰਕੇ ਆਪਣੇ ਸਾਥੀਆਂ ਨਾਲੋਂ ਵਿੱਛੜਿਆ ਰੇਤਲੇ ਟਿੱਬਿਆਂ ਉੱਤੇ ਭਟਕਦਿਆਂ ਇਕ ਨੌਜਵਾਨ ਕੁੜੀ ਨੂੰ ਮਿਲਦਾ ਹੈ ਅਤੇ ਉਸ ਉੱਤੇ ਪੁਲਸੀਆ ਰੋਅਬ ਪਾ ਕੇ ਭਗਵਾਨ ਸਿੰਘ ਅੜਬੰਗੀ ਨੂੰ ਫੜਵਾਉਣ ਲਈ ਉਸ ਨੂੰ ਧਮਕੀਆਂ ਦਿੰਦਾ ਹੈ। ਉਂਝ ਉਸ ਦੀ ਡਾਇਰੀ ਰਾਹੀਂ ਸਿਰਜੇ ਗਏ ਬਿਰਤਾਂਤ ਵਿਚ ਕਿਤੇ ਵੀ ਨਾਵਲ ਦੇ ਨਾਇਕ ਬਾਰੇ ਕੋਈ ਨਿਖੇਧਾਤਮਕ ਵੇਰਵਾ ਨਹੀਂ ਦਿੱਤਾ ਗਿਆ। ਨਾਵਲ ਦਰਸਾਉਂਦਾ ਹੈ ਕਿ ਅੜਬੰਗੀ ਫ਼ਸਾਦਾਂ ਤੋਂ ਬਚ ਕੇ ਰਹਿਣਾ ਚਾਹੁੰਦਾ ਸੀ ਅਤੇ ਮੁੱਢਲੀਆਂ ਹਿੰਸਕ ਕਾਰਵਾਈਆਂ ਤੋਂ ਬਿਨਾਂ ਬਾਕੀ ਦੀ ਜ਼ਿੰਦਗੀ ਅਮਨ ਅਤੇ ਚੈਨ ਨਾਲ ਰੱਬ ਦੀ ਭਗਤੀ ਵਿਚ ਬਿਤਾਉਣਾਂ ਚਾਹੁੰਦਾ ਸੀ ਪਰ ਸਮੇਂ ਦੀ ਪੁਲਿਸ ਅਤੇ ਸਰਕਾਰ ਨੇ ਉਸ ਨੂੰ ਟਿਕਣ ਨਾ ਦਿੱਤਾ।  ਸੋ ਇਸ ਡਾਇਰੀ ਰਾਹੀਂ ਨਾਵਲ ਦੇ ਕੇਂਦਰੀ ਪਾਤਰ ਨੂੰ ਨਾਇਕ ਵਜੋਂ ਸਿਰਜਿਆ ਗਿਆ ਹੈ।

            ਨਾਵਲ ਵਿਚ ਦਰਜ ਦੂਜੀ ਡਾਇਰੀ ‘ਸੁਪ੍ਰੀਟੈਂਡੈਂਟ ਪੁਲੀਸ ਬਾਰਬਰਟਨ, ਲੁਧਿਆਣਾ ਦੀ ਡਾਇਰੀ’  ਹੈ।  ਇਸ ਵਿਚ ਸੁਪ੍ਰੀਟੈਂਡੈਂਟ ਬਾਰਬਰਟਨ ਦਾ ਪ੍ਰਥਮ-ਪੁਰਖੀ ਬਿਰਤਾਂਤ ਪੇਸ਼ ਕੀਤਾ ਗਿਆ ਹੈ ਜਿਸ ਵਿਚ ਉਹ ਭਗਵਾਨ ਸਿੰਘ ਅੜਬੰਗੀ ਨਾਲ ਆਪਣੇ ਟਾਕਰੇ ਰਾਹੀਂ ਅੜਬੰਗੀ ਦੀ ਸ਼ਖ਼ਸੀਅਤ ਦੇ ਕੁਝ ਹੋਰ ਪਹਿਲੂਆਂ ਨੂੰ ਸਾਕਾਰ ਕਰਦਾ ਹੈ।  ਇਸ ਡਾਇਰੀ ਦੇ ਪਹਿਲੇ ਭਾਗ ਵਿਚ ਬਾਰਬਰਟਨ ਉਸ ਸਮੇਂ ਦੀ ਕੂਕਾ ਲਹਿਰ ਬਾਰੇ ਆਪਣਾ ਵਿਸ਼ਲੇਸ਼ਣ ਪੇਸ਼ ਕਰਦਾ ਹੈ। ਬਾਰਬਰਟਨ ਕਿਸੇ ਨਾ ਕਿਸੇ ਬਹਾਨੇ ਦੂਜੇ ਸਤਗੁਰੂ ਹਰੀ ਸਿੰਘ ਨੂੰ ਗ਼ਰਿਫ਼ਤਾਰ ਕਰਨ ਦੀ ਆਪਣੀ ਮਨਸ਼ਾ ਦੱਸਦਾ ਹੈ ਪਰ ਨਾਲ ਹੀ ਉਨ੍ਹਾਂ ਦੇ ਨੀਤੀਵਾਨ ਹੋਣ ਅਤੇ ਚੁੱਪ ਰਹਿਣੇ ਸੁਭਾਅ ਬਾਰੇ ਵੀ ਦੱਸਦਾ ਹੈ ਜਿਸ ਕਰਕੇ ਉਨ੍ਹਾਂ ਨੂੰ ਫੜਨਾ ਮੁਸ਼ਕਿਲ ਹੋਇਆ ਪਿਆ ਹੈ। ਉਹ ਭੈਣੀ ਸਾਹਿਬ ਵਿਖੇ ਕੂਕਿਆਂ ਵੱਲੋਂ ਪੁਲੀਸ ਚੌਕੀ ਦੇ ਸਾਰੇ ਸਿਪਾਹੀਆਂ ਨੂੰ ਕਤਲ ਕਰ ਦੇਣ ਦੀ ਖ਼ਬਰ ਸੁਣ ਕੇ ਖ਼ੁਸ਼ ਅਤੇ ਆਸਵੰਦ ਹੁੰਦਾ ਹੈ ਕਿ ਇਸ ਰਾਹੀਂ ਸ਼ਾਇਦ ਉਹ ਆਪਣੇ ਮਕਸਦ ਨੂੰ ਪ੍ਰਾਪਤ ਕਰ ਸਕੇ।   ਉੱਥੇ ਜਾ ਕੇ ਉਸ ਦੀ ਯੋਜਨਾ ਧਰੀ ਧਰਾਈ ਰਹਿ ਜਾਂਦੀ ਅਤੇ ਉਸ ਨੂੰ ਪਤਾ ਲੱਗਦਾ ਹੈ ਕਿ ਚੌਕੀ ਦੇ ਸਿਪਾਹੀਆਂ ਨੂੰ ਕਿਸੇ ਨਹੀਂ ਮਾਰਿਆ ਸਗੋਂ ਸਿਪਾਹੀਆਂ ਨੇ ਅੜਬੰਗੀ ਦੁਆਰਾ ਗੇਂਦੇ ਦੇ ਕਤਲ ਤੋਂ ਬਾਅਦ ਭੈਣੀ ਸਾਹਿਬ ਗੁਰੂ ਦੇ ਅਸਥਾਨ ਨੂੰ ਬਾਹਰੋਂ ਜਿੰਦਰਾ ਮਾਰ ਦਿੱਤਾ ਸੀ।  ਉਹ ਗੇਂਦੇ ਦੇ ਕਤਲ ਦੇ ਮਾਮਲੇ ਵਿਚ ਅੜਬੰਗੀ ਖ਼ਿਲਾਫ਼ ਅੰਗਰੇਜ਼ ਸੱਤਾ ਦੇ ਮੁਖ਼ਬਰ ਜਾਂ ਹਮਦਰਦ ਦੀ ਗਵਾਹੀ ਲੈਣੀ ਚਾਹੁੰਦਾ ਹੈ ਪਰ ਮਾਤਾ ਜਿਉਣ ਕੌਰ ਦੀਆਂ ਮਿਹਰਬਾਨੀਆਂ ਸਦਕਾ ਕੋਈ ਵੀ ਇਸ ਮਕਸਦ ਲਈ ਤਿਆਰ ਨਹੀਂ ਹੁੰਦਾ।  ਇਸ ਉਪਰੰਤ ਉਹ ਭਗਵਾਨ ਸਿੰਘ ਅੜਬੰਗੀ ਦੀ ਮਾਲਵੇ ਵਿਚ ਮੁਕਤਸਰ ਦੇ ਨੇੜੇ ਘੁੱਦੇ ਪਿੰਡ ਦੇ ਟਿੱਬਿਆਂ ਵਿਚ ਮੌਜੂਦਗੀ ਦੀ ਸੂਹ ਹਾਸਿਲ ਕਰਕੇ ਉਸ ਨੂੰ ਗ਼ਰਿਫ਼ਤਾਰ ਕਰਨ ਲਈ ਇੰਸਪੈਕਟਰ ਦਲੀਪ ਸਿੰਘ ਸਮੇਤ ਪੁਲੀਸ ਪਾਰਟੀ ਲੈ ਕੇ ਨਿੱਕਲ ਤੁਰਦਾ ਹੈ।  ਉਹ ਘੁੱਦੇ ਦੇ ਨੇੜੇ ਪਹੁੰਚ ਕੇ ਇੰਸਪੈਕਟਰ ਦਲੀਪ ਸਿੰਘ ਵਾਂਗ ਹੀ ਹਨੇਰੀ ਝੁੱਲਣ ਕਰਕੇ ਦਲੀਪ ਸਿੰਘ ਸਮੇਤ ਹੋਰ ਸਿਪਾਹੀਆਂ ਤੋਂ ਨਿੱਖੜ ਜਾਂਦਾ ਹੈ ਅਤੇ ਬਾਗੜੀ ਬਾਣੀਏ ਦੇ ਭੇਸ ਵਿਚ ਫਿਰਦੇ ਭਗਵਾਨ ਸਿੰਘ ਅੜਬੰਗੀ ਦੀ ਗ਼ਰਿਫ਼ਤ ਵਿਚ ਆ ਜਾਂਦਾ ਹੈ।  ਉਸ ਨੂੰ ਰੇਤਲੇ ਟਿੱਬਿਆਂ ਉੱਤੇ ਰੋਂਦਾ ਕੁਰਲਾਉਂਦਾ ਇਕ ਬਾਣੀਆ ਮਿਲਦਾ ਹੈ ਜੋ ਅੜਬੰਗੀ ਦੁਆਰਾ ਲੁੱਟ ਲਏ ਜਾਣ ਤੋਂ ਭੈਅਭੀਤ ਹੋਣ ਦਾ ਨਾਟਕ ਕਰਦਾ ਹੈ ਅਤੇ ਬਾਰਬਰਟਨ ਨੂੰ ਅੜਬੰਗੀ ਨੂੰ ਫੜਵਾਉਣ ਲਈ ਲੈ ਜਾਂਦਾ ਹੈ।  ਆਖ਼ਿਰ ਜਦੋਂ ਉਹ ਝੁੱਗੀਆਂ ਜਿਹੀਆਂ ਕੋਲ ਪਹੁੰਚਦੇ ਹਨ ਤਾਂ ਉਸ ਤੋਂ ਉਸ ਦਾ ਪਿਸਤੋਲ ਖੋਹ ਲਿਆ ਜਾਂਦਾ ਹੈ ਅਤੇ ਉਹੀ ਬਾਣੀਆ ਕੱਪੜੇ ਬਦਲ ਕੇ ਭਗਵਾਨ ਸਿੰਘ ਅੜਬੰਗੀ ਦੇ ਤੌਰ ‘ਤੇ ਪ੍ਰਗਟ ਹੋ ਜਾਂਦਾ ਹੈ।

            ਇਸ ਤੋਂ ਬਾਅਦ ਡਾਇਰੀ ਵਿਚ ਬਾਰਬਰਟਨ ਦੇ ਭਗਵਾਨ ਸਿੰਘ ਅੜਬੰਗੀ ਨਾਲ ਸੰਵਾਦਾਂ ਦੇ ਨਾਲ ਨਾਲ ਉਸ ਦੇ ਆਤਮ-ਸੰਵਾਦ ਨੂੰ ਵੀ ਪੇਸ਼ ਕੀਤਾ ਗਿਆ ਹੈ। ਇਸ ਸੰਵਾਦ ਵਿਚੋਂ ਬਾਰਬਰਟਨ ਇਸ ਸਿੱਟੇ ਉੱਤੇ ਅੱਪੜਦਾ ਹੈ;



ਅਸੀਂ ਬਹੁਤ ਹੈਰਾਨ ਹੋਏ। ਜਿਹਾ ਅਸੀਂ ਜਾਂ ਸਾਡੀ ਸਰਕਾਰ ਉਸ ਨੂੰ ਸਮਝਦੀ ਸੀ, ਉਸ ਵਿਚ ਸਾਡੀ ਕਲਪਿਤ ਇਕ ਵੀ ਗੱਲ ਨਹੀਂ ਸੀ। ਉਹ ਪੁਲੀਟੀਕਲ ਬੰਦਾ ਸੀ ਅਤੇ ਆਪਣੇ ਦੇਸ਼ ਨੂੰ ਗ਼ੁਲਾਮੀ ਦੇ ਬੰਧਨਾਂ ਤੋਂ ਆਜ਼ਾਦ ਕਰਵਾਉਣ ਲਈ ਜਾਨ ਤੀਕ ਵਾਰਨ ਨੂੰ ਤਿਆਰ ਰਹਿੰਦਾ ਸੀ, ਪਰ ਉਸ ਵਿਚ ਹਿੰਸਾ ਨੂੰ ਕੋਈ ਥਾਂ ਨਹੀਂ ਸੀ, ਹਿੰਸਾ ਜਿਹਾ ਕੰਮ ਉਹ ਬਹੁਤ ਤੰਗ ਹੋ ਕੇ ਹੀ ਕਰਦਾ ਸੀ। ਉਂਝ ਉਹ ਪੂਰਨ ਅਹਿੰਸਕ ਅਤੇ ਚਿੜੀ ਵੀ ਨਹੀਂ ਸੀ ਮਾਰਦਾ।[10]



ਇਸ ਤੋਂ ਬਾਅਦ ਅੜਬੰਗੀ ਦੁਆਰਾ ਲੁੱਟੇ ਪੁੱਤਟ ਗਏ ਜੱਟ ਦਾ ਭੇਸ ਧਾਰ ਕੇ ਬਾਰਬਰਟਨ ਹੋਰਾਂ ਕੋਲੋਂ ਸੋਨੇ ਦੀ ਮੁੱਠ ਵਾਲੀ ਛੜੀ ਚੁਰਾਉਣ ਦੇ ਵੇਰਵੇ ਹਨ, ਜਿਨ੍ਹਾਂ ਰਾਹੀਂ ਅੜਬੰਗੀ ਦੇ ਛਾਪਾਮਾਰ ਅਤੇ ਬਹਿਰੂਪੀਏ ਵਾਲੇ ਅਕਸ ਨੂੰ ਮੁੜ ਸਥਾਪਿਤ ਕੀਤਾ ਗਿਆ ਹੈ।  ਉਪਰੰਤ ਬਾਰਬਰਟਨ ਦੇ ਵਾਪਿਸ ਆਉਣ, ਅੜਬੰਗੀ ਦੇ ਆਪਣੇ ਵਾਅਦੇ ਨੂੰ ਨਿਭਾਉਂਦਿਆਂ ਪੰਦਰਾਂ ਦਿਨਾਂ ਬਾਅਦ ਭੈਣੀ ਸਾਹਿਬ ਆਉਣ, ਉਸ ਨੂੰ ਪੁਲੀਸ ਦੁਆਰਾ ਗ਼ਰਿਫ਼ਤਾਰ ਕਰਨ, ਅਦਾਲਤ ਵਿਚ ਮੁਕੱਦਮਾਂ ਚੱਲਣ, ਝੂਠੀ ਗਵਾਹੀ ਦੇ ਆਧਾਰ ‘ਤੇ ਅੜਬੰਗੀ ਨੂੰ ਕਤਲ ਦੇ ਦੋਸ਼ ਨੂੰ ਸਵੀਕਾਰ ਕੇ ਸੈਸ਼ਨ ਦੇ ਸਪੁਰਦ ਕਰਨ ਵੇਰਵੇ ਦਰਜ ਕੀਤੇ ਗਏ ਹਨ। ਇਹ ਸਭ ਕੁਝ ਬੜੀ ਤੇਜ਼ ਰਫ਼ਤਾਰ ਚੱਲਣ ਵਾਲੇ ਬਿਰਤਾਤ ਰਾਹੀਂ ਸੰਖੇਪ ਵਿਚ ਹੀ ਨਿਬੇੜ ਦਿੱਤਾ ਗਿਆ ਹੈ। ਇਸ ਡਾਇਰੀ ਦੇ ਆਖ਼ਰੀ ਕਾਂਡ ਵਿਚ ਬਾਰਬਰਟਨ ਦੀ ਵੱਡੀ ਧੀ ਸੋਫ਼ੀਆ ਦੁਆਰਾ ਬਾਰਬਰਟਨ ਦੇ ਅੜਬੰਗੀ ਨਾਲ ਵਾਅਦਾਖ਼ਾਲਫ਼ੀ ਕਰਨ ਅਤੇ ਝੂਠੂ ਗਵਾਹੀ ਦੇ ਆਧਾਰ ‘ਤੇ ਅੜਬੰਗੀ ਨੂੰ ਸਜ਼ਾ ਦਵਾਉਣ ਦੇ ਕੰਮ ਦੀ ਨਿੰਦਾ ਕੀਤੇ ਜਾਣ ਅਤੇ ਆਪਣੇ ਪਿਉ ਦੇ ਲੱਖ ਸਮਝਾਉਣ ਦੇ ਬਾਵਜੂਦ ਸੋਫ਼ੀਆ ਦੇ ਜੇਲ੍ਹ ਵਿਚ ਅੜਬੰਗੀ ਨਾਲ ਮੁਲਾਕਾਤ ਕਰਨ ਲਈ ਜਾਣ ਦਾ ਬਿਰਤਾਂਤ ਸਿਰਜਿਆ ਗਿਆ ਹੈ। 

ਇਹ ਡਾਇਰੀ ਉਸ ਸਮੇਂ ਦੇ ਸਿੱਖ ਸਮਾਜ ਤੋਂ ਕੂਕਿਆਂ ਨੂੰ ਵਖਰਿਆਉਂਦੀ ਹੈ ਅਤੇ ਇਹ ਇਸ਼ਾਰਾ ਕਰਦੀ ਹੈ ਕਿ ਉਸ ਸਮੇਂ ਕੂਕੇ ਤਾਂ ਅੰਗਰੇਜ਼ਾਂ ਖ਼ਿਲਾਫ਼ ਲੜ ਰਹੇ ਸਨ ਪਰ ਦੂਜੇ ਪਾਸੇ ਆਮ ਸਿੱਖ ਅੰਗਰੇਜ਼ ਨੂੰ ਟੋਪੀ ਵਾਲਾ ਸਿੱਖ ਸਮਝਦੇ ਸਨ ਅਤੇ ਸਿੱਖ ਸੰਸਥਾਵਾ ਉਸ ਦੇ ਰਾਜ ਦੇ ਜੁਗੋ ਜੁਗ ਅਟੱਲ ਰਹਿਣ ਲਈ ਅਰਦਾਸਾਂ ਕਰਦੇ ਸਨ।[11] ਇਸ ਡਾਇਰੀ ਵਿਚ ਵੀ ਅੜਬੰਗੀ ਦੇ ਵਿਰਾਟ ਨਾਇਕਤਵ ਨੂੰ ਸਥਾਪਿਤ ਕੀਤਾ ਗਿਆ ਹੈ। ਉਸ ਨੂੰ ਬਹੁਤ ਦੀ ਚੁਸਤ ਚਾਲਾਕ ਛਾਪਾਮਾਰ, ਭੇਸ ਬਦਲਣ ਵਿਚ ਮਾਹਿਰ, ਆਪਣੇ ਕੌਲਾਂ ਦੇ ਪੱਕੇ, ਮਹਿਮਾਨ ਨਿਵਾਜ਼, ਆਪਣੇ ਡੇਰੇ ਉੱਤੇ ਦੁਸ਼ਮਣ ਨਾਲ ਵੀ ਸਖਾਵਤ ਵਾਲਾ ਵਤੀਰਾ ਕਰਨ ਵਾਲੇ, ਆਪਣੇ ਮਕਸਦ ਬਾਰੇ ਸਪਸ਼ਟ ਅਜਿਹੇ ਕੂਕਾ ਨਾਇਕ ਦੇ ਤੌਰ ‘ਤੇ ਪੇਸ਼ ਕੀਤਾ ਗਿਆ ਹੈ ਜਿਸ ਨੂੰ ਰਾਜ/ਸਰਕਾਰ ਤੋਂ ਕੋਈ ਡਰ ਨਹੀਂ ਲੱਗਦਾ ਅਤੇ ਉਸ ਦਾ ਆਪਣੇ ਗੁਰੂ ਉੱਤੇ ਨਿਸ਼ਚਾ ਏਨਾ ਪੱਕਾ ਹੈ ਕਿ ਉਸ ਨੂੰ ਯਕੀਨ ਹੈ ਕਿ ਗੁਰੂ ਦੀ ਬਖ਼ਸ਼ਿਸ਼ ਕਰਕੇ ਕੋਈ ਉਸ ਦਾ ਵਾਲ ਵੀ ਵਿੰਗਾ ਨਹੀਂ ਕਰ ਸਕਦਾ।

ਇਸ ਡਾਇਰੀ ਵਿਚ ਵੀ ਬਾਰਬਰਟਨ ਪੁਲੀਸ ਦਾ ਵੱਡਾ ਅਫ਼ਸਰ ਅਤੇ ਖ਼ੁਦ ਅੰਗਰੇਜ਼ ਹੋਣ ਦੇ ਬਾਵਜੂਦ ਕਈ ਥਾਈਂ ਕੂਕਿਆਂ ਦੀ ਪ੍ਰਸੰਸਾ ਕਰਨੋਂ ਨਹੀਂ ਉੱਕਦਾ। ਉਸ ਦੀ ਡਾਇਰੀ ਵਿਚ ਉਹ ਭਾਵੇਂ ਘਟਨਾਵਾਂ ਦਾ ਪ੍ਰਥਮ-ਪੁਰਖ ਬਿਆਨ ਪੇਸ਼ ਕਰਦਾ ਹੈ ਪਰ ਉਹ ਆਪਣੇ ਆਪ ਨੂੰ ਨਿਗੂਣੇ ਬੰਦੇ ਦੇ ਤੌਰ ‘ਤੇ ਅਤੇ ਕੂਕਿਆਂ ਨੂੰ ਅਲੌਕਿਕ ਬੰਦਿਆਂ ਦੇ ਤੌਰ ਤੇ ਪੇਸ਼ ਕਰਦਾ ਹੈ। ਬਾਰਬਰਟਨ ਦੀ ਡਾਇਰੀ ਦੀ ਗਵਾਹੀ ਅਨੁਸਾਰ:



ਉਸ ਦਿਨ ਮੇਰੇ ਪਥਰ ਤੇ ਨਾਸਤਿਕ ਦਿਲ ਵਿਚੋਂ ਵੀ ਇਹ ਆਵਾਜ਼ ਆ ਰਹੀ ਸੀ ਕਿ – “ਕੂਕਿਆ ਦੀ ਰਬ ਆਪ ਮੱਦਦ ਕਰਦਾ ਹੈ!”[12]



ਬਾਰਬਰਟਨ ਦੀ ਡਾਇਰੀ ਵਿਚ ਵੀ ਜੋ ਮੂਲ ਦ੍ਰਿਸ਼ਟੀਬਿੰਦੂ ਜਾਂ ਗੇਜ਼ ਹੈ ਉਹ ਵੀ ਬਾਰਬਰਟਨ ਦਾ ਆਪਣਾ ਨਹੀਂ। ਉਹ ਆਪਣੀ ਅੰਗਰੇਜ਼ੀ ਦ੍ਰਿਸ਼ਟੀ ਤੋਂ ਵਿਅਕਤੀਆਂ, ਸਥਿਤੀਆਂ ਅਤੇ ਦ੍ਰਿਸ਼ਾਂ ਨੂੰ ਨਹੀਂ ਦੇਖਦਾ ਸਗੋਂ ਉਸ ਦੀ ਆਤਮਾ ਵਿਚ ਵੀ ਜਿਵੇਂ ਕੋਈ ਕੂਕਾ ਹੀ ਬੈਠਾ ਜਾਪਦਾ ਹੈ।  ਇਸ ਦੀ ਮਿਸਾਲ ਹੈ ਕਿ ਜਦੋਂ ਬਾਰਬਰਟਨ ਅੜਬੰਗੀ ਦੇ ਡੇਰੇ ‘ਤੇ ਉਸ ਕੁੜੀ ਨੂੰ ਦੇਖਦਾ ਹੈ ਜਿਸ ਨੇ ਇੰਸਪੈਕਟਰ ਦਲੀਪ ਸਿੰਘ ਨੂੰ ਅੜਬੰਗੀ ਦੀ ਗ਼ਰਿਫ਼ਤ ਵਿਚ ਪਹੁੰਚਾਇਆ ਸੀ ਤਾਂ ਉਹ ਸੋਚਦਾ ਹੈ:



ਉਹ ਕੋਈ ਦੇਵੀ ਮਾਲੂਮ ਹੁੰਦੀ ਸੀ। ਬੜੀ ਭੋਲੀ ਭਾਲੀ, ਸਿੱਧੀ ਸਾਦੀ, ਪਰ ਖ਼ੂਬਸੂਰਤ ਅਜਿਹੀ ਕਿ ਮੇਰੀ ਸੋਫ਼ੀਆ ਉਸ ਦੀ ਪੈਰ ਦੀ ਜੁੱਤੀ ਵਰਗੀ ਵੀ ਨਹੀਂ ਸੀ।[13]



ਇਸ ਦਾ ਕਾਰਣ ਲੇਖਕ ਦੀ ਗਲਪ-ਦ੍ਰਿਸ਼ਟੀ ਵਿਚਲੀ ਊਣ ਹੈ ਜਿਸ ਕਰਕੇ ਉਹ ਆਪਣੇ ਪਾਤਰਾਂ ਨੂੰ ਡਾਇਰੀ ਵੀ ਆਪਣੀ ਹਕੀਕੀ ਸਥਿਤੀ ਅਤੇ ਵਿਚਾਰਧਾਰਾ ਮੁਤਾਬਿਕ ਨਹੀਂ ਲਿਖਣ ਦਿੰਦਾ ਸਗੋਂ ਉਨ੍ਹਾਂ ਦੀ ਕਲਮ ਤੋਂ ਆਪਣੇ ਮਨਪਸੰਦ ਵਿਚਾਰ ਅਤੇ ਭਾਵ ਲਿਖਵਾਉਂਦਾ ਹੈ। ਇਸ ਨਾਲ ਨਾਵਲੀਅਤਾ ਲਈ ਜ਼ਰੂਰੀ ਦ੍ਰਸ਼ਟੀਗਤ ਵੰਨਸੁਵੰਨਤਾ ਮਨਫ਼ੀ ਹੋ ਜਾਂਦੀ ਹੈ ਅਤੇ ਇਕਪਾਸੜ ਕਥਾ ਸਿਰਜੀ ਜਾਂਦੀ ਹੈ।

            ਨਾਵਲ ਵਿਚਲੀ ਤੀਜੀ ਡਾਇਰੀ ‘ਸੁਪ੍ਰੀਟੈਂਡੈਂਟ ਜਿਹਲ ਲੁਧਿਆਣਾ ਦੀ ਡਾਇਰੀ’ ਹੈ। ਇਸ ਵਿਚ ਸੋਫ਼ੀਆ ਦੇ ਅੜਬੰਗੀ ਨੂੰ ਮਿਲਣ ਜਿਹਲ ਜਾਣ ਤੋਂ ਬਾਅਦ ਦੇ ਘਟਨਾਕ੍ਰਮ ਦਾ ਬਿਰਤਾਂਤ ਹੈ। ਇਸ ਡਾਇਰੀ ਦਾ ਕਰਤਾ ਉਸ ਜੇਲ੍ਹ ਦਾ ਸੁਪ੍ਰੀਟੈਂਡੈਂਟ ਹੈ ਜਿਸ ਜੇਲ੍ਹ ਦੀਆਂ ਫ਼ਾਂਸੀ ਕੋਠੀਆਂ ਵਿਚ ਅੜਬੰਗੀ ਨੂੰ ਰੱਖਿਆ ਗਿਆ ਹੈ। ਇਸ ਡਾਇਰੀ ਵਿਚ ਮੁੱਢਲੇ ਕਾਂਡ ਵਿਚ ਡਾਇਰੀ ਲੇਖਕ ਦੇ ਅੜਬੰਗੀ ਬਾਰੇ ਵਿਚਾਰ ਹਨ ਜਿਨ੍ਹਾਂ ਵਿਚ ਉਹ ਅੜਬੰਗੀ ਦੀ ਅਜਬ ਸ਼ਖ਼ਸੀਅਤ ਬਾਰੇ ਜਾਣਕਾਰੀ ਦਰਜ ਕਰਦਾ ਹੈ। ਇਸ ਉਪਰੰਤ ਜੇਲ੍ਹ ਵਿਚ ਬਾਰਬਰਟਨ ਦੀ ਧੀ ਸੋਫ਼ੀਆ ਦੇ ਪੁੱਜਣ, ਸੋਫ਼ੀਆ ਅਤੇ ਅੜਬੰਗੀ ਦੀ ਗੱਲਬਾਤ, ਸੋਫ਼ੀਆ ਦੇ ਪਰਤਣ ਸਮੇਂ ਇਕ ਹੋਰ ਕੈਦੀ ਸੱਜਣ ਦੁਆਰ ਸੋਫ਼ੀਆਂ ‘ਤੇ ਹਮਲਾ ਕਰਨ ਅਤੇ ਇਸ ਵਿਚ ਸੋਫ਼ੀਆ ਦੀ ਰੱਖਿਆ ਕਰਦਿਆਂ ਅੜਬੰਗੀ ਦੇ ਜ਼ਖ਼ਮੀ ਹੋਣ, ਫਿਰ ਸੋਫ਼ੀਆ-ਅੜਬੰਗੀ ਸੰਵਾਦ ਜਿਸ ਵਿਚ ਸੋਫ਼ੀਆ ਦਾ ਸੱਜਣ ਨੂੰ ਰਿਹਾ ਕਰਵਾਉਣ ਲਈ ਵਾਅਦਾ ਕਰਨ ਅਤੇ ਅਖ਼ੀਰ ਸੱਜਣ ਦੇ ਰਿਹਾ ਹੋ ਕੇ ਜੇਲ੍ਹ ਤੋਂ ਜਾਣ ਦੇ ਬਿਰਤਾਂਤਕ ਵੇਰਵੇ ਦਰਜ ਹਨ।  ਇਸ ਵਿਚ ਦਰਜ ਬਿਰਤਾਂਤ ਵਿਚ ਕੇਂਦਰੀ ਮਹੱਤਵ ਸੋਫ਼ੀਆ-ਅੜਬੰਗੀ ਸੰਵਾਦ ਹੈ ਜਿਸ ਵਿਚ ਸੋਫ਼ੀਆ ਅੜਬੰਗੀ ਨੂੰ ਮੁਆਫ਼ੀ ਮੰਗ ਕੇ ਸਜ਼ਾ ਤੋਂ ਬਚਣ, ਇਸ ਦੇ ਨਾਲ ਹੀ ਪੁਲੀਸ ਵਿਚ ਇੰਸਪੈਕਟਰ ਦੀ ਨੌਕਰੀ ਪ੍ਰਾਪਤ ਕਰਨ ਦਾ ਮਸ਼ਵਰਾ ਦਿੰਦੀ ਹੈ ਅਤੇ ਉਸ ਨਾਲ ਵਿਆਹ ਕਰਵਾ ਕਿ ਵਧੀਆ ਜ਼ਿੰਦਗੀ ਜਿਉਣ ਦਾ ਸੁਪਨਾ ਦਿਖਾਉਂਦੀ ਹੈ। ਜੇਲ੍ਹ ਸੁਪ੍ਰੀਟੈਂਡੈਂਟ ਸੋਫ਼ੀਆ ਨੂੰ ਪਸੰਦ ਕਰਦਾ ਹੈ ਪਰ ਉਹ ਇਸ ਗੱਲੋਂ ਹੈਰਾਨ ਹੈ ਕਿ ਸੋਫ਼ੀਆ ਅੜਬ ਅਤੇ ਖੂੰਖਾਰ ਕਿਸਮ ਦੇ ਸਿੱਖ ਨੂੰ ਪਸੰਦ ਕਰਦੀ ਹੈ। ਇਸ ਸੰਵਾਦ ਵਿਚ ਅੜਬੰਗੀ ਸੋਫ਼ੀਆ ਦੇ ਸਾਰੇ ਮਸ਼ਵਰਿਆਂ ਨੂੰ ਰੱਦ ਕਰ ਦਿੰਦਾ ਹੈ ਅਤੇ ਇਹ ਕਹਿ ਕੇ ਸੋਫ਼ੀਆ ਨਾਲ ਵਿਆਹ ਕਰਵਾੳਣ ਤੋਂ ਵੀ ਇਨਕਾਰ ਕਰ ਦਿੰਦਾ ਹੈ;



ਮੈਨੂੰ ਨਾ ਈਮਾਨ-ਹੀਣ ਦੌਲਤ ਦੀ ਲੋੜ ਹੈ, ਨਾ ਧਰਮ-ਹੀਣ ਹੁਸਨ ਦੀ। ਮੈਂ ਮੌਤ ਮਹਿਬੂਬਾ ਨੂੰ ਗਲਵੱਕੜੀ ਪਾ ਕੇ ਦੇਸ਼ ਆਜ਼ਾਦੀ ਲਈ ਮਰਨ ਨੂੰ ਸਦੀਵੀਂ ਜ਼ਿੰਦਗੀ ਸਮਝਣ ਆਲਿੰਗਨ ਕਹਿਣਾ ਚਾਹੁੰਦਾ ਹਾਂ ਪਰ ਪਤਾ ਨਹੀਂ ਮੇਰੀ ਇਹ ਮੌਤ ਮਾਸ਼ੂਕਾ ਮੈਨੂੰ ਕਿਉਂ ਨਹੀਂ ਅਪਨਾ ਰਹੀ।[14]



ਸੋਫ਼ੀਆ–ਅੜਬੰਗੀ ਸੰਵਾਦ ਰਾਹੀਂ ਅੜਬੰਗੀ ਦੇ ਲਾਮਿਸਾਲ ਨਾਇਕਤਵ ਨੂੰ ਉਭਾਰਿਆ ਗਿਆ ਹੈ। ਉਹ ਇਸ ਸੰਵਾਦ ਵਿਚ ਸੋਫ਼ੀਆ ਦੇ ਮਸ਼ਵਰਿਆਂ ਨੂੰ ਹੀ ਰੱਦ ਨਹੀਂ ਕਰਦਾ ਸਗੋਂ ਡਾਢੇ ਆਤਮ ਵਿਸ਼ਵਾਸ ਨਾਲ ਇਹ ਵੀ ਕਹਿੰਦਾ ਹੈ ਕਿ ਕੋਈ ਸਰਕਾਰ ਉਸ ਦਾ ਕੁਝ ਵੀ ਵਿਗਾੜ ਨਹੀਂ ਸਕਦੀ ਕਿਉਂਕਿ ਉਸ ਉੱਪਰ ਚੀਨੀ ਵਾਲੇ ਪਾਤਸ਼ਾਹ ਸਤਿਗੁਰੂ ਰਾਮ ਸਿੰਘ ਜੀ ਦਾ ਮਿਹਰ ਭਰਿਆ ਹੱਥ ਹੈ। ਇਸ ਦੇ ਨਾਲ ਹੀ ਸੋਫ਼ੀਆ ਜਦੋਂ ਸੱਜਣ ਸਿੰਘ ਨੂੰ ਰਿਹਾ ਕਰਵਾਉਣ ਲਈ ਰਾਜ਼ੀ ਹੋ ਜਾਂਦੀ ਹੈ ਤਾਂ ਜਾਂਦੇ ਜਾਦੇ ਅੜਬੰਗੀ ਦੇ ਕੰਨ ਵਿਚ ਕੋਈ ਰਾਜ਼ ਦੀ ਗੱਲ ਕਹਿ ਕੇ ਜਾਂਦੀ ਹੈ ਜਿਸ ਨਾਲ ਉਹ ਵੀ ਸਜ਼ਾ ਤੋਂ ਬਚ ਸਕਦਾ ਹੈ। ਇਸ ਤਰ੍ਹਾਂ ਨਾਵਲ ਵਿਚ ਅੜਬੰਗੀ ਦੀ ਰਿਹਾਈ ਇਕ ਪੂਰਵ-ਨਿਸ਼ਚਿਤ ਕਥਾ-ਅੰਤ ਬਣ ਜਾਂਦਾ ਹੈ।   ਇਸ ਕਾਂਡ ਵਿਚ ਅੜਬੰਗੀ ਦੇ ਕਾਰਨਾਮਿਆਂ ਦੀ ਬਜਾਏ ਉਸ ਦੀ ਸੋਚ, ਗੁਰੂ ਉੱਤੇ ਅਟੁੱਟ ਆਸਥਾ, ਮਾਨਸਿਕ ਤਕੜਾਈ ਅਤੇ ਸਖ਼ਾਵਤ ਦੇ ਪਹਿਲੂਆਂ ਨੂੰ ਪੇਸ਼ ਕੀਤਾ ਗਿਆ ਹੈ।  ਜੇਲ੍ਹ ਵਿਚ ੳ ਕੇ ਅੜਬੰਗੀ ਦਾ ਬਾਰ ਵਧ ਜਾਦਾ ਹੈ। ਉਹ ਕਿਸੇ ਦੇ ਹੁਕਮ ਅੱਗੇ ਨਹੀਂ ਲਿਫਦਾ। ਸੋਫ਼ੀਆ ਨਾਲ ਗੱਲਬਾਤ ਕਰਦਿਆਂ ਉਹ ਦੱਸਦਾ ਹੈ ਕਿ ਬਾਰਬਰਟਨ ਦੀ ਜਾਨ ਬਖ਼ਸ਼ੀ ਕਰ ਕੇ ਉਸ ਨੇ ਸੋਫ਼ੀਆ ਦੀ ਮਾਂ ਦੇ ਅਹਿਸਾਨ ਦਾ ਬਦਲਾ ਚੁਕਾਇਆ ਹੈ ਜਿਸ ਨੇ ਅੰਗਰੇਜ਼ ਸਰਕਾਰ ਦੁਆਰਾ ਸਤਿਗੁਰੂ ਜਗਜੀਤ ਸਿੰਘ ਨੂੰ ਰੱਖਣ ਦੇ ਸਥਾਨ ਦਾ ਪਤਾ ਦਿੱਤਾ। ਉਹ ਸੋਫ਼ੀਆ ਦੇ ਪਿਆਰ ਨੂੰ ਧਰਮ-ਹੀਣ ਹੁਸਨ ਕਹਿ ਕੇ ਰੱਦ ਕਰਦਾ ਹੈ ਅਤੇ ਪੁਲੀਸ ਦੀ ਨੌਕਰੀ ਨਾਲ ਮਿਲਣ ਵਾਲੇ ਸੁਖ ਆਰਾਮ ਨੂੰ ਈਮਾਨ-ਹੀਣ ਦੌਲਤ ਕਹਿ ਕੇ ਠੁਕਰਾਉਂਦਾ ਹੈ ਪਰ ਸੋਫ਼ੀਆ ਨੂੰ ਭੈਣ ਕਹਿ ਕੇ ਸੰਬੋਧਨ ਕਰਦਾ ਈਸਾ ਮਸੀਹ ਨਾਲ ਜੁੜੀਆਂ ਗੱਲਾਂ ਯਾਦ ਕਰਵਾ ਕੇ ਉਸ ਨੂੰ ਸੱਜਣ ਉੱਤੇ ਰਹਿਮ ਕਰਨ ਲਈ ਪ੍ਰੇਰਿਤ ਵੀ ਕਰਦਾ ਹੈ।  ਇਸ ਦੇ ਨਾਲ ਹੀ ਅੜਬੰਗੀ ਦੀ ਸੋਚ ਵਿਚ ਸੰਪਰਦਾਇਕ ਅਭਿਮਾਨ ਅਤੇ ਜਾਤੀ-ਭੇਦ ਦੇ ਅਹਿਸਾਸ ਦਾ ਮੱਧਮ ਜਿਹਾ ਸੰਕੇਤ ਵੀ ਪ੍ਰਾਪਤ ਹੁੰਦਾ ਹੈ ਜਦੋਂ ਉਹ ਕਹਿੰਦਾ ਹੈ ਕਿ;



ਮੇਰੀ ਧਾਰਮਿਕ ਉੱਚਤਾ ਮੈਨੂੰ ਕਿਸੇ ਗ਼ੈਰ ਕੌਮ ਦੀ ਵਰਣ-ਸੰਕ੍ਰ ਕੁੜੀ ਨਾਲ ਸੰਜੋਗ ਕਰਨ ਦੀ ਆਗਿਆ ਨਹੀਂ ਦਿੰਦੀ। ਮੈਂ ਕਿਸੇ ਨਾ ਕਿਸੇ ਰੂਪ ਵਿਚ ਇਸ ਨੂੰ ਆਪਣਾ ਪਿਆਰ ਦੇ ਸਕਦਾ ਹਾਂ, ਪਰ ਸਰੀਰ ਨਹੀਂ ਕਿਉਂਕਿ ਸਰੀਰ ਮੇਰਾ ਨਹੀਂ।[15]



ਇਸ ਵਿਚ ਵਰਣ-ਸੰਕ੍ਰ ਸ਼ਬਦ ਖ਼ਾਸ ਧਿਆਨ ਮੰਗਦਾ ਹੈ ਕਿਉਂਕਿ ਮਨੂ ਦੀ ਵਰਣ ਵਿਵਸਥਾ ਮੁਤਾਬਿਕ ਵੱਖ ਵੱਖ ਵਰਣਾ (ਬ੍ਰਾਹਮਣ, ਕ੍ਸ਼ੱਤਰੀ, ਵੈਸ਼ ਅਤੇ ਸ਼ੂਦਰ ਨਾਲ ਸੰਬੰਧਿਤ ਔਰਤ-ਮਰਦ ਦੀ ਔਲਾਦ ਨੂੰ ਵਰਣ-ਸੰਕ੍ਰ ਮੰਨਿਆ ਜਾਂਦਾ ਹੈ ਅਤੇ ਉਸ ਨੂੰ ਵਰਣ ਵਿਵਸਥਾ ਵਿਚ ਆਦਰਯੋਗ ਸਥਾਨ ਨਹੀਂ ਦਿੱਤਾ ਜਾਂਦਾ। ਇਸ ਮੁਤਾਬਿਕ ਅੜਬੰਗੀ ਜਾਤੀ-ਭੇਦ ਵਾਲੇ ਸਮਾਜਿਕ ਵਿਧਾਨ ਦਾ ਅਨੁਸਾਰੀ ਜਾਪਦਾ ਹੈ। ਇਸ ਤੋਂ ਇਹ ਵੀ ਜ਼ਾਹਿਰ ਹੁੰਦਾ ਹੈ ਕਿ ਅੜਬੰਗੀ ਆਪਣੀ ਧਾਰਮਿਕ ਆਸਥਾ ਨੂੰ ਸਰਬੋੱਤਮ ਮੰਨਦਾ ਹੈ।                       ਇੰਝ ਇਹ ਡਾਇਰੀ ਨਾਵਲੀ ਕਥਾ ਵਿਚ ਦੇ ਅਗਲੇ ਪਾਸਾਰਾਂ ਨੂੰ ਸੰਯੋਜਿਤ ਕਰਦੀ ਹੈ ਅਤੇ ਅੜਬੰਗੀ ਦੇ ਕਿਰਦਾਰ ਦੇ ਹੋਰ ਪਾਸਾਰਾਂ ਨੂੰ ਪ੍ਰਗਟ ਕਰਦੀ ਹੈ। ਇਸ ਵਿਚ ਨਾਲ ਹੀ ਬਾਰਬਰਟਨ ਦੀ ਧੀ ਸੋਫ਼ੀਆ ਦਾ ਸਾਕਾਰਾਤਮਕ ਬਿੰਬ ਵੀ ਘੜਿਆ ਗਿਆ ਹੈ। ਸੋਫ਼ੀਆ ਆਪਣੇ ਪਿਉ ਦੇ ਤੌਰ ਤਰੀਕਿਆਂ ਨਾਲ ਸਹਿਮਤ ਨਹੀਂ ਅਤੇ ਅੜਬੰਗੀ ਪ੍ਰਤਿ ਉਸ ਦੀ ਸੋਚ ਨੂੰ ਰੱਦ ਕਰਦੀ ਹੈ। ਉਹ ਇਮਾਨਦਾਰ, ਕੌਲਾਂ ਦੇ ਪੱਕੇ, ਰਹਿਮ ਕਰਨ ਵਾਲੇ ਬਹਾਦੁਰ ਇਨਸਾਨ ਦੇ ਰੂਪ ਵਿਚ ਦੇਖਦੀ ਹੈ। ਉਹ ਅੜਬੰਗੀ ਦੇ ਕਹੇ ਤੇ ਉਸ ਉੱਪਰ ਕਾਤਲਾਨਾ ਹਮਲਾ ਕਰਨ ਵਾਲੇ ਸੱਜਣ ਨੂੰ ਮੁਆਫ਼ ਵੀ ਕਰਦੀ ਹੈ ਅਤੇ ਉਸ ਦੀ ਰਿਹਾਈ ਵੀ ਕਰਵਾਉਂਦੀ ਹੈਇਸ ਦੇ ਨਾਲ ਹੀ ਉਹ ਅੜਬੰਗੀ ਦੀ ਰਿਹਾਈ ਦੀ ਚਾਹਵਾਨ ਵੀ ਹੈ ਅਤੇ ਇਸ ਮਕਸਦ ਲਈ ਉਹ ਅੜਬੰਗੀ ਨੂੰ ਕੋਈ ਰਾਜ਼ ਦੀ ਗੱਲ ਵੀ ਦੱਸਦੀ ਹੈ ਜਿਸ ਕਰਕੇ ਉਸ ਦੀ ਰਿਹਾਈ ਹੋ ਸਕਦੀ ਹੁੰਦੀ ਹੈ। ਇਸ ਵਿਚ ਡਾਇਰੀ ਦੇ ਕਰਤਾ ਦਾ ਕੋਈ ਵਡੇਰਾ ਅਕਸ ਨਹੀਂ ਉੱਸਰਦਾ। ਉਹ ਸਾਰੇ ਘਟਨਾਕ੍ਰਮ ਦਾ ਸਰੋਤਾ ਹੈ। ਉਹ ਸੋਫ਼ੀਆ ਨੂੰ ਪਸੰਦ ਕਰਦਾ ਹੈ ਪਰ ਸੋਫ਼ੀਆ ਦੁਆਰਾ ਅੜਬੰਗੀ ਨੂੰ ਪਸੰਦ ਕੀਤੇ ਜਾਣ ਉੱਤੇ ਬਹੁਤ ਖ਼ਫ਼ਾ ਹੁੰਦਾ ਨਹੀਂ ਦਰਦਸਾਇਆ ਗਿਆ। ਇੰਝ ਇਹ ਡਾਇਰੀ ਅੜਬੰਗੀ ਦੇ ਸੁਭਾਅ ਦੇ ਕੁਝ ਮਹੱਤਵਪੂਰਣ ਪੱਖਾਂ ਨੂੰ ਉਭਾਰਦੀ ਹੈ ਅਤੇ ਨਾਵਲੀ ਕਥਾਨਕ ਵਿਚ ਅਗਲੇ ਪਾਸਾਰ ਜੋੜਦੀ ਹੈ।

            ਇਸ ਨਾਵਲ ਦੀ ਆਖ਼ਰੀ ਡਾਇਰੀ ‘ਸੈਸ਼ਨ ਜੱਜ ਲੁਧਿਆਣਾ ਦੀ ਡਾਇਰੀ ਹੈ। ਇਹ ਇਸ ਨਾਵਲੀ ਸੰਗਠਨ ਵਿਚ ਪ੍ਰਸਤੁਤ ਸਭ ਤੋਂ ਸੰਖੇਪ ਡਾਇਰੀ ਹੈ। ਇਸ ਡਾਇਰੀ ਸੈਸ਼ਨ ਜੱਜ ਦੀ ਸਜੀ ਹੋਈ ਅਦਾਲਤ ਵਿਚ ਅੜਬੰਗੀ ਨੂੰ ਅਦਾਲਤ ਵਿਚ ਪੇਸ਼ ਕਰਨ ਦੇ ਬਿਓਰੇ ਤੋਂ ਸ਼ੁਰੂ ਹੁੰਦੀ ਹੈ। ਇਸ ਅਦਾਲਤ ਵਿਚ ਅੜਬੰਗੀ ਉੱਤੇ ਲੱਗੇ ਕਤਲ ਦੇ ਦੋਸ਼ਾਂ ਦੀ ਸੁਣਵਾਈ ਹੋਣੀ ਹੈ ਅਤੇ ਇਸ ਦੀ ਕਾਰਵਾਈ ਨੂੰ ਵਾਚਣ ਲਈ ‘ਕੂਕਿਆਂ ਦੇ ਗੁਰੂ ਹਰੀ ਸਿੰਘ’ ਸਮੇਤ ਬਹੁਤ ਸਾਰੀਆਂ ਸ਼ਖ਼ਸੀਅਤਾਂ ਹਾਜ਼ਰ ਹਨ। ਇਸ ਡਾਇਰੀ ਦਾ ਮੁੱਖ ਬਿਓਰਾ ਅਦਾਲਤ ਵਿਚ ਪੰਜੇਟਿਆਂ ਦੇ ਰਹਿਣ ਵਾਲੇ ਪੀਰਾਂ ਦਿੱਤਾ ਚਮਾਰ ਦੀ ਸ਼ਹਾਦਤ ਹੈ। ਇਸ ਵਿਚ ਪੀਰਾਂ ਦਿੱਤੇ ਨੂੰ ਉਸ ਦੀ ਜਾਤੀ ਦੇ ਨਫ਼ਰਤ-ਭਾਵ ਵਾਲੇ ਨਾਮ ਨਾਲ ਸੰਬੋਧਿਤ ਕੀਤਾ ਗਿਆ ਹੈ। ਉਹ ਸ਼ਹਾਦਤ ਦੇਣ ਤੋਂ ਪਹਿਲਾਂ ਜਦੋਂ ਸੌਹੰ ਖਾਂਦਾ ਹੈ ਤਾਂ ਉਹ ਲਾਲਾਂ ਵਾਲੇ ਪੀਰ ਅਤੇ ਦੇਵੀ ਮਾਤਾ ਨੂੰ ਧਿਆਉਂਦਾ ਹੈ। ਇਹ ਆਪਣੇ ਆਪ ਵਿਚ ਇਕ ਮਹੱਤਵਪੂਰਣ ਇਸ਼ਾਰਾ ਹੈ ਜਿਸ ਵਿਚ ਪੀਰਾਂ ਦਿੱਤੇ ਦੇ ਨਾਕਾਰਤਮਕ ਕਿਰਦਾਰ ਨੂੰ ਘੜਨ ਲਈ ਉਸ ਦੀ ਧਾਰਮਿਕ ਆਸਥਾ ਨੂੰ ਵਿਅੰਗਾਤਮਕ ਲਹਿਜੇ ਵਿਚ ਰੜਕਾਇਆ ਗਿਆ ਹੈ।  ਪੀਰਾਂ ਦਿੱਤਾ ਅੰਨ੍ਹਾ ਹੈ ਅਤੇ ਸ਼ਹਾਦਤ ਦੇਣ ਤੋਂ ਬਾਅਦ ਜਦੋਂ ਜਿੱਰ੍ਹਾ ਹੁੰਦੀ ਹੈ ਤਾਂ ਉਸ ਦਾ ਅੰਨ੍ਹਪਣ ਜੱਗ-ਜ਼ਾਹਰ ਹੋ ਜਾਂਦਾ ਹੈ ਅਤੇ ਉਸ ਦੀ ਸ਼ਹਾਦਤ ਰੱਦ ਕਰ ਦਿੱਤੀ ਜਾਂਦੀ ਹੈ। ਜੱਜ ਮੌਕੇ ਦਾ ਕੋਈ ਗਵਾਹ ਨਾ ਹੋਣ ਕਰਕੇ ਅੜਬੰਗੀ ਨੂੰ ਬਰੀ ਕਰ ਦਿੰਦਾ ਹੈ। ਉਹ ਕਹਿੰਦਾ ਹੈ ਕਿ ਉਸ ਨੂੰ ਯਕੀਨ ਹੈ ਕਿ ਗੇਂਦੇ ਦਾ ਕਤਲ ਅੜਬੰਗੀ ਨੇ ਹੀ ਕੀਤਾ ਹੈ ਪਰ ਉਹ ਸ਼ਹਾਦਤ ਨਾ ਹੋਣ ਕਰਕੇ ਉਸ ਨੂੰ ਸਜ਼ਾ ਨਹੀਂ ਦੇ ਸਕਦਾ।  ਅੜਬੰਗੀ ਨੂੰ ਬਰੀ ਕਰਕੇ ਉਹ ਝੂਠੀ ਗਵਾਹੀ ਦੇਣ ਦੇ ਦੋਸ਼ ਵਿਚ ਪੀਰਾਂ ਦਿੱਤੇ ਨੂੰ ਛੇ ਮਹੀਨੇ ਦੀ ਕੈਦ ਅਤੇ 25 ਰੁਪੈ ਜ਼ੁਰਮਾਨਾ ਕਰ ਦਿੰਦਾ ਹੈ। ਇਸ ‘ਤੇ ਅੜਬੰਗੀ ਅਪੀਲ ਕਰਦਾ ਹੈ ਕਿ ਝੂਠ ਉਸ ਨੇ ਬੋਲਿਆ ਨਹੀਂ ਸਗੋਂ ਬੁਲਾਇਆ ਗਿਆ ਹੈ। ਜੱਜ ਜਦੋਂ ਉਸ ਦੀ ਕੈਦ ਮੁਆਫ਼ ਕਰ ਦਿੰਦਾ ਹੈ ਪਰ ਜ਼ੁਰਮਾਨਾ ਬਰਕਰਾਰ ਰੱਖਦਾ ਹੈ ਤਾਂ ਗੁਰੂ ਹਰੀ ਸਿੰਘ ਜੀ ਉਸ ਦਾ ਜ਼ੁਰਮਾਨਾ ਆਪਣੇ ਕੋਲੋਂ ਅਦਾ ਕਰਨ ਲਈ ਕਹਿ ਦਿੰਦੇ ਹਨ। ਇਸ ਸਭ ਕੁਝ ਨੂੰ ਦੇਖ ਕੇ ਜੱਜ ਸਾਹਿਬ ਏਨੇ ਪ੍ਰਭਾਵਿਤ ਹੁੰਦੇ ਹਨ ਕਿ ਉਹ ਕੂਕਿਆਂ ਦੇ ਕਰਦਾਰ ਬਾਰੇ ਉਹ ਸ਼ਬਦ ਕਹਿੰਦੇ ਹਨ ਜਿਹੜੇ ਕਹਾਉਣ ਲਈ ਇਹ ਸਾਰਾ ਬਿਰਤਾਂਤ ਸਿਰਜਿਆ ਗਿਆ ਸੀ। ਉਨ੍ਹਾਂ ਅੰਦਰੋਂ ਵੀ ਬਸਤੀਵਾਦੀ ਹਕੂਮਤਾ ਦੇ ਜੱਜ ਦੀ ਬਜਾਏ ਕੂਕਿਆਂ ਦਾ ਹਮਦਰਦ ਬੋਲਦਾ ਹੈ। ੳਹ ਬਾਰਬਰਟਨ ਨੂੰ ਸੰਬੋਧਿਤ ਹੋ ਕੇ ਕਹਿੰਦੇ ਹਨ;



ਮਿਸਟਰ ਬਰਟਨ! ਜਿਨ੍ਹਾਂ ਲੋਕਾਂ ਦਾ ਆਚਰਣ ਏਨਾ ਉੱਚਾ ਅਤੇ ਮਹਾਨ ਹੈ, ਉਨ੍ਹਾ ਨੂੰ ਤੁਸੀਂ ਮਾਰ ਨਹੀਂ ਸਕਦੇ? ਕਿਹਾ ਚੰਗਾ ਹੋਵੇ ਜੇ ਤੁਸੀਂ ਇਨ੍ਹਾਂ ਨੇਕ ਦਿਲ, ਖ਼ੁਦਾ ਪ੍ਰਸਤ ਪਰਉਪਕਾਰੀ ਲੋਕਾਂ ਨਾਲ ਨਫ਼ਰਤ ਛੱਡ ਕੇ, ਪਿਆਰ ਦਾ ਹੱਥ ਵਟਾਵੋ। ਮੈਨੂੰ ਤੇ ਯਸੂਹ ਦੀ ਅਮਲੀ ਅਤੇ ਅਸਲੀ ਤਾਲੀਮ ਇਨ੍ਹਾਂ ਵਿਚ ਨਜ਼ਰ ਆ ਰਹੀ ਹੈ। ਵਕਤ ਆਉਣ ਵਾਲਾ ਹੈ ਜਦ ਕਿ ਸਾਰੀ ਦੁਨੀਆਂ ਇਨ੍ਹਾਂ ਦੇ ਪੈਰ ਚਿੰਨ੍ਹਾਂ ‘ਤੇ ਚੱਲਣ ਨੂੰ ਆਪਣਾ ਮਾਣ ਸਮਝੇਗੀ ਅਤੇ ਇਸੇ ਅਸੂਲ ਅਨੁਸਾਰ ਹਿੰਦ ਦਾ ਨਾਂ ਸੰਸਾਰ ਵਿਚ ਉੱਚਾ ਰਹੇਗਾ।[16]



ਇਸ ਤਰ੍ਹਾਂ ਲੇਖਕ ਆਪਣੇ ਮਨਪਸੰਦ ਵਿਚਾਰਾਂ ਨੂੰ ਅੰਗਰੇਜ਼ ਹਕੂਮਤ ਦੇ ਨਿਆਂਇਕ ਅਧਿਕਾਰੀ ਦੇ ਮੂੰਹੋਂ ਅਖਵਾਉਂਦਾ ਹੈ। ਇਹੀ ਨਹੀਂ ਜੱਜ ਸਾਹਿਬ ਤਾਂ ਬਰਟਨ ਦੇ ਉਨ੍ਹਾਂ ਨੂੰ ਸਰਕਾਰ ਦੇ ਬਾਗ਼ੀ ਕਹਿੰਦਾ ਹੈ ਤਾਂ ਆਪਣੇ ਦੇਸ਼ ਨਾਲ ਲਿਆਰ ਸਾਡੇ ਨਾਲ ਬਗਾਵਤ ਨਹੀਂ ਹੈ। [17] ਉਹ ਤਾਂ ਕੂਕਿਆਂ ਦੀ ਇਸ ਗੱਲੋਂ ਪ੍ਰਸੰਸਾ ਕਰਦਾ ਹੈ ਕਿ ਇਹ ਆਪਣੇ ਦੁਸ਼ਮਣ ਨੂੰ ਮੁਆਫ਼ ਕਰਨਾ ਜਾਣਦੇ ਹਨ ਇਸ ਲਈ ਇਨ੍ਹਾਂ ਨੂੰ ਕੋਈ ਨਹੀਂ ਮਾਰ ਸਕਦਾ। ਇੰਝ ਇਸ ਡਾਇਰੀ  ਵਿਚ ਅੜਬੰਗੀ ਨੂੰ ਚਤੁਰ, ਮੌਕਾ ਸੰਭਾਲਣ ਵਾਲਾ, ਹਾਜ਼ਿਰ ਜਵਾਬ ਨਾਇਕ ਵਜੋਂ ਪੇਸ਼ ਕਰਦੀ ਹੈ। ਗੁਰੂ ਪ੍ਰਤਿ ਉਸ ਦੀ ਇਹ ਆਸਥਾ ਕਿ ਉਸ ਦੀ ਸਵੱਲੀ ਨਜ਼ਰ ਕਰਕੇ ਉਸ ਦਾ ਕੁਝ ਨਹੀਂ ਵਿਗੜੇਗਾ, ਪ੍ਰਮਾਣਿਤ ਹੋ ਜਾਂਦੀ ਹੈ।  ਇੰਝ ਇਹ ਡਾਇਰੀ ਇਹ ਵੀ ਦਰਸਾਉਂਦੀ ਹੈ ਕਿ ਅੰਗਰੇਜ਼ ਲੋਕ ਇਨਸਾਫ਼ ਪਸੰਦ ਹਨ ਪਰ ਉਨ੍ਹਾਂ ਦੇ ਭਾਰਤੀ ਕਰਿੰਦੇ ਭ੍ਰਸ਼ਟ ਅਤੇ ਜ਼ਾਲਿਮ ਹਨ।  ਜੱਜ ਦਾ ਇਨਸਾਫ਼ ਆਪਣੇ ਆਪ ਵਿਚ ਅੰਗਰੇਜ਼ ਹਾਕਮਾ ਦੇ ਸਾਕਾਰਤਮਕ ਰਵੱਈਏ ਦਾ ਪ੍ਰਮਾਣ ਬਣ ਜਾਂਦਾ ਹੈ।  ਇਹ ਨਾਇਕ ਅੜਬੰਗੀ ਨੂੰ ਆਦਰਸ਼ਕ ਕੂਕਾ ਨਾਇਕ ਦੇ ਤੌਰ ‘ਤੇ ਉਭਾਰਦਾ ਹੈ ਅਤੇ ਨਾਲ ਹੀ ਕੂਕਿਆਂ ਨੂੰ ਇਕ ਕੌਮ ਦੇ ਤੌਰ ‘ਤੇ ਉਚੇਰੇ ਆਦਰਸ਼ਾਂ ਨਾਲ ਜੁੜੀ ਹੋਈ, ਸ਼ਾਂਤੀ ਪਸੰਦ, ਕਿਸੇ ਅਪ੍ਰਵਾਣਿਤ ਚੀਜ਼ ਨਾਲ ਸਮਝੌਤਾ ਨਾ ਕਰਨ ਵਾਲੀ, ਆਪਣੇ ਦੁਸ਼ਮਣਾ ਉੱਤੇ ਵੀ ਰਹਿਮ ਕਰਨ ਵਾਲੀ ਕੌਮ ਦੇ ਤੌਰ ‘ਤੇ ਬਿੰਬਿਤ ਕਰਦਾ ਹੈ।

ਨਾਵਲ ਦੀ ਵਿਧਾ ਦਾ ਇਕ ਲੱਛਣ ਇਹ ਹੈ ਕਿ ਇਸ ਵਿਚ ਮਿੱਥ ਸਿਰਜਣਾ ਹੁੰਦੀ ਹੈ, ਪਰ ਇਹ ਮਿੱਥ ਆਖ਼ਿਰ ਨੂੰ ਆਮ ਬੰਦੇ ਦੀ ਕਹਾਣੀ ਵਿਚ ਬਦਲ ਜਾਂਦੀ ਹੈ। ਮਿੱਥ ਦੀ ਸਿਰਜਣਾ ਕਰਦਿਆਂ ਮਨੁੱਖੀ ਸੁਪਨਿਆਂ, ਚਾਹਤਾਂ  ਅਤੇ ਆਦਰਸ਼ਾਂ ਨੂੰ ਉਭਾਰਿਆ ਜਾਂਦਾ ਹੈ। ਨਾਵਲ ਦਾ ਕੇਂਦਰੀ ਪਾਤਰ ਜਾਂ ਨਾਇਕ ਇਨ੍ਹਾਂ ਸੁਪਨਿਆਂ, ਚਾਹਤਾਂ ਅਤੇ ਆਦਰਸ਼ਾਂ ਨੂੰ ਪਰਣਾਇਆ ਵਿਅਕਤੀ ਹੁੰਦਾ ਹੈ ਅਤੇ ਉਹ ਜਮਾਜਿਕ ਜੀਵਨ ਦੇ ਹਕੀਕੀ ਧਰਾਤਲ ਉੱਤੇ ਇਨ੍ਹਾਂ ਦੀ ਪੂਰਤੀ ਲਈ ਯਤਨ ਕਰਦਾ ਹੈ।  ਇਹ ਹਕੀਕਤਾਂ ਏਨੀਆਂ ਕਠੋਰ ਹੁੰਦੀਆਂ ਹਨ ਕਿ ਕੇਂਦਰੀ ਪਾਤਰ ਆਪਣੇ ਤਮਾਮ ਸੁਹਿਰਦ ਯਤਨਾਂ ਦੇ ਬਾਵਜੂਦ ਇਨ੍ਹਾਂ ਦੀ ਪੂਰਤੀ ਵਿਚ ਸਫ਼ਲ ਨਹੀਂ ਹੋ ਪਾਉਂਦਾ ਅਤੇ ਆਪਣੀ ਭਾਵਨਾਤਮਕ ਸ਼ਿੱਦਤ ਦੇ ਬਾਵਜੂਦ ਹਾਰ ਨੂੰ ਪ੍ਰਾਪਤ ਹੁੰਦਾ ਹੈ। ਇਸ ਤਰ੍ਹਾਂ ਨਾਵਲਕਾਰ ਕੇਂਦਰੀ ਪਾਤਰ ਦੇ ਸੁਪਨਿਆਂ, ਚਾਹਤਾਂ ਅਤੇ ਆਦਰਸ਼ਾਂ ਦੀ ਪੂਰਤੀ ਦੇ ਰਸਤੇ ਵਿਚ ਖੜ੍ਹੀਆਂ ਬਾਹਰਮੁਖੀ ਹਕੀਕਤਾਂ ਦੇ ਬਿਆਨ ਰਾਹੀਂ ਕੇਂਦਰੀ ਪਾਤਰ ਜਾਂ ਨਾਇਕ ਦਾ ਨਮਿੱਥੀਕਰਨ ਕਰਦਾ ਹੈ। ਨਾਵਲ ਵਿਚ ਕੇਂਦਰੀ ਪਾਤਰ ਦੀ ਹਾਰ ਨਮੋਸ਼ੀਪੂਰਣ ਨਹੀਂ ਹੁੰਦੀ ਕਿਉਂਕਿ ਇਸ ਵਿਚ ਉਸ ਦੇ ਸੰਘਰਸ਼ ਨੂੰ ਇਸ ਤਰੀਕੇ ਨਾਲ ਬਿਆਨ ਕੀਤਾ ਹੁੰਦਾ ਹੈ ਕਿ ਹਾਰਨ ਦੇ ਬਾਵਜੂਦ ਸੰਘਰਸ਼ ਦਾ ਗੌਰਵ ਉਭਰਦਾ ਹੈ।  ਨਾਵਲ ਦੇ ਇਸ ਵਿਧਾਗਤ ਲੱਛਣ ਦੇ ਪ੍ਰਸੰਗ ਵਿਚ ਜਦੋਂ ਅਸੀਂ ਨਾਵਲ ਅੜਬੰਗੀ ਦੀ ਬਿਰਤਾਂਤਕ ਸੰਰਚਨਾ ਨੂੰ ਦੇਖਦੇ ਹਾਂ ਤਾਂ ਇਸ ਵਿਚ ਮਿੱਥੀਕਰਨ ਦੀ ਪ੍ਰਕਿਰਿਆ ਤਾਂ ਆਪਣੇ ਊਰੁਜ਼ ਨੂੰ ਪਹੁੰਚਦੀ ਹੈ ਪਰ ਨਮਿੱਥੀਕਰਨ ਦਾ ਕੋਈ ਅੰਸ਼ ਇਸ ਵਿਚ ਮੌਜੂਦ ਨਹੀਂ ਹੈ। ਇਸ ਪੱਖੋ ਇਸ ਨਾਵਲ ਦੀ ਬਿਰਤਾਂਤਕ ਸੰਰਚਨਾ ਸਾਖੀ ਜਾਂ ਦੰਤ-ਕਥਾ ਵਰਗੀ ਬਣ ਜਾਂਦੀ ਹੈ। ਇਸ ਨਾਵਲ ਵਿਚ ਸਤਿਗੁਰੂ ਹਰੀ ਸਿੰਘ ਅਤੇ ਭਗਵਾਨ ਸਿੰਘ ਅੜਬੰਗੀ ਦੀ ਮਿੱਥ ਸਥਾਪਿਤ ਹੁੰਦੀ ਹੈ  ਸਤਿਗੁਰੂ ਰਾਮ ਸਿੰਘ ਨੂੰ ਇਕ ਦੈਵੀ ਪੁਰਸ਼ ਵਾਂਗ ਪੇਸ਼ ਕਰਨਾ ਤਾਂ ਸੁਭਾਵਿਕ ਹੈ ਕਿਉਂਕਿ ਨਾਮਧਾਰੀ ਦਰਬਾਰ ਵਿਚ ਉਨ੍ਹਾਂ ਨੂੰ ਗੁਰੂ ਦਾ ਰੁਤਬਾ ਪ੍ਰਾਪਤ ਹੈ ਪਰ ਇਸ ਦਾ ਕੇਂਦਰੀ ਪਾਤਰ ਭਗਵਾਨ ਸਿੰਘ ਅੜਬੰਗੀ ਵੀ ਇਕ ਮਿੱਥਕ ਨਾਇਕ ਵਾਂਗ ਹੀ ਸਿਰਜਿਆ ਗਿਆ ਹੈ। ਉਹ ਨਾ ਕੇਵਲ ਭੈਣੀ ਸਾਹਿਬ ਦੀ ਪੁਲੀਸ ਚੌਂਕੀ ਦੀ ਗ਼ਰਿਫ਼ਤ ਵਿਚ ਨਹੀਂ ਆਉਂਦਾ ਸਗੋਂ ਬੜੇ ਕਰਾਮਾਤੀ ਢੰਗ ਨਾਲ ਕਿਤੇ ਵੀ ਪ੍ਰਗਟ ਹੋ ਜਾਂਦਾ ਹੈ ਅਤੇ ਆਪਣੇ ਮਨੋਰਥ ਵਿਚ ਕਾਮਯਾਬ ਹੁੰਦਾ ਚਲਿਆ ਜਾਦਾ ਹੈ। ਉਸ ਏਨੀ ਮੁਹਾਰਤ ਨਾਲ ਭੇਸ ਬਦਲਦਾ ਹੈ ਕਿ ਕੋਈ ਪੁਲੀਸ ਅਫ਼ਸਰ ਉਸ ਨੂੰ ਪਛਾਣਨ ਵਿਚ ਕਾਮਯਾਬ ਨਹੀਂ ਹੁੰਦਾ।  ਉਹ ਆਪਣੀ ਮਰਜ਼ੀ ਨਾਲ ਦੱਸੇ ਹੋਏ ਸਮੇਂ ਉੱਤੇ ਭੈਣੀ ਸਾਹਿਬ ਆਉਂਦਾ ਹੈ ਅਤੇ ਗ਼ਰਿਫ਼ਤਾਰ ਹੁੰਦਾ ਹੈ।  ਉਸ ਨੂੰ ਝੂਠੀ ਗਵਾਹੀ ਦੇ ਆਧਾਰ ‘ਤੇ ਮੌਤ ਦੀ ਸਜ਼ਾ ਦਿੱਤੀ ਜਾਂਦੀ ਹੈ ਪਰ ਉਹ ਆਪਣੇ ਕਿਰਦਾਰ ਦੀ ਬੁਲੰਦੀ ਦੇ ਬਲਬੂਤੇ ਇਸ ਸਜ਼ਾ ਤੋਂ ਬਚ ਜਾਂਦਾ ਹੈ ਅਤੇ ਕੈਦ ਤੋਂ ਰਿਹਾ ਹੋ ਕੇ ਬਾਹਰ ਆ ਜਾਂਦਾ ਹੈ।  ਨਾਵਲ ਵਿਚ ਉਸ ਨੂੰ ਦੈਵੀ ਪਾਤਰ ਵਾਂਗ ਤਾਂ ਨਹੀਂ ਸਿਰਜਿਆ ਗਿਆ ਪਰ ਉਹ ਅਸਾਧਾਰਣ ਗੁਣਾਂ ਵਾਲੇ ਪਾਤਰ ਵਾਂਗ ਸਾਹਮਣੇ ਆਉਂਦਾ ਹੈ।  ਉਹ ਹਕੀਕਤਾਂ ਮੁਤਾਬਿਕ ਨਹੀਂ ਬਦਲਦਾ ਸਗੋਂ ਹਕੀਕਤਾਂ ਉਸ ਦੇ ਮਨਸ਼ਿਆਂ ਅਤੇ ਇੱਛਾਵਾਂ ਅਨੁਸਾਰ ਢਲਦੀਆਂ ਹਨ।  ਉਸ ਨੂੰ ਇਸ ਗੱਲ ਦਾ ਅਭਿਮਾਨ ਹੈ ਕਿ ਕੋਈ ਸਰਕਾਰ, ਕੋਈ ਸ਼ਕਤੀ ਉਸ ਦਾ ਕੁਝ ਵੀ ਨਹੀਂ ਵਿਗਾਵ ਸਕਦੀ ਕਿਉਂਕਿ ਉਸ ਉੱਤੇ ਸਤਿਗੁਰੂ ਦੀ ਮਿਹਰ ਹੈ।  ਪੁਲੀਸ, ਪ੍ਰਸ਼ਾਸਨ ਅਤੇ ਨਿਆਂਪਾਲਿਕਾ ਦੁਆਰਾ ਉਸ ਨੂੰ ਨਿਯੰਤਰਿਤ ਕਰਨ ਦੀਆਂ ਸਾਰੀਆਂ ਜੁਗਤਾਂ ਅਤੇ ਤਰਕੀਬਾਂ ਫ਼ੇਲ ਹੋ ਜਾਂਦੀਆਂ ਹਨ ਅਤੇ ਉਹ ਇਕ ਜੇਤੂ ਨਾਇਕ ਬਣ ਕੇ ਨਿੱਕਲਦਾ ਹੈ। ਇਸ ਤਰ੍ਹਾਂ ਦੀ ਜਿੱਤ ਕਾਰਣ ਉਹ ਹਕੀਕਤਾਂ ਤੇ ਭਾਰੂ ਪੈਂਦਾ ਹੈ। ਉਹ ਹਕੀਕਤਾਂ ਦੇ ਸਨਮੁਖ ਕਦੇ ਵੀ ਸਧਾਰਣ ਮਨੁੱਖ ਵਾਂਗੂ ਵਿਵਹਾਰ ਨਹੀਂ ਕਰਦਾ। ਹਰ ਘਟਨਾ ਨਾਲ ਸਗੋਂ ਉਸ ਦਾ ਕਿਰਦਾਰ ਹੋਰ ਤੋਂ ਹੋਰ ਬਲਸ਼ਾਲੀ ਰੂਪ ਵਿਚ ਸਾਹਮਣੇ ਆਉਂਦਾ ਹੈ। ਇੰਝ ਨਾਵਲ ਵਿਚ ਨਾਇਕ ਭਗਵਾਨ ਸਿੰਘ ਅੜਬੰਗੀ ਦੀ ਕਹਾਣੀ ਇਹ ਆਮ ਬੰਦੇ ਦੀ ਕਹਾਣੀ ਵਿਚ ਨਹੀਂ ਬਦਲਦੀ ਸਗੋਂ ਦੰਤ ਕਥਾ ਦੇ ਪਾਤਰ ਦੀ ਸਿਰਜਣਾ ਤਕ ਦਾ ਸਫ਼ਰ ਤੈਅ ਕਰਕੇ ਖ਼ਤਮ  ਹੋ ਜਾਂਦੀ ਹੈ। ਸੋ ਇਸ ਵਿਚ ਨਾਵਲੀ ਨਮਿੱਥੀਕਰਨ ਨੇਪਰੇ ਨਹੀਂ ਚੜ੍ਹਦਾ ਸਗੋਂ ਕੇਂਦਰੀ ਪਾਤਰ ਦੰਤ ਕਥਾ ਦੇ ਪਾਤਰਾਂ ਵਾਂਗ ਰਹੱਸਮਈ ਅਤੇ ਕਰਾਮਾਤੀ ਸ਼ਕਤੀ ਦੇ ਮਾਲਕ ਬਣੇ ਰਹਿੰਦੇ ਹਨ।

ਇਹ ਨਾਵਲ ਮੂਲ ਰੂਪ ਵਿਚ ਬੁੱਚੜ-ਵੱਧ ਦੀ ਘਟਨਾ ਨਾਲ ਜੁੜੇ ਨਾਮਧਾਰੀਆਂ ਦੇ ਹਿੰਸਕ ਕਾਰਕੁਨਾਂ ਵਾਲੇ ਬਿੰਬ ਦੇ ਪਿਛੋਕੜ ਵਿਚ ਹਿੰਸਾ ਨਾਲ ਨਾਮਧਾਰੀਆਂ ਦੇ ਰਿਸ਼ਤੇ ਨੂੰ ਸਮਝਣ ਅਤੇ ਨਿਤਾਰਨ ਦਾ ਯਤਨ ਕਰਦਾ ਹੈ। ਇਸ ਵਿਚ ਹਿੰਸਾ ਨੂੰ ਕੂਕਿਆਂ ਦੀ ਸਵੈ-ਚੋਣ ਵਜੋਂ ਨਹੀਂ ਸਗੋਂ ਆਖ਼ਰੀ ਤਰਲੇ ਅਤੇ ਮਜਬੂਰੀ ਵਾਂਗ ਪੇਸ਼ ਕੀਤਾ ਗਿਆ ਹੈ।  ਇਸ ਦਾ ਕੇਂਦਰੀ ਪਾਤਰ ਭਗਵਾਨ ਸਿੰਘ ਅੜਬੰਗੀ ਜਿਨ੍ਹਾਂ ਗੁਣਾ ਦਾ ਧਾਰਣੀ ਹੈ , ਉਨ੍ਹਾਂ ਨੂੰ ਇਸ ਨਾਵਲ ਵਿਚ ਆਦਰਸ਼ਿਆਇਆ ਗਿਆ ਹੈ। ਉਹ ਯੋਧਾ ਹੈ, ਅਹਿੰਸਾ ਪਸੰਦ ਹੈ, ਬਚਨਾ ਦਾ ਪੱਕਾ, ਛਾਪਾਮਾਰ ਅਤੇ ਰੂਪ ਬਦਲਣ ਦਾ ਮਾਹਿਰ ਹੈ।  ਉਹ ਇਮਾਨਹੀਣ ਦੌਲਤ ਅਤੇ ਧਰਮਹੀਣ ਹੁਸਨ ਨੂੰ ਨਕਾਰਨ ਵਾਲਾ ਨਾਇਕ ਹੈ ਜੋ ਸੋਫ਼ੀਆ ਦਾ ਪਿਆਰ ਅਤੇ ਉਸ ਦੁਆਰਾ ਦਿੱਤਾ ਲਾਲਚ ਠੁਕਰਾ ਦਿੰਦਾ ਹੈ। ਉਹ ਦੁਸ਼ਮਣ ਨਾਲ ਸਖ਼ਾਵਤ ਨਾਲ ਪੇਸ਼ ਆਉਣ ਵਾਲਾ ਪਰ ਆਪਣੇ ਵਿਚਾਰਾਂ ਵਿਚ ਪੱਕਾ ਅਤੇ ਕਿਸੇ ਖ਼ਤਰੇ ਜਾਂ ਲਾਲਚ ਕਰਕੇ ਡੋਲਣ ਵਾਲਾ ਇਨਸਾਨ ਨਹੀਂ। ਇੰਝ ਇਸ ਨਾਵਲ ਦਾ ਕਰਤਾ ਸੰਤ ਇੰਦਰ ਸਿੰਘ ਚੱਕਰਵਰਤੀ ਇਸ ਦੇ ਨਾਇਕ ਭਂਗਵਾਨ ਸਿੰਘ ਅੜਬੰਗੀ ਰਾਹੀਂ ਨਾਮਧਾਰੀ ਸੰਪਰਦਾਇ ਦਾ ਇਤਿਹਾਸਕ-ਗਲਪੀ ਬਿਰਤਾਂਤ ਸਿਰਜਦਾ ਹੈ ਅਤੇ ਇਸ ਰਾਹੀਂ ਕੂਕਿਆਂ ਦੇ ਆਦਰਸ਼ਕ ਵਿਵਹਾਰ ਨੂੰ ਉਭਰਨ ਦਾ ਯਤਨ ਕਰਦਾ ਹੈ।









[1] ਪ੍ਰਸਿੱਧ ਸਾਹਿਤਕਾਰ ਮਹਾਸ਼ਾ ਸੁਦਰਸ਼ਨ ਅਡੀਟਰ ਚੰਦਨ ਲਾਹੌਰ, ਉਧਰਿਤ, ਸੰਤ ਇੰਦਰ ਸਿੰਘ ਚੱਕ੍ਰਵਰਤੀ, ਕੂਕਿਆਂ ਬਾਰੇ, ਰੂਰਲ ਬੁਕ ਕੰਪਨੀ, ਲੁਧਿਆਣਾ, 1956, ਪੰਨਾ 75
[2] ਇੱਥੇ ਇਹ ਸਵਾਲ ਖੜ੍ਹਾ ਹੁੰਦਾ ਹੈ ਕਿ ਬੁੱਚੜਖਾਨੇ ਕੋਈ ਨਵੇਂ ਨਹੀਂ ਸੀ ਖੁੱਲ੍ਹੇ ਅਤੇ ਨਾ ਹੀ ਮਸਲਮਾਨਾਂ ਦੀਆਂ ਖਾਣਪੀਣ ਦੀਆ ਕੋਈ ਨਵੀਂਆਂ ਆਦਤਾਂ ਹੀ ਬਣੀਆਂ ਸਨ। ਕਿੰਨੀਆ ਹੀ ਸਦੀਆਂ ਤੋਂ ਚੱਲੇ ਆ ਰਹੇ ਇਸ ਵਿਵਹਾਰ ਨੂੰ ਪਹਿਲਾਂ ਸਹਿਜ ਰੂਪ ਵਿਚ ਲੈਣ ਵਾਲੇ ਲੋਕ ਇਕਦਮ ਇਸ ਮਸਲੇ ਉੱਤੇ ਤੀਬਰ ਭਾਵਨਾਤਮਕ ਆਵੇਗ ਵਿਚ ਕਿਵੇਂ ਆ ਗਏ? ਉਨ੍ਹਾਂ ਦੇ ਇਸ ਭਾਵਨਾਤਮਕ ਆਵੇਗ ਦਾ ਫ਼ੌਰੀ ਕਾਰਣ ਕੀ ਸੀ?
[3] ਕਿਰਪਾਲ ਸਿੰਘ ਕਸੇਲ, ‘ਆਰੰਭਕ ਸ਼ਬਦ’, ਅੜਬੰਗੀ,
[4] ਸੰਤ ਇੰਦਰ ਸਿੰਘ ਚੱਕਰਵਰਤੀ, ‘ਮੇਰਾ ਬਿਆਨ’, ਅੜਬੰਗੀ, ਲਾਹੌਰ ਬੁੱਕ ਸ਼ਾਪ, ਲੁਧਿਆਣਾ, ਪੰਨਾ ਖ
[5] ਸੁਵਰਨ ਸਿੰਘ ਵਿਰਕ, ਕੂਕਾ ਲਹਿਰ ਦਾ ਪੰਜਾਬੀ ਸਾਹਿਤ, ਸਤਿਗੁਰੂ ਰਾਮ ਸਿੰਘ ਚਿੰਤਨ ਅਦਾਰਾ, ਸ੍ਰੀ ਭੈਣੀ ਸਾਹਿਬ, 2009, ਪੰਨਾ 234
[6] ਅੜਬੰਗੀ, ਪੰਨਾ 23
[7] ਕੂਕਿਆਂ ਦੇ ਕਾਮਲ ਜਜ਼ਬੇ ਨੂੰ ਤਕ, ਇਕ ਦਿਨ ਮੇਰਾ ਵੀ ਜੀ ਪਿਆ ਕਰੇ, ਕਿ ਮੈਂ ਵੀ ਕੂਕਾ ਹੋ ਜਾਵਾਂ। ਕਿਉਂਕਿ ਜਿਸ ਗੱਲ ਨੇ ਮੈਨੂੰ ਪ੍ਰਭਾਵਿਤ ਕੀਤਾ ਹੈ ਉਹ ਮੈਂ ਕਿਸੇ ਤੋਂ ਸੁਣੀ ਸੁਣਾਈ ਨਹੀਂ ਸਗੋਂ ਆਪਣੀ ਅੱਖੀਂ ਡਿੱਠੀ ਹੈ” ਅੜਬੰਗੀ, ਪੰਨਾ 9
[8] ਅੜਬੰਗੀ, ਪੰਨਾ 17
[9] ਅੜਬੰਗੀ, ਪੰਨਾ 18
[10] ਅੜਬੰਗੀ, ਪੰਨਾ 52-53
[11] ਅੜਬੰਗੀ, ਪੰਨਾ 34
[12] ਅੜਬੰਗੀ, ਪੰਨਾ 39
[13] ਅੜਬੰਗੀ, ਪੰਨਾ 53
[14] ਅੜਬੰਗੀ, ਪੰਨਾ 86
[15] ਅੜਬੰਗੀ, ਪੰਨਾ 90
[16] ਅੜਬੰਗੀ, ਪੰਨਾ 114-15
[17] ਉਹੀ

No comments:

Post a Comment