ਅਜਮੇਰ ਔਲਖ ਹੋਣ ਦਾ ਅਰਥ
ਜਦੋਂ ਅਸੀਂ ਪੰਜਾਬੀ ਨਾਟਕ ਅਤੇ ਰੰਗਮੰਚ ਦੇ ਅਜ਼ੀਮ ਕਲਾਕਾਰ ਅਜਮੇਰ ਔਲਖ
ਬਾਰੇ ਸੋਚਦੇ ਹਾਂ ਤਾਂ ਉਸ ਨਾਲ ਮੁਹੱਬਤ ਦੇ ਆਪਮੁਹਾਰੇ ਭਾਵ ਅੰਦਰੋਂ ਪੈਦਾ ਹੁੰਦੇ ਹਨ। ਇਨ੍ਹਾਂ
ਭਾਵਾਂ ਵਿਚ ਇਕੋ ਸਮੇਂ ਆਦਰ, ਪਿਆਰ, ਦੋਸਤੀ, ਹਾਸਾ-ਮਸ਼ਕਰੀ ਤੇ ਹੋਰ ਕਈ ਕੁਝ ਸਮੋਇਆ ਹੋਇਆ ਨਜ਼ਰ
ਆਉਂਦਾ ਹੈ। ਮੈਨੂੰ ਨਹੀਂ ਯਾਦ ਕਿ ਮੇਰੀ ਉਨ੍ਹਾਂ ਨਾਲ ਪਹਿਲੀ ਜਾਂ ਦੂਜੀ ਮੁਲਾਕਾਤ ਕਦੋਂ ਹੋਈ ਪਰ
ਜਦੋਂ ਵੀ ਹੋਈ, ਉਦੋਂ ਤੋਂ ਹੀ ਉਨ੍ਹਾਂ ਨਾਲ ਮੁਹੱਬਤ ਦੀਆਂ ਜੜਾਂ ਦਿਲ ਵਿਚ ਲੱਗ ਗਈਆਂ। ਉਨ੍ਹਾਂ
ਨੂੰ ਮਿਲਣਾ ਆਪਣੇ ਅੰਦਰਲੇ ਸਭ ਤੋਂ ਚੰਗੇ ਬੰਦੇ ਦੇ ਰੂਬਰੂ ਹੋਣਾ ਹੁੰਦਾ ਸੀ ਕਿਉਂਕਿ ਉਨ੍ਹਾਂ ਵਿਚ
ਕੋਈ ਵਲ ਛਲ ਅਤੇ ਹੇਰ ਫੇਰ ਨਹੀਂ ਸੀ। ਉਹ ਉਸ ਕਿਸਮ ਦੇ ਉੱਜਲੇ ਸ਼ੀਸ਼ੇ ਵਰਗੇ ਸਨ ਜਿਸ ਤੋਂ ਬੰਦਾ
ਆਪਣੇ ਆਪੇ ਦੇ ਚੰਗੇ ਮਾੜੇ ਪਹਿਲੂਆਂ ਨੂੰ ਛੁਪਾ ਨਹੀਂ ਸੀ ਸਕਦਾ ਪਰ ਉਹ ਬੰਦੇ ਦੇ ਐਬਾਂ-ਨੁਕਸਾਂ
ਦਾ ਨਿੰਮਾਂ ਜਿਹਾ ਅਚੇਤਨ ਅਹਿਸਾਸ ਕਰਵਾ ਦਿੰਦੇ ਸਨ ਪਰ ਉਨ੍ਹਾਂ ਨੂੰ ਚਿਤਾਰਦੇ ਨਹੀਂ ਸਨ ਅਤੇ
ਸ਼ੀਸ਼ੇ ਵਾਂਗੂ ਖ਼ਾਮੋਸ਼ ਦੇਖਦੇ ਰਹਿੰਦੇ ਸਨ।
ਉਨ੍ਹਾਂ ਦੇ ਵਿਦਾ ਹੋਣ ਪਿੱਛੋਂ ਸਾਡੇ ਲਈ ਸਵਾਲ ਇਹ ਹੈ ਕਿ ਉਹ ਅਜਮੇਰ
ਔਲਖ ਕੌਣ ਸੀ ਜਿਸ ਨੂੰ ਉਸ ਦੇ ਪਰਿਵਾਰ ਦੇ ਮੈਂਬਰਾਂ ਵਾਂਗ ਪੰਜਾਬ ਦੇ ਕਲਾ, ਸਾਹਿਤ, ਸਭਿਆਚਾਰ
ਅਤੇ ਕ੍ਰਾਂਤੀਕਾਰੀ ਵਿਚਾਰਧਾਰਾ ਨਾਲ ਜੁੜੇ ਬਹੁਤ ਸਾਰੇ ਲੋਕ ਵੀ ਬੇਹੱਦ ਪਿਆਰ ਕਰਦੇ ਸਨ? ਉਸ ਦੇ
ਹੋਣ ਦੇ ਕੀ ਅਰਥ ਹਨ? ਉਸ ਦੇ ਨਾ ਹੋਣ ਨਾਲ ਸਾਡੇ ਕੋਲੋਂ ਕੀ ਗਵਾਚ ਗਿਆ ਹੈ? ਉਸ ਦੇ ਚਲੇ ਜਾਣ ਤੋਂ
ਬਾਅਦ ਸਾਨੂੰ ਉਸ ਦੀ ਯਾਦ ਕਿਨ੍ਹਾਂ ਗੱਲਾਂ ਕਰਕੇ ਆਇਆ ਕਰੇਗੀ ਅਤੇ ਕਿੱਥੇ ਕਿੱਥੇ ਅਸੀਂ ਅਜਮੇਰ
ਔਲਖ ਦੀ ਗ਼ੈਰਹਾਜ਼ਰੀ ਨੂੰ ਮਹਿਸੂਸ ਕਰਿਆ ਕਰਾਂਗੇ। ਇਨ੍ਹਾਂ ਸਾਰੇ ਸਵਾਲਾਂ ਦਾ ਉੱਤਰ ਅਸੀਂ ਭਵਿੱਖ ਵਿਚ
ਲੱਭਾਂਗੇ ਪਰ ਏਥੇ ਉਸ ਨੂੰ ਯਾਦ ਕਰਦਿਆਂ ਇਕ-ਅੱਧ ਨੁਕਤਾ ਹੀ ਵਿਚਾਰਾਂਗੇ ਜਿਸ ਰਾਹੀਂ ਅਜਮੇਰ ਔਲਖ
ਦੇ ਹੋਣ ਦੇ ਅਰਥਾਂ ਤਕ ਪਹੁੰਚਣ ਦੀ ਯਾਤਰਾ ਸ਼ੁਰੂ ਕੀਤੀ ਜਾ ਸਕੇ।
ਸਭ ਤੋਂ ਪਹਿਲਾਂ ਤਾਂ ਮੇਰੇ ਮਨ ਵਿਚ ਅਜਮੇਰ ਸਿੰਘ ਔਲਖ ਦੀ ਲੇਖਣੀ ਅਤੇ
ਰੰਗਮੰਚ ਦੀ ਕਲਾ ਬਾਰੇ ਇਹ ਖ਼ਿਆਲ ਆਉਂਦਾ ਹੈ ਕਿ ਅਜਮੇਰ ਸਿੰਘ ਔਲਖ ਨਾਟਕ ਅਤੇ ਰੰਗਮੰਚ ਦੀ ਕਲਾ ਵਿਚ
ਨਿਰਉਚੇਚ ਸੁਹਜ-ਸਿਰਜਣ ਵਾਲਾ ਕਲਾਕਾਰ ਹੈ। ਉਸ ਦੀ ਲੇਖਣੀ ਵਿਚ ਨਿਰਉਚੇਚ ਖ਼ੂਬਸੂਰਤੀ ਅਤੇ ਨਿਰਉਚੇਚ
ਵਿਚਾਰਧਾਰਾਈ ਗਹਿਰਾਈ ਹੈ। ਉਸ ਦੀ ਨਾਟ-ਵਸਤੂ ਅਤੇ
ਰੰਗਮੰਚੀ-ਵਿਉਂਤ ਦਾ ਆਧਾਰ ਮਾਲਵੇ ਦੀ ਨਿਮਨ ਕਿਸਾਨੀ ਦੀ ਜ਼ਿੰਦਗੀ ਦੇ ਵੱਖ ਵੱਖ ਪਹਿਲੂ ਅਤੇ ਦੁਖ
ਦੇਣ ਵਾਲੀਆਂ ਹਕੀਕਤਾਂ ਪ੍ਰਤਿ ਉਨ੍ਹਾਂ ਦੇ ਨਿਰ-ਉਚੇਚ ਹੁੰਗਾਰੇ ਹਨ। ਇਨ੍ਹਾਂ ਹੁੰਗਾਰਿਆਂ ਵਿਚ ਆਰਥਿਕ ਦਬਾਉ ਨੂੰ ਝੇਲਦੀ
ਕਿਸਾਨੀ ਦੀ ਸਥਿਤੀ ਵਿਚੋਂ ਉਪਜਦੇ ਦੁਖਾਂ, ਇਨ੍ਹਾਂ ਸਥਿਤੀਆਂ ਬਾਰੇ ਕਿਸਾਨੀ ਦੀ ਸਮਝ, ਬੇਕਾਬੂ
ਹੋਈ ਪਈ ਜ਼ਿੰਦਗੀ ਨੂੰ ਕਾਬੂ ਕਰਨ ਅਤੇ ਜਿਊਣ ਦੀ ਬੇਅੰਤ ਚਾਹਤ ਦੇ ਨਾਲ ਨਾਲ ਉਨ੍ਹਾ ਦੇ ਨਿਰਉਚੇਚ
ਭਾਸ਼ਾਈ ਉਚਾਰ ਸਮੋਏ ਹੋਏ ਹਨ।
ਉਸ ਦੇ ਨਾਟਕਾਂ ਵਿਚ ਜੀਵਨ ਦੀ ਜਿੰਨੀ ਡੂੰਘੀ ਸਮਝ ਹੈ, ਉਹ ਉਸ ਦੀ
ਤਿੱਖੀ ਨੀਝ ਦਾ ਕਰਿਸ਼ਮਾ ਹੈ। ਉਸ ਦੀਆਂ ਲਿਖਤਾਂ
ਵਿਚ ਉਸ ਦਾ ਗਿਆਨ, ਉਸ ਦੇ ਅਨੁਭਵ ਵਿਚੋਂ ਕਸ਼ੀਦੇ ਵਿਚਾਰ ਨਾਟ-ਵਸਤੂ ਅਤੇ ਨਾਟ-ਪ੍ਰਗਟਾਵੇ ਦੇ ਢੰਗ
ਵਿਚ ਇਸ ਕਦਰ ਸਮੋਏ ਹੋਏ ਹਨ ਕਿ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਕਿ ਨਾਟਕਕਾਰ ਅਜਮੇਰ ਔਲਖ ਕਿੱਥੋਂ
ਸ਼ੁਰੂ ਹੁੰਦਾ ਹੈ ਅਤੇ ਪੇਂਡੂ ਕਿਸਾਨੀ ਪਿਛੋਕੜ ਵਾਲਾ ਸਧਾਰਣ ਬੰਦਾ ਕਿੱਥੋਂ ਉਸ ਨਾਲ ਰਲ ਜਾਂਦਾ
ਹੈ। ਇਹ ਦੋਵੇਂ ਬੰਦੇ ਉਸ ਦੇ ਨਾਟਕਾਂ ਵਿਚ ਬਚਪਨ ਦੇ ਪੱਕੇ ਆੜੀਆਂ ਵਾਂਗ ਨਾਲ ਨਾਲ ਚੱਲਦੇ
ਹਨ। ਅਜਮੇਰ ਸਿੰਘ ਔਲਖ ਦੇ ਨਾਟਕਾਂ ਵਿਚ ਸਧਾਰਣ
ਪੇਂਡੂ ਕਿਸਾਨ ਦੀ ਸਹਿਜ ਸੋਝੀ, ਕਿਸਾਨੀ ਦੀਆਂ ਸਮੱਸਿਆਵਾਂ ਦੇ ਆਰਥਿਕ-ਸਭਿਆਚਾਰਕ ਪਰਿਪੇਖ ਨੂੰ
ਸਮਝਣ ਵਾਲੇ ਪ੍ਰੋ. ਅਜਮੇਰ ਸਿੰਘ ਔਲਖ ਦੀ ਬੌਧਿਕ ਸਮਰੱਥਾ, ਸਧਾਰਣ ਬੰਦੇ ਦਾ ਉਚਾਰਣੀ ਸੁਹਜ ਅਤੇ
ਅਜਮੇਰ ਸਿੰਘ ਔਲਖ ਦੀ ਨਾਟਕੀ-ਰੰਗਮੰਚੀ ਵਿਉਂਤ, ਲੋਕ-ਗੀਤਾਂ ਦੇ ਬੋਲ, ਲੋਕ-ਸੰਗੀਤ ਦਾ ਲੈਅ-ਤਾਲ,
ਅਜਮੇਰ ਸਿੰਘ ਔਲਖ ਦੀ ਕਾਵਿਕਾਰੀ ਸਭ ਇਕ ਦੂਜੇ ਵਿਚ ਰਚਮਿਚ ਕੇ ਇਕ ਸਜਿੰਦ ਰਚਨਾਤਮਕ ਵਰਤਾਰਾ ਬਣ
ਜਾਂਦੇ ਹਨ। ਇੰਝ ਉਸ ਦੇ ਨਾਟਕ ਸਹਿਜ-ਸਧਾਰਣ
ਜ਼ਿੰਦਗੀ ਅਤੇ ਜ਼ਿੰਦਗੀ ਦੀ ਗਹਿਰੀ ਸਮਝ ਦਾ ਨਿਰਉਚੇਚ ਸੁਹਜਪੂਰਣ ਮਿਲਣ-ਬਿੰਦੂ ਬਣ ਜਾਂਦੇ ਹਨ। ਇਨ੍ਹਾਂ ਗੱਲਾਂ ਕਰਕੇ ਅਜਮੇਰ ਸਿੰਘ ਔਲਖ ਪੰਜਾਬ ਦੀ
ਸਧਾਰਣ ਪੇਂਡੂ ਲੋਕਾਈ ਦੀਆਂ ਬੌਧਿਕ, ਕਲਾਤਮਕ, ਵਿਚਾਰਧਾਰਾਈ ਅਤੇ ਕ੍ਰਾਂਤੀਕਾਰੀ-ਰਾਜਨੀਤਕ
ਸੰਭਾਵਨਾਵਾਂ ਦਾ ਨਾਮ ਬਣ ਜਾਂਦਾ ਹੈ। ਔਲਖ ਦੇ ਇਸੇ ਕਰਿਸ਼ਮੇ ਕਰਕੇ ਸਲਾਮ ਕਾਫ਼ਲੇ ਵਾਲੇ ਦੋਸਤ ਉਸ
ਦੀ ਕਲਾ ਅਤੇ ਸ਼ਖ਼ਸੀਅਤ ਨੂੰ ਸਲਾਮ ਕਹਿਣ ਆਉਂਦੇ ਹਨ।
ਔਲਖ ਦੇ ਨਾਟਕਾਂ ਦੇ ਪਾਤਰ ਭੌਤਿਕ ਕਾਰਜ ਦੀ ਸ਼ਿੱਦਤ ਅਤੇ ਕਰੜੇ
ਸੰਵਾਦਾਂ ਵਿਚੋਂ ਪਛਾਣੇ ਜਾਂਦੇ ਹਨ। ਉਸ ਦੇ ਪਾਤਰ
ਆਪਣੇ ਸੀਮਿਤ ਪਰਿਵਾਰਿਕ ਦਾਇਰੇ ਦੇ ਅੰਦਰ ਅੰਦਰ ਤਿੱਖੀਆਂ ਅਤੇ ਜ਼ੋਰਦਾਰ ਸਰੀਰਕ ਹਰਕਤਾਂ ਕਰਦੇ ਨਜ਼ਰ
ਆਉਣਗੇ ਅਤੇ ਆਪਣੇ ਮਨ ਵਿਚ ਆਉਂਦੇ ਭਾਵਾਂ-ਵਿਚਾਰਾਂ ਨੂੰ ਰੜਕਦੇ-ਖੜਕਦੇ ਬੋਲਾਂ ਰਾਹੀਂ ਤੱਟਫੱਟ
ਪੇਸ਼ ਕਰਨਗੇ। ਇਸ ਨਾਟਕੀ-ਰੰਗਮੰਚੀ ਵਿਉਂਤ ਰਾਹੀਂ ਉਨ੍ਹਾਂ
ਦੇ ਮਨਾ ਵਿਚਲੇ ਬੇਇਨਸਾਫ਼ੀ ਦਾ ਤੀਬਰ ਅਹਿਸਾਸ ਪਰ ਚੇਤਨਾ ਦੀ ਸੀਮਾਂ, ਕੁਝ ਕਰਨ ਦੀ ਜ਼ੋਰਦਾਰ ਤਮੰਨਾ
ਪਰ ਨਾਲ ਹੀ ਉਨ੍ਹਾਂ ਦੀ ਬੇਬਸੀ ਅਤੇ ਜੀਵਨ ਨੂੰ ਜਿਉਣ ਜੋਗਾ ਬਣਾਉਣ ਤੇ ਮਾਨਣ ਦੀ ਲਾਲਸਾ ਦਾ ਸਹਿਜ
ਪ੍ਰਗਾਟਾਵਾ ਹੁੰਦਾ ਹੈ। ਉਨ੍ਹਾਂ ਦੇ ਨਾਟਕਾਂ ਦੇ ਸੰਵਾਦ ਠੇਠ ਮਲਵਈ ਬੋਲੀ ਵਿਚ ਹੁੰਦੇ ਸਨ
ਜਿਨ੍ਹਾਂ ਵਿਚ ਇਕੋ ਸਮੇਂ ਅਤਿ ਦੇ ਦੁਖ ਵਿਚੋਂ ਨਿੱਕਲੀ ਲੇਰ ਵੀ ਹੁੰਦੀ ਸੀ ਅਤੇ ਸਿਰੇ ਦਾ ਮਜਾਹੀਆ
ਰੰਗ ਵੀ। ਇਸੇ ਕਰਕੇ ਅਜਮੇਰ ਔਲਖ ਦੇ ਸ਼ਹਿਰੀ ਦਰਸ਼ਕ ਉਸ ਦੀ ਭਾਸ਼ਾ ਦਾ ਵੱਖਰੇ ਤਰ੍ਹਾਂ ਦਾ ਆਨੰਦ
ਲੈਂਦੇ ਸਨ ਪਰ ਉਸ ਦਾ ਮਨੋਰਥ ਇਨ੍ਹਾਂ ਰਾਹੀਂ ਨਿਗੁਣਾ ਹਾਸਾ-ਠੱਠਾ ਪੈਦਾ ਕਰਨਾ ਨਹੀਂ ਸੀ ਹੁੰਦਾ
ਸਗੋਂ ਜੀਵਨ ਦੀ ਕਰੜਾਈ ਨੂੰ ਝੱਲਦੇ ਬੰਦੇ ਦੇ ਬੇਬਸੀ ਭਰੇ ਉਚਾਰ ਨੂੰ ਪੇਸ਼ ਕਰਨਾ ਹੁੰਦਾ ਸੀ। ਇਸ
ਲਈ ਜਦੋਂ ਉਸ ਦੇ ਨਾਟਕਾਂ ਦੇ ਪਾਤਰ ਸਧਾਰਣ ਮਲਵਈ ਕਿਸਾਨੀ ਦੇ ਭਾਸ਼ਾਈ ਮੁਹਾਵਰੇ ਅਨੁਸਾਰ ਗਾਲ੍ਹਾਂ
ਕੱਢਦੇ ਹਨ ਤਾਂ ਇਹ ਕਿਸਾਨੀ ਦੇ ਜੀਵਨ ਦਾ ਨਿਰਉਚੇਚ ਹਕੀਕੀ ਚਿੱਤਰ ਪੇਸ਼ ਕਰਨ ਦੇ ਮਨੋਰਥ ਦਾ ਨਤੀਜਾ
ਹੀ ਹੈ।
ਸਾਡੇ ਲੇਖਕ ਅਕਸਰ ਆਪਣੀਆਂ ਰਚਨਾਵਾਂ ਦੇ ਕਲਾਤਮਕ ਢਾਂਚੇ ਨੂੰ ਉਸਾਰਣ
ਲੱਗਿਆਂ ਅਤੇ ਉਂਨ੍ਹਾਂ ਵਿਚ ਉਚੇਰੇ ਖ਼ਿਆਲ ਭਰਨ ਲੱਗਿਆਂ ਬੜੀ ਉਚੇਚ ਕਰਦੇ ਹਨ, ਇਹ ਉਚੇਚ ਉਨ੍ਹਾਂ
ਦੀਆਂ ਰਚਨਾਵਾਂ ਵਿਚੋਂ ਨਜ਼ਰ ਆ ਜਾਂਦੀ ਹੈ ਪਰ ਅਜਮੇਰ ਸਿੰਘ ਔਲਖ ਦੇ ਨਾਟਕਾਂ ਵਿਚੋਂ ਇਸ ਕਿਸਮ ਦੀ
ਉਚੇਚ ਨਜ਼ਰ ਨਹੀਂ ਆਵੇਗੀ। ਉਨ੍ਹਾਂ ਇਹ ਗੱਲ ਇਕ
ਤੋਂ ਵਧੇਰੇ ਵਾਰ ਕਹੀ ਹੈ ਕਿ ਉਨ੍ਹਾਂ ਦੇ ਨਾਟਕਾਂ ਦੀ ਸਿਰਜਣਾਤਮਕ ਪ੍ਰਕਿਰਿਆ ਸਮੇਂ ਉਨ੍ਹਾਂ ਦੀਆਂ
ਅੱਖਾਂ ਸਾਹਮਣੇ ਉਨ੍ਹਾਂ ਦੇ ਪਿੰਡਾਂ ਦੇ ਆਮ ਲੋਕ ਹੁੰਦੇ ਹਨ। ਇਸ ਲਈ ਉਹ ਸਧਾਰਣ ਪੇਂਡੂ ਲੋਕਾਈ ਦੇ
ਯਥਾਰਥ ਨੂੰ ਅਜਿਹੇ ਨਾਟਕੀ-ਢਾਂਚੇ ਵਿਚ ਪੇਸ਼ ਕਰਦੇ ਹਨ ਕਿ ਉਹ ਲੋਕਾਈ ਇਸ ਨੂੰ ਦੇਖ, ਮਾਣ ਅਤੇ ਸਮਝ
ਸਕੇ। ਇਕ ਥਾਂ ਉਨ੍ਹਾਂ ਕਿਹਾ ਹੈ ਕਿ ਜਦੋਂ ਕਿਸੇ ਨਾਟਕ-ਪੇਸ਼ਕਾਰੀ ਨੂੰ ਉਨ੍ਹਾਂ ਦੇ ਇਹ ਪੇਂਡੂ
ਦਰਸ਼ਕ ਭਰਵਾਂ ਹੁੰਗਾਰਾ ਨਹੀਂ ਸੀ ਦਿੰਦੇ ਤਾਂ ਉਨ੍ਹਾਂ ਨੂੰ ਪਤਾ ਲੱਗ ਜਾਂਦਾ ਸੀ ਕਿ ਨਾਟਕ ਰਾਹੀਂ
ਸਧਾਰਣ ਲੋਕਾਈ ਦੇ ਯਥਾਰਥ ਦੀ ਪੇਸ਼ਕਾਰੀ ਨਹੀਂ ਹੋ ਸਕੀ। ਇਸ ਲਈ ਉਹ ਨਾਟਕ ਨੂੰ ਦੋਬਾਰਾ ਸੋਧ ਕੇ
ਲਿਖਦੇ ਅਤੇ ਪੇਸ਼ ਕਰਦੇ ਸਨ। ਇੰਝ ਇਹ ਗੱਲ ਸਾਬਿਤ ਹੋ ਜਾਂਦੀ ਹੈ ਕਿ ਸਹਿਜ-ਸੁਭਾਵਿਕਤਾ ਉਨ੍ਹਾਂ ਦੀ
ਕਲਾ ਦਾ ਮਰਮ ਹੈ।
ਅਜਮੇਰ ਔਲਖ ਦੇ ਨਿਰਉਚੇਰ ਸੁਹਜ ਦਾ ਇਕ ਲਾਜ਼ਮੀ ਪਾਸਾਰ ਉਸ ਦੀ ਰੰਗਮੰਚੀ
ਵਿਉਂਤ ਵਿਚੋਂ ਵੀ ਝਲਕਦਾ ਹੈ। ਬੌਧਿਕ ਗੁੰਝਲਾਂ, ਉਚੇਚਪੂਰਣ ਨਾਟਕੀ ਸ਼ਿਲਪਕਾਰੀ, ਮੰਚ-ਸੱਜਾ ਅਤੇ
ਹੋਰ ਰੰਗਮੰਚੀ ਸਹਾਇਕ ਤਕਨੀਕਾਂ (ਰੌਸ਼ਨੀ, ਸੰਗੀਤ ਅਤੇ ਰੂਪ-ਸੱਜਾ) ਇਲੀਟ ਕਲਾ ਦਾ ਮੁੱਖ ਲੱਛਣ ਹਨ।
ਅਜਮੇਰ ਸਿੰਘ ਔਲਖ ਦੀ ਨਾਟਕਕਾਰੀ ਇਨ੍ਹਾਂ ਸਾਰਿਆਂ ਲੱਛਣਾਂ ਨੂੰ ਨਕਾਰਦੀ ਸੀ। ਇਕ ਵਾਰ ਜਦੋਂ
ਰੰਗਮੰਚ ਦੇ ਰਾਸ਼ਟਰੀ ਪ੍ਰਸਿੱਧੀ ਵਾਲੇ ਨਿਰਦੇਸ਼ਕ ਮੋਹਨਮਹਾਂਰਿਸ਼ੀ ਨੇ ਉਨ੍ਹਾਂ ਦਾ ਨਾਟਕ ਸੱਤ
ਬੇਗਾਨੇ ਚੰਡੀਗੜ੍ਹ ਵਿਖੇ ਪੂਰੇ ਜਾਹੋ-ਜਲਾਲ ਵਾਲੀ ਸਟੇਜ-ਸੱਜਾ ਅਤੇ ਤਕਨੀਕੀ ਮੁਹਰਾਤ ਨਾਲ ਪੇਸ਼
ਕੀਤਾ ਤਾਂ ਅਜਮੇਰ ਔਲਖ ਨੂੰ ਜਾਪਿਆ ਕਿ ਉਨ੍ਹਾਂ ਦੇ ਨਾਟਕ ਦੀ ਆਤਮਾ ਇਸ ਵਿਚੋਂ ਗ਼ੈਰ-ਹਾਜ਼ਰ
ਹੈ। ਉਨ੍ਹਾਂ ਦੇ ਨਾਟਕਾਂ ਦੇ ਪਾਤਰ, ਉਨ੍ਹਾਂ ਦੀ
ਭੂਮਿਕਾ ਨਿਭਾਉਣ ਵਾਲੇ ਕਲਾਕਾਰ, ਉਨ੍ਹਾਂ ਦੇ ਵਾਰਤਾਲਾਪ, ਪਹਿਰਾਵਾ, ਸਟੇਜ ਸੈਟਿੰਗ ਆਦਿ ਸਭ ਕੁਝ
ਇਕ ਨਿਰਉਚੇਚ ਵਿਉਂਤ ਵਿਚ ਹੁੰਦਾ ਸੀ ਕਿ ਨਾਟਕਕਾਰ, ਨਾਟਕ, ਕਲਾਕਾਰ, ਦਰਸ਼ਕ ਸਭ ਇਕਮਿਕ ਹੋ ਜਾਂਦੇ
ਸਨ। ਅਜਮੇਰ ਸਿੰਘ ਔਲਖ ਇਸ ਇਕਮੁਕਤਾ ਦਾ ਸ਼ੌਦਾਈ
ਸੀ। ਉਹ ਆਪਣੇ ਕਲਾਕਾਰ ਵੀ ਉਨ੍ਹਾਂ ਲੋਕਾਂ ਵਿਚੋਂ ਚੁਣਦਾ ਸੀ ਜਿਨ੍ਹਾਂ ਦੀ ਜ਼ਿੰਦਗੀ ਬਾਰੇ ਉਸ ਦੇ
ਨਾਟਕ ਹੁੰਦੇ ਸਨ। ਇਸੇ ਲਈ ਉਸ ਨੇ ਮਾਲਵੇ ਦੇ ਪਿੰਡਾਂ ਦੇ ਸ਼ਰਮਾਕਲ ਮੁੰਡਿਆ ਕੁੜੀਆਂ ਨੂੰ ਮਝੇ ਹੋਏ
ਕਲਾਕਾਰ ਬਣਾ ਦਿੱਤਾ ਅਤੇ ਮਾਨਸੇ ਦੇ ਨੇੜੇ ਤੇੜੇ ਦੇ ਪਿੰਡਾਂ ਵਿਚੋਂ ਨਾਟਕ ਅਤੇ ਰੰਗਮੰਚ ਦੇ
ਕਿੰਨੇ ਹੀ ਚੰਗੇ ਕਲਾਕਾਰ ਪੈਦਾ ਹੋਏ। ਇਹ ਸਭ ਅਜਮੇਰ ਸਿੰਘ ਔਲਖ ਤੋਂ ਬਿਨਾ ਹੋਣਾ ਸੰਭਵ ਨਹੀਂ ਸੀ।
ਉਹ ਆਪਣੀ ਨਿੱਜੀ
ਜ਼ਿੰਦਗੀ ਵਿਚ ਵੀ ਪੂਰੀ ਤਰ੍ਹਾਂ ਨਿਰਉਚੇਚ ਸੀ। ਉਸ ਨੂੰ ਘਰ ਜਾ ਕੇ ਮਿਲੋ, ਉਸ ਨੂੰ ਕਿਸੇ ਸਟੇਜ
ਉੱਤੇ ਭਾਸ਼ਣ ਕਰਦੇ ਸੁਣੋਂ, ਉਸ ਨੂੰ ਕਿਸੇ ਸਮਾਗਮ ਤੋਂ ਪਹਿਲਾਂ ਜਾਂ ਬਾਅਦ ਵਿਚ ਮਿਲੋ ਤੁਹਾਨੂੰ
ਇਕੋ ਬੰਦਾ ਹਰ ਥਾਂ ਮਿਲੇਗਾ। ਸਾਡੇ ਬਹੁਤੇ ਲੇਖਕਾਂ ਨਾਲ ਇਹ ਨਹੀਂ ਹੁੰਦਾ। ਉਹ ਅੱਲਗ ਅਲੱਗ ਥਾਵਾਂ
ਉੱਤੇ ਅਲੱਗ ਅਲੱਗ ਕਿਸਮ ਦਾ ਵਿਵਹਾਰ ਕਰਨਗੇ ਅਤੇ ਅਲੱਗ ਅਲੱਗ ਬੰਦਿਆਂ ਨਾਲ ਅਲੱਗ ਤਰੀਕਿਆਂ ਨਾਲ
ਪੇਸ਼ ਆਉਣਗੇ। ਅਜਮੇਰ ਔਲਖ ਵੱਡੀ ਤੋਂ ਵੱਡੀ ਹਸਤੀ ਨੂੰ ਜਿਵੇਂ ਮਿਲਦਾ ਸੀ, ਉਵੇਂ ਹੀ ਉਹ ਨਵੇਂ
ਲੇਖਕਾਂ, ਵਿਦਿਆਰਥੀਆਂ ਜਾਂ ਸਿਖਾਂਦਰੂ ਕਲਾਕਾਰਾਂ ਨੂੰ ਮਿਲਦਾ ਸੀ। ਉਸ ਦੀ ਬੋਲਬਾਣੀ ਵਿਚੋਂ ਉਹ ਨਿਰਉਚੇਚ ਸਾਫ਼ ਝਲਕਦੀ ਸੀ।
ਉਹ ਧੀਆਂ ਦਾ ਅਜਿਹਾ ਬਾਪ ਸੀ ਜਿਸ ਨੇ ਆਪਣੀਆਂ ਧੀਆਂ ਨੂੰ ਉਡਾਰੀ ਭਰਨ ਲਈ ਆਜ਼ਾਦੀ ਦਿੱਤੀ
ਅਤੇ ਜੀਵਨ ਵਿਚ ਉਨ੍ਹਾਂ ਦੀਆਂ ਚੋਣਾਂ ਨੂੰ ਸਤਿਕਾਰ ਦਿੱਤਾ। ਜਦੋਂ ਲੋਕ ਜਵਾਨ ਧੀਆਂ-ਭੈਣਾਂ ਨੂੰ ਸਟੇਜ ਉੱਪਰ ਚੜ੍ਹਨ
ਦੀ ਆਗਿਆ ਨਹੀਂ ਸੀ ਦਿੰਦੇ ਤਾਂ ਅਜਮੇਰ ਸਿੰਘ ਔਲਖ ਨੇ ਪਹਿਲਾਂ ਆਪਣੀ ਪਤਨੀ ਨੂੰ ਅਤੇ ਬਅਦ ਵਿਚ
ਆਪਣੀਆਂ ਧੀਆਂ ਨੂੰ ਰੰਗਮੰਚ ਉੱਤੇ ਲਿਆਂਦਾ। ਇਕ ਸੰਵਾਦ ਵਿਚ ਉਨ੍ਹਾਂ ਦੀ ਧੀਆਂ ਇਹ ਗਿਲਾ ਕਰਦੀਆਂ
ਹਨ ਕਿ ਉਨ੍ਹਾਂ ਦੇ ਪਾਪਾ ਨੇ ਉਨ੍ਹਾਂ ਦੇ ਕੈਰੀਅਰ ਵੱਲ ਬਹੁਤਾ ਧਿਆਨ ਨਹੀਂ ਦਿੱਤਾ। ਮੈਨੂੰ ਲੱਗਦਾ
ਹੈ ਕਿ ਜੇ ਅਜਮੇਰ ਔਲਖ ਇਕ ਸਧਾਰਣ ‘ਫ਼ਿਕਰਮੰਦ ਪਿਤਾ’ ਵਾਂਗ ਉਨ੍ਹਾਂ ਦੀ ਪੜ੍ਹਾਈ ਅਤੇ ਕੈਰੀਅਰ ਵੱਲ
ਕੁਝ ਵਧੇਰੇ ਧਿਆਨ ਦਿੰਦੇ ਤਾਂ ਉਹ ਸ਼ਾਇਦ ਥੋੜ੍ਹੀ ਜਿਹੀ ਚੰਗੀ ਨੌਕਰੀ ਪ੍ਰਾਪਤ ਕਰਨ ਵਿਚ ਤਾਂ
ਕਾਮਯਾਬ ਹੋ ਜਾਂਦੀਆਂ ਪਰ ਆਜ਼ਾਦ ਸੋਚਣੀ ਅਤੇ ਸ਼ਖ਼ਸੀਅਤ ਤੋਂ ਮਹਿਰੂਮ ਰਹਿ ਜਾਂਦੀਆਂ। ਔਲਖ ਨੇ ਉਨ੍ਹਾਂ ਦੀ
ਕਲਪਨਾ ਕਦੇ ਬੇਗਾਨੇ ਧਨ ਵਾਂਗ ਨਹੀਂ ਕੀਤੀ ਅਤੇ ਉਨ੍ਹਾਂ ਨੂੰ ਪਰੰਪਰਕ ਸੋਚ-ਸ਼ਖ਼ਸੀਅਤ ਵਾਲੀਆਂ
ਸਧਾਰਣ ਸਵਾਣੀਆਂ ਵਾਂਗ ਨਹੀਂ ਪਾਲਿਆ ਸਗੋਂ ਉਨ੍ਹਾਂ ਨੂੰ ਆਜ਼ਾਦ ਖ਼ਿਆਲ, ਸੰਵੇਦਨਸ਼ੀਲ, ਸਵੈ-ਵਿਸ਼ਵਾਸ
ਨਾਲ ਭਰੇ ਇਨਸਾਨ ਬਣਾਉਣ ਲਈ ਮਾਹੌਲ ਸਿਰਜਿਆ। ਇਸੇ ਲਈ ਉਸ ਦਾ ਪਰਿਵਾਰ ਉਸ ਦੀਆਂ ਧੀਆਂ ਜਾਂ
ਜਵਾਈਆਂ ਤਕ ਸਿਮਟਿਆ ਹੋਇਆ ਨਹੀਂ ਸੀ ਸਗੋਂ ਉਸ ਦੇ ਸੈਂਕੜੇ ਕਲਾਕਾਰਾਂ, ਦੋਸਤਾਂ ਅਤੇ ਲੇਖਕਾਂ ਤਕ
ਫੈਲਿਆ ਹੋਇਆ ਸੀ ਜੋ ਬਿਨਾ ਕਿਸੇ ਝਿਜਕ ਦੇ ਉਸ ਦੇ ਘਰ ਆ ਜਾ ਸਕਦੇ ਸਨ ਅਤੇ ਉਸ ਦੀ ਮੁਹੱਬਤੀ
ਸ਼ਖ਼ਸੀਅਤ ਦਾ ਨੇੜ-ਨਿੱਘ ਮਾਣ ਸਕਦੇ ਸਨ।
ਅੱਜ ਤੋਂ ਕੁਝ ਅਰਸਾ ਪਹਿਲਾਂ ਜਦੋਂ ਉਹ ਮਨੋ-ਮਨੀ ਸਾਡੇ ਕੋਲੋਂ ਵਿਦਾ
ਹੋਣ ਦੀਆਂ ਤਿਆਰੀਆਂ ਕਰ ਰਿਹਾ ਸੀ ਤਾਂ ਉਸ ਨੇ ਆਪਣੀ ਆਖ਼ਰੀ ਇੱਛਾ ਵਿਚ ਦਰਜ ਕੀਤਾ ਕਿ ਉਸ ਦੀ ਅਰਥੀ
ਨੂੰ ਮੋਢਾ ਉਸ ਦੀਆਂ ਧੀਆਂ ਦੇਣਗੀਆਂ ਅਤੇ ਉਸ ਦੀ ਲੋਥ ਨੂੰ ਅਗਨੀ ਵੀ ਉਹੀ ਦਿਖਾਉਣਗੀਆਂ। ਉਸ ਨੇ
ਆਪਣੀਆਂ ਆਖ਼ਰੀ ਰਸਮਾਂ ਮੌਕੇ ਕਿਸੇ ਕਿਸਮ ਦੇ ਧਾਰਮਿਕ ਸਮਾਗਮ ਨਾ ਕਰਨ ਦੀ ਗੱਲ ਕਹੀ ਅਤੇ ਰਾਖ ਹੋਏ
ਸਰੀਰ ਨੂੰ ਆਪਣੇ ਪਿੰਡ ਦੀ ਨਹਿਰ ਵਿਚ ਪਾਉਣ ਦੀ ਇੱਛਾ ਪ੍ਰਗਟਾਈ। ਉਸ ਨੇ ਕਿਹਾ ਕਿ ਉਸ ਦੀ ਯਾਦ ਵਿਚ ਕੀਤੇ ਜਾਣ ਵਾਲੇ
ਸ਼ਰਧਾਂਜਲੀ ਸਮਾਗਮ ਸਮੇਂ ਕੋਈ ਰਾਜਨੀਤਕ ਨੇਤਾ ਦਾ ਭਾਸ਼ਣ ਨਾ ਕਰਵਾਇਆ ਜਾਵੇ। ਉਸ ਦੇ ਇਸ ਸਾਰੇ ਕਰਮ ਵਿਚੋਂ ਵੀ ਇਕ ਵੱਖਰਾ ਬੰਦਾ ਨਜ਼ਰ ਆਉਂਦਾ ਹੈ ਜਿਸ
ਦਾ ਜਿਉਣਾ, ਸੋਚਣਾ ਅਤੇ ਅਮਲ ਕਰਨਾ ਵੱਖ ਵੱਖ ਨਹੀਂ ਹੈ। ਇਸ ਸਭ ਵਿਚੋਂ ਪਤਾ ਲੱਗ ਜਾਂਦਾ ਹੈ ਕਿ ਅਜਮੇਰ ਅਲਖ ਜੀਵਨ ਵਿਚ ਔਰਤ ਦੀ
ਭੂਮਿਕਾ ਬਾਰੇ ਕੀ ਸੋਚਦਾ ਸੀ, ਉਹ ਕਿਸ ਕਿਸਮ ਦੀ ਜ਼ਿੰਦਗੀ ਦਾ ਮੁਤਲਾਸ਼ੀ ਸੀ, ਉਹ ਕੀ ਪਸੰਦ ਨਹੀਂ
ਸੀ ਕਰਦਾ। ਇਸ ਸਭ ਵਿਚੋਂ ਵੀ ਮੁੜ ਇਹੀ ਗੱਲ ਉਭਰ ਕੇ ਸਾਹਮਣੇ ਆ ਜਾਂਦੀ ਹੈ ਕਿ ਉਹ ਕਲਾ ਅਤੇ
ਜ਼ਿੰਦਗੀ ਵਿਚ ਉਚੇਚਪੂਰਣ ਪਾਖੰਡੀ ਸ਼ਾਇਸਤਗੀ ਨੂੰ ਪਸੰਦ ਨਹੀਂ ਸੀ ਕਰਦਾ ਅਤੇ ਨਿਰ-ਉਚੇਚ ਦੀ
ਸੁੰਦਰਤਾ ਉਸ ਲਈ ਜ਼ਿੰਦਗੀ ਨੂੰ ਜਿਉਣ, ਸਮਝਣ, ਬਦਲਣ ਅਤੇ ਕਲਾਤਮਕ ਢਾਂਚੇ ਵਿਚ ਢਾਲਣ ਦਾ
ਨਿਰਦੇਸ਼ਕ-ਸਿੱਧਾਤ ਸੀ।
No comments:
Post a Comment